Breaking News
Home / Special Story / ਗੰਗਾ ਸਾਗਰ ਦੇ ਦਰਸ਼ਨ

ਗੰਗਾ ਸਾਗਰ ਦੇ ਦਰਸ਼ਨ

ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਹੈ ਗੰਗਾ ਸਾਗਰ
ਪ੍ਰਿੰ. ਸਰਵਣ ਸਿੰਘ
2023 ਦੀ ਵਿਸਾਖੀ ਮੌਕੇ 13, 14, 15 ਅਪ੍ਰੈਲ ਨੂੰ ਗੁਰਦਵਾਰਾ ਸਾਹਿਬ ਮਾਲਟਨ, ਟੋਰਾਂਟੋ ਵਿਖੇ ਸੰਗਤਾਂ ਨੂੰ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਜਾ ਰਹੇ ਹਨ। 16-17 ਅਪ੍ਰੈਲ ਨੂੰ ਗੁਰਦਵਾਰਾ ਦਰਬਾਰ ਸਾਹਿਬ ਸਰੀ, ਬ੍ਰਿਟਿਸ਼ ਕੋਲੰਬੀਆ ਵਿਖੇ ਵੀ ਦਰਸ਼ਨ ਕਰਵਾਏ ਜਾਣਗੇ। ਨਵਾਬ ਰਾਏ ਕੱਲ੍ਹਾ ਦੇ ਨੌਵੇਂ ਵਾਰਸ ਰਾਏ ਅਜ਼ੀਜ਼ਉੱਲਾ ਖਾਂ ਦੱਸਦੇ ਹਨ, ”ਅਤਿ ਭਿਆਨਕ ਸਮੇਂ ਸਾਡੇ ਵਡੇਰੇ ਰਾਏ ਕੱਲ੍ਹਾ ਜੀ ਨੇ ਆਪਣੇ ਖਾਨਦਾਨ ‘ਤੇ ਪੈਣ ਵਾਲੀ ਬਿਪਤਾ ਦੀ ਪਰਵਾਹ ਕਰੇ ਬਿਨਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਰੱਖਿਅਤ ਠਾਹਰ ਦਿੱਤੀ ਅਤੇ ਨਿਸ਼ਕਾਮ ਸੇਵਾ ਕੀਤੀ। ਉਸ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਜੀ ਨੇ ਗੰਗਾ ਸਾਗਰ ਦੀ ਦਾਤ ਬਖ਼ਸ਼ੀ ਜੋ ਇਨਸਾਨੀਅਤ ਦੇ ਅਜ਼ੀਮ ਰਿਸ਼ਤੇ ਦੀ ਪਵਿੱਤਰ ਨਿਸ਼ਾਨੀ ਹੈ। ਸਾਨੂੰ ਫਖ਼ਰ ਹੈ ਕਿ ਸਾਡੇ ਵਡੇਰੇ ਨੇ ਔਰੰਗਜ਼ੇਬ ਦੇ ਕਹਿਰ ਦੀ ਪਰਵਾਹ ਨਾ ਕਰਦਿਆਂ ਕੁਰਬਾਨੀ ਦਾ ਜਜ਼ਬਾ ਵਿਖਾਇਆ ਜਦ ਕਿ ਕਈ ਨੇੜਲੇ ਰਾਜੇ ਡਰਦੇ ਮਾਰੇ ਗੁਰੂ ਜੀ ਤੋਂ ਪਿੱਛੇ ਹਟ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਗੰਗਾ ਸਾਗਰ ਦੀ ਥਾਂ ਸਾਨੂੰ ਮਿੱਟੀ ਦਾ ਪਿਆਲਾ ਵੀ ਬਖ਼ਸ਼ ਦਿੰਦੇ ਤਦ ਵੀ ਅਸੀਂ ਏਨੀ ਹੀ ਸ਼ਰਧਾ ਨਾਲ ਸੰਭਾਲ ਕੇ ਰੱਖਣਾ ਸੀ।”
ਗਜ਼ਟੀਅਰ ਆਫ਼ ਦਾ ਲੁਧਿਆਣਾ ਡਿਸਟ੍ਰਿਕਟ 1888-89 ਦੇ ਪੰਨਾ 112 ਉਪਰ ਅੰਕਿਤ ਹੈ ਕਿ ਰਾਏਕਿਆਂ ਨੇ ਸਮਰਾਟ ਅਕਬਰ ਨੂੰ ਧੀ ਦਾ ਡੋਲਾ ਦੇਣੋ ਨਾਂਹ ਕਰ ਦਿੱਤੀ ਸੀ ਜਿਸ ਬਦਲੇ ਉਨ੍ਹਾਂ ਦੀ ਰਾਏਕੋਟ ਰਿਆਸਤ ਜ਼ਬਤ ਕਰ ਲਈ ਗਈ ਸੀ। ਬਾਅਦ ਵਿਚ ਸ਼ਾਹ ਜਹਾਨ ਨੇ ਰਿਆਸਤ ਮੋੜੀ। ਔਰੰਗਜ਼ੇਬ ਵੇਲੇ ਰਾਏਕਿਆਂ ਦੀ ਸਰਹੰਦ ਦੇ ਸੂਬੇਦਾਰ ਨਾਲ ਖੜਕਦੀ ਸੀ। ਉਨ੍ਹਾਂ ਨੇ ਬੰਦਾ ਬਹਾਦਰ ਦੇ ਹਮਲਿਆਂ ਤੋਂ ਪਹਿਲਾਂ ਲੁਧਿਆਣੇ ਤੇ ਫਿਰੋਜ਼ਪੁਰ ਦਾ ਕਾਫੀ ਸਾਰਾ ਇਲਾਕਾ ਰਿਆਸਤ ਰਾਏਕੋਟ ਵਿਚ ਮਿਲਾ ਲਿਆ ਸੀ। 1947 ਤੋਂ ਪਹਿਲਾਂ ਖਾਨ ਬਹਾਦਰ ਰਾਏ ਅਨਾਇਤ ਖਾਂ ਆਨਰੇਰੀ ਮੈਜਿਸਟ੍ਰੇਟ ਸਨ। ਰਾਏਕੋਟ ‘ਚ ਜਿਥੇ ਕਚਹਿਰੀ ਲੱਗਦੀ ਸੀ ਉਥੇ ਹੁਣ ਲੜਕੀਆਂ ਦਾ ਸਕੂਲ ਹੈ।
ਰਾਏ ਅਜ਼ੀਜ਼ਉੱਲਾ ਖਾਂ ਪਾਕਿਸਤਾਨ ਪਾਰਲੀਮੈਂਟ ਦੇ ਮੈਂਬਰ ਰਹੇ ਹਨ। ਉਹ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਐਟੀਸਨ ਕਾਲਜ ਲਾਹੌਰ ਵਿਚ ‘ਕੱਠੇ ਪੜ੍ਹਦੇ ਤੇ ਹਾਕੀ ਖੇਡਦੇ ਸਨ। 1964 ਵਿਚ ਉਹ ਕਾਲਜ ਦੀ ਜੂਨੀਅਰ ਹਾਕੀ ਟੀਮ ਦੇ ਮੈਂਬਰ ਸਨ। ਉਨ੍ਹਾਂ ਦੀ ਦੋਸਤੀ ਬਰਕਰਾਰ ਹੈ। ਇਸ ਵਿਚਕਾਰ ਨਾ ਕੋਈ ਲੋਭ ਹੈ ਨਾ ਲਾਲਚ। ਇਮਰਾਨ ਖਾਨ ਜਦ ਵੀ ਲਾਹੌਰ ਗੇੜਾ ਮਾਰਦਾ ਹੈ ਤਾਂ ਆਪਣੇ ਕਾਲਜੀਏਟ ਦੋਸਤ ਨੂੰ ਅਕਸਰ ਮਿਲਦਾ ਗਿਲਦਾ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜੋ ਲਾਂਘਾ ਖੁੱਲ੍ਹਿਆ ਉਹਦੇ ਪਿਛੋਕੜ ਵਿਚ ਇਮਰਾਨ ਖਾਨ ਦੇ ਖਿਡਾਰੀ ਦੋਸਤਾਂ ਰਾਏ ਅਜ਼ੀਜ਼ਉੱਲਾ ਤੇ ਨਵਜੋਤ ਸਿੰਘ ਸਿੱਧੂ ਦਾ ਵੀ ਰੋਲ ਸੀ। ਰਾਏ ਸਾਹਿਬ ਹੀ ਨੇ ਸਿੱਖਾਂ ਲਈ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਮੁਸਲਮਾਨਾਂ ਲਈ ਮੱਕੇ ਤੇ ਮਦੀਨੇ ਦੇ ਹੱਜ ਵਾਂਗ ਦੱਸਣ ਦੀ ਦਲੀਲ ਇਮਰਾਨ ਖਾਨ ਨੂੰ ਦਿੱਤੀ ਸੀ। ਰਾਏ ਅਜ਼ੀਜ਼ਉੱਲਾ ਗੁਰਮੁਖੀ ਪੜ੍ਹ ਲੈਂਦੇ ਹਨ ਜਿਸ ਕਰਕੇ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਦੇ ਪੂਰੇ ਜਾਣੂ ਹਨ।
ਮੈਂ ਨਿੱਕਾ ਹੁੰਦਾ ਸੁਣਦਾ ਸਾਂ ਕਿ ਰਾਏ ਕੱਲ੍ਹਾ ਦੇ ਵਾਰਸਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਬਖ਼ਸ਼ਿਆ ਗੰਗਾ ਸਾਗਰ ਹੈ ਜੀਹਦੇ ‘ਚੋਂ ਰੇਤ ਕਿਰ ਜਾਂਦੀ ਹੈ, ਪਾਣੀ ਨਹੀਂ ਡੁਲ੍ਹਦਾ। 1947 ਤੋਂ ਪਹਿਲਾਂ ਰਾਏਕੋਟ ਦੇ ਮੁਖੀ ਖ਼ਾਨ ਬਹਾਦਰ ਰਾਏ ਅਨਾਇਤ ਖਾਂ ਆਪਣੀ ਹਵੇਲੀ ਵਿਚ ਹਰ ਸਾਲ 2 ਤੋਂ 4 ਜਨਵਰੀ ਤਕ ਗੰਗਾ ਸਾਗਰ ਦੇ ਦਰਸ਼ਨ ਕਰਵਾਉਂਦੇ ਸਨ। ਗੁਰਦਵਾਰਾ ਟਾਹਲੀਆਣਾ ਸਾਹਿਬ ਤੋਂ ਰਾਏਕਿਆਂ ਦੀ ਹਵੇਲੀ ਤਕ ਸੰਗਤਾਂ ਨੰਗੇ ਪੈਰੀਂ ਚੱਲ ਕੇ ਜਾਂਦੀਆਂ। ਅਸੀਂ ਗੰਗਾ ਸਾਗਰ ਦੀਆਂ ਹੈਰਾਨ ਕਰਨ ਵਾਲੀਆਂ ਸਾਖੀਆਂ ਸੁਣਦੇ। ਮੈਂ ਉਦੋਂ ਸੱਤਾਂ ਸਾਲਾਂ ਦਾ ਸਾਂ। ਮੇਰੇ ਮਨ ਵਿਚ ਗੰਗਾ ਸਾਗਰ ਦੇ ਦਰਸ਼ਨ ਕਰਨ ਦੀ ਰੀਝ ਜਾਗਦੀ। ਆਖ਼ਰ ਸੱਠ ਸਾਲਾਂ ਬਾਅਦ ਦਰਸ਼ਨ ਹੋਏ। ਗੰਗਾ ਸਾਗਰ ਨੂੰ ਮੈਂ ਅਦਬ ਨਾਲ ਨੀਝ ਲਾ ਕੇ ਵੇਖਿਆ। ਰਾਏ ਅਜ਼ੀਜ਼ਉੱਲਾ ਨਾਲ ਗੱਲਾਂ ਕਰਨ ਦੇ ਮੌਕੇ ਮਿਲੇ ਅਤੇ ਉਨ੍ਹਾਂ ਦੀ ਪ੍ਰਾਹੁਣਚਾਰੀ ਮਾਣੀ। ਅੱਜਕੱਲ੍ਹ ਉਹ ਸਰਦੀਆਂ ਵਿਚ ਲਾਹੌਰ ਤੇ ਗਰਮੀਆਂ ‘ਚ ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਲਾਹੌਰ ਵੀ ਮਿਲਿਆ ਅਤੇ ਸਰੀ ਤੇ ਟੋਰਾਂਟੋ ਵਿਚ ਵੀ। ਉਹ ਪੰਜਾਬੀ ਲੇਖਕਾਂ ਦੇ ਚੰਗੇ ਵਾਕਫ਼ ਹਨ। ਕਾਲਜ ਪੜ੍ਹਦਿਆਂ ਹਾਕੀ ਖੇਡਦੇ ਸਨ ਹੁਣ ਗੌਲਫ਼ ਖੇਡਦੇ ਹਨ। ਪਾਕਿਸਤਾਨ ਦੀ ਗੌਲਫ਼ ਫੈਡਰੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਹਨ। 1982 ਵਿਚ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਵੇਖਣ ਭਾਰਤ ਆਏ ਸਨ। 2004 ਵਿਚ ਛੋਟੇ ਸਾਹਿਬਜ਼ਾਦਿਆਂ ਦੇ ਤਿੰਨ ਸੌ ਸਾਲਾ ਸ਼ਹੀਦੀ ਜੋੜ ਮੇਲੇ ਸਮੇਂ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਗੰਗਾ ਸਾਗਰ ਭਾਰਤ ਵਿਚ ਲਿਆਏ ਸਨ।
ਚਾਰਟਡ ਫਲਾਈਟ ਦੁਆਰਾ ਗੰਗਾ ਸਾਗਰ ਰਾਜਾ ਸਾਂਸੀ ਹਵਾਈ ਅੱਡੇ ‘ਤੇ ਪੁੱਜਾ ਤਾਂ ਬੇਸ਼ੁਮਾਰ ਸੰਗਤਾਂ ਉਡੀਕ ਵਿਚ ਖੜ੍ਹੀਆਂ ਸਨ। ਇਕ ਸਿੱਖ ਦੌੜਦਾ ਰਾਏ ਸਾਹਿਬ ਪਾਸ ਪਹੁੰਚਾ ਤੇ ਰੁਮਾਲੇ ਵਿਚ ਲਪੇਟਿਆ ਤੋਹਫ਼ਾ ਅਦਬ ਸਹਿਤ ਭੇਟ ਕੀਤਾ। ਖੋਲ੍ਹਿਆ ਤਾਂ ਉਹ ਪਾਕਿ ਕੁਰਾਨ ਸ਼ਰੀਫ਼ ਸੀ। ਉਸ ਮੌਕੇ ਦੋਹਾਂ ਦੀਆਂ ਅੱਖਾਂ ਵਿਚ ਪਿਆਰ ਦੇ ਹੰਝੂ ਉਮਡ ਆਏ। ਇਹ ਸੀ ਇਕ ਦੂਜੇ ਦੇ ਅਕੀਦੇ ਲਈ ਅਦਬ ਸਤਿਕਾਰ! ਸੰਗਤਾਂ ਦੇ ਭਾਰੀ ਜਲੌਅ ਨਾਲ ਗੰਗਾ ਸਾਗਰ ਸ੍ਰੀ ਹਰਿਮੰਦਰ ਸਾਹਿਬ ਪਹੁੰਚਾਇਆ ਗਿਆ। ਫਿਰ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਆਲਮਗੀਰ ਤੇ ਮੁੱਲਾਂਪੁਰ ਰਾਹੀਂ ਰਾਏਕੋਟ ਲਿਜਾਇਆ ਗਿਆ। ਲੁਧਿਆਣੇ ਤੋਂ ਰਾਏਕੋਟ ਪਹੁੰਚਦਿਆਂ ਸਾਢੇ ਦਸ ਘੰਟੇ ਲੱਗੇ। 1947 ਤੋਂ 57 ਸਾਲ ਬਾਅਦ ਰਾਏਕੋਟ ਲਿਆਂਦੇ ਗਏ ਗੰਗਾ ਸਾਗਰ ਦੇ ਲੱਖਾਂ ਲੋਕਾਂ ਨੇ ਦਰਸ਼ਨ ਕੀਤੇ।
ਗੰਗਾ ਸਾਗਰ ਤਾਂਬੇ ਦਾ ਲੋਟਾਨੁਮਾ ਬਰਤਨ ਹੈ ਜਿਸ ਵਿਚ 288 ਛੇਕ ਹਨ। ਉਸ ਦੇ ਕਮਾਨੀਦਾਰ ਹੱਥੀ ਤੇ ਕੇਤਲੀ ਵਾਂਗ ਟੂਟੀ ਲੱਗੀ ਹੈ। ਸਦੀਆਂ ਪੁਰਾਣੇ ਬਰਤਨ ਦੀ ਕੁਝ ਮੁਰੰਮਤ ਵੀ ਹੋਈ ਦਿਸਦੀ ਹੈ। ਸੁਰਾਹੀ ਵਰਗੇ ਲੋਟਾਨੁਮਾ ਬਰਤਨ ਦੀ ਲੰਮੀ ਗਰਦਨ ਉਪਰ ਧਾਤ ਦੀ ਜਾਲੀ ਵਾਲਾ ਨਿੱਕਾ ਮੂੰਹ ਹੈ ਜਿਸ ਉਤੇ ਟੋਪੀਦਾਰ ਢੱਕਣ ਹੈ। ਲੋਟੇ ਦੇ ਪੇਟ ਦੀ ਗੁਲਾਈ ਉਤੇ ਅਤੇ ਥੱਲੇ ਵਿਚ ਦੂਹਰੀਆਂ ਮੋਰੀਆਂ ਹਨ। ਇਨ੍ਹਾਂ ਮੋਰੀਆਂ ਵਿਚੋਂ ਰੇਤ ਕਿਰ ਜਾਂਦੀ ਹੈ ਜਦ ਕਿ ਤਰਲ ਪਦਾਰਥ ਨਹੀਂ ਡੁੱਲ੍ਹਦਾ। ਦੁੱਧ ਜਾਂ ਪਾਣੀ ਪਾਈਏ ਤਾਂ ਪਹਿਲਾਂ ਕੁਝ ਬੂੰਦਾਂ ਸਿਮਦੀਆਂ ਹਨ ਜੋ ਬਰਤਨ ਭਰ ਜਾਣ ‘ਤੇ ਬੰਦ ਹੋ ਜਾਂਦੀਆਂ ਹਨ। ਇਸ ਦੀ ਚੌੜਾਈ ਅੱਧੇ ਫੁੱਟ ਤੋਂ ਵੱਧ ਤੇ ਉਚਾਈ ਇਕ ਫੁੱਟ ਤੋਂ ਘੱਟ ਹੈ। ਵਜ਼ਨ ਅੱਧਾ ਕੁ ਕਿਲੋਗਰਾਮ ਹੈ। ਗੰਗਾ ਸਾਗਰ ਦੇ ਹਿੰਦੂਤਵੀ ਨਾਂ ਅਤੇ ਇਸਲਾਮੀ ਲੋਟੇ ਦੀ ਬਣਤਰ ਵਾਲੇ ਬਰਤਨ ਦੇ ਨਿੱਕੇ ਨਿੱਕੇ ਛੇਕਾਂ ਵਿਚ ਦੀ ਸਾਰ ਪਾਰ ਦਿਸਦਾ ਹੈ। ਅਜਬ ਕਾਰੀਗਰੀ ਹੈ ਇਸ ਅਦਭੁੱਤ ਗੰਗਾ ਸਾਗਰ ਦੀ!
ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਇਹ ਬਰਤਨ, ਬਣਤਰ ਅਤੇ ਨਾਮ ਤੋਂ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਦੀ ਸਾਂਝ ਦਾ ਪ੍ਰਤੀਕ ਹੈ। ਧਰਮਾਂ ਦੇ ਆਪਸੀ ਪਿਆਰ ਦੀ ਨਿਸ਼ਾਨੀ। ਮੁਸਲਮਾਨ ਲੋਟੇ ਨਾਲ ਉਜ਼ੂ ਕਰ ਕੇ ਨਮਾਜ ਅਦਾ ਕਰਦੇ ਹਨ, ਹਿੰਦੂਆਂ ਲਈ ਗੰਗਾ ਸਾਗਰ ਕੁੰਭ ਤੋਂ ਬਾਅਦ ਦੂਜਾ ਵੱਡਾ ਤੀਰਥ ਸਥਾਨ ਹੈ ਜੋ ਗੰਗਾ ਨਦੀ ਦੇ ਬੰਗਾਲ ਦੀ ਖਾੜੀ ਵਿਚ ਸਮਾਉਣ ਨਾਲ ਟਾਪੂ ਬਣਿਆ ਹੈ। ਉਸ ਟਾਪੂ ਦਾ ਰਕਬਾ 282 ਵਰਗ ਕਿਲੋਮੀਟਰ ਹੈ। ਮਾਘੀ ਮੌਕੇ ਲੱਖਾਂ ਲੋਕ ਗੰਗਾ ਸਾਗਰ ਦਾ ਇਸ਼ਨਾਨ ਕਰਦੇ ਹਨ। ਕਲਕੱਤੇ ਤੋਂ 142 ਕਿਲੋਮੀਟਰ ਦੂਰ ਹੈ। ਸਿੱਖਾਂ ਲਈ ਗੰਗਾ ਸਾਗਰ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਨਿਸ਼ਾਨੀ ਹੈ।
1947 ਦੇ ਉਜਾੜੇ ਵੇਲੇ ਰਾਏ ਕੱਲ੍ਹਾ ਦੇ ਵਾਰਸ ਰਾਏ ਇਨਾਇਤ ਖਾਂ ਬਾਕੀ ਸਾਰਾ ਕੁਝ ਪਿੱਛੇ ਛੱਡ ਕੇ ਗੰਗਾ ਸਾਗਰ ਆਪਣੇ ਨਾਲ ਲਾਹੌਰ ਲੈ ਚਲੇ ਗਏ ਸਨ। ਰਸਤੇ ਵਿਚ ਮੁਸੀਬਤਾਂ ਸਨ ਪਰ ਗੰਗਾ ਸਾਗਰ ਦੀ ਸੁਰੱਖਿਆ ਉਨ੍ਹਾਂ ਲਈ ਜਾਨ ਤੋਂ ਪਿਆਰੀ ਸੀ। ਉਨ੍ਹਾਂ ਨੇ ਰਹਾਇਸ਼ ਲਾਹੌਰ ਦੇ ਮਾਡਲ ਟਾਊਨ ਵਿਚ ਰੱਖੀ। ਗੰਗਾ ਸਾਗਰ ਪਹਿਲਾਂ ਘਰ ਤੇ ਫਿਰ ਲੰਡਨ ਦੇ ਬੈਂਕ ਲੌਕਰ ਵਿਚ ਰੱਖ ਕੇ ਉਹਦੀ ਕੋਹਿਨੂਰ ਤੋਂ ਵੀ ਵੱਧ ਸੰਭਾਲ ਕੀਤੀ। 1951 ਵਿਚ ਜਨਮੇ ਅਜ਼ੀਜ਼ਉੱਲਾ ਅਜੇ ਡੇਢ ਸਾਲ ਦੇ ਸਨ ਕਿ ਉਹਦੇ ਦਾਦਾ ਰਾਏ ਅਨਾਇਤ ਖਾਂ ਫ਼ੌਤ ਹੋ ਗਏ। ਚਾਰ ਸਾਲ ਦੇ ਸਨ ਕਿ ਮਾਂ ਚੱਲ ਵਸੀ। ਸਾਢੇ ਛੇ ਸਾਲ ਦੇ ਹੋਏ ਤਾਂ ਵਾਲਦ ਵੀ ਚਲਾਣਾ ਕਰ ਗਏ। ਅਜ਼ੀਜ਼ਉੱਲਾ ਬਿਰਧ ਦਾਦੀ ਨੇ ਪਾਲਿਆ ਤੇ ਪੜ੍ਹਾਇਆ। ਉਸੇ ਨੇ ਗੰਗਾ ਸਾਗਰ ਦੀ ਅਹਿਮੀਅਤ ਦੱਸੀ। ਉਹ ਚੌਵੀ ਸਾਲ ਦੇ ਹੋਏ ਤਾਂ ਬਿਰਧ ਦਾਦੀ ਵੀ ਚਲਾਣਾ ਕਰ ਗਈ। ਦਾਦੀ ਦੇ ਜਿਊਂਦਿਆਂ ਅਜ਼ੀਜ਼ਉੱਲਾ ਕੇਵਲ ਦੋ ਵਾਰ ਗੰਗਾ ਸਾਗਰ ਨੂੰ ਛੋਹ ਸਕੇ।
ਅਪਰੈਲ 2001 ਵਿਚ ਆਲਮੀ ਪੰਜਾਬੀ ਕਾਨਫਰੰਸ ਸਮੇਂ ਸਾਨੂੰ ਲਾਹੌਰ ਜਾਣ ਦਾ ਮੌਕਾ ਮਿਲਿਆ ਤਾਂ ਉਥੇ ਰਾਏ ਅਜ਼ੀਜ਼ਉੱਲਾ ਖਾਂ ਨਾਲ ਮੁਲਾਕਾਤ ਹੋ ਗਈ। ਗੱਲਾਂ ਕਰਦਿਆਂ ਗੰਗਾ ਸਾਗਰ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਇਹ ਸਾਂਝ ਵੀ ਨਿਕਲ ਆਈ ਕਿ ਉਨ੍ਹਾਂ ਦਾ ਵਡੇਰਾ ਸ਼ੇਖ਼ ਚਾਚੂ ਸਾਡੇ ਪਿੰਡ ਚਕਰ ਦਾ ਵਾਸੀ ਸੀ। ਇਸ ਸਾਂਝ ਨਾਲ ਅਸੀਂ ਗਰਾਂਈਂ ਬਣ ਗਏ!
ਮੇਰੇ ਨਾਲ ਚਕਰੋਂ ਮਾਸਟਰ ਸ਼ੰਗਾਰਾ ਸਿੰਘ ਵੀ ਲਾਹੌਰ ਗਿਆ ਸੀ। ਅਸੀਂ ਸ਼ਾਹਤਾਜ ਹੋਟਲ ਵਿਚ ਠਹਿਰੇ ਸਾਂ। ਅਗਲੇ ਦਿਨ ਸਾਡੇ ਲਈ ਫੋਨ ਆਇਆ। ਅੱਗੋਂ ਰਾਏ ਸਾਹਿਬ ਬੋਲ ਰਹੇ ਸਨ। ਉਨ੍ਹਾਂ ਦਾ ਨਿੱਘਾ ਸੱਦਾ ਸੀ ਕਿ ਸ਼ਾਮੀਂ ਉਨ੍ਹਾਂ ਦੇ ਘਰ ਪਧਾਰੀਏ। ਉਹ ਖੁਦ ਆ ਕੇ ਲੈ ਜਾਣਗੇ। ਆਪਸ ਵਿਚ ਪੇਂਡੂ ਹੋਣ ਦੀ ਸਾਂਝ ਬੜੀ ਵੱਡੀ ਹੁੰਦੀ ਹੈ। ਸੱਦਾ ਪਰਵਾਨ ਕਰਦਿਆਂ ਸਾਨੂੰ ਮਾਣ ਹੋਇਆ ਕਿ ਲਾਹੌਰ ਵਿਚ ਵੀ ਚਕਰੀਆਂ ਦੀ ਅੰਗਲੀ ਸੰਗਲੀ ਰਲ ਗਈ ਹੈ ਤੇ ਉਹ ਵੀ ਰਾਏ ਅਜ਼ੀਜ਼ਉੱਲਾ ਖਾਂ ਵਰਗੇ ਮੋਹਤਬਰ ਸੱਜਣ ਨਾਲ!
ਸ਼ਾਮ ਨੂੰ ਰਾਏ ਸਾਹਿਬ ਸਾਨੂੰ ਆਪਣੇ ਘਰ ਲੈ ਗਏ। ਨਾਲ ਵਰਿਆਮ ਸਿੰਘ ਸੰਧੂ ਵੀ ਸੀ। ਘਰ ਵਿਚ ਖ਼ਾਨ ਦੀ ਭੂਆ, ਬੇਗਮ ਤੇ ਬੱਚੇ ਮੌਜੂਦ ਸਨ। ਖ਼ਾਨ ਦੀ ਭੂਆ ਸੱਤਰ ਸਾਲ ਤੋਂ ਵਡੇਰੀ ਹੋਣ ਕਰਕੇ ਰਾਏਕੋਟ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਸ ਨੇ ਤਲਵੰਡੀ ਰਾਏ, ਹਲਵਾਰਾ, ਆਂਡਲੂ, ਹਠੂਰ ਤੇ ਚਕਰ ਦਾ ਖ਼ਾਸ ਜ਼ਿਕਰ ਕੀਤਾ। ਦੱਸਿਆ ਕਿ ਕਿਵੇਂ ਸ਼ਰਧਾ ਨਾਲ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਜਾਂਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਤੇ ਸੰਗਤਾਂ ਵਿਚ ਕਿੰਨਾ ਸੇਵਾ ਭਾਵ ਤੇ ਪਿਆਰ ਸਤਿਕਾਰ ਸੀ। ਮੈਂ ਆਪਣੀ ਚਿਰੋਕਣੀ ਰੀਝ ਪੂਰੀ ਕਰਨ ਲਈ ਬੇਨਤੀ ਕੀਤੀ ਕਿ ਅਸੀਂ ਵੀ ਗੰਗਾ ਸਾਗਰ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ। ਰਾਏ ਸਾਹਿਬ ਨੇ ਕਿਹਾ ਕਿ ਇਸ ਵੇਲੇ ਗੰਗਾ ਸਾਗਰ ਲੰਡਨ ਦੇ ਬੈਂਕ ਲੌਕਰ ਵਿਚ ਸੁਰੱਖਿਅਤ ਹੈ। ਉਨ੍ਹਾਂ ਨੇ ਗੰਗਾ ਸਾਗਰ ਤੇ ਆਪਣੇ ਪਰਿਵਾਰਕ ਪਿਛੋਕੜ ਨਾਲ ਸੰਬੰਧਿਤ ਕੁਝ ਪੜ੍ਹਨ ਸਮੱਗਰੀ ਸਾਨੂੰ ਦਿੱਤੀ।
ਰਾਏ ਅਜੀਜ਼ਉਲਾ ਖਾਂ ਨੇ ਆਪਣੇ ਪੁਰਖੇ ਰਾਏਕਿਆਂ ਦਾ ਪਿਛੋਕੜ ਜਾਣਨ ਲਈ ਲਾਹੌਰ ਤੋਂ ਲੰਡਨ ਤਕ ਦੀਆਂ ਲਾਇਬ੍ਰੇਰੀਆਂ ਛਾਣ ਮਾਰੀਆਂ ਹਨ। ਪੰਜਾਬ ਡਿਸਟ੍ਰਿਕਟ ਗਜ਼ਟੀਅਰ ਲੁਧਿਆਣਾ ਭਾਗ ਪਹਿਲੇ ਵਿਚ ਦਰਜ ਹੈ ਕਿ ਬਾਰ੍ਹਵੀਂ ਸਦੀ ਵਿਚ ਮੋਕਲ ਚੰਦ ਨਾਂ ਦਾ ਹਿੰਦੂ ਰਾਜਪੂਤ ਜੈਸਲਮੇਰ ਦੇ ਇਲਾਕੇ ‘ਚੋਂ ਉਠ ਕੇ ਪੰਜਾਬ ਵਿਚ ਆਇਆ ਸੀ। ਉਸ ਦੀ ਚੌਥੀ ਪੀੜ੍ਹੀ ਦੇ ਤੁਲਸੀ ਰਾਮ ਨੇ 1323 ਵਿਚ ਪਿੰਡ ਚਕਰ ਦੀ ਮੋਹੜੀ ਗੱਡੀ। ਉਹ ਬਹਾਵਲਪੁਰ ਦੇ ‘ਉੱਚ ਦੇ ਪੀਰ’ ਦੇ ਪ੍ਰਭਾਵ ਨਾਲ ਇਸਲਾਮ ਵਿਚ ਆਇਆ ਅਤੇ ਉਸ ਦਾ ਨਾਂ ਸਿਰਾਜਉਦੀਨ ਉਰਫ਼ ਸ਼ੇਖ਼ ਚੱਕੂ ਰੱਖਿਆ ਗਿਆ। ਸ਼ੇਖ਼ ਚੱਕੂ ਦੀ ਛੇਵੀਂ ਪੀੜ੍ਹੀ ‘ਚ ਰਾਏ ਕਮਾਲਉਦੀਨ ਪਹਿਲਾ ਤੇ ਸੱਤਵੀਂ ਪੀੜ੍ਹੀ ‘ਚ ਰਾਏ ਕੱਲ੍ਹਾ ਪਹਿਲਾ ਹੋਇਆ ਜਿਸ ਨੂੰ ਸੁਲਤਾਨ ਅਲਾਉਦੀਨ ਗੌਰੀ ਨੇ ਰਾਏਕੋਟ ਦੇ ਆਲੇ ਦੁਆਲੇ ਦਾ ਕਾਫੀ ਸਾਰਾ ਇਲਾਕਾ ਜਗੀਰ ਵਜੋਂ ਦੇ ਕੇ ‘ਰਾਏ’ ਦਾ ਖ਼ਿਤਾਬ ਬਖਸ਼ਿਆ। ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਰਾਏ ਕੱਲ੍ਹਾ ਪਹਿਲਾ ਨੇ 1478 ਈਸਵੀ ਵਿਚ ਪਿੰਡ ਤਲਵੰਡੀ ਰਾਏ ਬੰਨ੍ਹਿਆਂ।
ਰਾਏ ਕੱਲ੍ਹਾ ਪਹਿਲਾ ਦੀ ਪੀੜ੍ਹੀ ਅੱਗੇ ਤੁਰਦੀ ਰਾਏ ਕਮਾਲਉਦੀਨ ਪਹਿਲਾ, ਰਾਏ ਅਹਿਮਦ ਜਿਸ ਨੇ 1648 ਵਿਚ ਰਾਏਕੋਟ ਬੱਧਾ, ਫਿਰ ਰਾਏ ਕਮਾਲਉਦੀਨ ਦੂਜਾ ਜਿਸ ਨੇ 1680 ਵਿਚ ਜਗਰਾਓਂ ਦੀ ਮੋਹੜੀ ਗੱਡੀ। ਅੱਗੇ ਰਾਏ ਕੱਲ੍ਹਾ ਦੂਜਾ, ਰਾਏ ਕਮਾਲਉਦੀਨ ਤੀਜਾ ਤੇ ਰਾਏ ਕੱਲ੍ਹਾ ਤੀਜਾ। ਅਗਾਂਹ ਰਾਏ ਮੁਹੰਮਦ, ਰਾਏ ਇਲੀਆਸ, ਨੂਰ-ਉਲ-ਨਿਸਾ ਰਾਣੀ ਭਾਗ ਭਰੀ, ਰਾਏ ਇਮਾਮ ਬਖ਼ਸ਼, ਰਾਏ ਫੈਜ਼ ਤਲਬ ਖਾਂ, ਰਾਏ ਇਨਾਇਤ ਖਾਂ, ਰਾਏ ਫ਼ਕੀਰਉੱਲਾ ਖਾਂ ਅਤੇ ਰਾਏ ਅਜ਼ੀਜ਼ਉੱਲਾ ਖਾਂ। ਅਜ਼ੀਜ਼ਉੱਲਾ ਦਾ ਵਾਰਸ ਹੈ ਰਾਏ ਮੁਹੰਮਦ ਅਲੀ ਖਾਂ।
ਰਾਏ ਕੱਲ੍ਹਾ ਤੀਜਾ ਉਦੋਂ ਰਾਏਕੋਟ ਰਿਆਸਤ ਦਾ ਮਾਲਕ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ‘ਚੋਂ ਨਿਕਲੇ। ਉਥੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਸਨ। ਮਾਛੀਵਾੜੇ ਦੇ ਜੰਗਲਾਂ ਵਿਚ ਗੁਰੂ ਜੀ ਨੂੰ ਗ਼ਨੀ ਖਾਂ ਤੇ ਨਬੀ ਖਾਂ ਮਿਲੇ ਜੋ ਘੋੜਿਆਂ ਦੇ ਵਪਾਰੀ ਅਤੇ ‘ਉੱਚ ਦੇ ਪੀਰ’ ਦੇ ਮੁਰੀਦ ਸਨ। ਉਹ ਅਨੰਦਪੁਰ ਸਾਹਿਬ ਘੋੜੇ ਲੈ ਕੇ ਜਾਂਦੇ ਸਨ ਜਿਸ ਕਰਕੇ ਗੁਰੂ ਜੀ ਨੂੰ ਪਛਾਣਦੇ ਸਨ। ਸੰਕਟ ਦੇ ਸਮੇਂ ਉਨ੍ਹਾਂ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਵਾਲਾ ਵੇਸ ਪੁਆ ਕੇ ਪਲੰਘ ਉਤੇ ਬਿਠਾਇਆ ਤੇ ਫੌਜਾਂ ਦੇ ਘੇਰੇ ਵਿਚੋਂ ਨਿਕਲੇ। ਸੰਭਵ ਹੈ ਉਥੇ ਉਨ੍ਹਾਂ ਨੇ ਪੀਰੀ ਵੇਸ ਨਾਲ ਰੇਹਲ ਸਮੇਤ ਕੁਰਾਨ ਸ਼ਰੀਫ਼ ਤੇ ਗੰਗਾ ਸਾਗਰ ਵੀ ਦਿੱਤਾ ਹੋਵੇ। ਮਾਛੀਵਾੜੇ ਦੇ ਜੰਗਲਾਂ ਵਿਚੋਂ ਨਿਕਲ ਕੇ ਆਲਮਗੀਰ ਹੁੰਦੇ ਹੋਏ ਉਹ ਪਿੰਡ ਹੇਰ੍ਹਾਂ ਵਿਚ ਮਹੰਤ ਕਿਰਪਾਲ ਦਾਸ ਦੇ ਡੇਰੇ ਪੁੱਜੇ। ਉਥੋਂ ਗ਼ਨੀ ਖਾਂ ਤੇ ਨਬੀ ਖਾਂ ਨੂੰ ਕੁਰਾਨ ਸ਼ਰੀਫ਼ ਦੇ ਕੇ ਵਾਪਸ ਭੇਜ ਦਿੱਤਾ। ਮਹੰਤ ਮੁਗ਼ਲਾਂ ਦੇ ਡਰ ਦਾ ਮਾਰਿਆ ਗੁਰੂ ਜੀ ਨੂੰ ਠਾਹਰ ਨਾ ਦੇ ਸਕਿਆ।
1705 ਦੇ ਪਹਿਲੇ ਹਫ਼ਤੇ ਗੁਰੂ ਜੀ ਰਾਏਕੋਟ ਦੀ ਜੂਹ ਵਿਚ ਪਹੁੰਚੇ। ਉਸ ਸਮੇਂ ਗੁਰੂ ਜੀ ਨੂੰ ਠਾਹਰ ਦੇਣੀ ਔਰੰਗਜ਼ੇਬ ਦੇ ਕਹਿਰ ਨੂੰ ਸੱਦਾ ਦੇਣਾ ਸੀ। ਪਰ ਅਸ਼ਕੇ ਜਾਈਏ ਉਸ ਦਲੇਰ ਮਰਦ ਰਾਏ ਕੱਲ੍ਹੇ ਦੇ, ਜੀਹਨੇ ਜ਼ਾਲਮ ਬਾਦਸ਼ਾਹ ਦੇ ਕਹਿਰ ਦੀ ਪਰਵਾਹ ਨਾ ਕਰਦਿਆਂ ਗੁਰੂ ਜੀ ਨੂੰ ਸ਼ਰਧਾ ਤੇ ਪ੍ਰੇਮ ਨਾਲ ਨਿਵਾਸ ਦਿੱਤਾ ਅਤੇ ਆਪਣੇ ਵਿਸ਼ਵਾਸਪਾਤਰ ਨੂਰੇ ਮਾਹੀ ਨੂੰ ਗੁਰੂ ਜੀ ਦੀ ਟਹਿਲ ਸੇਵਾ ਵਿਚ ਲਾਇਆ। ਇਹ ਰਾਏ ਖਾਨਦਾਨ ਦਾ ਅਜਿਹਾ ਸੁਭ ਕਰਮ ਸੀ ਜਿਸ ਨੂੰ ਸਿੱਖ ਕਦੇ ਵੀ ਨਹੀਂ ਭੁਲਾ ਸਕਦੇ।
ਸਾਖੀ ਪ੍ਰਚਲਿਤ ਹੈ ਕਿ ਨੂਰਾ ਮਾਹੀ ਮੱਝਾਂ ਚਰਾ ਰਿਹਾ ਸੀ ਜਦੋਂ ਗੁਰੂ ਜੀ ਉਥੇ ਪੁੱਜੇ। ਉਨ੍ਹਾਂ ਨੇ ਜਲ ਜਾਂ ਦੁੱਧ ਛਕਣ ਦੀ ਇੱਛਾ ਪਰਗਟ ਕੀਤੀ। ਨੂਰੇ ਨੇ ਕਿਹਾ ਕਿ ਉਹਦੇ ਕੋਲ ਇਸ ਵੇਲੇ ਜਲ ਨਹੀਂ ਅਤੇ ਦੁੱਧ ਵੀ ਕੋਈ ਮੱਝ ਨਹੀਂ ਲਾਹੇਗੀ ਕਿਉਂਕਿ ਉਹ ਧਾਰਾਂ ਚੋਅ ਆਇਆ ਹੈ। ਉਸ ਕੋਲ ਬਰਤਨ ਵੀ ਕੋਈ ਨਹੀਂ ਸੀ। ਤਦ ਗੁਰੂ ਜੀ ਨੇ ਨੂਰੇ ਮਾਹੀ ਨੂੰ ਗੰਗਾ ਸਾਗਰ ਫੜਾਉਂਦਿਆਂ ਆਖਿਆ ਕਿ ਔਸ ਝੋਟੀ ਨੂੰ ਥਾਪੀ ਦੇ ਕੇ ਚੋਣ ਦੀ ਕੋਸ਼ਿਸ਼ ਕਰ। ਨੂਰੇ ਮਾਹੀ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਝੋਟੀ ਨੇ ਦੁੱਧ ਲਾਹ ਲਿਆ ਤੇ ਉਹ ਛੇਕਾਂ ਵਾਲੇ ਬਰਤਨ ਵਿਚੋਂ ਡੁੱਲ੍ਹਿਆ ਵੀ ਨਾ। ਉਹ ਭੱਜਾ ਭੱਜਾ ਆਪਣੇ ਮਾਲਕ ਪਾਸ ਪੁੱਜਾ ਤੇ ਆਖਣ ਲੱਗਾ ਆਪਣੇ ਕੋਲ ਕੋਈ ਰੱਬ ਦਾ ਬੰਦਾ ਆਇਆ ਹੈ। ਰਾਏ ਕੱਲ੍ਹਾ ਉਸੇ ਵੇਲੇ ਗੁਰੂ ਜੀ ਪਾਸ ਆਇਆ ਅਤੇ ਅਦਬ ਸਤਿਕਾਰ ਨਾਲ ਆਪਣੇ ਪਾਸ ਠਹਿਰਨ ਦੀ ਬੇਨਤੀ ਕੀਤੀ।
ਰਾਏ ਕੱਲ੍ਹੇ ਨੂੰ ਮਿਲਣ ਤਕ ਗੁਰੂ ਜੀ ਨੂੰ ਪਤਾ ਨਹੀਂ ਸੀ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨਾਲ ਕੀ ਭਾਣਾ ਵਰਤਿਆ ਹੈ? ਗੁਰੂ ਜੀ ਦੇ ਕਹਿਣ ਉਤੇ ਰਾਏ ਕੱਲ੍ਹੇ ਨੇ ਆਪਣੇ ਭਰੋਸੇਯੋਗ ਨੌਕਰ ਨੂਰੇ ਮਾਹੀ ਨੂੰ ਸਰਹੰਦ ਭੇਜਿਆ ਤਾਂ ਜੋ ਗੁਰੂ ਜੀ ਦੇ ਪਰਿਵਾਰ ਦੀ ਕੋਈ ਉੱਘ ਸੁੱਘ ਮਿਲ ਸਕੇ। ਨੂਰੇ ਦੀ ਭੈਣ ਨੂਰਾਂ ਸਰਹੰਦ ਵਿਆਹੀ ਹੋਈ ਸੀ। ਗੁਰੂ ਜੀ ਨਾਲ ਕਰਾਮਾਤਾਂ ਜੋੜਨ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਕਿਸੇ ਕਰਾਮਾਤ ਨਾਲ ਨਹੀਂ, ਨੂਰੇ ਮਾਹੀ ਰਾਹੀਂ ਮਿਲੀ ਸੀ। ਉਸ ਵੇਲੇ ਗੁਰੂ ਜੀ ਦੇ ਦਿਲ ‘ਤੇ ਜੋ ਬੀਤੀ ਹੋਵੇਗੀ ਉਹਦਾ ਅੰਦਾਜ਼ਾ ਸੰਵੇਦਨਸ਼ੀਲ ਵਿਅਕਤੀ ਹੀ ਲਾ ਸਕਦੇ ਹਨ। ਗੁਰੂ ਜੀ ਤੀਰ ਨਾਲ ਦੱਭ ਦੀ ਜੜ੍ਹ ਪੁੱਟਦਿਆਂ ਬੋਲੇ ਕਿ ਜੀਹਨੇ ਇਹ ਜ਼ੁਲਮ ਕੀਤਾ ਉਹਦੀ ਜੜ੍ਹ ਵੀ ਇਸੇ ਤਰ੍ਹਾਂ ਪੁੱਟੀ ਜਾਵੇਗੀ।
ਰਾਏਕੋਟ ਤੋਂ ਵਿਦਾ ਹੁੰਦਿਆਂ ਗੁਰੂ ਜੀ ਨੇ ਰਾਏ ਕੱਲ੍ਹਾ ਦੀ ਇਨਸਾਨੀ ਹਮਦਰਦੀ, ਨਿਸ਼ਕਾਮ ਸੇਵਾ ਤੇ ਕੁਰਬਾਨੀ ਦੇ ਜਜ਼ਬੇ ਦੀ ਕਦਰ ਕਰਦਿਆਂ ਸ਼ੁਕਰਾਨੇ ਵਜੋਂ ਉਸ ਨੂੰ ਗੰਗਾ ਸਾਗਰ, ਤਲਵਾਰ ਤੇ ਰੇਹਲ ਤਿੰਨ ਤੋਹਫੇ ਪ੍ਰੇਮ ਸਹਿਤ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦੇ ਕਰਕਮਲਾਂ ਦੁਆਰਾ ਬਖਸੇ ਇਹ ਤੋਹਫੇ ਅਜ਼ੀਜ਼ਉੱਲਾ ਦੇ ਵਡੇਰਿਆਂ ਨੇ ਬੜੀ ਸ਼ਰਧਾ ਨਾਲ ਸੰਭਾਲ ਕੇ ਰੱਖੇ। ਫਿਰ ਵੀ ਲਕੜੀ ਦੀ ਰੇਹਲ ਸਮੇਂ ਨਾਲ ਨਸ਼ਟ ਹੋ ਗਈ ਤੇ ਤਲਵਾਰ ਅੰਗਰੇਜ਼ ਹਾਕਮਾਂ ਨੇ ਹਥਿਆ ਲਈ।
ਰਾਏ ਖਾਨਦਾਨ ਪਾਸ ਗੰਗਾ ਸਾਗਰ ਹੀ ਸੁਰੱਖਿਅਤ ਰਹਿ ਸਕਿਆ ਜਿਸ ਦੀ ਉਹ ਸਵਾ ਤਿੰਨ ਸੌ ਸਾਲਾਂ ਤੋਂ ਪੀੜ੍ਹੀ ਦਰ ਪੀੜ੍ਹੀ ਸੇਵਾ ਸੰਭਾਲ ਕਰਦਾ ਆ ਰਿਹੈ। ਗੰਗਾ ਸਾਗਰ ਦੀ ਵਡਿਆਈ ਉਸ ਨੇ ਅਦਭੁੱਤ ਬਰਤਨ ਹੋਣ ਵਿਚ ਨਹੀਂ ਸਗੋਂ ਗੁਰੂ ਜੀ ਦੇ ਪਵਿਤਰ ਹੱਥਾਂ ਦੀ ਛੋਹ ਪ੍ਰਾਪਤ ਹੋਣ ਵਿਚ ਹੈ। ਕਈ ਪੀੜ੍ਹੀਆਂ ਤੋਂ ਰਾਏ ਪਰਿਵਾਰ ਇਕਲੌਤੇ ਪੁੱਤਰਾਂ ਦੇ ਰੂਪ ਵਿਚ ਹੀ ਵਿਗਸ ਰਿਹਾ ਹੈ। ਅਜ਼ੀਜ਼ਉੱਲਾ ਦੇ ਵੀ ਅੱਗੋਂ ਇਕੋ ਪੁੱਤਰ ਰਾਏ ਮੁਹੰਮਦ ਅਲੀ ਖ਼ਾਂ ਤੇ ਚਾਰ ਧੀਆਂ ਹਨ। ਚਾਰੇ ਧੀਆਂ ਵਿਆਹੁਣ ਪਿੱਛੋਂ ਜੁਲਾਈ 2019 ਵਿਚ ਅਲੀ ਖ਼ਾਂ ਦਾ ਵੀ ਵਿਆਹ ਕਰ ਦਿੱਤਾ ਹੈ।
1947 ਦੇ ਉਜਾੜੇ ਤੋਂ 47 ਸਾਲਾਂ ਬਾਅਦ 1994 ਵਿਚ ਇੰਗਲੈਂਡ ਦੀ ਸੰਗਤ ਨੂੰ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਗਏ ਸਨ। ਸਪਤਾਹਿਕ ‘ਦੇਸ ਪ੍ਰਦੇਸ’ ਦੇ 10 ਜੂਨ 1994 ਦੇ ਮੋਮੀ ਟਾਈਟਲ ਉਤੇ ਗੰਗਾ ਸਾਗਰ ਦੀ ਰੰਗੀਨ ਤਸਵੀਰ ਛਾਪੀ ਗਈ ਸੀ ਜੋ ਸ਼ਰਧਾਲੂਆਂ ਨੇ ਫਰੇਮ ਕਰਾ ਕੇ ਘਰੋ ਘਰੀ ਸਜਾ ਲਈ। ਉਦੋਂ ਤੋਂ ਅਜ਼ੀਜ਼ਉੱਲਾ ਖਾਂ ਇੰਗਲੈਂਡ, ਮਲੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਭਾਰਤ, ਹਾਂਗਕਾਂਗ, ਅਮਰੀਕਾ ਤੇ ਕੈਨੇਡਾ ਆਦਿ ਮੁਲਕਾਂ ਵਿਚ ਸੰਗਤਾਂ ਨੂੰ ਗੰਗਾ ਸਾਗਰ ਦੇ ਦਰਸ਼ਨ ਕਰਵਾਉਂਦੇ ਆ ਰਹੇ ਹਨ। 2017 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ‘ਤੇ ਮਲੇਸ਼ੀਆ ਸਰਕਾਰ ਨੇ ਗੰਗਾ ਸਾਗਰ ਅਤੇ ਅਜ਼ੀਜ਼ਉੱਲਾ ਦੀ ਤਸਵੀਰ ਵਾਲੀ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ। ਰਾਏਕੋਟ ਵਿਖੇ ਗੰਗਾ ਸਾਗਰ ਪਾਰਕ ਬਣਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਅਜਾਇਬ ਘਰ ਵਿਚ ਗੰਗਾ ਸਾਗਰ ਨਾਲ ਸੰਬੰਧਿਤ ਚਿੱਤਰ ਸਜਾਏ ਗਏ। ਤਲਵੰਡੀ ਰਾਏ ਵਿਚ ਗੁਰਦਵਾਰਾ ਗੰਗਾ ਸਾਗਰ ਸੁਭਾਏਮਾਨ ਹੈ।
1971 ਵਿਚ ਭਾਸ਼ਾ ਵਿਭਾਗ ਪੰਜਾਬ ਨੇ ਰਾਏਕੋਟ ਦੇ ਸਰਵੇ ਦੀ ਪੁਸਤਕ ਪ੍ਰਕਾਸ਼ਿਤ ਕੀਤੀ। ਉਸ ਸਮੇਂ 85 ਸਾਲਾਂ ਦੇ ਇਕ ਵਿਅਕਤੀ ਉਤਮ ਚੰਦ ਵੋਹਰਾ ਨੇ ਜੋ ਰਾਣੀ ਭਾਗ ਭਰੀ ਦੇ ਅਹਿਲਕਾਰ ਲਾਲਾ ਦੁਨੀ ਚੰਦ ਵੋਹਰਾ ਦਾ ਅੱਠਵਾਂ ਵਾਰਸ ਸੀ, ਦੱਸਿਆ ਕਿ ਰਾਵਲਪਿੰਡੀ ਦੇ ਸਿੱਖਾਂ ਨੇ 1947 ਤੋਂ ਪਹਿਲਾਂ ਰਾਏ ਅਨਾਇਤ ਖਾਂ ਨੂੰ ਤਿੰਨ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ ਪਈ ਗੰਗਾ ਸਾਗਰ ਸਾਨੂੰ ਸੌਂਪ ਦਿਓ। ਰਾਏ ਸਾਹਿਬ ਦਾ ਜਵਾਬ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਖ਼ਸ਼ਿਸ਼ ਅਨਮੋਲ ਹੈ ਜਿਸ ਦੀ ਅਸੀਂ ਸਦਾ ਸ਼ਰਧਾ ਨਾਲ ਸੰਭਾਲ ਕਰਦੇ ਰਹਾਂਗੇ। ਜੋ ਖੁਸ਼ੀ ਹਰ ਸਾਲ ਪੰਜਾਹ ਹਜ਼ਾਰ ਸੰਗਤਾਂ ਨੂੰ ਗੰਗਾ ਸਾਗਰ ਦੇ ਦਰਸ਼ਨ ਕਰਵਾ ਕੇ ਮਿਲਦੀ ਹੈ ਉਹ ਦੁਨਿਆਵੀ ਦੌਲਤਾਂ ਤੋਂ ਕਿਤੇ ਉਤੇ ਹੈ।
ਅਜ਼ੀਜ਼ਉੱਲਾ ਇਮਰਾਨ ਖਾਨ ਦੀ ਪਾਰਟੀ ਦੇ ਮੈਂਬਰ ਹਨ। ਉਨ੍ਹਾਂ ਦੇ ਅੰਬੈਸਡਰ ਬਣਨ ਦੀਆਂ ਕਿਆਸ ਅਰਾਈਆਂ ਸਨ। ਉਹ ਨਿਮਰ, ਮਿਠਬੋਲੜੇ ਤੇ ਮਿਲਵਰਤਨ ਵਾਲੇ ਦਾਨੇ ਇਨਸਾਨ ਹਨ। ਮੈਂ ਉਨ੍ਹਾਂ ਨੂੰ ਪੁਸਤਕ ‘ਪੰਜਾਬ ਦੇ ਕੋਹੇਨੂਰ’ ਭੇਟ ਕੀਤੀ ਤਾਂ ਮਨ ‘ਚ ਆਇਆ ਕਿ ਉਨ੍ਹਾਂ ਦਾ ਰੇਖਾ ਚਿੱਤਰ ਵੀ ਉਲੀਕਾਂ ਅਤੇ ਅਗਲੇ ਭਾਗ ਵਿਚ ਸ਼ਾਮਲ ਕਰਾਂ।
ਤਦ ਤਕ ਉਹ ਆਪਣੇ ਵਡੇਰਿਆਂ ਦੇ ਵਸਾਏ ਪਿੰਡ ਚਕਰ ਦੀ ਫੇਰੀ ਵੀ ਪਾ ਚੁੱਕੇ ਹੋਣਗੇ। ਉਨ੍ਹਾਂ ਦੀ ਮਨਸ਼ਾ ਹੈ ਕਿ ਉਹ ਗੰਗਾ ਸਾਗਰ ਮੁੜ ਰਾਏਕੋਟ ਲੈ ਕੇ ਜਾਣ, ਆਪਣੇ ਦਾਦੇ ਵਾਂਗ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਕਰਵਾਉਣ ਅਤੇ ਆਪਣੇ ਵਡੇਰਿਆਂ ਦੇ ਵਸਾਏ ਪਿੰਡਾਂ ਵਿਚ ਵੀ ਜਾਣ। ਭਾਰਤ ਸਰਕਾਰ/ਪੰਜਾਬ ਸਰਕਾਰ/ਸ਼੍ਰੋਮਣੀ ਕਮੇਟੀ ਰਾਏ ਅਜ਼ੀਜ਼ਉੱਲਾ ਖਾਂ ਨੂੰ ਉਚੇਚਾ ਸੱਦਾ ਦੇ ਸਕਦੀ ਹੈ।
ਉਹ ਹਿੰਦ-ਪਾਕਿ ਦੇ ਸਾਂਝੇ ਸਲਾਹਕਾਰ/ਅੰਬੈਸਡਰ ਹੋ ਸਕਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਲ ਵਿਚ ਰਾਏ ਸਾਹਿਬ ਦੀ ਬੜੀ ਕਦਰ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਰਾਏ ਸਾਹਿਬ ਨੂੰ ਉਚੇਚਾ ਆਪਣੇ ਘਰ ਬੁਲਾਇਆ ਸੀ ਤੇ ਸ਼ਰਧਾ ਨਾਲ ਗੰਗਾ ਸਾਗਰ ਦਰਸ਼ਨ ਕੀਤੇ ਸਨ।
ਗੰਗਾ ਸਾਗਰ ਦੀ ਵਡਿਆਈ ਇਸ ਦੇ ਚਮਤਕਾਰੀ ਬਰਤਨ ਹੋਣ ਵਿਚ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਕਰਕਮਲਾਂ ਨਾਲ ਵਰੋਸਾਈ, ਮਜ਼੍ਹਬਾਂ, ਨਸਲਾਂ, ਜਾਤਾਂ, ਕੌਮਾਂ ਤੇ ਦੇਸ਼ਾਂ ਦੀਆਂ ਹੱਦਾਂ ਤੋਂ ਉਪਰ ਉਠੀ, ਇਨਸਾਨੀ ਹਮਦਰਦੀ ਤੇ ਮੁਹੱਬਤ ਦੀ ਮੁਤਬਰਕ ਨਿਸ਼ਾਨੀ ਹੋਣ ਵਿਚ ਹੈ। ਗੰਗਾ ਸਾਗਰ ਅਤੇ ਕਰਤਾਰਪੁਰ ਲਾਂਘਾ ਹਿੰਦ-ਪਾਕਿ ਰਿਸ਼ਤਿਆਂ ਵਿਚਕਾਰ ਇਨਸਾਨੀਅਤ ਤੇ ਮੁਹੱਬਤ ਦੇ ਪੁਲ ਬਣ ਸਕਦੇ ਹਨ।
[email protected]

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …