ਸਿਹਤ ਮੰਤਰੀ ਜੌੜਾਮਾਜਰਾ ਦਾ ਬਦਲਿਆ ਜਾ ਸਕਦਾ ਹੈ ਮੰਤਰਾਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਪਮਾਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਘਿਰਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੈਮੇਜ ਕੰਟਰੋਲ ਲਈ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਮੰਤਰਾਲਾ ਬਦਲਿਆ ਜਾ ਸਕਦਾ ਹੈ।
ਡਾਕਟਰ ਅਤੇ ਉਨ੍ਹਾਂ ਨਾਲ ਜੁੜੇ ਸੰਗਠਨ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਹਨ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਦਬਾਅ ਵਧਿਆ ਤਾਂ ਜੌੜਾਮਾਜਰਾ ਦੀ ਛੁੱਟੀ ਵੀ ਕੀਤੀ ਜਾ ਸਕਦੀ ਹੈ। ਕਿਉਂਕਿ ਮੰਤਰੀ ਦੇ ਹੱਥੋਂ ਬੇਇੱਜ਼ਤ ਹੋਏ ਵੀ.ਸੀ. ਡਾ. ਰਾਜ ਬਹਾਦਰ ਹਿਮਾਚਲ ਪ੍ਰਦੇਸ਼ ਦੇ ਹੀ ਰਹਿਣ ਵਾਲੇ ਹਨ।
ਡਾ. ਰਾਜ ਬਹਾਦਰ ਨੇ ਮੰਤਰੀ ਹੱਥੋਂ ਬੇਇੱਜਤ ਹੋਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਚੇਤਨ ਸਿੰਘ ਜੌੜਾਮਾਜਰਾ ਦੀ ਕਾਰਗੁਜ਼ਾਰੀ ਤੋਂ ਸੀਐਮ ਭਗਵੰਤ ਮਾਨ ਖੁਸ਼ ਨਹੀਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿਘ ਜੌੜੇਮਾਜਰਾ ਨੇ ਫਰੀਦਕੋਟ ਦੇ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕੀਤਾ ਸੀ। ਇਸ ਦੌਰਾਨ ਹਸਪਤਾਲ ਵਿੱਚ ਗੰਦਗੀ ਦੇਖ ਕੇ ਸਿਹਤ ਮੰਤਰੀ ਭੜਕ ਗਏ।
ਮੰਤਰੀ ਨੇ ਮੌਕੇ ‘ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡਾਂ ‘ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ। ਮੰਤਰੀ ਦੇ ਹੁਕਮਾਂ ਮਗਰੋਂ ਵੀਸੀ ਬੈੱਡ ‘ਤੇ ਲੇਟ ਗਏ। ਇਸ ਤੋਂ ਬਾਅਦ ਡਾ. ਰਾਜ ਬਹਾਦਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਹੁਣ ਸਾਰਿਆਂ ਦੀ ਰਾਏ ਵੱਖੋ-ਵੱਖ ਹੈ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸਿਹਤ ਮੰਤਰੀ ਨਾਲ ਮੁੱਖ ਮੰਤਰੀ ਨੇ ਮੁਲਾਕਾਤ ਨਹੀਂ ਕੀਤੀ ਅਤੇ ਮੰਤਰੀ ਜੌੜਾਮਾਜਰਾ ਨੇ ਵੀ ਅਜੇ ਤੱਕ ਚੁੱਪੀ ਸਾਧੀ ਹੋਈ ਹੈ।