ਵੜਿੰਗ ਦਾ ਹਾਰਨਾ ਮੇਰੀ ਸਿਆਸੀ ‘ਮੌਤ’ ਦੇ ਬਰਾਬਰ : ਮਨਪ੍ਰੀਤ ਬਾਦਲ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਚੋਣ ਹਾਰਿਆਂ ਤਾਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੁਰਸੀ ਸਲਾਮਤ ਨਹੀਂ ਰਹੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਭਾਸ਼ਣ ਦੇ ਸਿਆਸੀ ਮਾਅਨੇ ਕੱਢੀਏ ਤਾਂ ਇਹ ਸੱਚ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਥਾਨਕ ਕੰਟਰੀ ਇਨ ਹੋਟਲ ਵਿਚ ਸ਼ਹਿਰੀ ਵਰਕਰਾਂ ਦੀ ਹੌਸਲਾ ਅਫ਼ਜਾਈ ਲਈ ਮੀਟਿੰਗ ਕੀਤੀ। ਇਸ ਵਿਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਖਿਆ ਕਿ ਜੇ ਉਮੀਦਵਾਰ (ਰਾਜਾ ਵੜਿੰਗ) ਹਾਰੇਗਾ ਤਾਂ ਇਹ ਉਨ੍ਹਾਂ ਦੀ ਸਿਆਸੀ ਮੌਤ ਹੋਵੇਗੀ। ਮਨਪ੍ਰੀਤ ਬਾਦਲ ਸ਼ਬਦਾਂ ਦੇ ਜਾਦੂਗਰ ਹਨ ਅਤੇ ਉਨ੍ਹਾਂ ਦੇ ਸ਼ਬਦਾਂ ਦੇ ਸਿਆਸੀ ਮਾਅਨੇ ਦੇਖੀਏ ਤਾਂ ਇਹੋ ਨਿਕਲਦੇ ਹਨ ਕਿ ਰਾਜਾ ਵੜਿੰਗ ਦੀ ਹਾਰ ਹੋਣ ਨਾਲ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਵੇਗਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ ਚੁੱਕੇ ਹਨ ਕਿ ਜਿਥੋਂ ਵੀ ਕਾਂਗਰਸੀ ਵੋਟ ਘਟੇਗੀ, ਉਸ ਲਈ ਸਬੰਧਿਤ ਵਿਧਾਇਕ/ਮੰਤਰੀ ਜ਼ਿੰਮੇਵਾਰ ਹੋਵੇਗਾ। ਖ਼ਜ਼ਾਨਾ ਮੰਤਰੀ ਨੇ ਭਾਸ਼ਣ ਵਿਚ ਆਖਿਆ ਕਿ ਉਹ ਮੁੱਖ ਮੰਤਰੀ ਦੀ ਹਾਜ਼ਰੀ ‘ਚ ਸਿਰਫ਼ ਇੱਕੋ ਗੱਲ ਬਿਆਨ ਕਰਦੇ ਹਨ ਕਿ ਇਸ ਲਈ ਉਨ੍ਹਾਂ ਨੂੰ ਜੋ ਵੀ ਕੀਮਤ ਅਦਾ ਕਰਨੀ ਪਈ ਕਰਨਗੇ, ਜੋ ਵੀ ਕੁਰਬਾਨੀ ਦੇਣੀ ਪਈ, ਕੁਰਬਾਨੀ ਦੇਣਗੇ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਭਾਸ਼ਣ ਦਾ ਮਤਲਬ ਹੈ ਕਿ ਉਹ ਕਾਂਗਰਸੀ ਉਮੀਦਵਾਰ ਦੀ ਜਿੱਤ ਲਈ ਹਰ ਤਰ੍ਹਾਂ ਦੀ ਵਾਹ ਲਾਉਣਗੇ।
ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਗੱਠਜੋੜ ਸਰਕਾਰ ਨੇ ਪੰਜਾਬ ਦੀ ਆਰਥਿਕਤਾ ਤਬਾਹ ਕਰ ਦਿੱਤੀ ਹੈ ਜਿਸ ਨਾਲ ਠੀਕ ਕਰਨ ਵਾਸਤੇ ਉਹ ਅਤੇ ਖ਼ਜ਼ਾਨਾ ਮੰਤਰੀ ਲੱਗੇ ਹੋਏ ਹਨ। ਵਿੱਤ ਮੰਤਰੀ ਨੇ ਆਖਿਆ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਲੋਕਾਂ ਦਾ ਡੀਐਨਏ ਕਾਂਗਰਸੀ ਹੈ, ਜਿਸ ਸਦਕਾ ਸ਼ਹਿਰ ਵਿਚੋਂ ਕਾਂਗਰਸ ਨੂੰ 30 ਹਜ਼ਾਰ ਦੀ ਲੀਡ ਮਿਲਦੀ ਆ ਰਹੀ ਹੈ। ਉਹ ਰਾਜਾ ਵੜਿੰਗ ਨੂੰ ਵੱਡੀ ਲੀਡ ਨਾਲ ਜਿਤਾਉਣਗੇ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …