Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਸਰਕਾਰ ਕਿਸਾਨ ਆਗੂ ਡੱਲੇਵਾਲ ਨੂੰ ਮਨਾਉਣ ਵਿੱਚ ਨਾਕਾਮ

ਪੰਜਾਬ ਸਰਕਾਰ ਕਿਸਾਨ ਆਗੂ ਡੱਲੇਵਾਲ ਨੂੰ ਮਨਾਉਣ ਵਿੱਚ ਨਾਕਾਮ

‘ਆਪ’ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ‘ਚ ਅੱਠ ਕੈਬਨਿਟ ਮੰਤਰੀਆਂ ਵੱਲੋਂ ਕਿਸਾਨ ਆਗੂ ਨਾਲ ਮੁਲਾਕਾਤ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਤਕਰੀਬਨ ਅੱਧੀ ਕੈਬਨਿਟ ਨੇ ਬੁੱਧਵਾਰ ਨੂੰ ਵਫਦ ਦੇ ਰੂਪ ‘ਚ ਢਾਬੀਗੁੱਜਰਾਂ (ਖਨੌਰੀ) ਬਾਰਡਰ ਪਹੁੰਚ ਕੇ ਇਕ ਮਹੀਨੇ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਵਫਦ ਦੀ ਅਗਵਾਈ ਕਰ ਰਹੇ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਡੱਲੇਵਾਲ ਦੇ ਸੰਘਰਸ਼ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਸੰਘਰਸ਼ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਮਦਦ ਲਈ ਤਿਆਰ ਹੈ। ਕੈਬਨਿਟ ਮੰਤਰੀ ਹਾਲਾਂਕਿ ਡੱਲੇਵਾਲ ਨੂੰ ਮਰਨ ਵਰਤ ਛੱਡਣ ਲਈ ਮਨਾਉਣ ਵਿਚ ਨਾਕਾਮ ਰਹੇ। ਡੱਲੇਵਾਲ ਨੇ ਕੈਬਨਿਟ ਮੰਤਰੀਆਂ ਦੀ ਇਸ ਪੇਸ਼ਕਸ਼ ਨੂੰ ਕੋਰੀ ਨਾਂਹ ਕਰ ਦਿੱਤੀ।
ਅਮਨ ਅਰੋੜਾ ਨੇ ਦੱਸਿਆ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ, ਪਰ ਅਜਿਹੇ ਗੰਭੀਰ ਮੌਕੇ ‘ਤੇ ਵੀ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਡੱਲੇਵਾਲ਼ ਨੂੰ ਬੇਨਤੀ ਕੀਤੀ ਹੈ ਕਿ ਉਹ ਭੁੱਖ ਹੜਤਾਲ਼ ਭਾਵੇਂ ਜਾਰੀ ਰੱਖਣ, ਪਰ ਡਾਕਟਰਾਂ ਨੂੰ ਇਲਾਜ ਦੀ ਆਗਿਆ ਦੇਣ, ਤਾਂ ਜੋ ਉਨ੍ਹਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਦਾ ਡੱਲੇਵਾਲ ਨੂੰ ਧਰਨੇ ਵਾਲੀ ਥਾਂ ਤੋਂ ਜਬਰੀ ਚੁੱਕ ਕੇ ਲਿਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਸਰਕਾਰ ਡੱਲੇਵਾਲ ਦੀ ਜਾਨ ਬਚਾਉਣਾ ਚਾਹੁੰਦੀ ਹੈ, ਜਿਸ ਕਰਕੇ ਉਹ ਉਨ੍ਹਾਂ ਨੂੰ ਮਰਨ ਵਰਤ ਤਿਆਗਣ ਸਬੰਧੀ ਬੇਨਤੀ ਕਰਨ ਲਈ ਆਏ ਹਨ। ਡੱਲੇਵਾਲ ਨੂੰ ਮਿਲਣ ਆਏ ਵਫਦ ਵਿਚ ਅਮਨ ਅਰੋੜਾ ਤੋਂ ਇਲਾਵਾ ਡਾ. ਬਲਬੀਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ, ਹਰਦੀਪ ਸਿੰਘ ਮੁੰਡੀਆਂ, ਲਾਲਜੀਤ ਸਿੰਘ ਭੁੱਲਰ, ਬਰਿੰਦਰ ਕੁਮਾਰ ਗੋਇਲ ਅਤੇ ਤਰਨਜੀਤ ਸਿੰਘ ਸੌਂਧ ਅੱਠ ਮੰਤਰੀਆਂ ਸਮੇਤ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਤੇ ਚੇਅਰਮੈਨ ਰਵੀ ਆਹਲੂਵਾਲੀਆ ਆਦਿ ਵੀ ਮੌਜੂਦ ਸਨ। ਮੰਤਰੀਆਂ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਡੱਲੇਵਾਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਸਮੁੱਚੀ ਲੋਕਾਈ ਨੂੰ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਬੇਰੁਖੀ ਨੂੰ ਦੇਖਦਿਆਂ ਇਹ ਸੰਘਰਸ਼ ਲੰਮਾ ਚੱਲ ਸਕਦਾ ਹੈ ਜਿਸ ਦੀ ਅਗਵਾਈ ਲਈ ਡੱਲੇਵਾਲ ਵਰਗੇ ਨੇਤਾ ਦੀ ਵਧੇਰੇ ਲੋੜ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਡੱਲੇਵਾਲ ਨੂੰ ਮਰਨ ਵਰਤ ਤਿਆਗਣ ਦੀ ਅਪੀਲ ਕੀਤੀ ਹੈ।

 

Check Also

ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …