Breaking News
Home / Special Story / ਕਿਸਾਨ ਖੁਦਕੁਸ਼ੀਆਂ : ਸਰਕਾਰੀ ਝਾਕ ਛੱਡ ਕੇ ਕਬੀਲਦਾਰੀ ਤੋਰਨ ਲਈ ਨਿੱਤਰੀਆਂ ਔਰਤਾਂ

ਕਿਸਾਨ ਖੁਦਕੁਸ਼ੀਆਂ : ਸਰਕਾਰੀ ਝਾਕ ਛੱਡ ਕੇ ਕਬੀਲਦਾਰੀ ਤੋਰਨ ਲਈ ਨਿੱਤਰੀਆਂ ਔਰਤਾਂ

ਮਾਨਸਾ : ਖੇਤੀ ਖੇਤਰ ਵਿੱਚ ਪਿਛਲੇ 3 ਦਹਾਕਿਆਂ ਤੋਂ ਲਗਾਤਾਰ ਘਾਟਾ ਪੈਣ ਕਾਰਨ ਮਾਲਵਾ ਪੱਟੀ ਦੇ ਛੋਟੇ ਅਤੇ ਦਰਮਿਆਨੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਪਰ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੀਆਂ। ਸਰਕਾਰੀ ਦਾਅਵਿਆਂ ਦੇ ਉਲਟ ਕਿਸਾਨ ਖੁਦਕੁਸ਼ੀਆਂ ਦਾ ਇਹ ਦੌਰ ਪੀੜ੍ਹੀ ਦਰ ਪੀੜ੍ਹੀ ਚੱਲਣ ਲੱਗਿਆ ਹੈ। ਸਰਕਾਰੀ ਝਾਕ ਛੱਡ ਕੇ ਔਰਤਾਂ ਹੁਣ ਕਬੀਲਦਾਰੀ ਚਲਾਉਣ ਲਈ ਆਪਣੇ ਪੱਧਰ ਉਪਰ ਪਿੰਡਾਂ ਵਿਚ ਨਿੱਕੇ ਮੋਟੇ ਕੰਮ ਚਲਾਉਣ ਲੱਗ ਪਈਆਂ ਹਨ।
ਪਿੰਡ ਫਫੜੇ ਭਾਈਕੇ ਦੀ ਵਿਧਵਾ ਕਿਸਾਨ ਔਰਤ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ 7 ਸਾਲ ਪਹਿਲਾਂ ਹੋ ਗਈ ਸੀ ਅਤੇ ਉਸ ਸਮੇਂ 3 ਬੱਚੇ ਬਹੁਤ ਛੋਟੇ ਸਨ। ਉਸ ਦਾ ਪਤੀ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਬੰਦ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੀ ਕੋਈ ਸਹੂਲਤ ਨਹੀਂ ਮਿਲੀ ਅਤੇ ਉਹ ਕਿਸਾਨ ਯੂਨੀਅਨ ਦੇ ਧਰਨਿਆਂ ਵਿੱਚ ਵੀ ਬਹੁਤ ਵਾਰ ਗਈ, ਪਰ ਕੋਈ ਸਹਾਇਤਾ ਨਹੀਂ ਮਿਲੀ। ਆਖ਼ਰ ਨੂੰ ਕੁਝ ਰਿਸ਼ਤੇਦਾਰਾਂ ਦੀ ਮਦਦ ਨਾਲ ਪਿੰਡ ਵਿੱਚ ਪਰਚੂਨ ਦੀ ਦੁਕਾਨ ਖੋਲ੍ਹੀ, ਜਿਸ ਨਾਲ ਥੋੜ੍ਹਾ-ਬਹੁਤ ਘਰ ਦਾ ਗੁਜ਼ਾਰਾ ਚੱਲਣ ਲੱਗਿਆ, ਪਰ ਹੁਣ ਉਸ ਉਪਰ ਜੀਐੱਸਟੀ ਦੀ ਮਾਰ ਪੈ ਰਹੀ ਹੈ। ਪਿੰਡ ਫਰਵਾਹੀ ਦੀ ਵਿਧਵਾ ਔਰਤ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਘਰ ਵਾਲੇ ਗੁਰਦਿਆਲ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖੇਤ ਵਿੱਚ ਟਾਹਲੀ ਦੇ ਦਰੱਖ਼ਤ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਦੀ 2 ਏਕੜ ਜ਼ਮੀਨ ਪਹਿਲਾਂ ਹੀ ਕਰਜ਼ੇ ਵਿੱਚ ਵਿੱਕ ਚੁੱਕੀ ਹੈ, ਉਨ੍ਹਾਂ ਕੋਲ ਸਿਰਫ਼ ਅੱਧਾ ਏਕੜ ਜ਼ਮੀਨ ਖੇਤੀ ਲਈ ਬਚੀ ਹੈ, ਜਿਸ ਨਾਲ ਤਿੰਨ ਬੱਚੀਆਂ ਸਮੇਤ ਉਸ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ। ਇਸ ਲਈ ਉਹ ਪਿੰਡ ਦੀਆਂ ਔਰਤਾਂ ਦੇ ਕੱਪੜੇ ਸਿਲਾਈ ਕਰਕੇ ਆਪਣਾ ਪਰਿਵਾਰ ਪਾਲ ਰਹੀ ਹੈ।
ਇਸੇ ਤਰ੍ਹਾਂ ਹੀ ਪਿੰਡ ਧਲੇਵਾਂ ਦੀ ਵਿਧਵਾ ਕਿਸਾਨ ਔਰਤ ਮਹਿੰਦਰ ਕੌਰ ਦੱਸਦੀ ਹੈ ਕਿ ਖੇਤੀ ਵਿੱਚ ਘਾਟੇ ਕਾਰਨ ਉਸ ਦਾ ਪਤੀ ਜਗਦੇਵ ਸਿੰਘ 2 ਲੜਕੀਆਂ ਅਤੇ 1 ਲੜਕੇ ਨੂੰ ਛੱਡ ਕੇ ਘਰ ਵਿੱਚ ਹੀ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਗਿਆ ਸੀ, 2 ਕਿੱਲੇ ਜ਼ਮੀਨ ਉਹ ਵੀ ਕਰਜ਼ੇ ਵਿੱਚ ਕਾਫੀ ਸਮਾਂ ਪਹਿਲਾਂ ਵਿਕ ਗਈ ਸੀ ਅਤੇ ਹੁਣ ਉਹ ਪਿੰਡ ਦੇ ਲਾਗਲੇ ਸ਼ਹਿਰ ਭੀਖੀ ਵਿਖੇ ਇੱਕ ਪ੍ਰਾਈਵੇਟ ਕਾਲਜ ਵਿੱਚ ਸੇਵਾਦਾਰ ਦੀ ਨੌਕਰੀ ਦੇ 6000 ਹਜ਼ਾਰ ਰੁਪਏ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲੱਗੀ ਹੈ। ਪਿੰਡ ਫਫੜੇ ਭਾਈਕੇ ਦੀ ਵਿਧਵਾ ਨਸੀਬ ਕੌਰ ਨੇ ਦੱਸਿਆ ਕਿ ਅੱਜ ਤੋਂ 13 ਸਾਲ ਪਹਿਲਾਂ ਉਸ ਦਾ ਪਤੀ ਭੋਲਾ ਸਿੰਘ ਸਲਫਾਸ ਖਾ ਕੇ ਖੁਦਕੁਸ਼ੀ ਕਰ ਗਿਆ ਸੀ ਅਤੇ ਜ਼ਮੀਨ ਕਰਜ਼ੇ ਕਾਰਨ ਪਹਿਲਾਂ ਹੀ ਵਿਕ ਗਈ ਸੀ। ਉਸਨੇ ਆਪਣੀਆਂ 2 ਲੜਕੀਆਂ ਦਾ ਵਿਆਹ ਰਿਸ਼ਤੇਦਾਰ ਦੀ ਸਹਾਇਤਾ ਨਾਲ ਕਲੱਬ ਵਿੱਚ ਕੀਤਾ ਹੈ ਅਤੇ ਘਰ ਦੀ ਕਬੀਲਦਾਰੀ ਚਲਾਉਣ ਲਈ ਖੁਦ ਕਿਸਾਨ ਹੋ ਕੇ ਵੱਡੇ ਕਿਸਾਨਾਂ ਦੇ ਘਰ ਝਾੜੂ ਪੋਚਾ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮਾਖਾ-ਚਹਿਲਾਂ ਪਿੰਡ ਦੇ ਸੁਖਵੀਰ ਸਿੰਘ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਉਸ ਦੀ ਪਤਨੀ ਜਸਵਿੰਦਰ ਕੌਰ ਘਰ ਦਾ ਗੁਜ਼ਾਰਾ ਲੋਕਾਂ ਦੇ ਕੱਪੜੇ ਸਿਲਾਈ ਕਰਕੇ ਕਰਨ ਲੱਗੀ ਹੈ। ਉਹ ਬਾਜ਼ਾਰ ਨਾਲੋਂ ਸਸਤੇ ਰੇਟਾਂ ‘ਤੇ ਲੀੜੇ ਸਿਉਂਦੀ ਹੈ ਤਾਂ ਜੋ ਉਸਦੀ ਗਾਹਕੀ ਕਾਇਮ ਰਹੇ, ਪਰ ਉਸ ਨੂੰ ਉਧਾਰ ਮਾਰਨ ਲੱਗਿਆ ਹੈ। ਉਸ ਦੇ ਕੋਲ ਪਤੀ ਦੇ ਹਿੱਸੇ ਵਿਚੋਂ ਡੇਢ ਏਕੜ ਜ਼ਮੀਨ ਆਉਂਦੀ ਸੀ। ਪਿੰਡ ਖੱਤਰੀਵਾਲਾ ਦੇ ਹਰੀ ਰਾਮ (ਜੱਟ ਸਿੱਖ) ਦੀ 45 ਸਾਲਾ ਪਤਨੀ ਜਸਵੀਰ ਕੌਰ ਹੁਣ ਦੁੱਧ ਵੇਚ ਕੇ ਆਪਣੇ ਪੁੱਤ ਨੂੰ ਪੜ੍ਹਾ ਰਹੀ ਹੈ। ਉਸ ਦੀ ਦੋ ਕਿੱਲੇ ਜ਼ਮੀਨ ਗਹਿਣੇ ਪਈ ਹੈ ਅਤੇ 7 ਕਨਾਲਾਂ ਵਿਚ ਉਹ ਪਸ਼ੂਆਂ ਦਾ ਹਰਾ-ਚਾਰਾ ਅਤੇ ਗੁਜ਼ਾਰੇ ਜੋਗੀ ਕਣਕ ਬੀਜ ਲੈਂਦੀ ਹੈ। ਦੁੱਧ ਦਾ ਥੋੜ੍ਹਾ ਭਾਅ ਉਸ ਦੀ ਮਿਹਨਤ ਪੂਰੀ ਨਹੀਂ ਪਾ ਰਿਹਾ ਹੈ।
ਕਈ ਮਹਿਲਾ ਸਰਪੰਚਾਂ ਨੇ ਲਏ ਇਨਕਲਾਬੀ ਫੈਸਲੇ
ਬਠਿੰਡਾ : ਮਹਿਲਾ ਤਾਕਤ ਨੇ ਪੇਂਡੂ ਵਿਕਾਸ ਦਾ ਵੀ ਮੂੰਹ ਮੱਥਾ ਸੰਵਾਰਿਆ ਹੈ। ਭਾਵੇਂ ਪੰਚਾਇਤੀ ਰਾਜ ਵਿਚ ਔਰਤਾਂ ਦੀ ਭੂਮਿਕਾ ਇਨਕਲਾਬੀ ਤਾਂ ਨਹੀਂ ਪ੍ਰੰਤੂ ਕਈ ਮਹਿਲਾ ਸਰਪੰਚਾਂ ਨੇ ਏਦਾਂ ਦੇ ਹੰਭਲੇ ਮਾਰੇ ਹਨ, ਜੋ ਨਵੀਂ ਸੰਭਾਵਨਾ ਦੇ ਰਾਹ ਖੋਲ੍ਹਣ ਵਾਲੇ ਹਨ। ਕੈਪਟਨ ਸਰਕਾਰ ਨੇ ਹੁਣ ਔਰਤਾਂ ਨੂੰ ਪੰਜਾਹ ਫ਼ੀਸਦੀ ਰਾਖਵਾਂਕਰਨ ਦਿੱਤਾ ਹੈ। ਆਖਿਆ ਜਾਂਦਾ ਕਿ ਮਹਿਲਾ ਸਰਪੰਚ ਤਾਂ ਰਬੜ ਦੀ ਮੋਹਰ ਹਨ, ਸਰਪੰਚੀ ਤਾਂ ਉਨ੍ਹਾਂ ਦੇ ਪਤੀ ਜਾਂ ਪੁੱਤ ਹੀ ਕਰਦੇ ਹਨ। ਪਰ ਪੰਜਾਬ ਵਿਚ ਸੈਂਕੜੇ ਪਿੰਡ ਏਦਾਂ ਦੇ ਹਨ, ਜਿੱਥੋਂ ਦੇ ਪਿੰਡਾਂ ਦੀ ਅਗਵਾਈ ਮਹਿਲਾ ਸਰਪੰਚਾਂ ਹੱਥ ਸੀ ਅਤੇ ਉਨ੍ਹਾਂ ਕਈ ਕ੍ਰਾਂਤੀਕਾਰੀ ਫ਼ੈਸਲੇ ਕੀਤੇ। ਪੰਜਾਬ ਵਿਚ ਉਨ੍ਹਾਂ ਮਹਿਲਾਵਾਂ ‘ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਨੇ ਪਿਛਲੀ ਪਾਰੀ ਦੌਰਾਨ ਬਤੌਰ ਸਰਪੰਚ ਨਿਵੇਕਲੀਆਂ ਪੈੜਾਂ ਪਾਈਆਂ ਹਨ, ਜਿਸ ਨਾਲ ਪੇਂਡੂ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲਿਆ।
ਲੁਧਿਆਣਾ ਦੇ ਪਿੰਡ ਦੋਬੁਰਜੀ ਦੀ ਮਹਿਲਾ ਸਰਪੰਚ ਸੁਖਵੀਰ ਕੌਰ ਪਨੈਚ ਪੋਸਟ ਗਰੈਜੂਏਟ ਹੈ, ਜਿਸ ਨੇ ਭਰੂਣ ਹੱਤਿਆ ਰੋਕਣ ਦਾ ਬੀੜਾ ਚੁੱਕਿਆ। ਉਸ ਨੇ ਮਿਸ਼ਨ ਦੇ ਤੌਰ ‘ਤੇ ਔਰਤ ਦੇ ਮਾਣ-ਸਨਮਾਨ ਲਈ ਕੰਮ ਕੀਤਾ। ਨਤੀਜਾ ਇਹ ਹੈ ਕਿ ਅੱਜ ਪਿੰਡ ਵਿਚ ਲੜਕੀਆਂ ਦੀ ਜਨਮ ਦਰ ਮੁੰਡਿਆਂ ਤੋਂ ਵੱਧ ਹੈ। ਪੰਚਾਇਤ ਧੀਆਂ ਦੀ ਲੋਹੜੀ ਹਰ ਵਰ੍ਹੇ ਮਨਾਉਂਦੀ ਹੈ। ਲੜਕੀਆਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਦੇਣਾ ਅਤੇ ਸਿਖਲਾਈ ਦੇਣਾ ਵੀ ਉਸ ਦਾ ਏਜੰਡਾ ਰਿਹਾ ਹੈ। ਇਸ ਸਾਬਕਾ ਸਰਪੰਚ ਨੇ 98 ਫ਼ੀਸਦੀ ਮਾਮਲੇ ਪੰਚਾਇਤ ‘ਚ ਨਿਬੇੜੇ ਅਤੇ ਕਦੇ ਕਿਸੇ ਨੂੰ ਥਾਣੇ ਜਾਣ ਦਾ ਬਹੁਤਾ ਮੌਕਾ ਨਹੀਂ ਦਿੱਤਾ। ਮਨਰੇਗਾ ਮਹਿਲਾ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣ ਵਿਚ ਵੀ ਉਸ ਨੇ ਮਾਅਰਕਾ ਮਾਰਿਆ ਹੈ। ਉਸ ਬਾਲ ਮਜ਼ਦੂਰੀ ‘ਤੇ ਪਿੰਡ ਵਿਚ ਮੁਕੰਮਲ ਰੋਕ ਲਾਈ ਅਤੇ ਕਿਰਤੀਆਂ ਦੇ ਹੋਣਹਾਰ ਬੱਚਿਆਂ ਨੂੰ ਵਜ਼ੀਫ਼ਿਆਂ ਨਾਲ ਸਨਮਾਨਿਤ ਕੀਤਾ। ਬਠਿੰਡਾ ਦੇ ਪਿੰਡ ਬੰਗੀ ਰੁਲਦੂ ਦੀ ਦਲਵੀਰ ਕੌਰ ਨੇ ਬਤੌਰ ਮਹਿਲਾ ਸਰਪੰਚ ਆਪਣੇ ਪੂਰੇ ਪਿੰਡ ਨੂੰ ਆਪਣਾ ਘਰ ਹੀ ਸਮਝਿਆ। ਪੰਜ ਵਰ੍ਹਿਆਂ ‘ਚ ਪਿੰਡ ਨੂੰ ਹਰਿਆ-ਭਰਿਆ ਬਣਾ ਦਿੱਤਾ। ਮਪਿੰਡ ‘ਚ ਤਿੰਨ ਪਾਰਕ ਬਣਾਏ ਅਤੇ ਹਰ ਗਲੀ ਵਿਚ ਰੁੱਖ ਮਹਿਕਣ ਲਾ ਦਿੱਤੇ। ਪੀਣ ਵਾਲਾ ਪਾਣੀ ਘਰ ਘਰ ਪੁੱਜਦਾ ਕੀਤਾ।ਫ਼ਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਖ਼ੁਰਦ ਦੀ ਮਹਿਲਾ ਸਰਪੰਚ ਵੀਰਪਾਲ ਕੌਰ ਨੇ ਪੰਛੀਆਂ ਦੀ ਪਹਿਰੇਦਾਰੀ ਕੀਤੀ।
ਜੱਦੀ ਜ਼ਮੀਨ ‘ਚੋਂ ਦੋ ਕਨਾਲ ਰਕਬੇ ਵਿਚ ਨਵਾਂ ਆਧੁਨਿਕ ਪਾਰਕ ਬਣਾਇਆ। ਇਸ ਸਾਬਕਾ ਸਰਪੰਚ ਨੇ ਪੰਛੀਆਂ ਲਈ ਸੈਂਕੜੇ ਆਲ੍ਹਣੇ ਬਣਾ ਕੇ ਦਰੱਖਤਾਂ ‘ਤੇ ਟੰਗੇ ਹਨ। ਪ੍ਰਤੀ ਆਲ੍ਹਣਾ ਪੰਜ ਸੌ ਰੁਪਏ ਖ਼ਰਚ ਆਇਆ ਹੈ। ਪੰਚਾਇਤ ਤਰਫ਼ੋਂ ਪੰਛੀਆਂ ਨੂੰ ਮਾਰਨ ਦੀ ਮਨਾਹੀ ਕੀਤੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹਿਲਾ ਸਰਪੰਚ ਨੂੰ ਸਨਮਾਨਿਤ ਵੀ ਕੀਤਾ ਹੈ।ਸੰਗਰੂਰ ਦੇ ਪਿੰਡ ਮਰਦਖੇੜਾ ਦੀ ਸਰਪੰਚ ਮਹਿਲਾ ਰਹੀ ਹੈ। ਬਤੌਰ ਸਰਪੰਚ ਰਵਿੰਦਰ ਕੌਰ ਬੋਪਾਰਾਏ ਨੇ ਪੇਂਡੂ ਵਿਕਾਸ ਦੀ ਲੀਹ ‘ਤੇ ਨਵੀਆਂ ਪੈੜਾਂ ਪਾਈਆਂ ਹਨ। ਮਗਨਰੇਗਾ ਫ਼ੰਡਾਂ ਨਾਲ ਪਿੰਡ ਦਾ ਨਕਸ਼ਾ ਬਦਲ ਦਿੱਤਾ। ਬਠਿੰਡਾ ਦੇ ਪਿੰਡ ਹਿੰਮਤਪੁਰਾ ਦੀ ਮਹਿਲਾ ਸਰਪੰਚ ਮਲਕੀਤ ਕੌਰ ਨੇ ਪਿੰਡ ਨੂੰ ਝਮੇਲਿਆਂ ਤੋਂ ਬਚਾ ਲਿਆ ਹੈ। ਨਾ ਪਿੰਡ ਵਿਚ ਸ਼ਰਾਬ ਦਾ ਠੇਕਾ ਹੈ ਅਤੇ ਪੂਰਾ ਪਿੰਡ ਤੰਬਾਕੂ ਰਹਿਤ ਹੈ। ਉਸ ਨੇ ਏਦਾਂ ਦੇ ਕਦਮ ਚੁੱਕੇ ਕਿ ਪਿੰਡ ਨੂੰ ਨਸ਼ਿਆਂ ਤੋਂ ਦੂਰ ਕਰ ਦਿੱਤਾ। ਪਿੰਡ ਵਿਚ ਔਰਤ ਵੋਟਰਾਂ ਦੀ ਸਰਦਾਰੀ ਹੈ। ਪਿੰਡ ਦੇ ਹਰ ਘਰ ‘ਤੇ ਔਰਤ ਦੇ ਨਾਮ ਵਾਲੀ ਨੇਮਪਲੇਟ ਲਗਾਈ ਗਈ ਹੈ। ਬਠਿੰਡਾ ਦੇ ਪਿੰਡ ਗੁਰੂਸਰ ਮਹਿਰਾਜ ਵਿਚ ਪੂਰੀ ਆਬਾਦੀ ਦਲਿਤ ਵਰਗ ਦੀ ਹੈ, ਜਿੱਥੋਂ ਦੀ ਦਲਿਤ ਮਹਿਲਾ ਸਰਪੰਚ ਪਰਮਜੀਤ ਕੌਰ ਨੇ ਪਿੰਡ ਦੇ ਭਾਗ ਹੀ ਜਗਾ ਦਿੱਤੇ ਜਿਸ ਨੂੰ ਕੇਂਦਰੀ ਐਵਾਰਡ ਵੀ ਮਿਲ ਚੁੱਕਾ ਹੈ। ਅਨਪੜ੍ਹ ਹੋਣ ਦੇ ਬਾਵਜੂਦ ਇਸ ਮਹਿਲਾ ਸਰਪੰਚ ਨੇ ਹਰ ਪਰਿਵਾਰ ਦਾ ਸਿਹਤ ਜੀਵਨ ਬੀਮਾ ਕਰਾ ਕੇ ਦਿੱਤਾ ਅਤੇ ਪੂਰੇ ਪਿੰਡ ਵਿਚ ਸੀਸੀਟੀਵੀ ਕੈਮਰੇ ਲਾਏ। ਰੋਪੜ ਜ਼ਿਲ੍ਹੇ ਦੇ ਪਿੰਡ ਨੱਗਲ ਗੜ੍ਹੀਆਂ ਵਿਚ ਅਜ਼ਾਦੀ ਤੋਂ ਬਾਅਦ ਕਦੇ ਵੀ ਪੰਚਾਇਤੀ ਚੋਣ ਨਹੀਂ ਹੋਈ। ਲੋਕ ਸਰਬਸੰਮਤੀ ਨਾਲ ਪੰਚਾਇਤ ਚੁਣਦੇ ਆ ਰਹੇ ਹਨ। ਹੁਣ ਪਿੰਡ ਦੀ ਅਗਵਾਈ ਮਹਿਲਾ ਸਰਪੰਚ ਬਲਜੀਤ ਕੌਰ ਕਰ ਰਹੀ ਹੈ, ਜਿਸ ਨੇ ਪੁਰਾਣੀ ਰੀਤ ਨੂੰ ਕਾਇਮ ਰੱਖਿਆ ਹੋਇਆ ਹੈ। ਪਿੰਡ ਦੀ ਰਵਾਇਤ ਹੈ ਕਿ ਜੋ ਇੱਕ ਵਾਰੀ ਸਰਪੰਚ ਬਣ ਜਾਂਦਾ ਹੈ, ਉਸ ਨੂੰ ਦੁਬਾਰਾ ਮੌਕਾ ਨਹੀਂ ਦਿੱਤਾ ਜਾਂਦਾ ਹੈ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …