Home / Special Story / ਪੰਜਾਬ ਵਿਧਾਨ ਸਭਾ ਬਣੀ ਸਿਆਸੀ ਜੰਗ ਦਾ ਮੈਦਾਨ

ਪੰਜਾਬ ਵਿਧਾਨ ਸਭਾ ਬਣੀ ਸਿਆਸੀ ਜੰਗ ਦਾ ਮੈਦਾਨ

ਰਾਜਪਾਲ ਦੇ ਭਾਸ਼ਨ ‘ਤੇ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਤਿੱਖੀ ਨੋਕ-ਝੋਕ
ਸਬਰ ਕਰੋ ਸਭ ਦੀ ਵਾਰੀ ਆਵੇਗੀ, ਬਚੋਗੇ ਨਹੀਂ ਭਾਵੇਂ ਭਾਜਪਾ ਵਿਚ ਜਾਵੋ : ਭਗਵੰਤ ਮਾਨ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਨ ਸੰਬੰਧੀ ਪੇਸ਼ ਧੰਨਵਾਦ ਦੇ ਮਤੇ ‘ਤੇ ਬਹਿਸ ਦੌਰਾਨ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਤਿੱਖੀ ਨੋਕ-ਝੋਕ ਹੋ ਗਈ ਅਤੇ ਮੁੱਖ ਮੰਤਰੀ ਨੇ ਵਿਰੋਧੀ ਮੈਂਬਰਾਂ ਦੇ ਨਾਂਅ ਲੈ ਕੇ ਵੀ ਸਰਕਾਰੀ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਨੂੰ ਲੈ ਕੇ ਸਦਨ ਵਿਚ ਭਾਰੀ ਹੰਗਾਮਾ ਹੋਇਆ। ਸਪੀਕਰ ਨੂੰ ਕਾਰਵਾਈ ਨਾ ਚਲਦੀ ਵੇਖ ਸਦਨ ਦੀ ਬੈਠਕ ਮੁਲਤਵੀ ਕਰਨੀ ਪਈ ਤੇ ਕਾਂਗਰਸੀ ਮੈਂਬਰ ਮੁੱਖ ਮੰਤਰੀ ਦੇ ਰਵੱਈਏ ਸੰਬੰਧੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਬਹਿਸ ਦਾ ਬਾਈਕਾਟ ਕਰਕੇ ਚਲੇ ਗਏ।
ਬਾਜਵਾ ਜਿਨ੍ਹਾਂ ਬੋਲਦਿਆਂ ਮੁੱਖ ਮੰਤਰੀ ਨੂੰ ਜੀ-20 ਦੇ ਦੇਸ਼ਾਂ ਦੀ ਸੂਬੇ ਵਿਚ ਆਮਦ ਨੂੰ ਸੁਨਹਿਰੀ ਮੌਕਾ ਦੱਸਿਆ ਤੇ ਕਿਹਾ ਕਿ ਪੰਜਾਬ ਸਮੁੰਦਰੀ ਬੰਦਰਗਾਹਾਂ ਤੋਂ ਦੂਰ ਹੈ, ਇਸ ਲਈ ਖਾੜੀ ਦੇਸ਼ਾਂ ਤੇ ਯੂਰਪ ਲਈ ਸੜਕੀ ਰਸਤੇ ਦੁਬਾਰਾ ਖੋਲ੍ਹਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਦਾ ਖੁੱਲ੍ਹਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਨੌਜਵਾਨ ਵਿਦੇਸ਼ਾਂ ਵੱਲ ਦੌੜ ਰਿਹਾ ਹੈ ਤੇ ਯੂਨੀਵਰਸਿਟੀਆਂ ਬੰਦ ਹੋ ਰਹੀਆਂ ਹਨ ਅਤੇ ਪਿੰਡਾਂ ਵਿਚ ਕੋਈ ਨੌਜਵਾਨ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਵਿਤਕਰਾ ਕਰਦਾ ਹੈ ਅਸੀਂ ਸਰਕਾਰ ਦਾ ਸਾਥ ਦੇਵਾਂਗੇ। ਉਨ੍ਹਾਂ ਕਿਹਾ ਕਿ ਮਗਰਲੇ ਬਜਟ ਵਿਚ 93 ਹਜ਼ਾਰ ਕਰੋੜ ਦਾ ਮਾਲੀਆ ਇਕੱਠਾ ਕਰਨ ਦੇ ਟੀਚੇ ‘ਚ ਕੋਈ 35 ਹਜ਼ਾਰ ਕਰੋੜ ਦੀ ਕਮੀ ਹੈ। ਉਨ੍ਹਾਂ ਪੰਜਾਬ ਲਈ ਕੇਂਦਰੀ ਸੁਰੱਖਿਆ ਬਲ ਲੈਣ ਨੂੰ ਵੀ ਇਕ ਸਾਜਿਸ਼ ਕਰਾਰ ਦਿੱਤਾ।
ਬਾਜਵਾ ਨੇ ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਦੇ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿਚ ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਦੇ ਦਫ਼ਤਰ ‘ਤੇ ਭਾਜਪਾ ਦੇ ਝੰਡੇ ਲਗਾਉਣ ਦੀ ਗੱਲ ਕੀਤੀ ਸੀ ਤੇ ਕਿਹਾ ਕਿ ਤੁਸੀਂ ਪੰਜਾਬ ਵਿਚ ਵੀ ਅਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਵੀ ਵਿਜੀਲੈਂਸ ਦੇ ਦਫ਼ਤਰ ਤੇ ਆਮ ਆਦਮੀ ਪਾਰਟੀ ਦਾ ਝੰਡਾ ਲਗਾਉਣ ਦੀ ਮੰਗ ਕਰਨੀ ਪਵੇ। ਮੁੱਖ ਮੰਤਰੀ ਭਗਵੰਤ ਮਾਨ, ਜੋ ਬਾਜਵਾ ਦੇ ਇਸ ਕਥਨ ‘ਤੇ ਭੜਕ ਪਏ, ਨੇ ਆਪਣੀ ਸੀਟ ਤੋਂ ਉਠ ਕੇ ਬਾਜਵਾ ਨੂੰ ਕਿਹਾ ਕਿ ਸਬਰ ਕਰੋ ਤੁਹਾਡੀ ਸਭ ਦੀ ਵਾਰੀ ਆਵੇਗੀ, ਜਿਸ ਨੇ ਵੀ ਪੰਜਾਬ ਦਾ ਪੈਸਾ ਖਾਧਾ ਹੈ, ਛੱਡਿਆ ਨਹੀਂ ਜਾਵੇਗਾ। ਸੱਤਾ ਬਦਲ ਗਈ ਹੈ, ਹੁਣ ਤੁਸੀਂ ਬਚੋਗੇ ਨਹੀਂ, ਭਾਵੇਂ ਭਾਜਪਾ ਵਿਚ ਵੀ ਚਲੇ ਜਾਓ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਰਾਜਾਂ ਰਾਜਸਥਾਨ ਤੇ ਛੱਤੀਸਗੜ੍ਹ ‘ਚ ਵੀ ਕਾਂਗਰਸ ਨੇ ਅਡਾਨੀ ਗਰੁੱਪ ਨੂੰ ਮਾਈਨਜ਼ (ਖਾਣਾਂ) ਦਿੱਤੀਆਂ ਹੋਈਆਂ ਹਨ।
ਪੰਚਾਇਤੀ ਜ਼ਮੀਨਾਂ ਦੇ ਮਾਮਲੇ ‘ਤੇ ਧਾਲੀਵਾਲ ਤੇ ਖਹਿਰਾ ਵਿਚਾਲੇ ਤਿੱਖੀ ਬਹਿਸ
ਦੋਵਾਂ ਆਗੂਆਂ ਨੇ ਇਕ ਦੂਜੇ ਖਿਲਾਫ ਕੀਤੀ ਤਿੱਖੀ ਬਿਆਨਬਾਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਧਾਨ ਸਭਾ ਵਿਚ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਦੇ ਭਾਸ਼ਨ ‘ਤੇ ਚਰਚਾ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ਦੇ ਮੁੱਦੇ ‘ਤੇ ਆਪਸ ਵਿਚ ਖਹਿਬੜ ਪਏ। ਸੁਖਪਾਲ ਖਹਿਰਾ ਇਸ ਮਾਮਲੇ ‘ਤੇ ਘਿਰੇ ਘਿਰੇ ਨਜ਼ਰ ਆਏ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਫ਼ਾਈ ਦੇਣ ਦਾ ਮੌਕਾ ਵੀ ਨਹੀਂ ਮਿਲ ਸਕਿਆ। ਪਿਛਲੇ ਦਿਨੀਂ ਸੁਖਪਾਲ ਖਹਿਰਾ ਨੇ ਲਵਲੀ ‘ਵਰਸਿਟੀ ਦੇ ਮਾਲਕਾਂ ਤੇ ਐਮ.ਪੀ ਅਸ਼ੋਕ ਮਿੱਤਲ ਅਤੇ ਐਮ.ਪੀ ਸੰਤ ਬਲਬੀਰ ਸਿੰਘ ਸੀਚੇਵਾਲ ‘ਤੇ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਦਾ ਇਲਜ਼ਾਮ ਲਾਇਆ ਸੀ। ਬਹਿਸ ਦੌਰਾਨ ਮੌਕਾ ਮਿਲਦਿਆਂ ਹੀ ਪੰਚਾਇਤ ਮੰਤਰੀ ਧਾਲੀਵਾਲ ਨੇ ਲਵਲੀ ‘ਵਰਸਿਟੀ ਦੇ ਮਾਮਲੇ ਵਿਚ ਕਿਹਾ ਕਿ ਇਸ ਵਰਸਿਟੀ ਵੱਲੋਂ ਚਹੇੜੂ ਪਿੰਡ ਦੀ ਪੰਚਾਇਤ ਨਾਲ 2016 ਵਿਚ ਜ਼ਮੀਨ ਦਾ ਵਟਾਂਦਰਾ ਕਰ ਲਿਆ ਸੀ ਅਤੇ ਇਸ ਵੇਲੇ ਰਸਤਿਆਂ ਆਦਿ ਦੀ ਤਿੰਨ ਕਨਾਲ ਜ਼ਮੀਨ ਬਾਕੀ ਰਹਿ ਗਈ ਹੈ, ਇਸ ਤੋਂ ਜ਼ਿਆਦਾ ਹੋਵੇ, ਖਹਿਰਾ ਜੋ ਮਰਜ਼ੀ ਸਜ਼ਾ ਦੇਣ, ਉਹ ਮੰਨਣਗੇ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਪਿੰਡ ਜਾਮੇਵਾਲ ਦੀ ਜਿਸ ਪੰਚਾਇਤੀ ਜ਼ਮੀਨ ‘ਤੇ ਗਊਸ਼ਾਲਾ ਆਦਿ ਚਲਾਈ ਜਾ ਰਹੀ ਹੈ, ਉਸ ਨੂੰ ਸੀਚੇਵਾਲ ਨੇ ਸਰਕਾਰ ਨੂੰ ਦੇਣ ਦੀ ਪੇਸ਼ਕਸ਼ ਕਰ ਦਿੱਤੀ ਹੈ।
ਧਾਲੀਵਾਲ ਨੇ ਖਹਿਰਾ ‘ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਸੁਖਪਾਲ ਖਹਿਰਾ ਦੇ ਸ਼ਰੀਕੇ ਵਾਲਿਆਂ ਨੇ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਵਿਚ ਹੀ ਪੰਚਾਇਤ ਦੀ ਜ਼ਮੀਨ ਨੱਪੀ ਹੋਈ ਹੈ ਅਤੇ ਖਹਿਰਾ ਇਸ ਜ਼ਮੀਨ ਨੂੰ ਛੁਡਾਉਣ। ਖਹਿਰਾ ਇਸ ਗੱਲੋਂ ਤੋਂ ਤੈਸ਼ ਵਿਚ ਆ ਗਏ, ਜਿਸ ਜ਼ਮੀਨ ਦੀ ਗੱਲ ਕਰਦੇ ਹੋ, ਉਹ ਫ਼ਤਿਹ ਸਿੰਘ ਲੁਬਾਣਾ ਕੋਲ ਹੈ ਅਤੇ ਕੇਸ ਐਫ.ਸੀ.ਆਰ ਕੋਲ ਚੱਲ ਰਿਹਾ ਹੈ। ਧਾਲੀਵਾਲ ਨੇ ਮੌਕੇ ‘ਤੇ ਕਾਗ਼ਜ਼ ਪੇਸ਼ ਕਰਦਿਆਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਨੇ ਖ਼ੁਦ 21 ਏਕੜ ਜ਼ਮੀਨ ਗੁਰੂ ਘਰ ਨੂੰ ਦਾਨ ਕੀਤੀ ਸੀ।
ਸੁਖਪਾਲ ਸਿੰਘ ਖਹਿਰਾ ਇਨ੍ਹਾਂ ਇਲਜ਼ਾਮਾਂ ਦਾ ਜੁਆਬ ਦੇਣ ਲਈ ਸਪੀਕਰ ਤੋਂ ਸਮਾਂ ਮੰਗਦੇ ਰਹੇ ਅਤੇ ਇਨ੍ਹਾਂ ਆਰੋਪਾਂ ਨੇ ਖਹਿਰਾ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਸੁਖਪਾਲ ਖਹਿਰਾ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਸਦਨ ਦੀ ਇੱਕ ਕਮੇਟੀ ਬਣਾ ਦਿੱਤੀ ਜਾਵੇ ਜੋ ਲਵਲੀ ਵਰਸਿਟੀ, ਸੀਚੇਵਾਲ ਦੇ ਕਬਜ਼ੇ ਹੇਠਲੀ ਜ਼ਮੀਨ ਅਤੇ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ ਵਿਚਲੀ ਜ਼ਮੀਨ ਦੀ ਜਾਂਚ ਕਰੇ। ਖਹਿਰਾ ਨੇ ਕਿਹਾ ਕਿ ਉਹ ਕਿਸੇ ਵੀ ਪੜਤਾਲ ਦਾ ਸਾਹਮਣਾ ਕਰਨਾ ਵਾਸਤੇ ਤਿਆਰ ਹਨ।
ਲਿੰਕ ਸੜਕਾਂ ਤੋਂ ਕਬਜ਼ੇ ਹਟਾਉਣ ਲਈ ਨਵਾਂ ਕਾਨੂੰਨ ਛੇਤੀ: ਧਾਲੀਵਾਲ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਲਿੰਕ ਸੜਕਾਂ ਦੇ ਕਿਨਾਰਿਆਂ ‘ਤੇ ਨਾਜਾਇਜ਼ ਕਬਜ਼ਿਆਂ ਅਤੇ ਰਜਿਸਟਰੀਆਂ ਲਈ ਲਾਜ਼ਮੀ ਕਰਾਰ ਦਿੱਤੀ ਐਨਓਸੀ ਦਾ ਮਾਮਲਾ ਛਾਇਆ ਰਿਹਾ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਪੇਂਡੂ ਲਿੰਕ ਸੜਕਾਂ ਦੇ ਕਿਨਾਰਿਆਂ ਨੂੰ ਕੱਟਣ ਤੇ ਪੁੱਟਣ ਦੇ ਮਾਮਲੇ ਦੇ ਜਵਾਬ ਵਿਚ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲਿੰਕ ਸੜਕਾਂ ਦੇ ਬਰਮ ਅਕਸਰ ਲੋਕ ਕੱਟ ਲੈਂਦੇ ਹਨ ਅਤੇ ਇਨ੍ਹਾਂ ‘ਤੇ ਨਾਜਾਇਜ਼ ਕਬਜ਼ੇ ਹੋ ਜਾਂਦੇ ਹਨ। ਉਹ ਇਸ ਬਾਰੇ ਕੋਈ ਨਵਾਂ ਕਾਨੂੰਨ ਲਿਆਉਣ ਬਾਰੇ ਵਿਚਾਰ ਕਰਨਗੇ ਤਾਂ ਕਿ ਕਾਬਜ਼ਕਾਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਜਿਹਾ ਕੋਈ ਕਾਨੂੰਨ ਨਹੀਂ ਕਿ ਸੜਕਾਂ ਦੇ ਕਿਨਾਰਿਆਂ ਨੂੰ ਬਚਾਇਆ ਜਾ ਸਕੇ। ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਕਰਕੇ ਲਿੰਕ ਸੜਕਾਂ ਤੰਗ ਹੋ ਗਈਆਂ ਹਨ ਜਿਸ ਕਰਕੇ ਸੜਕ ਹਾਦਸੇ ਵਾਪਰਨ ਲੱਗੇ ਹਨ। ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇੱਕ ਦਫ਼ਾ ਡਿਪਟੀ ਕਮਿਸ਼ਨਰ ਮਾਨਸਾ ਨੇ ਮੁਹਿੰਮ ਚਲਾ ਕੇ ਲਿੰਕ ਸੜਕਾਂ ਤੋਂ ਕਬਜ਼ੇ ਹਟਾਏ ਸਨ। ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਨੇ ਮਸ਼ਵਰਾ ਦਿੱਤਾ ਕਿ ਸ਼ਨਾਖਤ ਲਈ ਲਿੰਕ ਸੜਕਾਂ ‘ਤੇ ਬੁਰਜੀਆਂ ਲਾਈਆਂ ਜਾਣ। ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਦੋਰਾਹਾ ਸਥਿਤ ਮੁਗ਼ਲ ਸਰਾਏ ਨੂੰ ਟੂਰਿਜ਼ਮ ਵਜੋਂ ਵਿਕਸਿਤ ਕਰਨ ਲਈ 31 ਅਗਸਤ 2023 ਤੱਕ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਪੰਜਾਬ ‘ਚ ਨਵੇਂ ਡਾਕਟਰਾਂ ਲਈ ਲਾਜ਼ਮੀ ਹੋਵੇਗੀ ਸਰਕਾਰੀ ਸੇਵਾ: ਸਿਹਤ ਮੰਤਰੀ
ਸਰਕਾਰੀ ਹਸਪਤਾਲਾਂ ‘ਚ ਸੇਵਾ ਨਾ ਕਰਨ ਬਦਲੇ ਸਰਕਾਰ ਨੇ 57 ਡਾਕਟਰਾਂ ਤੋਂ 6 ਕਰੋੜ ਰੁਪਏ ਵਸੂਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ‘ਚ ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਸਵਾਲ ਦੇ ਜਵਾਬ ‘ਚ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਐੱਮਡੀ ਪਾਸ ਡਾਕਟਰਾਂ ਤੋਂ ਸਰਕਾਰੀ ਸੇਵਾਵਾਂ ਲਏ ਜਾਣ ਨੂੰ ਲਾਜ਼ਮੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਸ ਵਰ੍ਹਿਆਂ ‘ਚ ਸਰਕਾਰੀ ਮੈਡੀਕਲ ਕਾਲਜਾਂ ‘ਚੋਂ ਪੀਜੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਤੋਂ ਬਾਂਡ ਦੀ ਸ਼ਰਤ ਮੁਤਾਬਕ ਸਰਕਾਰੀ ਹਸਪਤਾਲਾਂ ‘ਚ ਸੇਵਾਵਾਂ ਨਹੀਂ ਲਈਆਂ ਗਈਆਂ, ਜਿਸ ਤਹਿਤ ਸਰਕਾਰ ਨੇ 57 ਡਾਕਟਰਾਂ ਤੋਂ 6 ਕਰੋੜ ਰੁਪਏ ਵਸੂਲੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਮੋਗਾ ਵਿੱਚ ਸਰਕਾਰੀ ਮੈਡੀਕਲ ਕਾਲਜ ਬਣਾਏ ਜਾਣ ਲਈ ਇੱਕ ਪਿੰਡ ਦੀ ਪੰਚਾਇਤ ਨੇ ਜ਼ਮੀਨ ਦੇਣ ਲਈ ਮਤਾ ਦਿੱਤਾ ਹੈ। ਪੰਜਾਬ ‘ਚ ਚਾਰ ਮੈਡੀਕਲ ਕਾਲਜਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਰਾਜਾ ਵੜਿੰਗ ਨੇ ਗਿੱਦੜਬਾਹਾ ਦੇ ਸਿਵਲ ਹਸਪਤਾਲ ‘ਚ ਡਾਕਟਰਾਂ ਦੀਆਂ ਖ਼ਾਲੀ ਅਸਾਮੀਆਂ ਦਾ ਮੁੱਦਾ ਚੁੱਕਿਆ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ‘ਚ ਮੈਡੀਕਲ ਕਾਲਜ ਬਣਾਉਣ ਦਾ ਸਵਾਲ ਚੁੱਕਿਆ।
ਬਾਜਵਾ ਵੱਲੋਂ ਉਠਾਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲੰਪੀ ਸਕਿਨ ਕਾਰਨ ਪ੍ਰਭਾਵਿਤ ਹੋਏ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਮੁਆਵਜ਼ੇ ‘ਚ ਆਪਣਾ ਹਿੱਸਾ ਵੀ ਪਾਵੇਗੀ।
ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਤੀਫਪੁਰਾ ਦਾ ਮਾਮਲਾ ਵੀ ਉਠਾਇਆ। ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਸ਼ਹਿਰ ‘ਚ ਪਾਣੀ ਦੀ ਨਿਕਾਸੀ ਬਾਰੇ ਸਵਾਲ ਪੁੱਛਿਆ, ਜਿਸ ਦੇ ਜਵਾਬ ‘ਚ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸੀਵਰੇਜ ਦੀ ਸਮੇਂ ਸਿਰ ਸਫ਼ਾਈ ਕੀਤੀ ਗਈ ਹੈ ਤੇ ਬਾਕੀ ਸਮੱਸਿਆ ਦੇ ਹੱਲ ਲਈ ਨਵੀਂ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ।
ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਦੇ ਸਿਵਲ ਹਸਪਤਾਲ ‘ਚ ਖ਼ਾਲੀ ਅਸਾਮੀਆਂ ਬਾਰੇ ਸਵਾਲ ਚੁੱਕਿਆ ਜਿਸ ਦੇ ਜਵਾਬ ‘ਚ ਸਿਹਤ ਮੰਤਰੀ ਨੇ ਛੇਤੀ ਅਸਾਮੀਆਂ ਭਰਨ ਦੀ ਗੱਲ ਕਹੀ। ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਵਿਚ ਏਅਰਪੋਰਟ ਰੋਡ ‘ਤੇ ਸੜਕੀ ਆਵਾਜਾਈ ਦਾ ਮਾਮਲਾ ਉਠਾਇਆ, ਜਿਸ ਦੇ ਜਵਾਬ ‘ਚ ਅਮਨ ਅਰੋੜਾ ਨੇ ਸ਼ਹਿਰ ‘ਚ ਬਣਾਏ ਜਾ ਰਹੇ 16 ਚੌਕਾਂ ਬਾਰੇ ਦੱਸਿਆ।
ਬਜਟ ਇਜਲਾਸ ਚੌਥੇ ਦਿਨ ਵੀ ਰਿਹਾ ਹੰਗਾਮਿਆਂ ਭਰਪੂਰ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਵੀਰਵਾਰ ਨੂੰ ਚੌਥਾ ਦਿਨ ਵੀ ਹੰਗਾਮਿਆਂ ਭਰਪੂਰ ਰਿਹਾ। ਜਦਕਿ 10 ਮਾਰਚ ਦਿਨ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰਨਗੇ। ਸਦਨ ‘ਚ ਵੀਰਵਾਰ ਨੂੰ ਫਿਰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਇਕ ਦੂਜੇ ‘ਤੇ ਆਰੋਪ ਲਗਾਏ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਿਰੋਧੀ ਧਿਰ ਉਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਕਾਂਗਰਸੀ ਵਿਧਾਇਕ ਗੁੱਸੇ ‘ਚ ਆ ਗਏ ਤੇ ਉਹ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ।
ਕਾਂਗਰਸ ਨੇ ਪੰਜਾਬ ਦੀ ਆਬਕਾਰੀ ਨੀਤੀ ਬਾਰੇ ਜਾਂਚ ਦੀ ਕੀਤੀ ਮੰਗ
ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ‘ਚ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
ਚੰਡੀਗੜ੍ਹ : ਕਾਂਗਰਸ ਵਿਧਾਇਕ ਦਲ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਿਆ।
ਕਾਂਗਰਸੀ ਵਿਧਾਇਕਾਂ ਨੇ ਪੰਜਾਬ ਦੀ ਆਬਕਾਰੀ ਨੀਤੀ ਅਤੇ ਰੇਤ ਮਾਫ਼ੀਆ ਨੂੰ ਲੈ ਕੇ ਮੌਜੂਦਾ ‘ਆਪ’ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਭ੍ਰਿਸ਼ਟਾਚਾਰ ਕਰਨ ਵਾਲਿਆਂ ‘ਤੇ ਸਖ਼ਤੀ ਨਾਲ ਕਾਰਵਾਈ ਕਰਨ ਦੀ ਗੱਲ ਕੀਤੀ ਸੀ ਅਤੇ ਇਸ ਮਗਰੋਂ ਹੀ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਨਾਲ ਮਿਲਣੀ ਦਾ ਪੈਂਤੜਾ ਲਿਆ ਜਾਪਦਾ ਹੈ। ਇਸ ਮੰਗ ਪੱਤਰ ਵਿਚ ਤਿੰਨ ਮੁੱਦੇ ਉਠਾਏ ਗਏ ਹਨ। ਪਹਿਲਾ, ਪੰਜਾਬ ਦੀ ਆਬਕਾਰੀ ਨੀਤੀ ਨਾਲ ਸਬੰਧਤ ਹੈ, ਜਿਸ ਬਾਰੇ ਕਿਹਾ ਗਿਆ ਹੈ ਕਿ ਇਹ ਦਿੱਲੀ ‘ਚ ਈਡੀ ਦੀ ਜਾਂਚ ਅਧੀਨ ਆਬਕਾਰੀ ਨੀਤੀ ਦੀ ਹੂਬਹੂ ਨਕਲ ਹੈ। ਪੰਜਾਬ ਦੀ ਆਬਕਾਰੀ ਨੀਤੀ ਨੂੰ ਤਿਆਰ ਕਰਨ ਵਾਲੇ ਵੀ ਉਹੀ ਲੋਕ ਹਨ, ਜਿਨ੍ਹਾਂ ਨੇ ਦਿੱਲੀ ਦੀ ਸ਼ਰਾਬ ਨੀਤੀ ਤਿਆਰ ਕੀਤੀ ਹੈ। ਦੂਸਰਾ, ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ ਕੇਸ ਦਰਜ ਕੀਤੇ ਜਾਣ ਦਾ ਹੈ। ਤੀਸਰਾ ਮਾਮਲਾ ਰੇਤ ਮਾਫ਼ੀਆ ਨਾਲ ਸਬੰਧਤ ਹੈ। ਵਫ਼ਦ ਨੇ ਕਿਹਾ ਕਿ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਰੇਤ ਤੋਂ 20 ਹਜ਼ਾਰ ਕਰੋੜ ਦੀ ਕਮਾਈ ਦੀ ਗੱਲ ਆਖੀ ਸੀ। ਇਸ ਦਾਅਵੇ ਦੇ ਉਲਟ ਹਾਲੇ ਤੱਕ ਇੱਕ ਫ਼ੀਸਦੀ ਆਮਦਨ ਵੀ ਨਹੀਂ ਹੋਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਨਿਆਂਇਕ ਪੜਤਾਲ ਕਰਵਾਈ ਜਾਵੇ।

 

Check Also

ਅੰਮ੍ਰਿਤਪਾਲ ਸਿੰਘ ਦੇ ਪੰਜ ਸਾਥੀਆਂ ‘ਤੇ ਲੱਗਾ ਐਨਐਸਏ

207 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਚੰਡੀਗੜ੍ਹ/ਬਿਊਰੋ ਨਿਊਜ਼ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ …