ਸੁਖਬੀਰ ਬਾਦਲ ਨੂੰ ਵੀ ਡੋਪ ਟੈਸਟ ਕਰਵਾਉਣ ਦੀ ਦਿੱਤੀ ਚੁਣੌਤੀ
ਫਿਰੋਜ਼ਪੁਰ/ਬਿਊਰੋ ਨਿਊਜ਼
ਜ਼ੀਰਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਅੱਜ ਪਿੰਡ ਠੱਠਾ ਕਿਸ਼ਨ ਸਿੰਘ ਵਿਖੇ ਲੱਗੇ ਵਿਸ਼ੇਸ਼ ਕੈਂਪ ਦੌਰਾਨ ਆਪਣਾ ‘ਡੋਪ’ ਟੈਸਟ ਕਰਵਾਇਆ, ਜੋ ‘ਨੈਗੇਟਿਵ’ ਆਇਆ। ਧਿਆਨ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ੀਰਾ ਨੂੰ ‘ਨਸ਼ੇੜੀ’ ਕਿਹਾ ਸੀ। ਜ਼ੀਰਾ ਨੇ ਬਾਦਲ ਦੀ ਇਸ ਚੁਣੌਤੀ ਨੂੰ ਕਬੂਲ ਕਰਦਿਆਂ ਡੋਪ ਟੈਸਟ ਕਰਵਾਉਣ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਸੁਖਬੀਰ ਬਾਦਲ ਨੂੰ ਵੀ ਇਹ ਟੈਸਟ ਕਰਵਾਉਣ ਲਈ ਵੰਗਾਰਿਆ ਸੀ। ਹੁਣ ਜ਼ੀਰਾ ਨੇ ਕਿਹਾ ਕਿ ਸੁਖਬੀਰ ਬਾਦਲ ਜੇਕਰ ਇਕ ਮਹੀਨੇ ਦੇ ਅੰਦਰ-ਅੰਦਰ ਡੋਪ ਟੈਸਟ ਨਹੀਂ ਕਰਵਾਉਂਦੇ ਤਾਂ ਉਹ ਇਕ ਮਾਰਚ ਤੋਂ ਸਾਰੇ ਪੰਜਾਬ ਵਿਚ ਸੁਖਬੀਰ ਬਾਦਲ ਨੂੰ ‘ਸੁੱਖਾ ਅਮਲੀ’ ਕਹਿਣ ਲਈ ਹਸਤਾਖਰ ਮੁਹਿੰਮ ਚਲਾਉਣਗੇ। ਜ਼ਿਕਰਯੋਗ ਹੈ ਕਿ ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਅਜਿਹੇ ਮਾਮਲੇ ਉਠਣੇ ਸੁਭਾਵਿਕ ਹੀ ਹਨ। ਇਸੇ ਤਰ੍ਹਾਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਪੰਚੀ ਅਤੇ ਪੰਚੀ ਲਈ ਉਮੀਦਵਾਰਾਂ ਦੇ ਡੋਪ ਟੈਸਟ ਕਰਨ ਦੀ ਗੱਲ ਚੱਲੀ ਸੀ। ਹੁਣ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਹ ਕਹਿ ਕੇ ਸਾਰ ਦਿੱਤਾ ਕਿ ਉਹ ਇਕ ਡਰਾਵਾ ਹੀ ਸੀ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …