Breaking News
Home / ਪੰਜਾਬ / ਨਰਿੰਦਰ ਮੋਦੀ ਦੀ ਚੌਕੀਦਾਰੀ ਦਾ ਕੋਈ ਫਾਇਦਾ ਨਹੀਂ : ਭਗਵੰਤ ਮਾਨ

ਨਰਿੰਦਰ ਮੋਦੀ ਦੀ ਚੌਕੀਦਾਰੀ ਦਾ ਕੋਈ ਫਾਇਦਾ ਨਹੀਂ : ਭਗਵੰਤ ਮਾਨ

ਵਿਜੇ ਮਾਲਿਆ ਤੇ ਨੀਰਵ ਮੋਦੀ ਨੇ ਬੈਂਕ ਕੀਤੇ ਖਾਲੀ
ਜੈਤੋ/ਬਿਊਰੋ ਨਿਊਜ਼
‘ਆਪ’ ਸੂਬਾਈ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਜੈਤੋ ਫੇਰੀ ਮੌਕੇ ਆਪਣੇ ਸਿਆਸੀ ਵਿਰੋਧੀਆਂ ‘ਤੇ ਸ਼ਬਦੀ ਬਾਣਾਂ ਦੇ ਨਿਸ਼ਾਨੇ ਲਾਏ। ਪ੍ਰੋ. ਸਾਧੂ ਸਿੰਘ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦਿਆਂ ਕਿਹਾ ਕਿ ਉਹ ਪੰਜ ਸਾਲ ਆਪਣੇ ਆਪ ਨੂੰ ਚਾਹ ਵਾਲਾ ਦੱਸਦੇ ਰਹੇ ਪਰ ਹੁਣ ਆਪਣੇ ਆਪ ਨੂੰ ਚੌਕੀਦਾਰ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਵਿਜੈ ਮਾਲਿਆ ਤੇ ਨੀਰਵ ਮੋਦੀ ਵਰਗੇ ਮੁਲਕ ਦੇ ਬੈਂਕ ਖਾਲੀ ਕਰ ਗਏ ਹੁਣ ਚੌਕੀਦਾਰੀ ਦਾ ਕੋਈ ਫ਼ਾਇਦਾ ਨਹੀਂ। ਉਨ੍ਹਾਂ ਪੰਡਾਲ ‘ਚ ਬੈਠੇ ਸਾਰੇ ਲੋਕਾਂ ਨੂੰ ਸੁਖਬੀਰ ਬਾਦਲ ਤੋਂ ਸਿਆਣੇ ਦੱਸਿਆ। ਉਨ੍ਹਾਂ ਬੇਅਦਬੀ ਘਟਨਾਵਾਂ ‘ਚ ਬਾਦਲਾਂ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸੇ ਗ਼ਲਤੀ ਕਰਕੇ ਲੋਕ ਹੁਣ ਅਕਾਲੀਆਂ ਨੂੰ ਨਫ਼ਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਚੋਣਾਂ ‘ਚ ਪਰਮਿੰਦਰ ਦਾ ਨਾਂ ਲੈ ਕੇ ਬਾਦਲਾਂ ਨੇ ਢੀਂਡਸਾ ਪਰਿਵਾਰ ਵਿੱਚ ਲੜਾਈ ਪੁਆ ਦਿੱਤੀ ਹੈ। ਉਨ੍ਹਾਂ ਸੰਗਰੂਰ ਤੋਂ ਆਪਣੀ ਮਿਸਾਲੀ ਜਿੱਤ ਦਾ ਦਾਅਵਾ ਕੀਤਾ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕੇਬਲ, ਟਰਾਂਸਪੋਰਟ, ਸ਼ਰਾਬ, ਰੇਤਾ, ਬਜਰੀ ਅਤੇ ਨਸ਼ੇ ਦਾ ਮਾਫ਼ੀਆ ਹੁਣ ਵੀ ਅਕਾਲੀ ਸਰਕਾਰ ਵਾਂਗ ਹੀ ਵਧ-ਫੁੱਲ ਰਿਹਾ ਹੈ। ਉਨ੍ਹਾਂ ਵੱਖ ਵੱਖ ਮੁੱਦਿਆਂ ‘ਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ।
ਉਨ੍ਹਾਂ ਕਿਹਾ ਕਿ ਵਿਧਾਇਕ ਬਲਦੇਵ ਸਿੰਘ ਦੇ ਪੰਜਾਬੀ ਏਕਤਾ ਪਾਰਟੀ ਤਰਫ਼ੋਂ ਵੱਲੋਂ ਚੋਣ ਲੜਨ ਫ਼ੈਸਲਾ ਸਹੀ ਹੈ ਜਾਂ ਗ਼ਲਤ ਇਹ ਫ਼ੈਸਲਾ ਲੋਕ ਕਰਨਗੇ। ਉਨ੍ਹਾਂ ਸੁਖਪਾਲ ਖਹਿਰਾ ਬਾਰੇ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਖਹਿਰਾ ਪਹਿਲਾਂ ਪਾਰਟੀ ਦਾ ਪ੍ਰਧਾਨ ਬਣ ਜਾਵੇ। ਮਾਨ ਨੇ ਕਿਹਾ ਕਿ ਪ੍ਰੋ. ਸਾਧੂ ਸਿੰਘ ਨੇ ਪਿਛਲੇ ਪੰਜ ਸਾਲਾਂ ‘ਚ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਖ਼ਰਚੇ ਅਤੇ ਪਾਰਲੀਮੈਂਟ ਵਿੱਚ ਲੋਕਾਂ ਦੀ ਆਵਾਜ਼ ਬਣੇ ਹਨ। ਇਸ ਮੌਕੇ ਪ੍ਰੋ. ਸਾਧੂ ਸਿੰਘ, ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ, ਹਲਕਾ ਜੈਤੋ ਦੇ ਇੰਚਾਰਜ ਅਮੋਲਕ ਸਿੰਘ, ਜ਼ਿਲ੍ਹਾ ਪ੍ਰਧਾਨ ਧਰਮਜੀਤ ਰਾਮੇਆਣਾ ਅਤੇ ਅਵਤਾਰ ਸਿੰਘ ਸਹੋਤਾ ਨੇ ਵੀ ਸੰਬੋਧਨ ਕੀਤਾ। ਉਦਘਾਟਨ ਤੋਂ ਪਹਿਲਾਂ ਭਗਵੰਤ ਮਾਨ ਤੇ ਪ੍ਰੋ. ਸਾਧੂ ਸਿੰਘ ਨੇ ਖੁੱਲ੍ਹੀ ਗੱਡੀ ਵਿੱਚ ਸ਼ਹਿਰ ਅੰਦਰ ਗੇੜਾ ਲਾਇਆ।

Check Also

ਸ਼ਿਕਾਇਤ ਕਰਨ ’ਤੇ 24 ਘੰਟਿਆਂ ’ਚ ਵਾਪਸ ਮਿਲੇਗੀ ਜ਼ਬਤ ਰਾਸ਼ੀ : ਚੋਣ ਕਮਿਸ਼ਨ ਦਾ ਫੈਸਲਾ

ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦਾ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਨੂੰ ਲੈ …