Breaking News
Home / ਪੰਜਾਬ / ਸੰਗਰੂਰ ‘ਚ ਸੁਰਜੀਤ ਸਿੰਘ ਬਰਨਾਲਾ ਨੂੰ ਛੱਡ ਕੇ ਕੋਈ ਵੀ ਉਮੀਦਵਾਰ ਦੂਜੀ ਵਾਰ ਜਿੱਤ ਨਹੀਂ ਸਕਿਆ

ਸੰਗਰੂਰ ‘ਚ ਸੁਰਜੀਤ ਸਿੰਘ ਬਰਨਾਲਾ ਨੂੰ ਛੱਡ ਕੇ ਕੋਈ ਵੀ ਉਮੀਦਵਾਰ ਦੂਜੀ ਵਾਰ ਜਿੱਤ ਨਹੀਂ ਸਕਿਆ

ਸੰਗਰੂਰ/ਬਿਊਰੋ ਨਿਊਜ਼ : ਮਾਲਵਾ ਖੇਤਰ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਸਥਾਨ ਰੱਖਣ ਵਾਲੇ ਵੱਡੇ ਸਿਆਸੀ ਆਗੂਆਂ ਨੇ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾਈ ਹੈ ਅਤੇ ਇਸ ਹਲਕੇ ਦੇ ਵੋਟਰਾਂ ਨੇ ਹਲਕੇ ਨਾਲ ਸਬੰਧਿਤ ਉਮੀਦਵਾਰਾਂ ਦੇ ਨਾਲ-ਨਾਲ ਹਲਕੇ ਤੋਂ ਬਾਹਰ ਦੇ ਮਹਿਮਾਨ ਉਮੀਦਵਾਰਾਂ ਨੂੰ ਜਿਤਾ ਕੇ ਪੂਰਾ ਮਾਣ-ਸਤਿਕਾਰ ਬਖ਼ਸ਼ਿਆ ਹੈ। ਇਸ ਹਲਕੇ ਤੋਂ ਚੋਣ ਲੜਨ ਵਾਲੇ ਵੱਡੇ ਸਿਆਸੀ ਆਗੂਆਂ ਵਿਚ ਮਰਹੂਮ ਸੁਰਜੀਤ ਸਿੰਘ ਬਰਨਾਲਾ, ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ, ਬਲਵੰਤ ਸਿੰਘ ਰਾਮੂਵਾਲੀਆ ਤੇ ਭਗਵੰਤ ਮਾਨ ਦੇ ਨਾਮ ਜ਼ਿਕਰਯੋਗ ਹਨ। ਜੇ ਹਲਕੇ ਦੇ ਚੋਣ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ 1962 ਤੋਂ ਲੈ ਕੇ ਹੁਣ ਤਕ ਇੱਥੇ ਛੇ ਵਾਰ ਅਕਾਲੀ ਦਲ ਤੇ ਚਾਰ ਵਾਰ ਕਾਂਗਰਸ ਜਿੱਤੀ ਹੈ। ਦੋ ਵਾਰ ਸ਼੍ਰੋਮਣੀ ਅਕਾਲੀ ਦਲ (ਮਾਨ) ਅਤੇ ਇਕ ਵਾਰ ਸੀਪੀਆਈ ਦੇ ਉਮੀਦਵਾਰ ਜੇਤੂ ਰਹੇ ਹਨ। ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਨੇ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਹੈ। ਬਰਨਾਲਾ ਨੂੰ ਛੱਡ ਕੇ ਹੋਰ ਕੋਈ ਵੀ ਉਮੀਦਵਾਰ ਚੋਣ ਦੁਬਾਰਾ ਨਹੀਂ ਜਿੱਤ ਸਕਿਆ। 1962 ਵਿਚ ਕਾਂਗਰਸ ਦੇ ਰਣਜੀਤ ਸਿੰਘ, 1967 ਵਿਚ ਅਕਾਲੀ ਦਲ ਦੀ ਬੀਬੀ ਨਿਰਲੇਪ ਕੌਰ, 1971 ‘ਚ ਸੀਪੀਆਈ ਦੇ ਤੇਜਾ ਸਿੰਘ, 1977 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ, 1980 ਵਿਚ ਕਾਂਗਰਸ ਦੇ ਗੁਰਚਰਨ ਸਿੰਘ, 1985 ਵਿਚ ਅਕਾਲੀ ਦਲ ਦੇ ਬਲਵੰਤ ਸਿੰਘ ਰਾਮੂਵਾਲੀਆ, 1989 ਵਿਚ ਅਕਾਲੀ ਦਲ (ਮਾਨ) ਦੇ ਰਾਜਦੇਵ ਸਿੰਘ ਖਾਲਸਾ, 1992 ਵਿਚ ਕਾਂਗਰਸ ਦੇ ਗੁਰਚਰਨ ਸਿੰਘ ਦੱਦਾਹੂਰ, 1996 ਅਤੇ 1998 ਵਿਚ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ, 1999 ਵਿਚ ਅਕਾਲੀ ਦਲ (ਮਾਨ) ਦੇ ਸਿਮਰਨਜੀਤ ਸਿੰਘ ਮਾਨ, 2004 ਵਿਚ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ, 2009 ‘ਚ ਕਾਂਗਰਸ ਦੇ ਵਿਜੈਇੰਦਰ ਸਿੰਗਲਾ ਅਤੇ 2014 ਵਿਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੇਤੂ ਰਹੇ ਹਨ। ਇਸ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 5 ਹਲਕਿਆਂ ਭਦੌੜ, ਬਰਨਾਲਾ, ਮਹਿਲ ਕਲਾਂ, ਸੁਨਾਮ ਤੇ ਦਿੜ੍ਹਬਾ ਵਿਚ ਆਮ ਆਦਮੀ ਪਾਰਟੀ (ਆਪ) ਦਾ ਕਬਜ਼ਾ ਹੈ। ਤਿੰਨ ਹਲਕਿਆਂ ਸੰਗਰੂਰ, ਧੂਰੀ ਅਤੇ ਮਾਲੇਰਕੋਟਲਾ ਵਿਚ ਕਾਂਗਰਸ ਕਾਬਜ਼ ਹੈ ਜਦੋਂਕਿ ਅਕਾਲੀ ਦਲ ਕੋਲ ਸਿਰਫ਼ ਲਹਿਰਾਗਾਗਾ ਹਲਕਾ ਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਉਮੀਦਵਾਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ ਸਿਰਫ਼ 1,81,410 ਵੋਟਾਂ ‘ਤੇ ਸਬਰ ਕਰਨਾ ਪਿਆ ਸੀ। ਇਸ ਵਾਰ ‘ਆਪ’ ਵੱਲੋਂ ਸੂਬਾ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪ੍ਰਧਾਨ ਤੇ ਸਾਬਕਾ ਐੱਮ.ਪੀ. ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ (ਟਕਸਾਲੀ) ਵੱਲੋਂ ਰਾਜਦੇਵ ਸਿੰਘ ਖਾਲਸਾ ਸਾਬਕਾ ਐੱਮ.ਪੀ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਲੋਂ ਜੱਸੀ ਜਸਰਾਜ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦੋਂਕਿ ਅਕਾਲੀ ਦਲ ਤੇ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਅਕਾਲੀ ਦਲ ਵੱਲੋਂ ਸਾਬਕਾ ਵਿੱਤ ਮੰਤਰੀ ਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਉਮੀਦਵਾਰੀ ਲਗਪਗ ਤੈਅ ਹੈ। ਕਾਂਗਰਸ ਵੱਲੋਂ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੇ ਮੌਜੂਦਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਨਾਮ ਸੰਭਾਵੀ ਉਮੀਦਵਾਰਾਂ ਵਿਚੋਂ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …