ਗੁਰਦਾਸਪੁਰ/ਬਿਊਰੋ ਨਿਊਜ਼ : ਕੇਂਦਰੀ ਜੇਲ੍ਹ (ਗੁਰਦਾਸਪੁਰ) ਵਿੱਚ ਲੰਘੇ ਦਿਨੀਂ ਕੈਦੀ ਗੈਂਗਸਟਰਾਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਅੰਦਰ ਰਹਿ ਗਏ ਜੇਲ੍ਹ ਵਿਚ ਤਾਇਨਾਤ ਪ੍ਰਾਈਵੇਟ ਪੈਸਕੋ ਕੰਪਨੀ ਦੇ ਮੁਲਾਜ਼ਮਾਂ ਅਤੇ ਹੋਮਗਾਰਡ ਦੇ ਜਵਾਨਾਂ ਦੇ ਫ਼ਿਲਮੀ ਕਹਾਣੀ ਵਾਂਗ ਗੈਂਗਸਟਰਾਂ ਤੇ ਕੈਦੀਆਂ ਵਿਚਾਲੇ ਰਹਿ ਕੇ ਆਪਣੀ ਜਾਨ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਅੰਦਰ ਤਾਇਨਾਤ ਪੈਸਕੋ ਸੁਰੱਖਿਆ ਕੰਪਨੀ ਦੇ ਮੁਲਾਜ਼ਮ ਮਨਜੀਤ ਸਿੰਘ ਅਤੇ ਅਜੈਬ ਸਿੰਘ ਨੇ ਦੱਸਿਆ ਕਿ ਜਦੋਂ ਘਟਨਾ ਵਾਪਰੀ ਤਾਂ ਕੰਪਨੀ ਦੇ ਮੁਲਾਜ਼ਮ ਹਰਜੀਤ ਸਿੰਘ, ਜਗਦੀਸ਼ ਸਿੰਘ, ਵਿਜੈ ਕੁਮਾਰ, ਹਰਵਿੰਦਰ ਸਿੰਘ, ਸੁਖਦੇਵ ਸਿੰਘ ਅਤੇ ਦੇਵ ਸਿੰਘ ਜੇਲ੍ਹ ਅੰਦਰ ਹੀ ਡਿਊਟੀ ਉੱਤੇ ਸਨ। ਜਦੋਂ ਗੈਂਗਸਟਰਾਂ ਤੇ ਕੈਦੀਆਂ ਨੇ ਹਿੰਸਾ ਸ਼ੁਰੂ ਕੀਤੀ ਤਾਂ ਜੇਲ੍ਹ ਤੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਅੰਦਰ ਹੀ ਛੱਡ ਕੇ ਖ਼ੁਦ ਬਾਹਰ ਚਲੇ ਗਏ। ਅਜਿਹੀ ਸਥਿਤੀ ਵਿੱਚ ਜੇ ਕੁਝ ਪੁਰਾਣੇ ਕੈਦੀ ਸਾਥ ਨਾ ਦਿੰਦੇ ਤਾਂ ਗੈਂਗਸਟਰਾਂ ਨੇ ਉਨ੍ਹਾਂ ਦਾ ਨੁਕਸਾਨ ਕਰ ਦੇਣਾ ਸੀ।
ਗੈਂਗਸਟਰਾਂ ਦਾ ਹਿੰਸਕ ਰੂਪ ਵੇਖ ਕੇ ਪੈਸਕੋ ਮੁਲਾਜ਼ਮ ਜੇਲ੍ਹ ਅੰਦਰ ਚੁੱਪ ਚੁਪੀਤੇ ਜਾ ਕੇ ਆਟਾ ਚੱਕੀ ਵਿੱਚ ਲੁਕ ਗਏ ਸਨ। ਹੋਮਗਾਰਡ ਦੇ ਚਾਰ ਜਵਾਨਾਂ ਪਲਵਿੰਦਰ ਸਿੰਘ, ਰਮੇਸ਼ ਕੁਮਾਰ, ਅਮਰਨਾਥ ਅਤੇ ਅਮਰੀਕ ਸਿੰਘ ਬੈਰਕ ਨੰਬਰ 9 ਦੇ ਬਾਹਰ ਡਿਊਟੀ ਕਰ ਰਹੇ ਸਨ। ਜੇਲ੍ਹ ਦੇ ਪੁਰਾਣੇ ਕੈਦੀਆਂ ਨੇ ਉਨ੍ਹਾਂ ਨੂੰ ਆਪਣੀ ਬੈਰਕ ਵਿੱਚ ਬੁਲਾ ਲਿਆ ਅਤੇ ਆਪਣੀ ਪਛਾਣ ਲੁਕਾਉਣ ਲਈ ਪਾਉਣ ਵਾਸਤੇ ਆਪਣੇ ਕੱਪੜੇ ਦੇ ਦਿੱਤੇ ਸਨ। ਜੇ ਅਜਿਹਾ ਨਾ ਹੁੰਦਾ ਤਾਂ ਗੈਂਗਸਟਰਾਂ ਨੇ ਉਨ੍ਹਾਂ ਨੂੰ ‘ਮਾਰ’ ਦੇਣਾ ਸੀ ਜਾਂ ਆਪਣੀਆਂ ਮੰਗਾਂ ਮਨਵਾਉਣ ਲਈ ਬੰਦੀ ਬਣਾ ਕੇ ਪ੍ਰਸ਼ਾਸਨ ਉੱਤੇ ਦਬਾਅ ਪਾਉਂਦੇ। ઠ
ਰਾਤ ਕਰੀਬ ਸੱਤ ਘੰਟਿਆਂ ਬਾਅਦ ਜਦੋਂ ਮਾਹੌਲ ਸ਼ਾਂਤ ਹੋਇਆ ਤਾਂ ਉਹ ਬਾਹਰ ਨਿਕਲੇ। ਉਨ੍ਹਾਂ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲਬਾਤ ਲਈ ਏਡੀਜੀਪੀ (ਜੇਲ੍ਹ) ਰੋਹਿਤ ਚੌਧਰੀ ਅਤੇ ਜੇਲ੍ਹ ਸੁਪਰਡੈਂਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …