5 C
Toronto
Thursday, April 30, 2026
spot_img
Homeਪੰਜਾਬਚਰਨਜੀਤ ਸਿੰਘ ਚੰਨੀ ਖਿਲਾਫ਼ ਕਾਰਵਾਈ ਲਈ ਵਿਜੀਲੈਂਸ ਨੇ ਆਗਿਆ ਮੰਗੀ

ਚਰਨਜੀਤ ਸਿੰਘ ਚੰਨੀ ਖਿਲਾਫ਼ ਕਾਰਵਾਈ ਲਈ ਵਿਜੀਲੈਂਸ ਨੇ ਆਗਿਆ ਮੰਗੀ

ਗੋਆ ‘ਚ ਸੂਬਾ ਸਰਕਾਰ ਦੀ ਜ਼ਮੀਨ ਸਸਤੇ ਭਾਅ ਪਟੇ ‘ਤੇ ਦੇਣ ਦਾ ਮਾਮਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਲਈ ਸਰਕਾਰ ਤੋਂ ਪ੍ਰਵਾਨਗੀ ਮੰਗੀ ਹੈ। ਇਹ ਮਾਮਲਾ ਗੋਆ ‘ਚ ਰਾਜ ਸਰਕਾਰ ਦੀ ਜ਼ਮੀਨ ਸਸਤੇ ਭਾਅ ਪਟੇ ਉੱਤੇ ਦੇਣ ਨਾਲ ਸਬੰਧਤ ਹੈ। ਭ੍ਰਿਸ਼ਟਾਚਾਰ ਰੋਕੂ ਐਕਟ 1996 ਦੀ ਧਾਰਾ 17ਏ ਅਧੀਨ ਇਹ ਪ੍ਰਵਾਨਗੀ ਲਾਜ਼ਮੀ ਮੰਨੀ ਜਾਂਦੀ ਹੈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਸਰਕਾਰ ਨੂੰ ਪੱਤਰ ਲਿਖੇ ਜਾਣ ਦੀ ਪੁਸ਼ਟੀ ਕੀਤੀ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਸਰਕਾਰ ਤੋਂ ਹਰੀ ਝੰਡੀ ਮਿਲਣ ਮਗਰੋਂ ਸਾਬਕਾ ਮੁੱਖ ਮੰਤਰੀ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਿਜੀਲੈਂਸ ਦੀਆਂ ਸੱਜਰੀਆਂ ਸਰਗਰਮੀਆਂ ਨਾਲ ਸਾਬਕਾ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਚੰਨੀ ਖਿਲਾਫ਼ ਕਾਨੂੰਨੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਖਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ, ਪਰ ਵਿਜੀਲੈਂਸ ਨੇ ਗੋਆ ਜ਼ਮੀਨ ਲੀਜ਼ ਮਾਮਲੇ ਵਿੱਚ ਪੁਖਤਾ ਤੱਥ ਹਾਸਲ ਕਰ ਲਏ ਹਨ। ਸੂਤਰਾਂ ਦਾ ਦੱਸਣਾ ਹੈ ਕਿ ਸਾਬਕਾ ਮੁੱਖ ਮੰਤਰੀ ਨਾਲ ਕੰਮ ਕਰਨ ਵਾਲੇ ਆਈਏਐੱਸ ਅਧਿਕਾਰੀਆਂ ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਚੰਨੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਸਨ। ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਇਹ ਵਿਭਾਗ ਆਪਣੇ ਕੋਲ ਹੀ ਰੱਖਿਆ। ਚੰਨੀ ‘ਤੇ ਸੈਰ-ਸਪਾਟਾ ਵਿਭਾਗ ਦੀ ਮਾਲਕੀ ਵਾਲੀ ਜ਼ਮੀਨ ਇੱਕ ਰਿਜ਼ੌਰਟ ਦੇ ਮਾਲਕ ਨੂੰ ਸਸਤੇ ਭਾਅ ਪਟੇ ਉਤੇ ਦੇਣ ਦੇ ਆਰੋਪ ਹਨ। ਵਿਜੀਲੈਂਸ ਨੇ ਇਸ ਸਬੰਧੀ ਸਾਰੇ ਦਸਤਾਵੇਜ਼ ਕਬਜ਼ੇ ਵਿੱਚ ਲੈ ਲਏ ਹਨ। ਵਿਜੀਲੈਂਸ ਦੇ ਤਫ਼ਤੀਸ਼ੀ ਅਧਿਕਾਰੀ ਇਸ ਤੋਂ ਪਹਿਲਾਂ ਦੋ ਵਾਰੀ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਕਰ ਚੁੱਕੇ ਹਨ। ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਤੋਂ ਅਪਰੈਲ ਮਹੀਨੇ ਪੁੱਛਗਿੱਛ ਕੀਤੀ ਗਈ ਸੀ। ਜਾਂਚ ਟੀਮ ਨੇ 100 ਦੇ ਕਰੀਬ ਸਵਾਲ ਪੁੱਛੇ ਸਨ। ਤਫ਼ਤੀਸ਼ ਦੌਰਾਨ ਚੰਨੀ ਨੂੰ ਕਾਂਗਰਸ ਸਰਕਾਰ ਸਮੇਂ ਰੇਤ ਮਾਫੀਆ ਨਾਲ ਸਬੰਧਾਂ, ਨਜਾਇਜ਼ ਕਲੋਨੀਆਂ ਕੱਟਣ, ਸਰਕਾਰੀ ਗਰਾਂਟਾਂ ‘ਚ ਬੇਨਿਯਮੀਆਂ, ਸਾਲੀ ਦੇ ਪੁੱਤਰ ਤੋਂ ਈਡੀ ਵੱਲੋਂ 10 ਕਰੋੜ ਰੁਪਏ ਦੀ ਰਕਮ ਬਰਾਮਦ ਹੋਣ, ਵਿਦੇਸ਼ ਦੌਰੇ ਸਮੇਂ ਕੀਤੇ ਖ਼ਰਚ, ਦੇਸ਼-ਵਿਦੇਸ਼ ‘ਚ ਨਿਵੇਸ਼, ਗੋਆ ਵਿੱਚ ਰਿਜ਼ੌਰਟ ਲੀਜ਼ ‘ਤੇ ਦੇਣ, ਸੱਭਿਆਚਾਰਕ ਮਾਮਲੇ ਅਤੇ ਪ੍ਰਾਹੁਣਚਾਰੀ ਵਿਭਾਗ ਵਿੱਚ ਹੋਈਆਂ ਬੇਨਿਯਮੀਆਂ ਨਾਲ ਜੁੜੇ ਸਵਾਲ ਕੀਤੇ ਗਏ ਸਨ।
ਚੰਨੀ ਵਿਜੀਲੈਂਸ ਜਾਂਚ ਦਾ ਸਾਹਮਣਾ ਕਰਨ ਵਾਲੇ ਚੌਥੇ ਸਾਬਕਾ ਮੁੱਖ ਮੰਤਰੀ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਲੰਮੇ ਸਮੇਂ ਬਾਅਦ ਕਿਸੇ ਸਾਬਕਾ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਮਾਮਲੇ ਦੀ ਤਫ਼ਤੀਸ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਵਿਜੀਲੈਂਸ ਦੀਆਂ ਪੜਤਾਲਾਂ ਦਾ ਸਾਹਮਣਾ ਕਰ ਚੁੱਕੇ ਹਨ। ਇਸ ਤਰ੍ਹਾਂ ਨਾਲ ਚੰਨੀ ਪੰਜਾਬ ਦੇ ਚੌਥੇ ਸਾਬਕਾ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਵਿਜੀਲੈਂਸ ਦੇ ਮਾਮਲਿਆਂ ਜਾਂ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

RELATED ARTICLES
POPULAR POSTS