ਸਮਾਗਮ ਦੌਰਾਨ ਹੀ ਹਰਜੀਤ ਸਿੰਘ ਅਚਿੰਤ ਨੂੰ ਪਿਆ ਦਿਲ ਦਾ ਦੌਰਾ
ਸ੍ਰੀ ਅਨੰਦਪੁਰ ਸਾਹਿਬ/ਬਿੳੂਰੋ ਨਿੳੂਜ਼
ਅੱਜ ਇਕ ਪਾਸੇ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਸੀ, ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਮੰਦਭਾਗੀ ਖਬਰ ਮਿਲੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਐਸ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਆਜ਼ਾਦੀ ਸਮਾਗਮ ਦੌਰਾਨ ਸਕਾੳੂਟ ਕਮਿਸ਼ਨਰ ਅਤੇ ਸਕੂਲ ਦੇ ਸੇਵਾ ਮੁਕਤ ਅਧਿਆਪਕ ਮਾਸਟਰ ਹਰਜੀਤ ਸਿੰਘ ਅਚਿੰਤ ਦੀ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਆਜ਼ਾਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਐਸ.ਡੀ.ਐਮ. ਮੈਡਮ ਮਨੀਸ਼ਾ ਰਾਣਾ ਜਦੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਰਹੇ ਸਨ ਤਾਂ ਉਦੋਂ ਹਰਜੀਤ ਸਿੰਘ ਵੀ ਨਾਲ ਖੜ੍ਹੇ ਸਨ। ਇਸ ਦੌਰਾਨ ਹਰਜੀਤ ਸਿੰਘ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਸਮਾਗਮ ਦੌਰਾਨ ਉਹ ਅਚਾਨਕ ਡਿੱਗ ਗਏ। ਹਰਜੀਤ ਸਿੰਘ ਨੂੰ ਤੁਰੰਤ ਉਥੇ ਖੜ੍ਹੀ ਐਂਬੂਲੈਂਸ ਰਾਹੀਂ ਸਥਾਨਕ ਭਾਈ ਜੈਤਾ ਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਰਜੀਤ ਸਿੰਘ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ’ਚ ਹੋਣ ਵਾਲੇ ਬਹੁਤੇ ਸਮਾਗਮਾਂ ਦੌਰਾਨ ਤਿਰੰਗਾ ਝੰਡਾ ਹਰਜੀਤ ਸਿੰਘ ਅਚਿੰਤ ਵਲੋਂ ਹੀ ਪੋਲ ’ਤੇ ਬੰਨ੍ਹਿਆ ਜਾਂਦਾ ਸੀ ਅਤੇ ਉਹ ਇਲਾਕੇ ਵਿਚ ਡਰਾਇੰਗ ਮਾਸਟਰ ਨਾਲ ਮਸ਼ਹੂੁਰ ਸਨ।