Breaking News
Home / ਪੰਜਾਬ / ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਖੜ, ਸੁਖਬੀਰ ਅਤੇ ਰਾਜਾ ਵੜਿੰਗ ਨੂੰ ਪੰਜਾਬ ਦੇ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਖੜ, ਸੁਖਬੀਰ ਅਤੇ ਰਾਜਾ ਵੜਿੰਗ ਨੂੰ ਪੰਜਾਬ ਦੇ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ

ਪਹਿਲੀ ਨਵੰਬਰ ਨੂੰ ਲਾਈਵ ਡਿਬੇਟ ਦਾ ਦਿੱਤਾ ਸੱਦਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਸੂਬੇ ਸਬੰਧੀ ਦਰਪੇਸ਼ ਵੱਖਵੱਖ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ, ”ਮੈਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਖੁੱਲ੍ਹਾ ਸੱਦਾ ਦਿੰਦਾ ਹਾਂ ਕਿ ਉਹ ਵੱਖ-ਵੱਖ ਮੁੱਦਿਆਂ ‘ਤੇ ਨਿੱਤ ਖਹਿਬੜਨ ਦੀ ਥਾਂ ਮੀਡੀਆ ‘ਤੇ ਪੰਜਾਬ ਦੇ ਲੋਕਾਂ ਸਾਹਮਣੇ ਉਨ੍ਹਾਂ ਨਾਲ ਖੁੱਲ੍ਹੀ ਬਹਿਸ ਕਰਨ।” ਮਾਨ ਨੇ ਐਕਸ ‘ਤੇ ਇਕ ਪੋਸਟ ਵਿੱਚ ਲਿਖਿਆ, ”ਆਉ ਬਹਿਸ ਕਰੀਏ ਕਿ ਪੰਜਾਬ ਨੂੰ ਕਿਸ ਨੇ ਲੁੱਟਿਆ ਅਤੇ ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ-ਮੁਲਾਹਜ਼ੇ, ਟੌਲ ਪਲਾਜ਼ਿਆਂ, ਜਵਾਨੀ, ਕਿਸਾਨਾਂ, ਕਾਰੋਬਾਰੀਆਂ, ਦੁਕਾਨਦਾਰਾਂ ਤੇ ਨਹਿਰਾਂ ਦੇ ਪਾਣੀਆਂ ਬਾਰੇ… ਆਓ ਲਾਈਵ ਵਿਚਾਰ ਚਰਚਾ ਕਰੀਏ। ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਹੈ, ਜੋ ਇਸ ਕੰਮ ਲਈ ਬਿਲਕੁਲ ਢੁੱਕਵਾਂ ਹੈ।ਤੁਹਾਨੂੰ ਆਪਣੀਆਂ ਦਲੀਲਾਂ ਰੱਖਣ ਲਈ ਵਾਧੂ ਸਮਾਂ ਮਿਲ ਜਾਵੇਗਾ। ਮੈਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹਾਂ।” ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਗਵੰਤ ਮਾਨ ਦੇ ਸੁਨੇਹੇ ਦੇ ਜਵਾਬ ‘ਚ ਐਕਸ ‘ਤੇ ਇਕ ਪੋਸਟ ਵਿੱਚ ਕਿਹਾ, ”ਅਸੀਂ ਬਹਿਸ ਲਈ ਕਿਸੇ ਵੀ ਵੇਲੇ ਤਿਆਰ ਹਾਂ। ਹਾਲਾਂਕਿ, ਪਹਿਲਾਂ ਜਵਾਬ ਦਿਓ ਕਿ ਤੁਸੀਂ ਸਿਆਸੀ ਮਜਬੂਰੀਵੱਸ ਐੱਸਵਾਈਐੱਲ ਮੁੱਦੇ ‘ਤੇ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਿਉਂ ਕੀਤਾ?”
ਵਿਧਾਨ ਸਭਾ ‘ਚ ਨਹੀਂ ਜਨਤਕ ਥਾਂ ‘ਤੇ ਹੋਵੇ ਬਹਿਸ : ਬਾਜਵਾ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੀ ਚੁਣੌਤੀ ਕਬੂਲਦਿਆਂ ਕਿਹਾ ਕਿ ਇਹ ਬਹਿਸ ਵਿਧਾਨ ਸਭਾ ਵਿੱਚ ਨਹੀਂ ਬਲਕਿ ਕਿਸੇ ਸਾਂਝੀ ਆਮ ਜਗ੍ਹਾ ‘ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਸ਼ਰਤ ਲਾਈ ਕਿ ਇਸ ਬਹਿਸ ਦੀ ਅਗਵਾਈ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਦਾ ਜੱਜ ਜਾਂ ਅਜਿਹੀ ਸ਼ਖ਼ਸੀਅਤ ਜਿਸ ‘ਤੇ ਚਾਰੋਂ ਧਿਰਾਂ ਸਹਿਮਤੀ ਪ੍ਰਗਟ ਕਰਨ, ਵੱਲੋਂ ਕਰਵਾਈ ਜਾਣੀ ਚਾਹੀਦੀ ਹੈ।
ਐਸਵਾਈਐਸਲ ਸਮੇਤ ਹਰ ਮੁੱਦੇ ‘ਤੇ ਕਰਾਂਗੇ ਸਿੱਧੀ ਗੱਲਬਾਤ : ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਚੁਣੌਤੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਗਵੰਤ ਮਾਨ ਦੀ ਚੁਣੌਤੀ ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਉਹ ਮੀਡੀਆ ਦੇ ਸਾਹਮਣੇ ਪੰਜਾਬ ਦੇ ਪਾਣੀਆਂ ਸਣੇ ਹਰ ਮੁੱਦੇ ‘ਤੇ ਸਿੱਧੀ ਗੱਲਬਾਤ ਕਰਾਂਗੇ।
ਰਾਜਾ ਵੜਿੰਗ ਨੇ ਕੀਤੇ ਸੱਤ ਸੁਆਲ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਨੂੰ ਸੱਤ ਸਵਾਲ ਕੀਤੇ ਅਤੇ ਕਿਹਾ ਕਿ ਜਦੋਂ ਇਨ੍ਹਾਂ ਸਵਾਲਾਂ ਦੇ ਜਵਾਬ ਮੁੱਖ ਮੰਤਰੀ ਜਨਤਕ ਕਰ ਦੇਣਗੇ ਤਾਂ ਉਹ ਖੁੱਲ੍ਹੀ ਬਹਿਸ ਦੀ ਚੁਣੌਤੀ ਪ੍ਰਵਾਨ ਕਰ ਲੈਣਗੇ। ਵੜਿੰਗ ਨੇ ਪੰਜਾਬ ‘ਚ ਅਪਰਾਧਿਕ ਕੇਸਾਂ ਦੀ ਦਰ, ਨਸ਼ਿਆਂ ‘ਚ ਵਾਧੇ, ਮੌਤਾਂ ਦੀ ਗਿਣਤੀ, ਵਧੇ ਕਰਜ਼ੇ, ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ, ਹੜ੍ਹ ਪੀੜਤਾਂ ਨੂੰ ਦਿੱਤੇ ਮੁਆਵਜ਼ੇ ਤੇ ਪ੍ਰਚਾਰ ‘ਤੇ ਖ਼ਰਚ ਕੀਤੇ ਪੈਸੇ ਬਾਰੇ ਸਵਾਲ ਪੁੱਛੇ ਹਨ।

 

Check Also

ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਕੋਲੋਂ ਮੰਗੀ ਮੁਆਫੀ

  ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਸਨ ਗੁਰਦਾਸ ਮਾਨ ਜਲੰਧਰ : …