Home / ਪੰਜਾਬ / ਵੜਿੰਗ ਨੂੰ ਮਿਲ ਕੇ ਭਾਵੁਕ ਹੋਏ ਡਾ. ਰਾਜ ਬਹਾਦਰ

ਵੜਿੰਗ ਨੂੰ ਮਿਲ ਕੇ ਭਾਵੁਕ ਹੋਏ ਡਾ. ਰਾਜ ਬਹਾਦਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੀਤੇ ਗਏ ਮਾੜੇ ਵਿਹਾਰ ਤੋਂ ਇਕ ਦਿਨ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਮਿਲ ਕੇ ਭਾਵੁਕ ਹੋ ਗਏ। ਡਾ. ਰਾਜ ਬਹਾਦਰ ਵੱਲੋਂ ਦਿੱਤੇ ਅਸਤੀਫ਼ੇ ਮਗਰੋਂ ਰਾਜਾ ਵੜਿੰਗ ਹਮਾਇਤ ਵਜੋਂ ਉਨ੍ਹਾਂ ਨੂੰ ਮਿਲਣ ਲਈ ਮੁਹਾਲੀ ਦੇ ਸੈਕਟਰ 70 ਸਥਿਤ ਰਿਜਨਲ ਸਪਾਈਨਲ ਸੈਂਟਰ ਆਏ ਸਨ। ਇਸ ਦੌਰਾਨ ਡਾ. ਰਾਜ ਬਹਾਦਰ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਆਏ।
ਰਾਜਾ ਵੜਿੰਗ ਨੇ ਡਾ. ਰਾਜ ਬਹਾਦਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਹੌਸਲਾ ਨਾ ਢਾਹੁਣ। ਉਨ੍ਹਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਡਾ. ਰਾਜ ਬਹਾਦਰ ਨਾਲ ਕੀਤੇ ਦੁਰਵਿਹਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੌੜੇਮਾਜਰਾ ਆਪਣੇ ਵਤੀਰੇ ਲਈ ਡਾ. ਰਾਜ ਬਹਾਦਰ ਤੋਂ ਮੁਆਫ਼ੀ ਮੰਗਣ। ਰਾਜਾ ਵੜਿੰਗ ਨਾਲ ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਕੈਪਟਨ ਸੰਦੀਪ ਸੰਧੂ ਵੀ ਮੌਜੂਦ ਸਨ। ਰਾਜਾ ਵੜਿੰਗ ਨੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਰਾਜ ਬਹਾਦਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਉਪ ਕੁਲਪਤੀ ਨੇ ਦੇਸ਼-ਵਿਦੇਸ਼ ਵਿੱਚ ਬਿਹਤਰੀਨ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਇੱਕ ਦਿਨ ਵਿੱਚ ਪੰਜਾਹ ਹਜ਼ਾਰ ਤੱਕ ਸੈਂਪਲ ਲੈ ਕੇ ਟੈਸਟ ਕਰਾਉਣੇ ਵੀ ਡਾ. ਰਾਜ ਬਹਾਦਰ ਨੇ ਆਰੰਭ ਕੀਤੇ ਸਨ। ਉਨ੍ਹਾਂ ਕਿਹਾ ਕਿ ਡਾ. ਰਾਜ ਬਹਾਦਰ ਨੇ ਹਜ਼ਾਰਾਂ ਅਪਰੇਸ਼ਨ ਕੀਤੇ ਅਤੇ ਛੁੱਟੀ ਵਾਲੇ ਦਿਨ ਵੀ ਉਹ ਮੁਹਾਲੀ ਵਿਖੇ ਆਪਣੀ ਸੇਵਾਵਾਂ ਦਿੰਦੇ ਹਨ ਤੇ ਲੋਕ ਉਨ੍ਹਾਂ ਨੂੰ ਰੱਬ ਵਾਂਗ ਪੂਜਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਡਾ. ਰਾਜ ਬਹਾਦਰ ਨਾਲ ਵਾਪਰੀ ਘਟਨਾ ਕਾਰਨ ਡਾਕਟਰਾਂ ਦਾ ਮਨੋਬਲ ਡਿੱਗੇਗਾ। ਉਨ੍ਹਾਂ ਕਿਹਾ ਕਿ ਡਾ. ਰਾਜ ਬਹਾਦਰ ਤੇ ਹੋਰਨਾਂ ਡਾਕਟਰਾਂ ਦੇ ਅਸਤੀਫ਼ੇ ਮੰਦਭਾਗੇ ਹਨ।

Check Also

5ਵੀਂ ਵਾਰ ਪੰਜਾਬ ਦੌਰੇ ’ਤੇ ਜਾਣਗੇ ਰਾਜਪਾਲ

ਮੈਂ ਰਾਜ ਭਵਨ ’ਚ ਬੈਠਣ ਵਾਲਾ ਰਾਜਪਾਲ ਨਹੀਂ : ਬੀ.ਐਲ. ਪੁਰੋਹਿਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …