7.8 C
Toronto
Tuesday, October 28, 2025
spot_img
Homeਪੰਜਾਬਸਰਕਾਰ ਨੇ ਖਸਰਾ ਤੇ ਰੁਬੈਲਾ ਬਿਮਾਰੀਆਂ ਖਿਲਾਫ ਵਿੱਢੀ ਮੁਹਿੰਮ

ਸਰਕਾਰ ਨੇ ਖਸਰਾ ਤੇ ਰੁਬੈਲਾ ਬਿਮਾਰੀਆਂ ਖਿਲਾਫ ਵਿੱਢੀ ਮੁਹਿੰਮ

ਟੀਕੇ ਲਾਉਣ ਤੋਂ ਬਾਅਦ ਵਿਦਿਆਰਥੀ ਹੋਣ ਲੱਗੇ ਬਿਮਾਰ
ਮਾਨਸਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੀ ਖਸਰਾ ਤੇ ਰੁਬੈਲਾ ਬਿਮਾਰੀਆਂ ਖ਼ਿਲਾਫ਼ ਮੁਹਿੰਮ ਤਹਿਤ ਮੰਗਲਵਾਰ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੀਕੇ ਲਾਏ ਗਏ। ਇਸ ਦੌਰਾਨ ਨੇੜਲੇ ਪਿੰਡ ਨੰਗਲ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਟੀਕੇ ਲਾਏ ਜਾਣ ਪਿੱਛੋਂ ਨੌਂ ਵਿਦਿਆਰਥਣਾਂ ਬਿਮਾਰ ਹੋ ਗਈਆਂ। ਇਨ੍ਹਾਂ ਵਿੱਚੋਂ ਪੰਜ ਵਿਦਿਆਰਥਣਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ਵਿਚੋਂ ਹਾਸਲ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਵਿਖੇ ਟੀਕੇ ਲੱਗਣ ਪਿੱਛੋਂ 10ਵੀਂ ਦੀਆਂ ਵਿਦਿਆਰਥਣਾਂ ਪੁਨੀਤ ਸ਼ਰਮਾ, ਅਰਸ਼ਦੀਪ ਕੌਰ, ਗੁਰਪ੍ਰੀਤ ਕੌਰ ਅਤੇ 7ਵੀਂ ਦੀ ਵਿਦਿਆਥਣ ਕਿਰਨਦੀਪ ਕੌਰ ਨੇ ਚੱਕਰ ਆਉਣ ਅਤੇ ਘਬਰਾਹਟ ਦੀ ਸ਼ਿਕਾਇਤ ਕੀਤੀ।
ਗੁਰਪ੍ਰੀਤ ਕੌਰ ਦੇ ਬੇਹੋਸ਼ ਹੋਣ ਦੀ ਗੱਲ ਵੀ ਆਖੀ ਗਈ ਹੈ। ਵਿਦਿਆਥਣਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿੱਚ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਬੱਚਿਆਂ ਦੇ ਬਿਮਾਰ ਹੋਣ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਅਧਿਆਪਕ ਤੇ ਮਾਪੇ ਵੀ ਘਬਰਾ ਗਏ। ਸਿਵਲ ਸਰਜਨ ਡਾ. ਅਨੂਪ ਕੁਮਾਰ ਅਤੇ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਬੱਚਿਆਂ ਦੀ ਹਾਲਤ ਦਾ ਜਾਇਜ਼ਾ ਲਿਆ।
ਉਨ੍ਹਾਂ ਨੰਗਲ ਕਲਾਂ ਸਕੂਲ ਵਿੱਚ ਜਾ ਕੇ ਵੀ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਤੱਸਲੀ ਦਿੱਤੀ। ਸਕੂਲ ਵਿੱਚ ਟੀਕੇ ਲਾਉਣ ਮੌਕੇ ਹਾਜ਼ਰ ਡਾ. ਮਨਪ੍ਰਿਆ ਨੇ ਦੱਸਿਆ ਕਿ ਕੁੱਲ 350 ਬੱਚਿਆਂ ਨੂੰ ਟੀਕੇ ਲਾਏ ਗਏ ਹਨ।ਸਹਾਇਕ ਸਿਵਲ ਸਰਜਨ ਮਾਨਸਾ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਕਈ ਵਾਰ ਭੁੱਖੇ ਢਿੱਡ ਇਹ ਟੀਕੇ ਲੱਗਣ ਜਾਂ ਪਹਿਲਾਂ ਹੀ ਮਨ ਵਿੱਚ ਡਰ ਬੈਠ ਜਾਣ ਕਾਰਨ ਅਜਿਹਾ ਹੋ ਜਾਂਦਾ ਹੈ। ਉਧਰ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਹਦਾਇਤ ਦਿੱਤੀ ਕਿ ਇਹ ਟੀਕੇ ਲਾਉਣ ਪਿੱਛੋਂ ਹਰੇਕ ਬੱਚੇ ਦਾ ਨਿੱਜੀ ਤੌਰ ‘ਤੇ ਵਿਸ਼ੇਸ਼ ਖ਼ਿਆਲ ਰੱਖਿਆ ਜਾਵੇ। ਡਾ. ਅਨੂਪ ਕੁਮਾਰ ਨੇ ਲੋਕਾਂ ਨੂੰ ਕਿਹਾ ਕਿ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁਨ ਪ੍ਰਚਾਰ ਤੋਂ ਬਚਣ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਛੇ ਬੱਚੇ ਹੋਏ ਬਿਮਾਰ
ਹੁਸ਼ਿਆਰਪੁਰ : ਸਿਹਤ ਵਿਭਾਗ ਵਲੋਂ ਖਸਰਾ ਤੇ ਰੁਬੈਲਾ ਦੇ ਟੀਕਾਕਰਨ ਦੌਰਾਨ ਦੋ ਸਕੂਲਾਂ ਦੇ ਕਰੀਬ 6 ਬੱਚਿਆਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿੱਚ ਇਲਾਜ ਉਪਰੰਤ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਸ਼ਹਿਰ ਦੇ ਇਕ ਏਡਿਡ ਸਕੂਲ ਅਤੇ ਸਰਕਾਰੀ ਸਕੂਲ ਦੇ ਤਿੰਨ-ਤਿੰਨ ਬੱਚੇ ਟੀਕਾ ਲੱਗਣ ਤੋਂ ਬਾਅਦ ਬੇਹੋਸ਼ ਹੋ ਗਏ।

RELATED ARTICLES
POPULAR POSTS