ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣਦਾ ਮਾਣ-ਸਨਮਾਨ ਨਾ ਦੇਣ ਦੇ ਰੋਸ ਵਜੋਂ ਮੰਗਲਵਾਰ ਨੂੰ ਲੇਖਕਾਂ ਅਤੇ ਪੰਜਾਬੀ ਹਿਤੈਸ਼ੀਆਂ ਨੇ ਚੰਡੀਗੜ੍ਹ ‘ਚ ਗ੍ਰਿਫਤਾਰੀਆਂ ਦਿੱਤੀਆਂ। ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਮੰਚ ਚੰਡੀਗੜ੍ਹ ਦੇ ਸੱਦੇ ‘ਤੇ ਗ੍ਰਿਫਤਾਰੀਆਂ ਦੇਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਹੁੰਗਾਰਾ ਦਿੰਦਿਆਂ ਪੰਜਾਬ ਭਰ ਤੋਂ ਪੁੱਜੇ ਪੰਜਾਬੀ ਹਿਤੈਸ਼ੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ। ਗ੍ਰਿਫਤਾਰੀਆਂ ਤੋਂ ਪਹਿਲਾਂ ਸੈਕਟਰ 20 ਦੇ ਮਸਜਿਦ ਪਾਰਕ ਵਿਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਕੇਂਦਰੀ ਪੰਜਾਬੀ ਲੇਖਕ ਸਭਾ, ਸਾਹਿਤ ਅਕਾਦਮੀ ਲੁਧਿਆਣਾ, ਚੰਡੀਗੜ੍ਹ ਦੀਆਂ ਵੱਖ-ਵੱਖ ਸਾਹਿਤਕ ਤੇ ਧਾਰਮਿਕ ਸੰਸਥਾਵਾਂ, ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਜੱਟ ਮਹਾ ਸਭਾ ਚੰਡੀਗੜ੍ਹ, ਖੱਬੇ ਪੱਖੀ ਪਾਰਟੀਆਂ ਦੇ ਆਗੂ ਅਤੇ ਪੰਜਾਬੀ ਪ੍ਰੇਮੀ ਤੇ ਸਾਹਿਤਕਾਰ ਇਕੱਠੇ ਹੋਏ। ਦੁਪਹਿਰੇ ਤਕਰੀਬਨ ਬਾਰਾਂ ਵਜੇ 300 ਤੋਂ ਵੱਧ ਪੰਜਾਬੀ ਹਿਤੈਸ਼ੀਆਂ ਨੇ ਰਾਜ ਭਵਨ ਵੱਲ ਜਿਉਂ ਹੀ ਮਾਰਚ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਥੋੜ੍ਹੀ ਦੂਰ ਲਾਏ ਗਏ ਬੈਰੀਕੇਡਾਂ ‘ਤੇ ਚੰਡੀਗੜ੍ਹ ਦੀ ਪੁਲਿਸ ਨੇ ਰੋਕ ਲਿਆ। ਇਸ ਮੌਕੇ ਹਲਕੀ ਧੱਕਾਮੁੱਕੀ ਵੀ ਹੋਈ। ਇਸੇ ਦੌਰਾਨ ਪੰਜਾਬੀ ਪ੍ਰੇਮੀਆਂ ਨੇ ਆਪਣੇ-ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਗ੍ਰਿਫਤਾਰ ਹੋਣ ਵਾਲਿਆਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਥਾਣਾ ਮਨੀਮਾਜਰਾ ਵਿਚ ਹਿਰਾਸਤ ‘ਚ ਰੱਖਿਆ ਗਿਆ। ਗ੍ਰਿਫਤਾਰੀਆਂ ਤੋਂ ਪਹਿਲਾਂ ਕੀਤੀ ਰੈਲੀ ਨੂੰ ਸਾਹਿਤਕਾਰ ਮੋਹਨ ਭੰਡਾਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਲੁਧਿਆਣਾ ਸਾਹਿਤ ਅਕਾਦਮੀ ਤੋਂ ਡਾ.ਸੁਖਦੇਵ ਸਿੰਘ ਸਿਰਸਾ, ਡਾ. ਆਤਮਜੀਤ, ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ ਸਿਰੀ ਰਾਮ ਅਰਸ਼, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਕਾਮਰੇਡ ਕੰਵਲਜੀਤ, ਤਾਰਾ ਸਿੰਘ, ਅਜੈਬ ਸਿੰਘ, ਸਾਧੂ ਸਿੰਘ, ਸਤਵੀਰ ਸਿੰਘ, ਗੁਰਨਾਮ ਸਿੰਘ ਸਿੱਧੂ, ਰਾਜਿੰਦਰ ਸਿੰਘ ਬਡਹੇੜੀ, ਕਾਮਰੇਡ ਭੁਪਿੰਦਰ ਸਾਂਬਰ, ਪੱਤਰਕਾਰ ਤਰਲੋਚਨ ਸਿੰਘ, ਬਲਕਾਰ ਸਿੱਧੂ ਆਦਿ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸਰਕਾਰਾਂ ਨੇ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕਰਕੇ ਅੰਗਰੇਜ਼ੀ ਤੇ ਹਿੰਦੀ ਨੂੰ ਪਹਿਲ ਦਿੱਤੀ ਹੋਈ ਹੈ। ਇੱਥੋਂ ਦੇ ਬਾਸ਼ਿੰਦਿਆਂ ਵਿਚੋਂ ਕਿਸੇ ਦੀ ਵੀ ਮਾਂ ਬੋਲੀ ਅੰਗਰੇਜ਼ੀ ਨਹੀਂ, ਫਿਰ ਵੀ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਤੇ ਅਫਸਰਸ਼ਾਹੀ ‘ਚ ਦੂਰੀਆਂ ਬਰਕਰਾਰ ਰੱਖਣ ਦੇ ਮੰਤਵ ਵਜੋਂ ਚੰਡੀਗੜ੍ਹ ਦੇ ਦਫਤਰਾਂ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ।
ਮੋਹਨ ਭੰਡਾਰੀ ਨੇ ਕਿਹਾ ਕਿ ਮਾਂ ਬੋਲੀ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਇਹ ਮੰਗ ਉਭਾਰ ਕੇ ਅਸੀਂ ਕੋਈ ਅਹਿਸਾਨ ਨਹੀਂ ਕਰਵਾਉਣਾ ਚਾਹੁੰਦੇ ਸਗੋਂ ਆਪਣਾ ਹੱਕ ਮੰਗ ਰਹੇ ਹਾਂ। ਇਸ ਮੌਕੇ ‘ਤੇ ਬੁਲਾਰਿਆਂ ਨੇ ਵਿਗਿਆਨ ਤੇ ਤਕਨੀਕੀ ਭਾਸ਼ਾ ਦੇ ਪੰਜਾਬੀਕਰਨ ਕੀਤੇ ਜਾਣ ਦੀ ਮੰਗ ਵੀ ਕੀਤੀ। ਉਹਨਾਂ ਮੰਗ ਕੀਤੀ ਕਿ ਪੰਜਾਬੀ ਬੋਲੀ ਨੂੰ ਚੰਡੀਗੜ੍ਹ ਵਿਚ ਪਹਿਲੀ ਭਾਸ਼ਾ ਦਾ ਦਰਜਾ ਦੇਣ, ਸਾਰੇ ਪ੍ਰਸ਼ਾਸਕੀ ਕੰਮਕਾਜ ਪੰਜਾਬੀ ਵਿਚ ਕਰਨ, ਕਾਨਵੈਂਟ ਸਕੂਲਾਂ ਸਮੇਤ ਸਾਰੇ ਪ੍ਰਾਈਵੇਟ ਸਿਲੇਬਸ ਦੀਆਂ ਕਿਤਾਬਾਂ ਸਮੇਂ ਸਿਰ ਉਪਲਬਧ ਕਰਵਾਉਣ। ਪੰਜਾਬੀ ਦੇ ਹੱਕ ਵਿਚ ਗ੍ਰਿਫਤਾਰੀਆਂ ਦੇਣ ਲਈ ਸਾਹਿਤਕਾਰ ਸਿਰੀ ਰਾਮ ਅਰਸ਼, ਡਾ. ਗੁਰਮੇਲ ਸਿੰਘ, ਦੀਪਕ ਸ਼ਰਮਾ ਚਨਾਰਥਲ, ਬਲਕਾਰ ਸਿੱਧੂ ਤੇ ਮਲਕੀਤ ਬਸਰਾ ਅਤੇ ਕਈ ਹੋਰ ਕੱਪੜੇ, ਬੁਰਸ਼ ਤੇ ਨਹਾਉਣ-ਧੋਣ ਦਾ ਸਮਾਨ ਨਾਲ ਲੈ ਕੇ ਪੁੱਜੇ ਸਨ। ਪੁਲਿਸ ਥਾਣੇ ‘ਚ ਚੱਲੀ ਸ਼ੇਅਰੋ-ਸ਼ਾਇਰੀ :ਸਾਹਿਤਕਾਰਾਂ ਅਤੇ ਪੰਜਾਬੀ ਪ੍ਰੇਮੀਆਂ ਨੇ ਥਾਣੇ ਦੇ ਵਿਹੜੇ ਵਿਚ ਪੁਲਿਸ ਕਾਰਵਾਈ ਤੋਂ ਪਹਿਲਾਂ ਸਾਹਿਤਕ ਦੌਰ ਸ਼ੁਰੂ ਕਰ ਦਿੱਤਾ। ਸਾਹਿਤਕਾਰਾਂ ਨੇ ਗੀਤ, ਗ਼ਜ਼ਲਾਂ, ਕਵਿਤਾਵਾਂ ਸੁਣਾ ਕੇ ਮਾਹੌਲ ਸਾਹਿਤਕ ਬਣਾ ਦਿੱਤਾ।
ਰਾਤ ਦੇ ਕੱਪੜੇ ਨਾਲ ਲੈ ਕੇ ਗ੍ਰਿਫਤਾਰੀ ਦੇਣ ਪਹੁੰਚੇ ਸਨ ਦੀਪਕ ਚਨਾਰਥਲ
ਪੰਜਾਬੀ ਦੇ ਹੱਕ ਵਿਚ ਗ੍ਰਿਫਤਾਰੀਆਂ ਦੇਣ ਲਈ ਸਾਹਿਤਕਾਰ ਸਿਰੀ ਰਾਮ ਅਰਸ਼, ਡਾ. ਗੁਰਮੇਲ ਸਿੰਘ, ਦੀਪਕ ਸ਼ਰਮਾ ਚਨਾਰਥਲ, ਬਲਕਾਰ ਸਿੱਧੂ ਤੇ ਮਲਕੀਤ ਬਸਰਾ ਰਾਤ ਦੇ ਕੱਪੜੇ, ਟੁਥ ਬਰੱਸ਼ ਤੇ ਨਹਾਉਣ-ਧੋਣ ਦਾ ਸਮਾਨ ਨਾਲ ਲੈ ਕੇ ਪੁੱਜੇ ਸਨ। ਪੱਤਰਕਾਰ, ਲੇਖਕ ਅਤੇ ਕਵੀ ਹੋਣ ਦੇ ਨਾਲ,-ਨਾਲ ਮਾਂ ਬੋਲੀ ਪੰਜਾਬੀ ਲਈ ਸੰਘਰਸ਼ ਕਰਨ ਵਾਲੇ ਦੀਪਕ ਸ਼ਰਮਾ ਚਨਾਰਥਲ ਨੇ ਦੱਸਿਆ ਕਿ ਉਹ ਸਿਰਫ ਰਸਮੀ ਤੌਰ ‘ਤੇ ਹਾਜ਼ਰ ਹੋਣ ਨਹੀਂ ਬਲਕਿ ਪੂਰੀ ਤਿਆਰੀ ਨਾਲ ਆਏ ਹਨ। ਇਸ ਲਈ ਆਪਣੇ ਨਾਲ ਨਾਈਟ ਸੂਟ ਅਤੇ ਲਿਖਣ ਲਈ ਡਾਇਰੀ, ਪੈਨ ਤੇ ਪੜ੍ਹਨ ਲਈ ਭਗਤ ਸਿੰਘ ਦੀ ਜੇਲ੍ਹ ਡਾਇਰੀ ਨਾਲ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਸੰਕੇਤਕ ਨਹੀਂ ਹਕੀਕਤ ਵਿਚ ਗ੍ਰਿਫਤਾਰੀਆਂ ਦੇਣ ਆਏ ਹਾਂ ਤੇ ਜੇਕਰ ਚੰਡੀਗੜ੍ਹ ਵਿਚ ਪੰਜਾਬੀ ਨੂੰ ਉਸਦਾ ਬਣਦਾ ਥਾਂ ਨਾ ਮਿਲਿਆ ਤਾਂ ਸਾਡਾ ਸੰਘਰਸ਼ ਜਾਰੀ ਰਹੇਗਾ।
Home / ਪੰਜਾਬ / ਚੰਡੀਗੜ੍ਹ ‘ਚ ਪੰਜਾਬੀ ਨੂੰ ਉਸਦਾ ਬਣਦਾ ਸਥਾਨ ਦਿਵਾਉਣ ਲਈ 300 ਤੋਂ ਵੱਧ ਮਾਂ ਬੋਲੀ ਦੇ ਧੀਆਂ-ਪੁੱਤਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …