-3.1 C
Toronto
Tuesday, December 2, 2025
spot_img
Homeਪੰਜਾਬਵਿਰੋਧੀ ਧਿਰਾਂ ਨੇ 'ਆਪ' ਸਰਕਾਰ ਨੂੰ ਘੇਰਿਆ

ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ਨੂੰ ਘੇਰਿਆ

ਚੰਡੀਗੜ੍ਹ : ਪੰਜਾਬ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਤਪੀ ਡਾ. ਰਾਜ ਬਹਾਦਰ ਨਾਲ ਮਾੜਾ ਵਿਹਾਰ ਕਰਨ ਦੇ ਮਾਮਲੇ ‘ਤੇ ਸਰਕਾਰ ਦੀ ਹਾਲਤ ਕਸੂਤੀ ਬਣ ਗਈ ਹੈ। ਮੈਡੀਕਲ ਖੇਤਰ ‘ਚ ਕੰਮ ਕਰ ਰਹੀਆਂ ਕੌਮੀ ਪੱਧਰ ਦੀਆਂ ਸੰਸਥਾਵਾਂ ਨੇ ਡਾ. ਰਾਜ ਬਹਾਦਰ ਦੀ ਹਮਾਇਤ ਕਰਦਿਆਂ ਮੰਤਰੀ ਦੇ ਵਿਹਾਰ ਦੀ ਤਿੱਖੀ ਅਲੋਚਨਾ ਕੀਤੀ ਹੈ। ਵਿਰੋਧੀ ਧਿਰਾਂ ਨੇ ਵੀ ‘ਆਪ’ ਸਰਕਾਰ ਨੂੰ ਘੇਰਦਿਆਂ ਸਿਹਤ ਮੰਤਰੀ ਦੀ ਬਰਖਾਸਤਗੀ ਮੰਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਜੌੜੇਮੇਜਰਾ ਦੇ ਵਿਹਾਰ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ‘ਆਪ’ ਸਰਕਾਰ ਬੁਖਲਾ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੰਤਰੀ ਕੰਮ ਕਰਨ ਦੀ ਥਾਂ ਫੋਕੀ ਵਾਹ-ਵਾਹ ਖੱਟਣ ਲਈ ਡਰਾਮੇ ਕਰ ਰਹੇ ਹਨ। ਸਰਕਾਰ ਤੋਂ ਪੰਜਾਬ ਦਾ ਪ੍ਰਬੰਧ ਸੰਭਾਲਿਆ ਨਹੀਂ ਜਾ ਰਿਹਾ। ਪੰਜਾਬ ਵਿਚ ਬਦਅਮਨੀ ਫੈਲਦੀ ਜਾ ਰਹੀ ਹੈ। ਇਸ ਤਰ੍ਹਾਂ ਕਿਸੇ ਵੀ ਅਧਿਕਾਰੀ ਨੂੰ ਜਲੀਲ ਕਰਨਾ ਮੰਦਭਾਗਾ ਹੈ। ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਗੇਂਦ ਭਗਵੰਤ ਮਾਨ ਦੇ ਪਾਲੇ ਵਿੱਚ ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਵਾਂਗ ਵਿਹਾਰ ਕਰਨਾ ਚਾਹੀਦਾ ਹੈ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਇਸ ਸੰਸਥਾ ਦੇ ਵੱਕਾਰ ਦੀ ਬਹਾਲੀ ਲਈ ਜੋ ਵੀ ਕੀਤਾ ਜਾਣਾ ਲੋੜੀਂਦਾ ਹੈ, ਉਹ ਤੁਰੰਤ ਕੀਤਾ ਜਾਵੇ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ‘ਆਪ’ ਸਰਕਾਰ ਦੇ ਇੱਕ ਮੰਤਰੀ ਦੇ ਘੁਮੰਡ ਨੂੰ ਸੰਤੁਸ਼ਟ ਕਰਨ ਲਈ ਕੌਮੀ ਪ੍ਰਸਿੱਧੀ ਵਾਲੇ ਡਾਕਟਰ ਨੂੰ ਅਪਮਾਨ ਦਾ ਸ਼ਿਕਾਰ ਹੋਣਾ ਪਿਆ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸਪਾਈਨਲ ਸਰਜਨ ਡਾ. ਰਾਜ ਬਹਾਦਰ ਨਾਲ ਕੀਤੀ ਗਈ ਬਦਸਲੂਕੀ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾੜੇ ਵਤੀਰੇ ਲਈ ਸਿਹਤ ਮੰਤਰੀ ਨੂੰ ਤੁਰੰਤ ਡਾ. ਰਾਜ ਬਹਾਦਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਹਤ ਮੰਤਰੀ ਦੇ ਰਵੱਈਏਦੀ ਨਿਖੇਧੀ ਕੀਤੀ ਹੈ।

RELATED ARTICLES
POPULAR POSTS