Breaking News
Home / ਦੁਨੀਆ / ਭਾਰਤ ਤੇ ਜਰਮਨੀ ਵਲੋਂ ਅੱਤਵਾਦ ਨਾਲ ਸਿੱਝਣ ਦਾ ਤਹੱਈਆ

ਭਾਰਤ ਤੇ ਜਰਮਨੀ ਵਲੋਂ ਅੱਤਵਾਦ ਨਾਲ ਸਿੱਝਣ ਦਾ ਤਹੱਈਆ

ਅੱਤਵਾਦ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡੀ ਸਮੱਸਿਆ : ਨਰਿੰਦਰ ਮੋਦੀ
ਬਰਲਿਨ : ਭਾਰਤ ਤੇ ਜਰਮਨੀ ਨੇ ਅੱਤਵਾਦ ਨੂੰ ਹੱਲਾਸ਼ੇਰੀ, ਹਮਾਇਤ ਤੇ ਵਿੱਤੀ ਇਮਦਾਦ ਦੇਣ ਵਾਲਿਆਂ ਖ਼ਿਲਾਫ਼ ‘ਤਕੜੇ ਹੋ ਕੇ ਸਿੱਝਣ’ ਦਾ ਤਹੱਈਆ ਕੀਤਾ ਹੈ। ਦੋਵਾਂ ਮੁਲਕਾਂ ਨੇ ਸਾਇਬਰ ਪਾਲਿਸੀ, ਹੁਨਰ ਵਿਕਾਸ, ਡਿਜੀਟਲਾਈਜ਼ੇਸ਼ਨ, ਰੇਲਵੇ ਸੁਰੱਖਿਆ ਤੇ ਵੋਕੇਸ਼ਨਲ ਟਰੇਨਿੰਗ ਸਮੇਤ ਕੁੱਲ 12 ਸਮਝੌਤਿਆਂ ‘ਤੇ ਸਹੀ ਪਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨ ਚਾਂਸਲਰ ਏਂਜਲਾ ਮਰਕਲ ਨਾਲ ਵਣਜ, ਹੁਨਰ ਵਿਕਾਸ ਤੇ ਵਾਤਾਵਰਣਕ ਤਬਦੀਲੀਆਂ ਜਿਹੇ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਮਰਕਲ ਨਾਲ ਗੱਲਬਾਤ ਮਗਰੋਂ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਜਰਮਨੀ ਨਾਲ ਸਾਡੇ ਰਿਸ਼ਤਿਆਂ ਦੇ ਵਿਕਾਸ ਦੀ ਗਤੀ ਤੇਜ਼ ਤੇ ਸਹੀ ਦਿਸ਼ਾ ਵੱਲ ਵੱਧ ਰਹੀ ਹੈ। ਸਾਨੂੰ ਆਪਣੀ ਮੰਜ਼ਿਲ ਸਾਫ਼ ਦਿਖਾਈ ਦੇ ਰਹੀ ਹੈ। ਜਰਮਨੀ ਭਾਰਤ ਨੂੰ ਹਮੇਸ਼ਾ ਇਕ ਤਾਕਤਵਾਰ, ਹਮੇਸ਼ਾ ਤਿਆਰ ਬਰ ਤਿਆਰ ਤੇ ਸਮਰੱਥ ਭਾਈਵਾਲ ਵਜੋਂ ਪਾਏਗਾ।’ ਮੋਦੀ ਨੇ ਜਿੱਥੇ ਯੂਰਪੀ ਯੂਨੀਅਨ ਦਾ ਏਕਾ ਬਣਾਏ ਰੱਖਣ ਦਾ ਹੋਕਾ ਦਿੱਤਾ, ਉਥੇ ਜਰਮਨੀ ਨੇ ਭਾਰਤ ਦੇ ਪਰਮਾਣੂ ਸਪਲਾਇਰ ਗਰੁੱਪ ਵਿੱਚ ਦਾਖ਼ਲੇ ਦੇ ਯਤਨਾਂ ਦੀ ਹਮਾਇਤ ਕੀਤੀ। ਇਸ ਤੋਂ ਪਹਿਲਾਂ ਚੌਥੇ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ ਮਸ਼ਵਰਾ (ਆਈਜੀਸੀ) ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਆਲਮੀ ਪੱਧਰ ‘ਤੇ ਅੱਤਵਾਦ ਤੇ ਇੰਤਹਾਪਸੰਦੀ ਦੀ ਪਹੁੰਚ ਅਤੇ ਖ਼ਤਰਿਆਂ ਜਿਹੇ ਮੁੱਦੇ ‘ਤੇ ਆਪਣੀਆਂ ਸਾਂਝੀਆਂ ਚਿੰਤਾਵਾਂ ‘ਤੇ ਚਰਚਾ ਕੀਤੀ। ਮਗਰੋਂ ਉਨ੍ਹਾਂ ਸਾਂਝਾ ਬਿਆਨ ਜਾਰੀ ਕਰਦਿਆਂ ਅੱਤਵਾਦ ਦੀ ਹਰ ਰੂਪ ਵਿੱਚ ਨਿਖੇਧੀ ਕੀਤੀ। ਮੋਦੀ ਨੇ ਅੱਤਵਾਦ ਦਾ ਹਵਾਲਾ ਦਿੰਦਿਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਇਕ ਵੱਡੀ ਸਮੱਸਿਆ ਦੱਸਿਆ। ਉਨ੍ਹਾਂ ਕਿਹਾ ਕਿ ਅੱਤਵਾਦ ਦੀ ਅਲਾਮਤ ਦੇ ਟਾਕਰੇ ਲਈ ਸਾਰੀ ਮਨੁੱਖਤਾ ਨੂੰ ਇਕਜੁੱਟ ਹੋਣਾ ਪਏਗਾ। ਉਨ੍ਹਾਂ ਕਿਹਾ,’ਅੱਤਵਾਦ ਦੇ ਟਾਕਰੇ ਲਈ ਦੋਵੇਂ ਮੁਲਕ ਮਿਲ ਕੇ ਕੰਮ ਕਰਨਗੇ ਤੇ ਇਸ ਸਹਿਯੋਗ ਵਿੱਚ ਖ਼ੁਫ਼ੀਆ ਜਾਣਕਾਰੀ ਦਾ ਅਦਾਨ ਪ੍ਰਦਾਨ ਅਹਿਮ ਪੱਖ ਹੋਵੇਗਾ।’ ਮੋਦੀ ਨੇ ਪੱਤਰਕਾਰਾਂ ਨੂੰ ਕਿਹਾ,’ਨਵੀਂ ਦਿੱਲੀ ਵਿੱਚ ਹੋਈ ਪਿਛਲੀ ਆਈਜੀਸੀ ਮੌਕੇ ਅਸੀਂ ਜਰਮਨੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦੇ ਮੌਕੇ ਦੇਣ ਲਈ ਫਾਸਟ-ਟਰੈਕ ਅਮਲ ਸ਼ੁਰੂ ਕੀਤਾ ਸੀ ਅਤੇ ਇਸ ਦੇ ਕਾਫ਼ੀ ਚੰਗੇ ਨਤੀਜੇ ਮਿਲੇ।’ ਉਨ੍ਹਾਂ ਕਿਹਾ ਕਿ ਭਾਰਤ ਜਰਮਨੀ ਰਾਹੀਂ ਇਸ ਲਈ ਸਕਾਰਾਤਮਕ ਭੂਮਿਕਾ ਨਿਭਾਉਂਦਾ ਰਹੇਗਾ। ਮੋਦੀ ਨੇ ਪਿਛਲੇ ਸਾਲ ਜੂਨ ਵਿੱਚ ਬ੍ਰਿਐਗਜ਼ਿਟ ਵੋਟਿੰਗ ਤੋਂ ਬਾਅਦ ਮਰਕਲ ਦੀ ‘ਮਜ਼ਬੂਤ ਲੀਡਰਸ਼ਿਪ’ ਦੀ ਵੀ ਤਾਰੀਫ਼ ਕੀਤੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …