22.1 C
Toronto
Saturday, September 13, 2025
spot_img
Homeਕੈਨੇਡਾਖੇਡ ਰਤਨ ਐਵਾਰਡ ਲਈ ਹਾਰਦਿਕ ਧੰਨਵਾਦ

ਖੇਡ ਰਤਨ ਐਵਾਰਡ ਲਈ ਹਾਰਦਿਕ ਧੰਨਵਾਦ

ਪ੍ਰਿੰ. ਸਰਵਣ ਸਿੰਘ
ਕਦੇ ਸੋਚਿਆ ਨਹੀਂ ਸੀ ਕਿ ਪੰਜਾਬੀ ਦੇ ਕਿਸੇ ਖੇਡ ਲੇਖਕ ਨੂੰ ‘ਖੇਡ ਰਤਨ ਐਵਾਰਡ’ ਮਿਲੇਗਾ ਜਿਸ ਵਿਚ ਸਨਮਾਨ ਪਲੇਕ, ਗੋਲਡ ਮੈਡਲ, ਦਸਤਾਰ, ਕੰਬਲੀ ਤੇ ਪੰਜ ਲੱਖ ਦੀ ਰਾਸ਼ੀ ਸ਼ਾਮਲ ਹੋਵੇਗੀ। ਸਨਮਾਨ ਦੇਣ ਵਾਲਿਆਂ ਦਾ ਹਾਰਦਿਕ ਧੰਨਵਾਦ। ਕੰਬਲੀ ਤੇ ਦਸਤਾਰ ਮੇਰੀ ਵਰਤੋਂ ਦੀਆਂ ਵਸਤਾਂ ਹਨ। ਸਨਮਾਨ ਪਲੇਕ ਤੇ ਗੋਲਡ ਮੈਡਲ ਘਰ ਦਾ ਸ਼ਿੰਗਾਰ ਬਣਨਗੇ। ਧਨ ਰਾਸ਼ੀ ਹੁਣ ਮੇਰੀ ਲੋੜ ਨਹੀਂ, ਉਹ ਮੈਂ ਖੇਡਾਂ ਖਿਡਾਰੀਆਂ ਦੇ ਲੇਖੇ ਹੀ ਲਾਵਾਂਗਾ। ਪੰਜਾਬੀ ਪਿਆਰਿਆਂ ਤੇ ਖੇਡ ਪ੍ਰਮੋਟਰਾਂ ਦੀ ਹੱਲਾਸ਼ੇਰੀ ਨਾਲ ਮੇਰੀ ਕਲਮ ਦੀ ਮੈਰਾਥਨ ਦੌੜ ਜਾਰੀ ਹੈ ਤੇ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਸਾਹ ਵਗਦੇ ਹਨ।
ਮੇਰੀਆਂ ਹੁਣ ਤਕ ਛਪੀਆਂ 50 ਕੁ ਪੁਸਤਕਾਂ ਵਿਚੋਂ 25 ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਮਰ ਦੇ 80ਵਿਆਂ ਵਿਚ ਮੇਰੀ ਕਲਮ ਹੋਰ ਤੇਜ਼ ਦੌੜੀ ਹੈ। ‘ਪੰਜਾਬੀ ਟ੍ਰਿਬਿਊਨ’ ‘ਚ ਪੂਰੇ ਪੰਨੇ ਦੀ ‘ਪੰਜਾਬੀ ਖੇਡ ਸਾਹਿਤ’ ਲੇਖ ਲੜੀ 111 ਕਿਸ਼ਤਾਂ ‘ਚ ਛਪੀ ਸੀ। ਉਨ੍ਹਾਂ ਵਿਚ ਪੰਜਾਬੀ ਦੀਆਂ ਸੌ ਕੁ ਖੇਡ ਪੁਸਤਕਾਂ ਤੇ ਲੇਖਕਾਂ ਨੂੰ ਪ੍ਰੋਇਆ ਗਿਆ। 2020-22 ਦੌਰਾਨ ਮੇਰੀਆਂ ਪੁਸਤਕਾਂ ‘ਉਡਣਾ ਸਿੱਖ ਮਿਲਖਾ ਸਿੰਘ’, ‘ਖੇਡ ਖਿਡਾਰੀ’, ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ‘ਖੇਡ ਸਾਹਿਤ ਦੇ ਮੋਤੀ’, ‘ਖੇਡ ਸਾਹਿਤ ਦੇ ਹੀਰੇ’, ‘ਪੰਜਾਬੀਆਂ ਦਾ ਖੇਡ ਸਭਿਆਚਾਰ’, ‘ਪੰਜਾਬੀ ਕਹਾਣੀ ਦਾ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ’ ਤੇ ‘ਮੇਰੀ ਕਲਮ ਦੀ ਮੈਰਾਥਨ’ ਛਪੀਆਂ ਪਰ ਮੈਰਾਥਨ ਅਜੇ ਮੁੱਕੀ ਨਹੀਂ।
ਮੈਂ ਸਵੈ-ਜੀਵਨੀ ‘ਹਸੰਦਿਆਂ ਖੇਲੰਦਿਆਂ’ ਵਿਚ ਲਿਖਿਆ ਸੀ: ਜੀਹਨੇ ਦੁਨੀਆਂ ਦਾ ਮੇਲਾ ਵੇਖਣਾ ਹੋਵੇ ਉਹ ਹੋਰ ਕੁੱਝ ਕਰੇ ਨਾ ਕਰੇ, ਤੋਰਾ ਫੇਰਾ ਜ਼ਰੂਰ ਜਾਰੀ ਰੱਖੇ। ਤੋਰੇ ਫੇਰੇ ਵਿਚ ਹੀ ਜੀਵਨ ਦਾ ਚਾਅ ਹੈ, ਖੇੜਾ ਤੇ ਅਨੰਦ ਹੈ। ਕੁੱਝ ਵੇਖਣ ਦੀ ਇੱਛਾ, ਕੁੱਝ ਕਰਨ ਤੇ ਮਾਣਨ ਦੀ ਰੀਝ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਇੱਛਾ ਮੁੱਕ ਜਾਵੇ ਤਾਂ ਜੀਵਨ ਦੇ ਚਾਅ ਈ ਮੁੱਕ ਜਾਂਦੇ ਨੇ। ਰੀਝਾਂ ਮਰ ਜਾਣ ਤਾਂ ਕਲਪਨਾ ਵੀ ਕੁਮਲਾਅ ਜਾਂਦੀ ਐ। ਬੰਦਾ ਇੱਛਾਵਾਂ ਤੇ ਕਾਮਨਾਵਾਂ ਦੇ ਸਿਰ ‘ਤੇ ਹੀ ਪੀੜ੍ਹੀ ਦਰ ਪੀੜ੍ਹੀ ਜਿਉਂਦਾ ਆ ਰਿਹੈ। ਕੁੱਝ ਕਰਨ ਦੀ ਉਮੰਗ ਤੇ ਕੁੱਝ ਮਾਣਨ ਦੀ ਤਰੰਗ ਨੂੰ ਪੂਰੀ ਕਰਨ ਲਈ ਆਹਰੇ ਲੱਗੇ ਰਹਿਣਾ ਈ ਜ਼ਿੰਦਗੀ ਹੈ।
ਧਰਤੀ, ਚੰਦ, ਸੂਰਜ ਤੇ ਤਾਰੇ ਸਭ ਹਰਕਤ ਵਿਚ ਹਨ। ਪੰਖੇਰੂ ਬਿਨਾਂ ਮਤਲਬ ਨਹੀਂ ਉਡੇ ਫਿਰਦੇ। ਹੀਰੇ ਹਿਰਨ ਭਲਾ ਕਾਹਦੇ ਲਈ ਚੁੰਗੀਆਂ ਭਰਦੇ ਨੇ?
ਮੱਛੀਆਂ ਪਾਣੀ ‘ਚ ਕਿਉਂ ਤਰਦੀਆਂ ਤੇ ਕਲੋਲਾਂ ਕਰਦੀਆਂ ਹਨ? ਦਰਿਆ ਵਗਦੇ ਰਹਿਣ ਨਾਲ ਈ ਤਰੋ ਤਾਜ਼ਾ ਨੇ। ਬੈਠੇ-ਬੈਠੇ ਤਾਂ ਸ਼ੇਰ ਬਘੇਲੇ ਵੀ ਸ਼ਿਕਾਰ ਨਾ ਮਾਰ ਸਕਣ ਤੇ ਭੁੱਖੇ ਮਰ ਜਾਣ। ਧੁੱਪਾਂ ਚੜ੍ਹਦੀਆਂ ਲਹਿੰਦੀਆਂ ਤੇ ਹਵਾਵਾਂ ਰੁਮਕਦੀਆਂ ਰਹਿੰਦੀਆਂ ਹਨ। ਬ੍ਰਹਿਮੰਡ ਦਾ ਨਾਦ ਸਦਾ ਵੱਜਦਾ ਰਹਿੰਦਾ ਹੈ। ਇਹੋ ਜੀਵਨ ਦਾ ਭੇਤ ਹੈ। ਹਰਕਤ ਵਿੱਚ ਹੀ ਜ਼ਿੰਦਗੀ ਹੈ। ਕੁਦਰਤ ਦਾ ਸ਼ੁਕਰ ਹੈ, ਹਾਲਾਂ ਹਰਕਤ ‘ਚ ਹਾਂ, ਪੜ੍ਹਦਾ ਲਿਖਦਾ, ਸੈਰਾਂ ਕਰਦਾ, ਬਦਲਦੀ ਤੇ ਵਿਗਸਦੀ ਦੁਨੀਆ ਦਾ ਮੇਲਾ ਵੇਖੀ ਜਾ ਰਿਹਾਂ।
ਤੜਕੇ ਚਾਰ ਵਜੇ ਜਾਗ ਕੇ ਕੰਪਿਊਟਰ ‘ਤੇ ਪੜ੍ਹਨਾ, ਲਿਖਣਾ, ਫਿਰ ਚਾਰ ਕਿਲੋਮੀਟਰ ਤੁਰਨਾ, ਅੱਧਾ ਘੰਟਾ ਤੈਰਨਾ, ਸ਼ਾਮੀ ਦੋ ਕੁ ਕਿਲੋਮੀਟਰ ਦੀ ਚਹਿਲ ਕਦਮੀ ਕਰਨੀ ਤੇ ਸੰਜਮ ਨਾਲ ਖਾਣਾ ਪੀਣਾ ਮੇਰਾ ਅਜੋਕਾ ਰੁਟੀਨ ਹੈ। ਦੋ ਢਾਈ ਘੰਟੇ ਸਿਹਤ ਦੇ ਲੇਖੇ ਲਾ ਕੇ ਅੱਠ ਨੌਂ ਘੰਟੇ ਪੜ੍ਹਦਾ ਲਿਖਦਾ ਹਾਂ। ਨਿੰਦਿਆ ਚੁਗਲੀ ਤੋਂ ਬਚੀਦੈ ਤੇ ਸਰਬੱਤ ਦਾ ਭਲਾ ਲੋਚੀਦੈ। ਖੇਡ ਸਾਹਿਤ ਦੀ ਅਜੇ ਗੋਹੜੇ ‘ਚੋਂ ਪੂਣੀ ਹੀ ਕੱਤੀ ਗਈ ਹੈ। ਬੜੇ ਕੰਮ ਪਏ ਨੇ ਕਰਨ ਵਾਲੇ। ਪਾਠਕਾਂ, ਲੇਖਕਾਂ, ਖਿਡਾਰੀਆਂ ਤੇ ਦੋਸਤਾਂ ਮਿੱਤਰਾਂ ਦੀਆਂ ਦੁਆਵਾਂ ਨਾਲ ਹਾਲੇ ਕਾਇਮ ਦਾਇਮ ਹਾਂ ਜਿਸ ਲਈ ਸਭਨਾਂ ਦਾ ਸ਼ੁਕਰਗੁਜ਼ਾਰ ਹਾਂ।
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ
ਵਿਚੇ ਹੋਵੈ ਮੁਕਤਿ॥

RELATED ARTICLES
POPULAR POSTS