Breaking News
Home / ਨਜ਼ਰੀਆ / ਹੱਡਾ ਰੋੜੀ

ਹੱਡਾ ਰੋੜੀ

ਮੇਜਰ ਮਾਂਗਟ
”ਇਹ ਕੰਮ ਤਾਂ ਕੋਈ ਕਰਦੇ ਨੀ, ਖਰਚਾ ਕਿੱਥੋਂ ਚੱਲਦੈ?” ਮੈਂ ਟੋਨੀ ਨੂੰ ਪੁੱਛਿਆ।
”ਬਾਈ ਛੱਡ ਦੇ ਤੂੰ ਗੱਲਾਂ, ਏਥੇ ਤਾਂ ਹੁਣ ਕੰਮ ਬਹੁਤ ਵਿਗੜਿਆ ਹੋਇਐ। ਪਹਿਲਾਂ ਵਾਲੀਆਂ ਗੱਲਾਂ ਨੀ ਰਹੀਆਂ, ਮੈਂ ਤੈਨੂੰ ਦੱਸਾਂ” ਉਹ ਹੱਥ ਵਿੱਚ ਫੜੇ ਫੋਨ ਨੂੰ ਘੂਰਦਾ ਬੋਲਿਆ।
”ਨਾਂ ਸਵਾਰੀ ਸਵੂਰੀ ਮਿਲ ਜਾਂਦੀ ਆ। ਤੇਰਾ ਤੋਰੀ ਫੁਲਕਾ ਤਾਂ ਚੱਲੀ ਜਾਂਦੈ?”
”ਭਰਾਵਾਂ ਛੱਡ…ਬੱਸ ਵਕਤ ਨੂੰ ਧੱਕਾ ਜਾਨੇ ਆਂ। ਤੈਂ ਹੁਣ ਦੇਖ ਏ ਲੈਣਾ। ਕਿਸੇ ਦੇ ਵਿਆਹ ਵਿਹੂਅ ਨੂੰ ਜਾਂ ਕੋਈ ਜ਼ਿਆਦਾ ਈ ਬਮਾਰ ਠਮਾਰ ਹੋ ਜੇ ਤਾਂ ਅਗਲਾ ਟੈਕਸੀ ਕਰਦੈ। ਜਾਂ ਫੇਰ ਪੁੱਠੇ ਕੰਮ ਆਲੇ ਕਰਦੇ ਨੇ” ਉਹ ਸ਼ੀਸ਼ੇ ਚੋਂ ਬਾਹਰ ਥੁੱਕਦਾ ਦੱਸ ਰਿਹਾ ਸੀ।
”ਨਾਂ ਅਜਿਹਾ ਕਿਉ?”
”ਲੈ ਗੱਡ ਖਾਨਾ ਕਿਤੇ ਥੋੜ੍ਹਾ ਆ ਗਿਆ। ਜਿਨੂੰ ਕਦੇ ਸਾਇਕਲ ਨੀ ਤੀ ਜੁੜਦਾ ਉਹ ਵੀ ਗੱਡੀ ਲਈਂ ਫਿਰਦੈ” ਟੋਨੀ ਮੈਨੂੰ ਪਿਛਲੀ ਵਾਰ ਨਾਲੋਂ ਉਦਾਸ ਤੇ ਨਿਰਾਸ਼ ਜਾਪ ਰਿਹਾ ਸੀ।
”ਲੋਕਾਂ ਕੋਲ ਇੱਕ ਦਮ ਐਨਾ ਪੈਸਾ ਕਿੱਥੋਂ ਆ ਗਿਆ? ਜੀਹਨਾ ਦੇ ਕਦੇ ਰੋਟੀ ਨੀ ਸੀ ਪੱਕਦੀ ਉਹ ਵੀ ਕਾਰਾਂ ਲਈਂ ਫਿਰਦੇ ਨੇ?” ਮੈਂ ਪੁੱਛਿਆ।
”ਬਾਈ ਕੁਲਜੀਤੇ ਜਮੀਨਾਂ ਦੇ ਰੇਟ ਬਹੁਤ ਵਧ ਗੇ ਨੇ। ਬਾਹਰਲਾ ਵਪਾਰੀ ਜਮੀਨ ਨੂੰ ਟੁੱਟ ਕੇ ਪੈਂਦੈ ਤੇ ਜੱਟ ਵੇਚੀ ਜਾਂਦੇ ਨੇ। ਦੇਖ ਲੈ ਕਿਵੇਂ ਫੈਕਟਰੀਆਂ ਲੱਗ ਗੀਆਂ ਤੇ ਆਹ ਮਾਲ ਬਣਨ ਲੱਗ ਪੇ। ਥੌਂ ਥੌਂ ਮੈਰਿਜ ਪੈਲਿਸ ਖੁੱਲੀ ਜਾਂਦੇ ਨੇ। ਕਾਲ਼ੇ ਧਨ ਵਾਲਿਆਂ ਨੇ ਜ਼ਮੀਨਾਂ ਦੇ ਭਾਅ ਚਾੜ੍ਹਤੇ ਅਸਮਾਨੀ। ਕਰੋੜ ਕਰੋੜ ਦਾ ਤਾਂ ਕੀਲਾ ਹੋ ਗਿਆ। ਜੀਹਨੇ ਕੀਲਾ ਕੁ ਵੇਚਤਾ ਆਪੇ ਕਾਰਾਂ ਕੋਠੀਆਂ ਆ ਗਈਆਂ। ਪਰ ਮੈਂ ਤਾਂ ਇਹ ਸੋਚਦੈਂ ਬਈ ਜਮੀਨਾਂ ਵੇਚ ਕੇ ਜੱਟ ਗਾਹਾਂ ਨੂੰ ਕੀ ਕਰਨਗੇ? ਭੁੱਖੇ ਈ ਮਰਨਗੇ”
” ਨਾਂ ਤੇਰੇ ਕੋਲ ਵੀ ਤਾਂ ਚਾਰ ਸਿਆੜ ਸੀਗੇ, ਤੂੰ ਵੀ ਵਗਦੀ ਗੰਗਾ ‘ਚ ਹੱਥ ਧੋ ਲੈਂਦਾ” ਮੈਂ ਟੋਨੀ ਨੂੰ ਛੇੜਿਆ।
”ਯਾਰ ਕਿੱਥੇ… ਸਾਡਾਂ ਤਾਂ ਬੁੜਾ ਈ ਬਹਿ ਗਿਆ ਜੜ੍ਹਾਂ ‘ਚ। ਠੇਕੇਦਾਰਾਂ ਦਾ ਬੇੜਾ ਬਹਿ ਗਿਆ।ਚਾਰ ਏਕੜ ਤੀ ਸ਼ਹਿਰ ਦੇ ਨਾਲ ਲੱਗਦੀ ਝੋਟੇ ਦੇ ਸਿਰ ਅਰਗੀ…। ਪਰ ਉਹ ਕੌਂ ਦੇ ਸਿਰ ਜਿੰਨੀ ਖਾਅ ਕੇ ਰੱਬ ਨੂੰ ਵੀ ਟੱਬ ਈ ਸਮਝਦਾ ਰਿਹਾ। ਅਗਲੇ ਸਾਰੀ ਲਿਖਾ ਗੇ। ਮੁੜ ਦਿਹਾੜੀ ਜੋਤੇ ਕਰਨ ਲਾ ਦਿੱਤੇ। ਕਿਹੜੇ ਮਜ੍ਹਹਬੀ ਸਿੱਖ ਕੋਲ ਚਾਰ ਕੀਲੇ ਨੇ? ਬੱਸ ਫਿਰਦੇ ਆ ਧੱਕੇ ਖਾਂਦੇ…। ਨਾਗਣੀ ਓਂ ਲੈ ਕੇ ਬਹਿ ਗੀ। ਆਹ ਗੱਡੀ ਪਾਉਣ ਲਈ ਵੀ ਮਸਾਂ ਕਲੇਸ ਕਰ ਕਰ ਬੁੜੇ ਤੋਂ ਪੰਤਾਲੀ ਹਜ਼ਾਰ ਕਢਾਇਆ ਤੀ। ਉਦੋਂ ਵੀ ਮਰਨ ਮਾਰਨ ਨੂੰ ਫਿਰੇ। ਰਿਸ਼ਤੇਦਾਰ ਵਿੱਚ ਪਾ ਕੇ ਮਸਾਂ ਮੌਕਾ ਸਾਂਭਿਆ ਨਹੀਂ ਤਾਂ ਹੁਣ ਨੂੰ ਸਾਡਾ ਵੀ ਠਣ ਠਣ ਗੁਪਾਲ ਹੋਣਾ ਤੀ”। ਥੋੜ੍ਹਾ ਰੁਕ ਕੇ ਉਹ ਫੇਰ ਬੋਲਿਆ।
”ਇਹ ਵੀ ਸਾਡੇ ਦਾਦੇ ਨੇ ਭਲੇ ਵੇਲਿਆਂ ‘ਚ ਬਣਾ ਲਈ ਤੀ। ਪਹਿਲਾਂ ਉਹ ਦੋ ਵਿੱਘੇ ਠੇਕੇ ਤੇ ਲੈ ਕੇ ਚਾਰਾ ਬੀਜ ਕੇ ਸ਼ਹਿਰ ਵੇਚਣ ਲੱਗਿਆ। ਫੇਰ ਦੋ ਕੀਲੇ ਲੈ ਲਏ। ਮੁੜ ਆਪਣੀ ਖਰੀਦਣ ਲੱਗ ਪਿਆ। ਪਿਉ ਮੇਰਾ ਤਾਂ ਮੁੱਢ ਤੋਂ ਹੀ ਐਸ਼ੀ ਪੱਠਾ ਰਿਹੈ। ਇਹ ਵੀ ਅਸੀਂ ਵਕਤ ਸਾਂਭ ਲਿਆ, ਜਿਹੜਾ ਲੜ ਭਿੜ ਕੇ ਘਰ ਬਣਵਾ ਲਿਆ ਤੇ ਆਹ ਗੱਡੀ ਪਾ ਲਈ, ਨਹੀਂ ਕੀਹਦੀ ਮਾਂ ਨੂੰ ਮਾਸੀ ਕਹਿੰਦੇ” ਟੋਨੀ ਮੇਰੇ ਨਾਲ ਕਾਫੀ ਖੁੱਲ ਕੇ ਮਨ ਅੰਦਰਲੇ ਦੇ ਭੇਤ ਸਾਂਝੇ ਕਰ ਦਾ ਰਿਹਾ।
ਅਸੀਂ ਖੰਨੇ ਤੋਂ ਖਮਾਣੋਂ ਵਲ ਨੂੰ ਟੋਨੀ ਦੀ ਟੈਕਸੀ ਤੇ ਜਾ ਰਹੇ ਸਾਂ। ਇਸ ਵਾਰ ਵੀ ਇੰਡੋ ਕੈਨੇਡੀਅਨ ਬੱਸ ਤੋਂ ਮੈਨੂੰ ਚੁੱਕਣ ਟੋਨੀ ਹੀ ਆਇਆ ਸੀ। ਮੇਰਾ ਜਦੋਂ ਵੀ ਭਾਰਤ ਗੇੜਾ ਲੱਗਦਾ ਮੈਂ ਉਸੇ ਨੂੰ ਫੋਨ ਕਰ ਲੈਂਦਾ। ਉਸ ਨਾਲ ਮੇਰੀ ਚੰਗੀ ਮੀਚਾ ਮਿਲਦੀ ਸੀ। ਇਸ ਵਾਰ ਵੀ ਛੱਟੀਆਂ ਦੌਰਾਨ ਉਸੇ ਦੀ ਗੱਡੀ ਮੇਰੇ ਨਾਲ ਰਹਿਣੀ ਸੀ। ਮੈਂ ਕੈਨੇਡਾ ਤੋਂ ਤੁਰਨ ਵਕਤ ਹੀ ਉਸ ਨੂੰ ਫੋਨ ਕਰਕੇ ਦੱਸ ਦਿੱਤਾ ਸੀ।
ਕੁੱਝ ਕੁ ਸਾਲਾਂ ਤੋਂ ਮੈਂ ਦਿੱਲੀ, ਕਿਰਾਏ ਦੀ ਗੱਡੀ ਮੰਗਾਉਂਣੀ ਛੱਡ ਦਿੱਤੀ ਸੀ। ਖੰਨੇ ਤੱਕ ਇੰਡੋ ਕੈਨੇਡੀਅਨ ਬੱਸ ਚੜ੍ਹ ਕੇ ਹੀ ਆ ਜਾਂਦਾ। ਕਾਰਨ ਕਈ ਸਨ, ਇੱਕ ਥਾਂ ਥਾਂ ਹੋਏ ਐਕਸੀਡੈਂਟ ਵੇਖ ਵੇਖ ਵੀ ਮਨ ਘਬਰਾਉਂਦਾ। ਦੂਜਾ ਲੁੱਟਾਂ ਖੋਹਾਂ ਵੀ ਬਹੁਤ ਵੱਧ ਗਈਆਂ ਸਨ। ਕਈ ਵਾਰ ਡਰਾਇਵਰ ਹੀ ਲੁਟੇਰਿਆਂ ਨਾਲ ਰਲ਼ ਜਾਂਦੇ। ਫੇਰ ਸਾਰੇ ਰਾਹ ਪੁਲਿਸ ਨਾਕੇ ਤੇ ਚਾਹ ਪਾਣੀ ਦੀ ਸੇਵਾ ਦਾ ਡਰ। ਆਹ ਮੋਬਾਈਲ ਫੋਨਾਂ ਨੇ ਤੇ ਕੋਈ ਭੇਤ ਵਾਲੀ ਗੱਲ ਕੋਈ ਰਹਿਣ ਹੀ ਨਹੀਂ ਸੀ ਦਿੱਤੀ। ਕਿਤੇ ਵੀ ਥੋਡਾ ਘੋਗਾ ਚਿੱਤ ਕੀਤਾ ਜਾ ਸਕਦਾ ਸੀ। ਬੱਸ ਵਿੱਚ ਮੈਂ ਵਧੇਰੇ ਸੁਰੱਖਿਅਤ ਸੀ। ਲੁੱਟ ਤੇ ਹਾਦਸੇ ਦਾ ਡਰ ਵੀ ਘੱਟ ਸੀ ਨਾਲੇ ਸਾਰੇ ਰਾਹ ਅਰਾਮ ਨਾਲ ਸੁੱਤੇ ਆਵੋ ਤੇ ਦਿਨ ਚੜ੍ਹਦੇ ਨੂੰ ਆਪਣੇ ਘਰ। ਮੈਂ ਆਲੇ ਦੁਆਲੇ ਦੇਖਦਾ ਜਾ ਰਿਹਾ ਸੀ। ਕਦੇ ਕਦੇ ਟੋਨੀ ਗੱਲਾਂ ਵੀ ਤੋਰ ਲੈਂਦਾ।
ਸੋਚ ਰਿਹਾ ਸੀ ਕਿ ਪਿਛਲੀ ਵਾਰ ਤਾਂ ਬੱਸ ਵਾਲਿਆਂ ਹਜ਼ਾਰ ਰੁਪਿਆ ਲਿਆ ਸੀ ਤੇ ਇਸ ਵਾਰ ਅਠਾਰਾਂ ਸੌ ਮੰਗ ਲਿਆ। ਜਦੋਂ ਡਰਾਈਵਰ ਨੂੰ ਪੁੱਛਿਆ ਕਿ ”ਆਹ ਅੱਠ ਸੌ ਇਕੱਠਾ ਹੀ ਵਧਾ ਤਾ?” ਉਹ ਬੋਲਿਆ ”ਜੀ ਮਾਲਕ ਬਦਲ ਗੇ ਨੇ। ਅਸੀਂ ਕਿਹੜਾ ਆਪਣੇ ਘਰ ਲੈ ਕੇ ਜਾਣੈ ਨੇ” ਕੋਈ ਕਹਿ ਰਿਹਾ ਸੀ ”ਰਾਜ ਕਰਨ ਵਾਲੀ ਧਿਰ ਨੇ ਬੱਸਾਂ ਤੇ ਵੀ ਕਬਜ਼ਾ ਕਰ ਲਿਆ। ਪਤੰਦਰ ਸਭ ਕੁੱਝ ਦੱਬੀ ਜਾਂਦੇ ਨੇ ਜਿਹੜਾ ਵੀ ਬਿਜਨਸ ਡਿੱਕੇ ਔਂਦੈ। ਹੋਟਲ ਮੋਟਲ ਰੇਤਾ ਬਜਰੀ ਘਰ ਜ਼ਮੀਨਾਂ ਤੇ ਹੁਣ ਬੱਸਾਂ ਵੀ। ਲੁੱਟ ਮਚਾਈ ਪਈ ਆ। ਅੱਗੇ ਜਿਹੜੇ ਹੋਟਲ ਤੇ ਬੱਸ ਰੁਕਣੀ ਆਂ ਉਹ ਵੀ ਉਹਨਾਂ ਦਾ ਈ ਆ। ਪੈਸੇ ਬਣਾਉਣ ਵਾਲੇ ਸਾਰੇ ਕੰਮ ਦੱਬ ਲਏ” ਮੈਂ ਬੱਸ ‘ਚ ਬੈਠੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਹੈਰਾਨ ਹੁੰਦਾ ਰਿਹਾ ਸੀ। ਤੇ ਹੁਣ ਟੋਨੀ ਨੇ ਵੀ ਉਹਨਾਂ ਸਾਰੀਆਂ ਗੱਲਾਂ ਤੇ ਮੋਹਰ ਲਾ ਦਿੱਤੀ।
ਮੈਂ ਦੇਖ ਦੇਖ ਹੈਰਾਨ ਹੋ ਰਿਹਾ ਸੀ। ਸਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਸਨ। ਵੱਡੇ ਵੱਡੇ ਪੁਲ ਬਣਾਉਂਦਿਆਂ ਅੱਧ ਵਿਚਕਾਰ ਛੱਡੇ ਪਏ ਸਨ। ਕਨਟਰੱਕਸ਼ਨ ਹਰ ਪਾਸੇ ਹੀ ਚੱਲ ਰਹੀ ਸੀ ਪਰ ਪੂਰਾ ਹੁੰਦਾ ਕੁੱਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਟੋਨੀ ਕਹਿ ਰਿਹਾ ਸੀ ਇਹ ਸਰਕਾਰ ਦਾ ਢਕਵੰਜ ਐ। ਪੈਸੇ ਖਾਣ ਦੇ ਤਰੀਕੇ ਨੇ। ਤੇ ਹੁਣ ਵੋਟਾਂ ਵੀ ਨੇੜੇ। ਅਖੇ ਵਿਕਾਸ ਹੋ ਰਿਹੈਸ਼। ਨਹੀਂ ਤਾਂ ਰੁਕ ਜਾਊਸ਼ਕੀ ਵਿਕਾਸ ਹੋ ਰਿਹੈ? ਟੱਟੂ…” ਉਹ ਬੋਲਿਆ।
ਮੈਂ ਦੇਖਿਆ ਆਲੇ ਦੁਆਲੇ ਖੇਤਾਂ ‘ਚ ਫਸਲਾਂ ਝੂਮ ਰਹੀਆਂ ਸਨ। ਪਰ ਕੰਮ ਕਰਨ ਵਾਲੇ ਕਿਤੇ ਦਿਖਾਈ ਨਹੀਂ ਸੀ ਦੇ ਰਹੇ। ਟੋਨੀ ਕਹਿ ਰਿਹਾਂ ਸੀ ਕਿ ”ਮੁੰਡੇ ਤਾਂ ਹੁਣ ਸਮੈਕੀਏ ਬਣ ਗੇ, ਕੰਮ ਕੁੰਮ ਕਿੱਥੋਂ ਹੋ ਜੂ। ਬੱਸ ਗੇੜੀਆਂ ਲਾਉਣ ਜੋਗੇ ਈ ਨੇ। ਆਹ ਗੀਤ ਸੁਣ ਲੈ, ਇਹਨਾਂ ‘ਚ ਵੀ ਆਹੀ ਕੁਛ ਆ। ਚੱਕ ਲੋ, ਮਾਰ ਲੋ, ਖਾਅ ਲੋ। ਏਥੇ ਕੁੜੀਆਂ ਜੰਮ ਕੇ ਦੱਸ ਕੀ ਬੰਦਾ ਤਰ ਜੂ। ਹੁਣ ਤਾਂ ਕੁੜੀਆਂ ਦੀ ਹਾਲਤ ਮੰਡੀ ‘ਚ ਵਿਕਦੇ ਮਾਸ ਮੰਗੂ ਈ ਸਮਝ ਲੈ। ਫੇਰ ਅਖੇ ਭਰੂਣ ਹੱਤਿਆ ਕਿਉਂ ਹੁੰਦੀ ਆ। ਬਈ ਤੁਸੀਂ ਅੰਨੇ ਓਂਸ਼ ਥੋਨੂੰ ਨੀ ਦੀਂਹਦਾ? ਕੁਲਜੀਤਿਆ ਇਹ ਹੁਣ ਪਹਿਲਾਂ ਵਾਲਾ ਪੰਜਾਬ ਨੀ ਰਿਹਾ। ਬਾਈ, ਬਹੁਤ ਕੁੱਝ ਬਦਲ ਗਿਆ ਏ”
ਸਾਨੂੰ ਰਾਹ ਵਿੱਚ ਕਿੰਨੇ ਹੀ ਪਿੰਡ ਆਏ। ਜਿੰਨੇ ਪਿੰਡ ਉਨੇ ਹੀ ਸ਼ਰਾਬ ਦੇ ਠੇਕੇ। ਪਰ ਸਕੂਲ ਕੋਈ ਟਾਵਾਂ ਟੱਲਾ ਹੀ ਆਇਆ। ਮੈਂ ਟੋਨੀ ਨੂੰ ਪੁੱਛਿਆ ”ਇਹ ਠੇਕੇ ਹੀ ਠੇਕੇ ਆਈ ਜਾਂਦੇ ਨੇ ਸਕੂਲ ਕੋਈ ਨੀ ਦੀਂਹਦਾ?” ਤਾਂ ਉਹ ਬੋਲਿਆ ”ਸਕੂਲ ਤਾਂ ਹੀ ਹੋਊ ਜੇ ਪੜ੍ਹਨ ਆਲ਼ੇ ਹੋਣਗੇ? ਪੰਜਾਬੀ ਸਕੂਲਾਂ ਨੂੰ ਹੁਣ ਕੌਣ ਪੁੱਛਦੈ? ਪਿੰਡਾਂ ਦੇ ਨਿਆਣੇ ਤਾਂ ਸ਼ਹਿਰ ਦੇ ਅੰਗਰੇਜ਼ੀ ਸਕੂਲਾਂ ‘ਚ ਪੜ੍ਹਨ ਜਾਂਦੇ ਨੇ। ਕਹਿੰਦੇ ਪੰਜਾਬੀ ਪੜ੍ਹਿਆਂ ਨੂੰ ਨੌਕਰੀਆਂ ਈਂ ਨੀ ਮਿਲਦੀਆਂ”
”ਨਾਂ ਫੇਰ ਕੋਈ ਆਪਣਾ ਕੰਮ ਧੰਦਾ ਤੋਰ ਲੈਣ। ਕੋਈ ਢਾਬਾ, ਜੂਸ ਦੀ ਦੁਕਾਨ ਜਾਂ ਕੁੱਝ ਵੀ” ਮੈਂ ਕਿਹਾ।
”ਲੈ ਹੁਣ ਇਹ ਕੰਮ ਤਾਂ ਭਈਏ ਕਰਦੇ ਨੇ। ਤੈਂ ਦੇਖਿਆ ਈ ਏ ਸਾਰੇ ਰਾਹਸ਼। ਜਾਂ ਤਾਂ ਦੱਸ ਜੇ ਕਿਸੇ ਪੰਜਾਬੀ ਨੂੰ ਢਾਬੇ ਜਾਂ ਜੂਸ ਦੀ ਦੁਕਾਨ ਤੇ ਕੰਮ ਕਰਦੇ ਹੋਏ ਦੇਖਿਐ” ਟੋਨੀ ਹੱਸਿਆ।
ਮੈਂ ਪੁੱਛਿਆ ”ਕੁੜੀਆਂ ਦਾ ਵੀ ਇਹ ਹੀ ਹਾਲ ਆ?” ਉਹ ਘਰਦੇ ਕੰਮ ਕੁੱਮ ਕਰ ਲੈਂਦੀਆਂ ਨੇ?” ਤਾਂ ਉਹ ਬੋਲਿਆ ”ਪੁੱਛ ਨਾ ਭਰਾਵਾ ਸਾਰਾ ਆਵਾਂ ਹੀ ਊਤ ਗਿਆ। ਖਰਚੇ ਚਲਾਉਣ ਲਈ ਹੁਣ ਕੰਮ ਨਹੀਂ, ਧੰਦਾ ਕੀਤਾ ਜਾਂਦੈ। ਕਈ ਕੁੜੀਆਂ ਤਾਂ ਲੌਂਗ ਟਰਿੱਪ ਜਾਂ ਟੂਰ ਤੇ ਜਾਂਦੀਆ ਨੇ ਤੇ ਖਰਚਾ ਬਣਾ ਲਿਆਉਂਦੀਆਂ ਨੇ। ਤੇ ਮੁੰਡੇ ਸਮੈਕ ਦਾ ਖਰਚਾ ਤੋਰਨ ਲਈ ਲੁੱਟ ਖੋਹ ਜਾਂ ਝਪਟਮਾਰੀ ਵੀ ਕਰ ਲੈਂਦੇ ਨੇ। ਲੁੱਟ ਖੋਹ ਤਾਂ ਹੁਣ ਆਮ ਆ। ਹਾਂ ਜੇ ਆਪਾਂ ਨੂੰ ਕਾਰ ਰੋਕਣ ਲਈ ਕੋਈ ਵੀ ਕੁੜੀ, ਬੁੜੀ, ਮੁੰਡਾ ਜਾਂ ਬੰਦਾ ਹੱਥ ਦੇਵੇਂ ਤਾਂ ਮੈਨੂੰ ਰੋਕਣ ਨੂੰ ਨਾ ਕਹੀਂ। ਭਾਵੇਂ ਅਗਲਾ ਮਰਦਾ ਹੋਵੇ। ਏਥੇ ਸਾਲੇ ਬੜੇ ਡਰਾਮੇ ਚੱਲਦੇ ਨੇ”
ਮੈਂ ਕਿਹਾ ”ਅੱਛਾ ਕੋਈ ਹੋਰ ਟਿੱਪ ਦੱਸ” ਤਾਂ ਕਹਿੰਦਾ
” ਐਨ ਆਰ ਆਈ ਨੂੰ ਤਾਂ ਧਰ ਕੇ ਲੈਂਦੇ ਨੇ। ਰਾਤ ਨੂੰ ਕੋਈ ਖੜਕਾਈ ਜਾਵੇ, ਦਰਵਾਜ਼ਾ ਨੀ ਖੋਹਲਣਾ। ਭਾਵੇਂ ਕੋਈ ਹੂਰ ਪਰੀ ਮਿਲ ਜਾਵੇ ਉਹਦੇ ਜਾਲ਼ ਨੀ ਫਸਣਾ। ਤੁਸੀਂ ਬਾਹਰੋਂ ਆਇਉਂ, ਤੁਹਾਨੂੰ ਏਥੇ ਦਾ ਕੱਖ ਨੀ ਪਤਾ। ਬੱਸ ਚੁੱਪ ਚਾਪ ਛੁੱਟੀਆਂ ਕੱਟੋ ਤੇ ਖੁਸ਼ੀ ਖੁਸ਼ੀ ਵਾਪਿਸ ਜਾਉ”
ਮੈਂ ਦੇਖਿਆ ਸੜਕ ਕਿਨਾਰੇ ਕਿੰਨੇ ਸਾਰੇ ਕੁੱਤੇ ਕਿਸੇ ਮਰੇ ਹੋਏ ਪਸ਼ੂ ਨੂੰ ਧੂੰਹਦੇ ਲੜ ਰਹੇ ਸਨ ਤੇ ਅਸਮਾਨ ਅਤੇ ਗਿਰਝਾਂ ਮੰਡਰਾ ਰਹੀਆਂ। ਬਾਹਰੋਂ ਆਏ ਗੰਦੇ ਮੁਸ਼ਕ ਨਾਲ ਸਾਰੀ ਗੱਡੀ ਭਰ ਗਈ ਤੇ ਅਸੀਂ ਫਟਾ ਫਟ ਸਭ ਖਿੜਕੀਆਂ ਬੰਦ ਕਰ ਲਈਆਂ।
ਪਟਿਆਲਾ:-
ਸਾਡੀ ਕਾਰ ਰੰਧਾਵਾ ਇਨਕਲੇਵ, ਕੋਠੀ ਨੰਬਰ 15 ਅੱਗੇ ਰੁਕਦੀ ਹੈ। ਲੱਭਦੇ ਲੁਭਾਉਂਦੇ ਮਸਾਂ ਪਹੁੰਚੇ ਹਾਂ। ਧੱਨ ਹੈ ਟੋਨੀ ਜੋ ਪੰਦਰਾਂ ਵੀਹ ਵਾਰ ਉੱਤਰ ਕੇ ਰਸਤਾ ਪੁੱਛਣ ਲਈ ਦੌੜਿਆ। ਮੈਂ ਸੋਚਦਾ ਹਾਂ ਜਿਸ ਮੁਲਕ ਵਿੱਚ ਕੋਈ ਮੈਪ ਹੀ ਨਹੀਂ ਹੈ ਉਥੇ ਜੀ ਪੀ ਐੱਸ ਵੀ ਕਰੂ। ਉਹ ਤਾਂ ਕਮਲਾ ਹੀ ਹੋ ਜਾਊ।
ਪ੍ਰੋ: ਕਿਰਪਾਲ ਵਲੋਂ ਦਿੱਤੀਆਂ ਹਦਾਇਤਾਂ ਤੇ ਵੀ ਅਸੀਂ ਪੂਰੇ ਉੱਤਰੇ। ਸ਼ੇਰਾਂ ਵਾਲੇ ਗੇਟ ਕੋਲੋਂ ਗੁਰਦੁਵਾਰਾਂ ਦੂਖਨਿਵਾਰਨ ਸਾਹਿਬ, ਬਾਰਾਂਦਰੀ, ਬਾਈ ਨੰਬਰ ਫਾਟਕ, ਚੌਵੀ ਨੰਬਰ ਵਾਲੇ ਰੇਲਵੇ ਫਾਟਕ ਨੂੰ ਲੰਘ ਕੇ ਸੱਜੇ ਮੁੜੇ। ਅੱਗੇ ਆਟਾ ਚੱਕੀ ਕੋਲੋਂ ਖੱਬੇ ਤੇ ਫੇਰ ਟਰਾਂਸਫਾਰਮਰ ਕੋਲੋ ਸੱਜੇ ਮੁੜ ਕੇ ਲਾਲ ਰੰਗ ਦੀ ਕੋਠੀ ਆ ਹੀ ਗਈ। ਪਰ ਕੋਈ ਵੀਹ ਵਾਰ ਔਟਲ਼ੇ ਤੇ ਹੁਣ ਮਸਾਂ ਹੀ ਲੱਭ ਕੇ ਚੈਨ ਮਿਲਿਆ ਏ।
ਮੈਂ ਤਾਂ ਖੁਦ ਇਸ ਸ਼ਹਿਰ ਰਿਹਾਂ ਹਾਂ। ਏਥੇ ਹੀ ਪੜ੍ਹਾਈ ਕੀਤੀ ਆ ਤਾਂ ਕੁੱਝ ਪਤਾ ਨੀ ਲੱਗਦਾ। ਜੇ ਮੇਰੇ ਨਿਆਣਿਆਂ ਨੇ ਇਹ ਜਗਾ ਲੱਭਣੀ ਹੋਵੇ, ਉਹ ਤਾਂ ਪਾਗਲ ਹੋ ਜਾਣ। ਕਿਆ ਅਜੀਬ ਤਰੀਕਾ ਹੈ ਪਤਾ ਦੱਸਣ ਦਾ, ਅਖੇ ਲਾਲ ਪੇਂਟ ਵਾਲੀ ਕੋਠੀ ਮੂਹਰੇ ਸਹਿਤੂਤ ਦਾ ਦਰਖਤ ਆ। ਪਤੰਦਰੋ ਦਰਖਤ ਤਾਂ ਹਰੇਕ ਕੋਠੀ ਮੂਹਰੇ ਈ ਖੜ੍ਹ ਆਸ਼। ਚੱਲ ਕੋਈ ਨਾ ਹੁਣ ਸਾਰੀ ਕੁੱਤੇ ਭਕਾਈ ਭੁੱਲ ਗਈ ਆ। ਅਸੀਂ ਡੋਰ ਬੈੱਲ ਕਰਦੇ ਹਾਂ ਤਾਂ ਇੱਕ ਖੂਬਸੂਰਤ ਬਣੀ ਤਣੀ ਕੁੜੀ ਗੇਟ ਖੋਹਲਦੀ ਆ। ਮੈਂ ਪ੍ਰੋ: ਕਿਰਪਾਲ ਸਿੰਘ ਦਾ ਨਾਂ ਲੈਂਦਾ ਹਾਂ ਤਾਂ ਉਹ ਅੰਦਰ ਲੰਘ ਜਾਣ ਦਾ ਇਸ਼ਾਰਾ ਕਰਦੀ ਹੈ ਤੇ ਮੁਸ਼ਕਰਾਹਟ ਵੀ ਬਿਖੇਰਦੀ ਹੈ।
ਪ੍ਰੋ: ਕਿਰਪਾਲ ਥ੍ਰੀ ਪੀਸ ਸੂਟ ‘ਚ ਸਜੇ ਕੋਈ ਕਿਤਾਬ ਫਰੋਲ ਰਹੇ ਨੇ। ਉਹ ਉੱਠ ਕੇ ਗਰਮ ਜੋਸ਼ੀ ਨਾਲ ਹੱਥ ਮਿਲਾਉਂਦੇ ਨੇ। ਮੈਂ ਦੱਸਦਾ ਹਾਂ ਕੈਨੇਡਾ ਤੋਂ ਗੁਰਬੀਰ ਗਿੱਲ ਨੇ ਕਿਤਾਬਾਂ ਭੇਜੀਆਂ ਨੇ ਯੂਨੀਵਰਸਿਟੀ ਤੇ ਭਾਸ਼ਾਂ ਵਿਭਾਗ ਨੂੰ ਦੇਣ ਲਈ। ਬਾਕੀ ਗੱਲ ਉਹ ਝੱਟ ਸਮਝ ਜਾਂਦੇ ਨੇ ਤੇ ਬੇਟੀ ਨੂੰ ਕੋਲਡ ਡਰਿੰਕਸ ਲੈ ਕੇ ਆਉਣ ਲਈ ਆਵਾਜ਼ ਮਾਰਦੇ ਨੇ। ਮੈਨੂੰ ਪਤਾ ਲੱਗ ਗਿਆ ਹੈ ਲੜਕੀ ਦਾ ਨਾਮ ਨਮਰਤਾ ਹੈ ਜੋ ਹੁਣ ਟ੍ਰੇਅ ਚੋਂ ਕੋਕ ਦੇ ਗਿਲਾਸ ਮੇਜ਼ ਤੇ ਰੱਖ ਰਹੀ ਹੈ। ਪ੍ਰੋ: ਸਾਹਿਬ ਕਦੇ ਕਿਤਾਬਾਂ ਨੂੰ ਅਤੇ ਕਦੇ ਮੈਨੂੰ ਘੂਰ ਰਹੇ ਨੇ।
ਜਦ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਜਾਂਦਾ ਹੈ, ਤਾਂ ਪੁੱਛਦੇ ਨੇ ”ਗੁਰਬੀਰ ਨੇ ਕੁੱਝ ਹੋਰ ਨੀ ਫਵਾਇਆ?” ਮੈਨੂੰ ਝੱਟ ਗੱਡੀ ‘ਚ ਰਹਿ ਗਿਆ ਸਮਾਨ ਯਾਦ ਆਉਂਦਾ ਹੈ। ਇੱਕ ਲਿਫਾਫਾ ਜਿਸ ਵਿੱਚ ਹਜ਼ਾਰ ਕੈਨੇਡੀਅਨ ਡਾਲਰ ਨੇ ਅਤੇ ਬਲੈਕ ਲੇਵਲ ਵਿਸਕੀ ਦੀ ਬੋਤਲ ਆ। ਮੈਂ ਸੌਰੀ ਕਹਿੰਦਾ ਕਾਰ ‘ਚੋਂ ਬੈਗ ਚੁੱਕਣ ਲਈ ਦੌੜਦਾ ਹਾਂ ਤੇ ਵਾਪਿਸ ਆਕੇ ਸਮਾਨ ਪ੍ਰੋ: ਕਿਰਪਾਲ ਨੂੰ ਦਿੰਦਾ ਹੋਇਆ, ਡਾਲਰ ਗਿਣਨ ਲਈ ਕਹਿੰਦਾ ਹਾਂ। ਮੁਰਝਾਏ ਬੂਟੇ ਨੂੰ ਪਾਣੀ ਪੈਣ ਵਾਂਗ ਪ੍ਰੋ: ਕਿਰਪਾਲ ਖਿੜ ਉੱਠਦੇ ਨੇ। ਨੋਟ ਗਿਣਕੇ ਆਖਦੇ ਨੇ ”ਹੁਣ ਤਾਂ ਕੈਨੇਡੀਅਨ ਵੀ ਸੱਠਾਂ ਨੂੰ ਜਾ ਪੁੱਜਿਆ, ਅਮਰੀਕਣ ਦੇ ਮੌਰੀਂ ਜਾ ਚੜ੍ਹਿਆ ਏ” ਚਿੱਟੀ ਕਾਲੀ ਸੰਵਾਰ ਕੇ ਬੰਨੀ ਦਾੜੀ ਵਿੱਚ ਦੰਦਾਂ ਦੀ ਬੀੜ ਲਿਸ਼ਕ ਪੈਂਦੀ ਹੈ। ਫੇਰ ਉਹ ਰੁਕ ਕੇ ਬੋਲੇ,
”ਪੂਰਾ ਜ਼ੋਰ ਲਾਊਂ ਭਾਸ਼ਾ ਵਿਭਾਗ ਦੇ ਇਨਾਮ ਵਾਲਾ ਕੰਮ ਤਾਂ ਪੱਕਾ ਈ ਸਮਝੋ। ਬਾਕੀ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੀ ਮੀਟਿੰਗ ਕੱਲ ਹੈ। ਪੂਰੀ ਲੌਬੀ ਕਰਾਂਗੇ” ਫੇਰ ਉਹ ਆਪਣੀ ਪਤਨੀ ਨੂੰ ਹਾਕ ਮਾਰ ਕੇ ਪੈਸੇ ਅਤੇ ਬੋਤਲ ਫੜਾਉਂਦਾ, ਚਾਹ ਲਿਆਉਣ ਦੀ ਹਦਾਇਤ ਕਰਦਾ ਹੈ ਅਤੇ ਨਾਲ ਹੀ ਆਖਦਾ ਹੈ ਮੈਂ ਡਾ: ਬਲਰਾਜ ਨੂੰ ਫੋਨ ਕੀਤੈ ਉਸ ਦਾ ਉੱਪਰ ਤੱਕ ਹੱਥ ਪੈਂਦੈ, ਉਸ ਨੂੰ ਵੀ ਮਿਲ ਕੇ ਜਾਇਉ। ਜੇ ਹੁਣ ਆਏ ਹੀ ਹੋਂ ਤਾਂ ਪੱਕਾ ਕੰਮ ਕਰਕੇ ਜਾਇਉ। ਕਿਹੜਾ ਰੋਜ਼ ਰੋਜ਼ ਆ ਹੁੰਦਾ ਏ”
ਸਿਮਰਤ ਟੋਨੀ ਨੂੰ ਕਾਰ ਵਿੱਚ ਹੀ ਚਾਹ ਫੜਾ ਆਈ ਹੈ। ਲਉ ਡਾ: ਬਲਰਾਜ ਜੀ ਵੀ ਏਥੇ ਹੀ ਆ ਗਏ ਹਨ। ਠੂੰਹੇ ਦੀ ਪੂੰਛ ਵਾਂਗ ਖੜੀਆਂ ਮੁੱਛਾਂ, ਮੋਟਾ ਢਿੱਡ ਅਤੇ ਧੁੰਨੀ ਤੋਂ ਉੱਪਰ ਬੰਨੀ ਪੈਂਟ ਕਾਰਨ ਉਹ ਨਿਰਾ ਜੋਕਰ ਲੱਗਦਾ ਹੈ। ਪ੍ਰੋ: ਕਿਰਪਾਲ ਮੇਰੀ ਕੈਨੇਡਾ ਤੋਂ ਆਏ ਮਹੱਤਵਪੂਰਨ ਬੰਦੇ ਦੇ ਤੌਰ ਤੇ ਜਾਣ ਪਛਾਣ ਕਰਵਾਂਉਦੇ ਨੇ। ਮੈਂ ਦੱਸਦਾ ਹਾਂ ਕਿ ਮੈਂ ਟੋਰਾਂਟੋ ਇੱਕ ਕੰਪਨੀ ਵਿੱਚ ਸੁਪਰਵਾਈਜ਼ਰ ਹਾਂ ਤੇ ਕਦੀ ਕਦਾਈ ਮੈਂ ਵੀ ਕਹਾਣੀ ਬਗੈਰਾ ਲਿਖ ਲੈਂਦਾ ਹਾਂ। ਡਾ: ਬਲਰਾਜ ਦੀਆਂ ਬਾਛਾਂ ਖਿਲਦੀਆਂ ਨੇ ”ਕਹਿੰਦਾ ਹੈ ਤੇਰੀਆਂ ਕਹਾਣੀਆਂ ਜੇ ਟੌਪ ਦੇ ਪੇਪਰਾਂ ‘ਚ ਲੁਆ ਦਈਏ? ਇਨਾਮ ਸ਼ਨਾਮ ਵੀ ਸਾਰਾ ਕੁੱਝ ਹੋ ਜੂਸ਼” ਟੋਨੀ ਇਸੇ ਨੂੰ ਦਾਣਾ ਸੁੱਟਣਾ ਕਹਿੰਦਾ ਹੁੰਦਾ ਹੈ। ਮੇਰਾ ਜੀ ਕਰਦਾ ਹੈ ਜਾ ਕੇ ਉਸ ਨੂੰ ਅੰਦਰ ਲੈ ਆਵਾਂ। ਪਰ ਉਹ ਤਾਂ ਮੇਰਾ ਡਰਾਈਵਰ ਹੈ ਇਹਨਾਂ ਪ੍ਰੋਫੈਸਰਾਂ ਨੇ ਉਸ ਨੂੰ ਬਰਾਬਰ ਬਠਾਉਣਾ ਚੰਗਾ ਨੀ ਸਮਝਣਾ। ਤਾਂ ਹੀ ਅੰਦਰ ਲਿਆਉਣ ਦੀ ਬਜਾਏ ਉਸ ਨੂੰ ਚਾਹ ਕਾਰ ਵਿੱਚ ਹੀ ਫੜਾ ਆਏ ਨੇ।
ਪ੍ਰੋ: ਕਿਰਪਾਲ ਨੇ ਬੇਟੀ ਨੂੰ ਹਾਕ ਮਾਰੀ ਹੈ। ਉਹ ਸਾਹਮਣੇ ਆ ਖੜੀ ਹੈ। ਤਾਂ ਉਹ ਬੋਲਦੇ ਨੇ ”ਇਹ ਬੇਟੀ ਵੀ ਅਬਰੌਡ ਜਾਣਾ ਚਾਹੁੰਦੀ ਆ। ਅਸੀਂ ਕਿਸੇ ਵੀ ਕੀਮਤ ਤੇ ਭੇਜਣ ਲਈ ਤਿਆਰ ਹਾਂ ਜੇ ਤੁਸੀਂ ਕੁੱਝ ਕਰ ਸਕਦੇ ਹੋ? ਗੁਰਬੀਰ ਦੱਸਦਾ ਸੀ ਤੁਹਾਡਾ ਵੀ ਸਾਲਾ ਅਜੇ ਵਿਆਹੁਣ ਵਾਲਾ ਹੈ। ਇਹ ਕੰਮ ਜਰੂਰ ਕਰੋ। ਤੁਸੀਂ ਤਾਂ ਜਵਾਈ ਹੋਂ, ਤੁਹਾਨੂੰ ਤਾਂ ਜਵਾਬ ਦੇਣ ਨਹੀਂ ਲੱਗੇ। ਜੇ ਹੋਰ ਕੁੱਝ ਨਾ ਬਣਿਆ ਤਾਂ ਪੁਆਇੰਟ ਸਿਸਟਮ ਤੇ ਕੱਢ ਲਿਉ। ਤੁਹਾਡੇ ਕੋਲ ਜਾ ਕੇ ਰਹਿ ਲਵੇਗੀ। ਇਕ ਕਰਨ ਵਾਲਾ ਕੰਮ ਹੈ। ਜੋ ਵੀ ਤੁਹਾਡਾ ਕੰਮ ਏਧਰ ਹੋਊ ਫੇਰ ਅਸੀਂ ਬੈਠੇ ਆਂ” ਬੀੜ ਇੱਕ ਵਾਰ ਫੇਰ ਲਿਸ਼ਕੀ। ਮੈਂ ਕਹਿਣਾ ਤਾਂ ਚਾਹੁੰਦਾ ਸੀ, ”ਐਦਾਂ ਕਿਤੇ ਖੇਲ ਪਏ ਨੇ ਰਿਸ਼ਤੇ ਕਰਾਉਣੇ” ਪਰ ਇਹਨਾਂ ਨੂੰ ਕਿਹੜਾ ਮੇਰੀ ਗੱਲ ਸਮਝ ਲੱਗਣੀ ਸੀ।
ਮੈਨੂੰ ਪਿਛਲੇ ਸਾਲ ਵਾਲੀ ਗੱਲ ਯਾਦ ਆਈ, ਜਦੋਂ ਇੱਕ ਸਾਹਿਤ ਸਭਾ ਦਾ ਪ੍ਰਧਾਨ ਕਿਸੇ ਮਰੇ ਹੋਏ ਲੇਖਕ ਦੀ ਯਾਦ ਵਿੱਚ ਲਾਇਬਰੇਰੀ ਸਥਾਪਤ ਕਰਨ ਲਈ, ਮੇਰੇ ਤੋਂ ਪੰਜਾਹ ਹਜ਼ਾਰ ਰੁਪਿਆ ਲੈਣ ਲਈ ਪਿੱਛੇ ਪੈ ਗਿਆ ਸੀ। ਏਥੇ ਹੀ ਬੱਸ ਨਹੀਂ ਉਹ ਚਾਹੁੰਦਾ ਸੀ ਮੈਂ ਲੱਖ ਰੁਪਈਆਂ ਸਾਹਿਤ ਸਭਾ ਦੇ ਅਕਾਊਂਟ ਵਿੱਚ ਵੀ ਰੱਖਾਂ, ਜਿਸ ਨਾਲ ਉਹ ਫੰਕਸ਼ਨ ਕਰਵਾ ਕੇ ਹਰ ਵਰੇ ਫੰਕਸ਼ਨ ਇਨਾਮ ਸ਼ਨਾਮ ਵੀ ਦੇ ਦਿਆ ਕਰਨ। ਸ਼ਾਇਦ ਉਹ ਸੋਚਦਾ ਸੀ ਕਿ ਬਾਹਰਲੇ ਮੁਲਕਾਂ ਵਿੱਚ ਪੈਸੇ ਦਰਖਤਾਂ ਨੂੰ ਲੱਗਦੇ ਹਨ। ਪਰ ਇਹ ਵੀ ਕੀ ਗੱਲ ਹੋਈ ਕਿ ਤੁਸੀਂ ਜੀਊਂਦੇ ਲੇਖਕਾਂ ਦਾ ਮਾਸ ਨੋਚੋ ਤੇ ਉਨ੍ਹਾਂ ਨੂੰ ਰਗੜੀ ਜਾਉ, ਮਰ ਚੁੱਕਿਆਂ ਦੀ ਮੜੀਆਂ ਪੂਜੀ ਜਾਉ। ਤੇ ਉਹ ਵੀ ਸਿਰਫ ਆਪਣੇ ਹਿੱਤ ਲਈ।
ਉਹ ਪ੍ਰਧਾਨ ਕੁਤਰੀ ਦਾੜੀ ਨੂੰ ਤੇਲ ਲਾਅ, ਜੀਨ ਦੇ ਨਾਲ ਫਤੂਹੀ ਜਿਹੀ ਪਾ ਕੇ ਰੋਜ਼ ਮੇਰੇ ਦਰਵਾਜ਼ੇ ਆ ਖੜਦਾ। ਕਦੇ ਕੋਈ ਖੜਾ ਬੈਠਾ ਨਾ ਦੇਖਦਾ ਤੇ ਨਾ ਹੀ ਜਾਣ ਆਉਣ ਦਾ ਵਕਤ। ਮੈਂ ਬਥੇਰਾ ਸਮਝਾਇਆ ਕਿ ਮੇਰੇ ਵੀ ਬੱਚਿਆਂ ਦੇ ਬਹੁਤ ਖਰਚ ਨੇ। ਮਸਾਂ ਔਖੇ ਹੋ ਕੇ ਕਰੈਡਿਟ ਕਾਰਡਾਂ ਤੇ ਪੈਸੇ ਚੁੱਕ ਚੁੱਕ ਤਾਂ ਅਸਾਂ ਇੰਡੀਆ ਆਉਂਦੇ ਹਾਂ।             (ਚੱਲਦਾ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …