Breaking News
Home / ਹਫ਼ਤਾਵਾਰੀ ਫੇਰੀ / ਤਿੰਨ ਵਰ੍ਹਿਆਂ ‘ਚ ਵਿਦੇਸ਼ਾਂ ਵਿਚ 2100 ਭਾਰਤੀਆਂ ਦੀ ਮੌਤ

ਤਿੰਨ ਵਰ੍ਹਿਆਂ ‘ਚ ਵਿਦੇਸ਼ਾਂ ਵਿਚ 2100 ਭਾਰਤੀਆਂ ਦੀ ਮੌਤ

logo-2-1-300x105ਰਾਜ ਸਭਾ ਵਿਚ ਵਿਦੇਸ਼ ਰਾਜ ਮੰਤਰੀ ਨੇ ਦਿੱਤੇ ਵੇਰਵੇ
ਹੁਸ਼ਿਆਰਪੁਰ/ਬਿਊਰੋ ਨਿਊਜ਼
ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਰਾਜ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ ਕਿਸੇ ਨਾ ਕਿਸੇ ਦੁਰਘਟਨਾ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਭਾਰਤੀਆਂ ਬਾਰੇ ਜਾਣਕਾਰੀ ਮੰਗੀ। ਉਨ੍ਹਾਂ ਪੁੱਛਿਆ ਕਿ ਕਿੰਨੇ ਪੀੜਤ ਭਾਰਤੀਆਂ ਨੂੰ ਸਰਕਾਰ ਵਾਪਸ ਭਾਰਤ ਲੈ ਕੇ ਆਈ ਅਤੇ ਕੀ ਕੇਂਦਰ ਸਰਕਾਰ ਨੇ ਅਜਿਹੇ ਪੀੜਤਾਂ ਲਈ ਕੋਈ ਵੱਖਰਾ ਸਹਾਇਤਾ ਫੰਡ ਰੱਖਿਆ ਹੋਇਆ ਹੈ।ਖੰਨਾ ਦੇ ਸਵਾਲਾਂ ਦੇ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ 2102 ਭਾਰਤੀਆਂ ਦੀ ਵੱਖ-ਵੱਖ ਕਾਰਨਾਂ ਕਰਕੇ ਵਿਦੇਸ਼ਾਂ ਵਿੱਚ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਲਗਭਗ 1575 ਦੇਹਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚੋਂ ਵਾਪਸ ਭਾਰਤ ਲਿਆਂਦਾ ਗਿਆ। ਇਸ ਤੋਂ ਇਲਾਵਾ 35 ਹਜ਼ਾਰ ਭਾਰਤੀਆਂ, ਜੋ ਭੂਚਾਲ ਕਾਰਨ ਨੇਪਾਲ ਵਿੱਚ ਫਸ ਗਏ ਸਨ, ਨੂੂੰ ਸਹਾਇਤਾ ਪ੍ਰਦਾਨ ਕੀਤੀ ਗਈ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਜੰਗ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤੀਆਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਬਗਦਾਦ ਵਿੱਚ ਫਸੇ ਸੱਤ ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਦਸਤਾਵੇਜ਼, ਇਮੀਗ੍ਰੇਸ਼ਨ ਅਤੇ ਟਿਕਟ ਦੀ ਮੱਦਦ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਐਰਬਿਲ, ਨਜ਼ਾਫ, ਕਰਬਲਾ ਅਤੇ ਬਸਰਾ ਵਿੱਚ ਵਿਸ਼ੇਸ਼ ਕੈਂਪ ਲਗਾ ਗਏ ਅਤੇ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕੀਤੀ ਗਈ ਤਾਂ ਜੋ ਇਰਾਕ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਇਰਾਕ ਵਿੱਚ ਰਹਿ ਰਹੇ ਭਾਰਤੀਆਂ ਅਤੇ ਇੱਥੇ ਰਹਿ ਰਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਇਰਾਕ ਸਰਕਾਰ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਤਾਂ ਜੋ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 39 ਭਾਰਤੀਆਂ ਦਾ ਇੱਕ ਗਰੁੱਪ, ਜੋ ਮੋਜੂਲ ਦੀ ਇੱਕ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਜਿਸ ਨੂੰ ਆਈ.ਐਸ.ਆਈ.ਐਸ ਵੱਲੋਂ ਅਗਵਾ ਕਰ ਲਿਆ ਗਿਆ ਸੀ, ਨੂੰ ਛੁਡਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 3600 ਭਾਰਤੀਆਂ ਨੂੰ ਲੀਬੀਆ ਤੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ ਜਦੋਂਕਿ ਇਕ ਅਨੁਮਾਨ ਮੁਤਾਬਿਕ ਦੋ ਹਜ਼ਾਰ ਭਾਰਤੀ ਅਜੇ ਵੀ ਲਿਬੀਆ ਵਿੱਚ ਹਨ ਅਤੇ ਇਨ੍ਹਾਂ ਨੂੰ ਵਾਪਸ ਲਿਆਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਪਰੈਲ 2015 ਵਿੱਚ ਯਮਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਅਪਰੇਸ਼ਨ ਰਾਹਤ ਚਲਾਇਆ ਗਿਆ ਸੀ ਅਤੇ ਇਸ ਅਭਿਆਨ ਤਹਿਤ 6710 ਲੋਕਾਂ, ਜਿਨ੍ਹਾਂ ਵਿਚ 4748 ਭਾਰਤੀ ਅਤੇ 1962 ਹੋਰਨਾਂ ਦੇਸ਼ਾਂ ਨਾਲ ਸਬੰਧਤ ਸਨ, ਨੂੰ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਦੁਆਰਾ 24 ਘੰਟੇ ਹੈਲਪਲਾਈਨ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਨਾ ਦੀ ਅੰਬੈਸੀ ਵਿੱਚ ਇੱਕ ਹੈਲਪਲਾਈਨ ਸਥਾਪਤ ਕੀਤੀ ਗਈ ਹੈ ਅਤੇ ਦਜੀਬੋਟੀ ਵਿੱਚ ਇੱਕ ਕੈਂਪ ਵੀ ਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੰਤਰਾਲੇ ਵੱਲੋਂ ਪੀੜਤਾਂ ਦੀ ਮੱਦਦ ਲਈ ਇੰਡੀਅਨ ਰੇਲਵੇ ਅਤੇ ਰਾਜ ਸਰਕਾਰਾਂ ਨਾਲ ਸੰਪਰਕ ਬਣਾਇਆ ਹੋਇਆ ਹੈ ਤਾਂ ਜੋ ਉਨ੍ਹਾਂ ਪੀੜਤਾਂ ਨੂੰ ਸਿਹਤ, ਆਵਾਜਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਜੋ ਲੋਕ ਯਮਨ ਤੋਂ ਮੁੰਬਈ ਅਤੇ ਕੋਚੀ ਪਹੁੰਚੇ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇੰਡੀਅਨ ਕਮਿਊਨਿਟੀ ਵੈਲਫੇਅਰ ਫੰਡ ਸਥਾਪਤ ਕੀਤਾ ਗਿਆ ਹੈ ਤਾਂ ਜੋ ਭਾਰਤੀਆਂ ਨੂੰ ਹਰ ਸੰਭਵ ਸੁਰੱਖਿਆ ਅਤੇ ਸਹਿਯੋਗ ਦਿੱਤਾ ਜਾ ਸਕੇ।

Check Also

ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ

45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ …