ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਵੱਲੋਂ ਅਕਾਲੀ ਆਗੂਆਂ ਨੂੰ ਹਾਊਮੈ ਛੱਡਣ ਦੀ ਅਪੀਲ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਤਨਜ ਕੱਸਦਿਆਂ ਬਿਆਨ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ, ‘ਸਾਡੇ ਆਪਸੀ ਵਿਚਾਰਕ ਮੱਤਭੇਦ ਹੋ ਸਕਦੇ ਹਨ। ਅਸੀਂ ਹਮੇਸ਼ਾ ਆਪਣੀਆਂ ਸੰਸਥਾਵਾਂ ਦੀ ਮਜ਼ਬੂਤੀ ਦੀ ਗੱਲ ਕਰਾਂਗੇ।’ ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਪ੍ਰੰਤੂ ਗਿਣਤੀ ਦੇ ਨਾਲ ਨਾਲ ਗੁਣਵੱਤਾ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਦਿੱਲੀ ਦੀਆਂ ਸਰਕਾਰਾਂ ਨੇ ਪੰਜਾਬ ਵਿੱਚ ਅਜਿਹਾ ਮਾਹੌਲ ਸਿਰਜਿਆ ਜਿਸ ਨਾਲ ਹਿੰਦੂ-ਸਿੱਖ ਏਕਤਾ ਵਿੱਚ ਦਰਾੜ ਆਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਾਰੇ ਧੜਿਆਂ ਵਿੱਚ ਉਦੋਂ ਤੱਕ ਰਾਜਸੀ ਏਕਾ ਨਹੀਂ ਹੋ ਸਕਦਾ ਜਦੋਂ ਤੱਕ ਆਗੂ ਹਾਊਮੈ ਤੇ ਹੰਕਾਰ ਨਹੀਂ ਛੱਡਦੇ।
ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰ ਰਹੇ ਨੇ ਮੁੱਖ ਮੰਤਰੀ : ਚੀਮਾ
ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੱਸਣ ਲਈ ਕੁਝ ਵੀ ਨਹੀਂ ਹੈ ਤੇ ਉਹ ਕੇਵਲ ਲੋਕਾਂ ਦਾ ਧਿਆਨ ਭਟਕਾਉਣ ਲਈ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉੱਚ ਅਹੁਦਿਆਂ ‘ਤੇ ਦਿੱਲੀ ਅਤੇ ਹੋਰ ਸੂਬਿਆਂ ਤੋਂ ਲਿਆ ਕੇ ਗੈਰ ਪੰਜਾਬੀਆਂ ਨੂੰ ਬਿਠਾਇਆ ਜਾ ਰਿਹਾ ਹੈ, ਉਸ ਸਬੰਧੀ ਲੋਕਾਂ ਨੂੰ ਜਵਾਬ ਦੇਣ ਦੀ ਬਜਾਏ ਮੁੱਖ ਮੰਤਰੀ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ ਜੋ ਨਿੰਦਣਯੋਗ ਹੈ।
Check Also
ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ’ਤੇ ਸਾਧਿਆ ਨਿਸ਼ਾਨਾ
ਕਿਹਾ : ਕੁਝ ਲੋਕਾਂ ਦਾ ਧੰਦਾ ਹੈ ਚੋਣਾਂ ਦੇ ਨਾਮ ’ਤੇ ਫੰਡ ਇਕੱਠਾ ਕਰਨਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਆਗੂ ਰਾਜਾ ਵੜਿੰਗ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਆਲੋਚਨਾ ਕੀਤੀ ਹੈ। ਜਾਖੜ ਨੇ ਰਾਜਾ ਵੜਿੰਗ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਕੁਝ ਲੋਕਾਂ ਦਾ ਧੰਦਾ ਬਣ ਚੁੱਕਾ ਹੈ ਕਿ ਚੋਣਾਂ ਦੇ ਨਾਮ ’ਤੇ ਫੰਡ ਇਕੱਠਾ ਕੀਤਾ ਜਾਵੇ। ਜਾਖੜ ਨੇ ਕਿਹਾ ਕਿ ਇਹ ਨੇਤਾ ਸ਼ਰਾਬ ਅਤੇ ਨਸ਼ੇ ਵਾਲਿਆਂ ਕੋਲੋਂ ਵੀ ਚੰਦਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਅਤੇ ਹਰਿਆਣਾ ਦੇ ਚੀਫ ਜਸਟਿਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਾਂਗਾ ਕਿ ਚੀਫ ਜਸਟਿਸ ਸਣੇ ਦੇਸ਼ ਦੀ ਕਿਸੇ ਵੀ ਏਜੰਸੀ ਦੇ ਅਧਿਕਾਰੀਆਂ ਦੀ ਨਿਗਰਾਨੀ ਵਿਚ ਸਾਰੇ ਆਗੂਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜਾਖੜ ਨੇ ਸਵਾਲ ਚੁੱਕਿਆ ਕਿ ਜਿਹੜੇ ਆਗੂ ਛੋਟੀਆਂ ਜਿਹੀਆਂ ਦੁਕਾਨਾਂ ਚਲਾਉਂਦੇ ਸਨ, ਉਹ ਅੱਜ ਵੱਡੀਆਂ ਵੱਡੀਆਂ ਕੋਠੀਆਂ ਕਿਸ ਤਰ੍ਹਾਂ ਬਣਾ ਰਹੇ ਹਨ।