Breaking News
Home / ਪੰਜਾਬ / ਕਿਸਾਨ ਭਲਕੇ 29 ਜੂਨ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਕਰਨਗੇ ਰੋਸ ਮਾਰਚ

ਕਿਸਾਨ ਭਲਕੇ 29 ਜੂਨ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਕਰਨਗੇ ਰੋਸ ਮਾਰਚ

ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕੀਤੀ ਖਿਚਾਈ
ਚੰਡੀਗੜ੍ਹ/ਬਿਊਰੋ ਨਿਊਜ਼
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪੰਜਾਬ ਸਮੇਤ ਪੂਰੇ ਭਾਰਤ ’ਚ ਅਸਮਾਨੀ ਚੜ੍ਹ ਰਹੀਆਂ ਹਨ। ਵਧੀਆਂ ਤੇਲ ਕੀਮਤਾਂ ਖਿਲਾਫ ਹੁਣ ਕਿਸਾਨ ਸੜਕਾਂ ’ਤੇ ਉਤਰਨੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਕੇਂਦਰ ਅਤੇ ਸੂਬਾ ਸਰਕਾਰ ਨੂੰ ਤਾੜਨਾ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਤੇਲ ਕੀਮਤਾਂ ਖਿਲਾਫ 29 ਜੂਨ ਨੂੰ ਸਮਰਾਲਾ ਵਿਚ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਿਆ ਜਾਵੇਗਾ। ਬਲਬੀਰ ਸਿੰਘ ਰਾਜੇਵਾਲ ਹੁਰਾਂ ਨੇ ਦੱਸਿਆ ਕਿ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੇ ਜਿੱਥੇ ਹਰ ਵਰਗ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ, ਉਥੇ ਹੀ ਡੀਜ਼ਲ ਜਿਸ ਭਾਅ ਵਿਕ ਰਿਹਾ ਹੈ, ਉਸ ਨੇ ਕਿਸਾਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਹ ਸਭ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਮਿਲੀਭੁਗਤ ਦੀ ਲੁੱਟ ਦਾ ਨਤੀਜਾ ਹੈ। ਵਧੀਆਂ ਤੇਲ ਕੀਮਤਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ 29 ਜੂਨ ਨੂੰ ਸਵੇਰੇ 10:30 ਵਜੇ ਸਮਰਾਲਾ ਵਿਚ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਣ ਜਾ ਰਹੀ ਹੈ। ਰਾਜੇਵਾਲ ਹੋਰਾਂ ਦੱਸਿਆ ਕਿ ਸਮਰਾਲਾ ਦੇ ਮਾਲਵਾ ਕਾਲਜ (ਬੌਂਦਲੀ) ਦੇ ਮੂਹਰੇ ਸਵੇਰੇ 10:30 ਟਰੈਕਟਰਾਂ ਸਣੇ ਵੱਡੀ ਇਕੱਤਰਤਾ ਹੋਵੇਗੀ ਅਤੇ ਟਰੈਕਟਰਾਂ ਨੂੰ ਰੱਸੇ ਪਾ ਕੇ ਖਿੱਚ ਕੇ ਐਸ ਡੀਐਮ ਦੇ ਦਫ਼ਤਰ ਤੱਕ ਲਿਜਾਇਆ ਜਾਵੇਗਾ ਅਤੇ ਰੋਸ ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਿ ਇਨ੍ਹਾਂ ਕੀਮਤਾਂ ਨੂੰ ਘਟਾਇਆ ਜਾਵੇ। ਰਾਜੇਵਾਲ ਹੁਰਾਂ ਨੇ ਕਿਹਾ ਕਿ 29 ਜੂਨ ਦਾ ਧਰਨਾ ਸੰਕੇਤਕ ਹੈ, ਜੇ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਨੱਥ ਨਾ ਪਾਈ ਤਾਂ ਆਉਂਦੇ ਦਿਨਾਂ ਵਿਚ ਪੰਜਾਬ ਸਣੇ ਦੇਸ਼ ਭਰ ਵਿਚ ਵਿਸ਼ਾਲ ਰੋਸ ਮੁਜ਼ਾਹਰੇ ਹੋਣਗੇ।

 

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …