Breaking News
Home / ਨਜ਼ਰੀਆ / ਕੈਨੇਡਾ ਕਬੱਡੀ ਕੱਪ ਵਿਚ ਓਨਟਾਰੀਓ ਦੀ ਝੰਡੀ

ਕੈਨੇਡਾ ਕਬੱਡੀ ਕੱਪ ਵਿਚ ਓਨਟਾਰੀਓ ਦੀ ਝੰਡੀ

ਪ੍ਰਿੰ. ਸਰਵਣ ਸਿੰਘ
20 ਅਗੱਸਤ ਨੂੰ ਟੋਰਾਂਟੋ ਦੇ ਪਾਵਰੇਡ ਸੈਂਟਰ ‘ਚ ਖੇਡਿਆ ਗਿਆ 27ਵਾਂ ਕੈਨੇਡਾ ਕਬੱਡੀ ਕੱਪ ਓਨਟਾਰੀਓ ਦੀ ਟੀਮ ਨੇ ਜਿੱਤਿਆ। ਉਸ ਨੇ ਫਾਈਨਲ ਮੈਚ ਵਿਚ ਬੀ.ਸੀ. ਦੀ ਟੀਮ ਨੂੰ 53-48 ਅੰਕਾਂ ਨਾਲ ਹਰਾਇਆ। ਸੰਦੀਪ ਲੁਧੜ ਬੈੱਸਟ ਰੇਡਰ ਤੇ ਕਮਲ ਟਿੱਬੇਵਾਲਾ ਵਧੀਆ ਜਾਫੀ ਅਲੈਾਨੇ ਗਏ। ਇਸ ਕੱਪ ਨੂੰ ਵੇਖਣ ਦੀ ਟਿਕਟ 50 ਤੇ 70 ਡਾਲਰ ਸੀ। ਪੰਜ ਹਜ਼ਾਰ ਸੀਟਾਂ ਵਾਲੇ ਇਨਡੋਰ ਸਟੇਡੀਅਮ ਦੀ ਕੋਈ ਸੀਟ ਖਾਲੀ ਨਹੀਂ ਰਹੀ। ਇਕ ਹਜ਼ਾਰ ਤੋਂ ਵੱਧ ਦਰਸ਼ਕ ਤਾਂ ਕਬੱਡੀ ਖਿਡਾਰੀ, ਸਾਬਕਾ ਖਿਡਾਰੀ ਤੇ ਕਬੱਡੀ ਕਲੱਬਾਂ ਨਾਲ ਸਿੱਧਾ-ਅਸਿੱਧਾ ਜੁੜੇ ਮੈਂਬਰ ਹੀ ਸਨ। ਹਜ਼ਾਰ ਕੁ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੋਣਗੇ। ਹਜ਼ਾਰ ਕੁ ਮੌਜ-ਮੇਲਾ ਮਨਾਉਣ ਵਾਲੇ ਤੇ ਬਾਕੀ ਆਮ ਕਬੱਡੀ ਪ੍ਰੇਮੀ ਸਨ। ਇੰਗਲੈਂਡ ਤੋਂ ਤਾਰਾ ਘਣਗਸ, ਵੈਨਕੂਵਰ ਤੋਂ ਗੁਰਜੀਤ ਪੁਰੇਵਾਲ, ਇੰਡੀਆ ਤੋਂ ਦੇਵੀ ਦਿਆਲ ਤੇ ਬਲਵਿੰਦਰ ਫਿੱਡਾ ਅਤੇ ਹੋਰ ਕਈ ਨਾਮੀ ਖਿਡਾਰੀ ਦੂਰ ਦੁਰਾਡਿਓਂ ਪੁੱਜੇ ਸਨ।
ਦਰਸ਼ਕਾਂ ਵਿਚ ਅੱਧਿਓਂ ਵੱਧ ਬਜ਼ੁਰਗ ਸਨ ਜਿਨ੍ਹਾਂ ‘ਚੋਂ ਬਹੁਤਿਆਂ ਦੀਆਂ ਦਾੜ੍ਹੀਆਂ ਲਹਿਰਾਅ ਰਹੀਆਂ ਸਨ ਤੇ ਰੰਗ ਬਰੰਗੀਆਂ ਪੱਗਾਂ ਨੇ ਸਟੇਡੀਅਮ ਵਿਚ ਬਹਾਰ ਲਿਆਂਦੀ ਹੋਈ ਸੀ। ਨੌਜੁਆਨ ਦਰਸ਼ਕ ਨਾਮਾਤਰ ਸਨ ਜਦ ਕਿ ਬੀਬੀ ਕੋਈ ਨਹੀਂ ਸੀ। ਕੈਨੇਡਾ ਮਾਡਰਨ ਮੁਲਕ ਹੈ, ਫਿਰ ਵੀ ਪਤਾ ਨਹੀਂ ਕਿਉਂ ਬੀਬੀਆਂ ਕਬੱਡੀ ਦੇ ਟੂਰਨਾਮੈਂਟ ਵੇਖਣ ਨਹੀਂ ਆਉਂਦੀਆਂ ਜਾਂ ਆਉਣ ਨਹੀਂ ਦਿੱਤੀਆਂ ਜਾਂਦੀਆਂ? ਕਬੱਡੀ ਫੈਡਰੇਸ਼ਨਾਂ ਇਸ ਪਾਸੇ ਜ਼ਰੂਰ ਸੋਚਣਾ ਚਾਹੀਦੈ। ਹੋਰ ਨਹੀਂ ਤਾਂ ਕਬੱਡੀ ਕਲੱਬਾਂ ਆਪੋ ਆਪਣੇ ਪਰਿਵਾਰ ਤਾਂ ਲਿਆ ਹੀ ਸਕਦੇ ਹਨ। ਫਿਰ ਉਨ੍ਹਾਂ ਦੀ ਰੀਸ ਹੋਰ ਪਰਿਵਾਰ ਵੀ ਕਰ ਲੈਣਗੇ। ਹਾਕੀ ਦੇ ਟੂਰਨਾਮੈਂਟਾਂ ‘ਚ ਪਰਿਵਾਰਾਂ ਦੇ ਪਰਿਵਾਰ ਆਏ ਵੇਖੀਦੇ ਹਨ। ਹੋਰਨਾਂ ਖੇਡਾਂ ਵਿਚ ਵੀ ਖਿਡਾਰੀਆਂ ਦੀਆਂ ਮਾਵਾਂ, ਪਤਨੀਆਂ ਤੇ ਧੀਆਂ-ਭੈਣਾਂ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੀਆਂ ਵੇਖੀਦੀਆਂ ਹਨ। ਕੀ ਕਬੱਡੀ ਕੱਪ ਕਰਾਉਣ ਵਾਲੇ ਅਗਲੇ ਕੱਪਾਂ ਵੇਲੇ ਅਜਿਹਾ ਕਰਨਗੇ? ਇਸ ਕੱਪ ਵਿਚ ਕਬੱਡੀ ਦੇ ਕਿਸੇ ਅੰਕ ‘ਤੇ ਕੋਈ ਖ਼ਾਸ ਰੌਲਾ-ਰੱਪਾ ਨਹੀਂ ਪਿਆ ਜਿਹੜਾ ਕਿ ਕਬੱਡੀ ਮੈਚਾਂ ਵਿਚ ਅਕਸਰ ਪਿਆ ਕਰਦੈ। ਖੇਡ ਬਿਨਾਂ ਰੁਕੇ ਚਲਦੀ ਰਹੀ ਅਤੇ ਖੁਸ਼ੀ ਦੀ ਗੱਲ ਇਹ ਕਿ ਕਿਸੇ ਨੇ ਕੋਈ ਬੋਤਲ ਬਗੈਰਾ ਵਗਾਹ ਕੇ ਕਬੱਡੀ ਦੇ ਦਾਇਰੇ ਵਿਚ ਨਹੀਂ ਮਾਰੀ। ਇਸ ਗੱਲੋਂ ਦਰਸ਼ਕਾਂ ਦਾ ਧੰਨਵਾਦ। ਉਂਜ ਪ੍ਰਬੰਧਕਾਂ ਨੇ ਪਹਿਲਾਂ ਹੀ ਪੇਸ਼ਬੰਦੀ ਕੀਤੀ ਸੀ ਕਿ ਕੋਈ ਦਰਸ਼ਕ ਪਾਣੀ ਦੀ ਬੋਤਲ ਵੀ ਅੰਦਰ ਨਾ ਲਿਆ ਸਕੇ। ਸਟੇਡੀਅਮ ਦੇ ਦਰ ‘ਤੇ ਤਲਾਸ਼ੀ ਸੀ। ਫਿਰ ਵੀ ਜੁਗਤੀ/ ਜੁਗਾੜੀ ਪਿਆਕੜ ਕਿਸੇ ਨਾ ਕਿਸੇ ਤਰੀਕੇ ਦਾਅ ਲਾ ਹੀ ਗਏ ਪਰ ਰਹੇ ਹਿਸਾਬ ਕਿਤਾਬ ‘ਚ। ਕੱਪ ‘ਚ ਖੇਡਣ ਵਾਲੇ ਕਿਸੇ ਵੀ ਖਿਡਾਰੀ ਦਾ ਡੋਪ ਟੈਸਟ ਨਹੀਂ ਕੀਤਾ ਗਿਆ ਜਿਸ ਕਰਕੇ ਸੰਭਵ ਹੈ ਡੋਪੀ ਖਿਡਾਰੀ ਵੀ ਰੇਡਾਂ ਪਾਉਣ ਤੇ ਜੱਫੇ ਲਾਉਣ ਦੇ ਦਾਅ ਲਾ ਗਏ ਹੋਣ! ਹਰ ਵਾਰ ਕਿਹੈ ਜਾਂਦੈ ਕਿ ਡੋਪ ਟੈੱਸਟ ਕਰਾਵਾਂਗੇ ਪਰ ਕਰਾਏ ਫਿਰ ਵੀ ਨਹੀਂ ਜਾਂਦੇ। ਡਰ ਪਤਾ ਨਹੀਂ ਕਿਸ ਗੱਲ ਦਾ ਹੈ?
ਇਸ ਵਾਰ ਦਾ ਕੱਪ ਕਰਾਉਣ ਦੀ ਵਾਰੀ ਡਿਕਸੀ ਟੋਰਾਂਟੋ ਸਪੋਰਟਸ ਕਲੱਬ ਦੀ ਸੀ ਜਿਸ ਨੇ ਕੱਪ ਸੁਖੀਂ ਸਾਂਦੀਂ ਨੇਪਰੇ ਚਾੜ੍ਹਿਆ। ਟੀਮਾਂ ਦੇ ਸਾਰੇ ਹੀ ਮੈਚ ਬੜੇ ਕਾਂਟੇਦਾਰ ਰਹੇ ਤੇ ਖਿਡਾਰੀ ਵੀ ਸੱਟਾਂ ਫੇਟਾਂ ਤੋਂ ਬਚੇ ਰਹੇ। ਕੁਲ ਸੱਤ ਟੀਮਾਂ ਸਨ ਜਿਨ੍ਹਾਂ ਦੇ ਨਾਂ ਸਨ ਇੰਡੀਆ, ਅਮਰੀਕਾ, ਇੰਗਲੈਂਡ ਰੈੱਡ, ਇੰਗਲੈਂਡ ਬਲਿਊ, ਓਨਟਾਰੀਓ ਤੇ ਦੋ ਟੀਮਾਂ ਬੀ. ਸੀ.ਦੀਆਂ। ਇੰਗਲੈਂਡ ਤੇ ਬੀ. ਸੀ. ਦੀਆਂ ਦੋ-ਦੋ ਟੀਮਾਂ ਇਸ ਕਰਕੇ ਕਿ ਉਥੇ ਦੋ-ਦੋ ਕਬੱਡੀ ਫੈਡਰੇਸ਼ਨਾਂ ਹਨ। ਪਾਕਿਸਤਾਨ ਦੀ ਟੀਮ ਦੇ ਆਉਣ ਦਾ ਪਰਚਾਰ ਕੀਤਾ ਗਿਆ ਸੀ ਪਰ ਆਈ ਨਹੀਂ। ਪਾਕਿਸਤਾਨ ਦੀ ਟੀਮ ਦੇ ਨਾਂ ‘ਤੇ ਕੱਪ ਹਫ਼ਤਾ ਪਹਿਲਾਂ ਹੀ ‘ਸੋਲਡ ਆਊਟ’ ਹੋ ਗਿਆ ਸੀ। ਮੌਕੇ ‘ਤੇ ਪਹੁੰਚੇ ਬਿਨਟਿਕਟੇ ਸਟੇਡੀਅਮ ਅੰਦਰ ਨਹੀਂ ਜਾ ਸਕੇ। ਦੇਸ਼ਾਂ ਦੇ ਨਾਂ ਤਾਂ ਸਿਰਫ਼ ਨਾਂ ਹੀ ਸਨ ਵੈਸੇ ਵਧੇਰੇ ਇੰਡੀਆ ਦੇ ਖਿਡਾਰੀ ਹੀ ਵੱਖ-ਵੱਖ ਟੀਮਾਂ ਵਿਚ ਪਾਏ ਗਏ ਸਨ ਤਾਂ ਕਿ ਟੀਮਾਂ ਬਰਾਬਰ ਦੀਆਂ ਬਣਨ। ਬੀ. ਸੀ. ਨੇ ਸਭ ਤੋਂ ਮਹਿੰਗੇ ਖਿਡਾਰੀ ਖਰੀਦੇ ਸਨ ਪਰ ਉਨ੍ਹਾਂ ਦੀ ਟੀਮ ਫਾਈਨਲ ਵਿਚ ਓਨਟਾਰੀਓ ਤੋਂ ਹਾਰ ਗਈ। ਇੰਗਲੈਂਡ ਦਾ ਨਾਮੀ ਖਿਡਾਰੀ ਸੰਦੀਪ ਸੰਧੂ ਇੰਗਲੈਂਡ ਦੀ ਥਾਂ ਓਨਟਾਰੀਓ ਵੱਲੋਂ ਖੇਡਿਆ। ਇੰਗਲੈਂਡ ਵਾਲੇ ਬੈਠੇ ਬਿੱਟ-ਬਿੱਟ ਵੇਖਦੇ ਰਹੇ। ਤੌਲੀਏ ਤੇ ਪਾਣੀ ਦੀਆਂ ਬੋਤਲਾਂ ਚੁੱਕੀ ‘ਕਬੱਡੀ ਕੋਚ’ ਦਾਇਰੇ ਵਿਚ ਖਿਡਾਰੀਆਂ ਦੁਆਲੇ ਗੇੜੇ ਕੱਢਦੇ ਰਹੇ ਅਤੇ ਵਿਚ-ਵਿਚਾਲੇ ਰੈਫਰੀਆਂ ਦੇ ਫੈਸਲਿਆਂ ਉਤੇ ਕਿੰਤੂ-ਪ੍ਰੰਤੂ ਵੀ ਕਰਦੇ ਰਹੇ। ਕਬੱਡੀ ਦੇ ਦਾਇਰੇ ਵਿਚ ਖਿਡਾਰੀਆਂ ਤੇ ਰੈਫਰੀਆਂ ਤੋਂ ਬਿਨਾਂ ਕਿਸੇ ਹੋਰ ਦਾ ਭਲਵਾਨੀ ਗੇੜੇ ਕੱਢਣਾ ਖੇਡ ਅਸੂਲਾਂ ਦੇ ਉਲਟ ਗਿਣਿਆ ਜਾਂਦੈ।
ਟੋਰਾਂਟੋ ਦਾ ਕੈਨੇਡਾ ਕਬੱਡੀ ਕੱਪ ਪੰਜਾਬ ਦੇ ਕਬੱਡੀ ਵਿਸ਼ਵ ਕੱਪ ਵਰਗਾ ਹੀ ਕਬੱਡੀ ਦਾ ਸਿਖਰਲਾ ਟੂਰਨਾਮੈਂਟ ਗਿਣਿਆ ਜਾਂਦੈ। ਇਹ 1991 ਤੋਂ ਹਰ ਸਾਲ ਹੋ ਰਿਹੈ। ਕਦੇ ਇਸ ਦਾ ਨਾਂ ਵਰਲਡ ਕੱਪ ਤੇ ਕਦੇ ਆਲਮੀ ਕਬੱਡੀ ਚੈਂਪੀਅਨਸ਼ਿਪ ਰੱਖਣ ਪਿੱਛੋਂ 2008 ਤੋਂ ਇਸ ਦਾ ਨਾਂ ਕੈਨੇਡਾ ਕਬੱਡੀ ਕੱਪ ਰੱਖਿਆ ਗਿਆ। ਇਸ ਦਾ ਇਨਾਮ ਲੱਕ ਜਿੱਡੇ ਕੱਪ ਦੇ ਨਾਲ ਗਿਆਰਾਂ ਹਜ਼ਾਰ ਡਾਲਰ ਹੈ ਤੇ ਦੂਜਾ ਇਨਾਮ ਨੌਂ ਹਜ਼ਾਰ ਡਾਲਰ। ਤਕੜੇ ਖਿਡਾਰੀਆਂ ਦਾ ਦੋ-ਤਿੰਨ ਮੈਚ ਖੇਡਣ ਦਾ ਭਾਅ ਪੰਜ ਛੇ ਹਜ਼ਾਰ ਡਾਲਰ ਤਕ ਚਲਾ ਜਾਂਦੈ। ਇਕ ਵਾਰ ਇਕ ਖਿਡਾਰੀ ਨੂੰ ਇਹ ਕੱਪ ਖੇਡਣ ਬਦਲੇ ਦਸ ਹਜ਼ਾਰ ਡਾਲਰ ਤੋਂ ਵੀ ਵੱਧ ਨਾਵਾਂ ਮਿਲਿਆ ਸੀ। ਕਿਹਾ ਜਾਂਦੈ ਕਿ ਇਕ ਖਿਡਾਰੀ ਨੂੰ ਚੌਦਾਂ ਹਜ਼ਾਰ ਡਾਲਰ ਦੀ ਪੇਸ਼ਕਸ਼ ਹੋਈ ਸੀ। ਕਿਸੇ-ਕਿਸੇ ਖਿਡਾਰੀ ਨੂੰ ਦੋ-ਚਾਰ ਹਜ਼ਾਰ ਡਾਲਰ ਦਾ ਇਨਾਮ ਵੀ ਮਿਲ ਜਾਂਦੈ। ਸੰਦੀਪ ਦੋ ਹਜ਼ਾਰ ਇਨਾਮ ਚੁੱਕਦਾ-ਚੁੱਕਦਾ ਰਹਿ ਗਿਆ।
ਟੋਰਾਂਟੋ ਦਾ ਪਹਿਲਾ ਕੈਨੇਡਾ ਕੱਪ 10 ਅਗੱਸਤ 1991 ਨੂੰ ਵਰਸਿਟੀ ਸਟੇਡੀਅਮ ‘ਚ ਕਰਵਾਇਆ ਗਿਆ ਸੀ ਜਿਸ ਦੀ ਟਿਕਟ ਪੰਜ ਡਾਲਰ ਰੱਖੀ ਗਈ ਸੀ। ਟੋਰਾਂਟੋ ਦੇ ਮੇਅਰ ਆਰਟ ਐਗਲਟਨ ਨੇ ਟੂਰਨਾਮੈਂਟ ਦਾ ਸ਼ੁਭ ਅਰੰਭ ਕੀਤਾ। ਇੰਗਲੈਂਡ, ਸਕਾਟਲੈਂਡ, ਇੰਡੀਆ, ਕੈਨੇਡਾ ਪੂਰਬੀ, ਕੈਨੇਡਾ ਪੱਛਮੀ ਤੇ ਅਮਰੀਕਾ ਦੇ ਨਾਂ ‘ਤੇ ਛੇ ਟੀਮਾਂ ਖੇਡੀਆਂ। ਫਾਈਨਲ ਮੈਚ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਵਿਚਕਾਰ ਹੋਇਆ। ਭਾਰਤ ਦੇ ਬਲਵਿੰਦਰ ਫਿੱਡੂ ਤੇ ਜਸਬੀਰ ਮੰਗੀ ਵਰਗੇ ਤਕੜੇ ਖਿਡਾਰੀ ਅਮਰੀਕਾ ਵੱਲੋਂ ਖੇਡੇ ਜਿਸ ਕਰਕੇ ਅਮਰੀਕਾ ਦੀ ਟੀਮ ਕੱਪ ਜਿੱਤ ਗਈ।
1995 ਦਾ ਕੈਨੇਡਾ ਕੱਪ ਕਬੱਡੀ ਦੇ ਇਤਿਹਾਸ ਵਿਚ ਮੀਲ ਪੱਥਰ ਸਿੱਧ ਹੋਇਆ। ਇਸ ਨੂੰ ਆਲਮੀ ਕਬੱਡੀ ਚੈਂਪੀਅਨਸ਼ਿਪ ਦਾ ਨਾਂ ਦਿੱਤਾ ਗਿਆ ਸੀ। ਇਸ ਦਾ ਪ੍ਰਬੰਧ ਤਿੰਨ ਕਲੱਬਾਂ ਓਨਟਾਰੀਓ ਕਬੱਡੀ ਕਲੱਬ, ਦੇਸ਼ਭਗਤ ਸਪੋਰਟਸ ਕਲੱਬ ਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਨੇ ਮਿਲ ਕੇ ਕੀਤਾ। ਇਸ ਵਿਚ ਪਾਕਿਸਤਾਨ ਦੀ ਟੀਮ ਵੀ ਸ਼ਾਮਲ ਹੋਈ। ਹੈਮਿਲਟਨ ਦੇ ਇਨਡੋਰ ਕੌਪਿਸ ਕੋਲੀਜ਼ੀਅਮ ਵਿਚ ਮੈਟ ਵਿਛਾਈ ਗਈ ਜਿਸ ਉਤੇ ਕਬੱਡੀ ਮੈਚ ਖੇਡੇ ਗਏ। ਕੁਮੈਂਟੇਟਰ ਵਜੋਂ ਮੈਂ ਵੀ ਟੋਰਾਂਟੋ ਪਹੁੰਚਾ। ਦਾਰਾ ਸਿੰਘ ਗਰੇਵਾਲ ਪਹਿਲਾਂ ਹੀ ਟੋਰਾਂਟੋ ਦੇ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਦਾ ਸੀ। ਉਹ ਵੀ ਆਨਰੇਰੀ। ਅੱਜ ਕੱਲ੍ਹ ਉਹਦੀ ਕੋਈ ਪੁੱਛ-ਦੱਸ ਨਹੀਂ। ਉਹ ਕੱਪ ਵਿਚ ਕਿਤੇ ਨਹੀਂ ਦਿਸਿਆ। 1995 ਤਕ ਕੌਡੀ ਰੜੇ ਮੈਦਾਨਾਂ ਤੋਂ ਘਾਹ ਵਾਲੇ ਪਾਰਕਾਂ ਵਿਚ ਹੁੰਦੀ ਹੋਈ ਮੈਟ ਉਤੇ ਪੁੱਜ ਗਈ।
ਕੌਪਿਸ ਕੋਲੀਜ਼ੀਅਮ ਵਿਚ ਚੌਦਾਂ ਹਜ਼ਾਰ ਦਰਸ਼ਕਾਂ ਨੇ ਟਿਕਟਾਂ ਲੈ ਕੇ ਕਬੱਡੀ ਮੈਚ ਵੇਖੇ। ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜੋ ਭਾਰਤ ਦੀ ਟੀਮ ਨੇ ਜਿੱਤਿਆ। ਹਰਜੀਤ ਬਰਾੜ ਸਰਬੋਤਮ ਧਾਵੀ ਤੇ ਜਗਤਾਰ ਧਨੌਲਾ ਸਰਬੋਤਮ ਜਾਫੀ ਐਲਾਨੇ ਗਏ। ਕੁਝ ਦਿਨਾਂ ਬਾਅਦ ਵੈਨਕੂਵਰ ਦੇ ਇਨਡੋਰ ਸਟੇਡੀਅਮ ਬੀ. ਸੀ. ਪਲੇਸ ਵਿਚ ਕਬੱਡੀ ਦਾ ਵਰਲਡ ਕੱਪ ਕਰਵਾਇਆ ਗਿਆ ਜੋ ਫਿਰ ਭਾਰਤ ਦੀ ਟੀਮ ਨੇ ਜਿੱਤਿਆ। ਭਾਰਤ ਤੇ ਪਾਕਿਸਤਾਨ ਦੇ ਮੈਚ ਵਿਚ ਇਕ ਜੱਫੇ ਉਤੇ ਲੱਖ ਰੁਪਏ ਦਾ ਇਨਾਮ ਲੱਗ ਗਿਆ ਪਰ ਜੱਫਾ ਨਾ ਲੱਗਾ। ਉਥੇ ਨੁਸਰਤ ਫਤਿਹ ਅਲੀ ਖਾਂ ਨੇ ਵੀ ਗਾਇਕੀ ਦਾ ਸ਼ੋਅ ਪੇਸ਼ ਕੀਤਾ। ਪਰਵਾਸੀ ਪੰਜਾਬੀਆਂ ਵੱਲੋਂ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਪਾਏ ਯੋਗਦਾਨ ਦੇ ਸਿੱਟੇ ਵਜੋਂ ਹੀ ਪੰਜਾਬ ਦਾ ਕਬੱਡੀ ਵਰਲਡ ਕੱਪ ਵਜੂਦ ਵਿਚ ਆਇਆ। ਇਸ ਦੀ ਕਾਮਯਾਬੀ ਦਾ ਸਿਹਰਾ ਕਿਸੇ ਇਕ ਵਿਅਕਤੀ ਦੇ ਸਿਰ ਨਹੀਂ ਸਗੋਂ ਸਾਰੇ ਪੰਜਾਬੀਆਂ ਦੇ ਸਿਰ ਹੈ।
ਇੰਗਲੈਂਡ, ਕੈਨੇਡਾ, ਅਮਰੀਕਾ ਤੇ ਹੋਰ ਮੁਲਕਾਂ ਦੇ ਕਬੱਡੀ ਪ੍ਰਮੋਟਰਾਂ ਦਾ ਕਬੱਡੀ ਦੀ ਖੇਡ ਨੂੰ ਪ੍ਰਫੁੱਲਤ ਕਰਨ ਵਿਚ ਬੜਾ ਵੱਡਾ ਯੋਗਦਾਨ ਹੈ। ਪਿਛਲੇ ਕੁਝ ਸਾਲਾਂ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ, ਮਲਾਇਆ, ਸਿੰਗਾਪੁਰ, ਡੁਬਈ, ਇਰਾਨ, ਕੀਨੀਆ, ਇਟਲੀ, ਸਪੇਨ, ਨਾਰਵੇ, ਹਾਲੈਂਡ, ਬੈਲਜੀਅਮ ਤੇ ਕੁਝ ਹੋਰ ਯੂਰਪੀ ਮੁਲਕਾਂ ਦੇ ਕਬੱਡੀ ਪ੍ਰੇਮੀ ਵੀ ਨਾਲ ਰਲ ਗਏ ਹਨ। ਇੰਜ ਜਿਨ੍ਹਾਂ ਮੁਲਕਾਂ ਵਿਚ ਪੰਜਾਬੀਆਂ ਦੀ ਵਾਹਵਾ ਵਸੋਂ ਹੈ ਉਥੇ ਕਬੱਡੀ ਦੇ ਟੂਰਨਾਮੈਂਟ ਹੋਣ ਲੱਗ ਪਏ ਹਨ। ਕਥਿਤ ਕਬੱਡੀ ਵਰਲਡ ਕੱਪ ਇੰਗਲੈਂਡ, ਕੈਨੇਡਾ ਤੇ ਅਮਰੀਕਾ ਅਤੇ ਹੋਰ ਮੁਲਕਾਂ ਵਿਚ ਕਈ ਸਾਲਾਂ ਤੋਂ ਹੁੰਦੇ ਆ ਰਹੇ ਹਨ। ਇੰਟਰਨੈਸ਼ਨਲ ਨਾਂ ਦੇ ਕਬੱਡੀ ਟੂਰਨਾਮੈਂਟਾਂ ਦਾ ਤਾਂ ਕੋਈ ਲੇਖਾ ਹੀ ਨਹੀਂ। ਦਰਜਨਾਂ ਕਬੱਡੀ ਟੂਰਨਾਮੈਂਟਾਂ ਦਾ ਨਾਂ ਅੰਤਰਰਾਸ਼ਟਰੀ ਕੱਪ ਰੱਖਿਆ ਜਾ ਚੁੱਕੈ।
ਅਮਰੀਕਾ ਵਿਚ ਨਿਊਯਾਰਕ, ਸ਼ਿਕਾਗੋ, ਸਿਆਟਲ ਤੇ ਕੈਲੇਫੋਰਨੀਆ ਦੇ ਕਈ ਸ਼ਹਿਰਾਂ ਵਿਚ ਇੰਟਰਨੈਸ਼ਨਲ ਕਬੱਡੀ ਕੱਪ ਹੁੰਦੇ ਆ ਰਹੇ ਹਨ। 1990 ਵਿਚ ਮੈਨੂੰ ਖ਼ੁਦ ਯੂਬਾ ਸਿਟੀ ਦੇ ਕਬੱਡੀ ਟੂਰਨਮੈਂਟ ਵਿਚ ਵਿਸਲ ਫੜ ਕੇ ਮੈਚ ਖਿਡਾਉਣ ਦਾ ਮੌਕਾ ਮਿਲਿਆ। ਮੈਚ ਇੰਗਲੈਂਡ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਸੀ। ਹੇਵਰਡ ਯੂਨੀਵਰਸਿਟੀ, ਸੈਕਰਾਮੈਂਟੋ, ਫਰਿਜ਼ਨੋ, ਸੈਲਮਾ, ਸੈਨਹੋਜ਼ੇ, ਮਡੈਸਟੋ, ਯੂਨੀਅਨ ਸਿਟੀ, ਬੇਕਰਸਫੀਲਡ ਤੇ ਕੁਝ ਹੋਰ ਥਾਵਾਂ ਦੇ ਕਬੱਡੀ ਕੱਪ ਵੇਖੇ ਹਨ। ਸ਼ਿਕਾਗੋ ਵਿਚ ਦੋ ਇੰਟਰਨੈਸ਼ਨਲ ਕੱਪ ਹੁੰਦੇ ਹਨ ਤੇ ਦੋ ਇੰਟਰਨੈਸ਼ਨਲ ਕੱਪ ਸਿਆਟਲ ਵਾਲੇ ਕਰਵਾ ਰਹੇ ਹਨ। ਸਿਨਸਿਨੈਟੀ, ਕਲੀਵਲੈਂਡ, ਫਿਲਾਡੈਲਫੀਆ, ਹਿਊਸਟਨ, ਇੰਡੀਅਨਐਲੋਲਿਸ, ਡੇਅਟਨ ਤੇ ਡਿਟਰਾਇਟ ਵਿਚ ਵੀ ਕਬੱਡੀ ਦੇ ਟੂਰਨਾਮੈਂਟ ਹੋਣ ਲੱਗ ਪਏ ਹਨ। ਵੈਨਕੂਵਰ, ਸਰੀ, ਐਬਟਸਫੋਰਡ, ਕਲੋਨਾ, ਕੈਲਗਰੀ, ਐਡਮਿੰਟਨ, ਵਿਨੀਪੈੱਗ, ਮਾਂਟਰੀਅਲ ਆਦਿ ਸ਼ਹਿਰਾਂ ਵਿਚ ਵੀ ਕਬੱਡੀ ਕੱਪ ਹੁੰਦੇ ਹਨ। ਉਨ੍ਹਾਂ ਸਾਰੇ ਕੱਪਾਂ ਦਾ ਵਿਸਥਾਰ ਸਹਿਤ ਵੇਰਵਾ ਮੈਂ ਆਪਣੀ ਪੁਸਤਕ ‘ਮੇਲੇ ਕਬੱਡੀ ਦੇ’ ਵਿਚ ਦਿੱਤਾ ਹੈ। ਕਬੱਡੀ ਦੇ ਮਸਲਿਆਂ ਬਾਰੇ ਇਕ ਹੋਰ ਕਿਤਾਬ ‘ਕਿੱਸਾ ਕਬੱਡੀ ਦਾ’ ਲਿਖੀ ਹੈ।
ਕੈਨੇਡਾ ਵਿਚ ਕਬੱਡੀ ਦੇ ਟੂਰਨਾਮੈਂਟ ਬ੍ਰਿਟਿਸ਼ ਕੋਲੰਬੀਆ ‘ਚ 1970 ਤੋਂ ਸ਼ੁਰੂ ਹੋਏ ਸਨ ਤੇ ਟੋਰਾਂਟੋ ‘ਚ 1975 ਤੋਂ। 1964 ਵਿਚ ਵੈਨਕੂਵਰ ‘ਚ ਖਾਲਸਾ ਸਪੋਰਟਸ ਕਲੱਬ ਹੋਂਦ ਵਿਚ ਆ ਗਈ ਸੀ ਜੋ ਉੱਤਰੀ ਅਮਰੀਕਾ ‘ਚ ਪੰਜਾਬੀਆਂ ਦੀ ਪਹਿਲੀ ਖੇਡ ਕਲੱਬ ਸੀ। ਉਸ ਨੇ 1965 ਤੋਂ ਦੌੜਾਂ, ਭਾਰ ਚੁੱਕਣ, ਗੋਲਾ ਸੁੱਟਣ ਤੇ ਵਾਲੀਬਾਲ ਦਾ ਟੂਰਨਾਮੈਂਟ ਕਰਾਉਣਾ ਸ਼ੁਰੂ ਕੀਤਾ ਜਿਸ ਵਿਚ 1970 ਤੋਂ ਕਬੱਡੀ ਵੀ ਖੇਡੀ ਜਾਣ ਲੱਗੀ। ਓਨਟਾਰੀਓ ਵਿਚ ਈਸਟ ਇੰਡੀਅਨ ਡੀਫੈਂਸ ਕਮੇਟੀ ਬਣੀ ਜਿਸ ਨੇ 1975 ਵਿਚ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ। ਪਿੱਛੋਂ ਇਸ ਦਾ ਨਾਂ ਦੇਸ਼ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ ਰੱਖਿਆ ਗਿਆ। ਫਿਰ ਟੋਰਾਂਟੋ ਖੇਤਰ ਵਿਚ ਪੰਜਾਬੀਆਂ ਦੇ ਹੋਰ ਕਲੱਬ ਵੀ ਬਣ ਗਏ ਜਿਹੜੇ ਵੱਖ-ਵੱਖ ਕਬੱਡੀ ਟੂਰਨਾਮੈਂਟ ਕਰਾਉਣ ਲੱਗੇ।
1978 ਵਿਚ ਇੰਗਲੈਂਡ ਦੀ ਕਬੱਡੀ ਟੀਮ ਟੋਰਾਂਟੋ ਵਿਚ ਮੈਚ ਖੇਡਣ ਆਈ ਜਿਸ ਦੀ ਰੀਸ ਨਾਲ ਅਮਰੀਕਾ ਵਿਚ ਵੀ ਕਬੱਡੀ ਟੂਰਨਾਮੈਂਟ ਕਰਾਉਣ ਦੀ ਜਾਗ ਲੱਗ ਗਈ। ਫਿਰ ਅਮਰੀਕਾ ਦੀ ਟੀਮ ਇੰਗਲੈਂਡ ਤੇ ਇੰਗਲੈਂਡ ਦੀ ਟੀਮ ਅਮਰੀਕਾ ਜਾ ਕੇ ਕਬੱਡੀ ਮੈਚ ਖੇਡਣ ਲੱਗੀ। ਉਦੋਂ ਤੋਂ ਹੀ ਪੰਜਾਬ ਤੋਂ ਕਬੱਡੀ ਦੇ ਖਿਡਾਰੀ ਸੱਦੇ ਜਾਣ ਦੀ ਤੇ ਕੈਨੇਡਾ/ਅਮਰੀਕਾ ਦੇ ਟੂਰਨਾਮੈਂਟਾਂ ਵਿਚ ਖਿਡਾਉਣ ਦੀ ਪਿਰਤ ਪੈ ਗਈ। 1974 ਤੋਂ ਲੈ ਕੇ ਹੁਣ ਤਕ ਪੰਜਾਬ ਦੇ ਸੈਂਕੜੇ ਕਬੱਡੀ ਖਿਡਾਰੀ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿਚ ਜਾ ਕੇ ਉਥੋਂ ਦੇ ਟੂਰਨਾਮੈਂਟਾਂ ਵਿਚ ਖੇਡ ਚੁੱਕੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਉਥੇ ਹੀ ਪੱਕੇ ਹੋ ਕੇ ਕਬੱਡੀ ਦੇ ਪ੍ਰਮੋਟਰ ਬਣ ਚੁੱਕੇ ਹਨ। ਉਹ ਕਹਿੰਦੇ ਹਨ ਕਿ ਅਸੀਂ ਕਬੱਡੀ ਕੱਪ ਕਰਾ ਕੇ ਕਬੱਡੀ ਦਾ ਕਰਜ਼ਾ ਲਾਹ ਰਹੇ ਹਾਂ। ਇਕ ਸਾਲ ਇਕ ਹਜ਼ਾਰ ਦੇ ਕਰੀਬ ਕਬੱਡੀ ਖਿਡਾਰੀ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਲਾਉਣ ਲਈ ਹਵਾਈ ਜਹਾਜ਼ ਚੜ੍ਹੇ ਸਨ। ਉਨ੍ਹਾਂ ਵਿਚੋਂ ਕੁਝ ਇਕ ਲੁਕ-ਛਿਪ ਵੀ ਗਏ ਸਨ। 2009 ਦੇ ਕੈਨੇਡਾ ਕੱਪ ਸਮੇਂ ਪੰਜਾਬੀਆਂ ਦੀ ਦੇਸੀ ਖੇਡ ਕਬੱਡੀ ਵਿਸ਼ਵ ਦੇ ਅਦੁੱਤੀ ਸਟੇਡੀਅਮ ਸਕਾਈਡੋਮ ਵਿਚ ਖੇਡੀ ਗਈ ਜਿਸ ਦਾ ਨਵਾਂ ਨਾਂ ਰੌਜਰਜ਼ ਸੈਂਟਰ ਹੈ। ਇਸ ਦਾ ਇਕ ਦਿਨ ਦਾ ਕਿਰਾਇਆ ਹੀ ਇਕ ਕਰੋੜ ਰੁਪਏ ਸੀ। 2010 ਤੋਂ ਓਨਟਾਰੀਓ ਵਿਚ ਕਬੱਡੀ ਦੀਆਂ ਦੋ ਤੇ ਫਿਰ ਤਿੰਨ ਫੈਡਰੇਸ਼ਨਾਂ ਹੋ ਗਈਆਂ ਸਨ ਜਿਸ ਕਰਕੇ 2011 ਵਿਚ ਇਕੋ ਦਿਨ ਇਕੋ ਸ਼ਹਿਰ ਵਿਚ ਕਬੱਡੀ ਦੇ ਦੋ ‘ਵਰਲਡ ਕੱਪ’ ਹੋਏ। ਦਲੀਲ ਇਹ ਦਿੱਤੀ ਗਈ ਕਿ ਇਕੋ ਸ਼ਹਿਰ ‘ਚ ਜੇ ਵਿਸਾਖੀ ਦੇ ਦੋ ਨਗਰ ਕੀਰਤਨ ਹੋ ਸਕਦੇ ਹਨ ਤਾਂ ਇਕੋ ਸ਼ਹਿਰ ਵਿਚ ਦੋ ‘ਵਰਲਡ ਕੱਪ’ ਕਿਉਂ ਨਹੀਂ ਹੋ ਸਕਦੇ ਤੇ ਉਹ ਵੀ ਇਕੋ ਦਿਨ! ਕੀ ਪਤਾ ਕਿਸੇ ਦਿਨ ਕਬੱਡੀ ਕੱਪਾਂ ਵਾਂਗ ਇਕੋ ਦਿਨ ਦੋ ਨਗਰ ਕੀਰਤਨ ਵੀ ਹੋ ਜਾਣ! ਐਤਕੀਂ ਓਨਟਾਰੀਓ ਦੀ ਇਕੋ ਕਬੱਡੀ ਫੈਡਰੇਸ਼ਨ ਸੀ ਜਿਸ ਕਰਕੇ ਇਕੋ ਕੈਨੇਡਾ ਕੱਪ ਹੋਇਆ। ਕੀ ਵਿਸਾਖੀ-2018 ਦਾ ਨਗਰ ਕੀਰਤਨ ਇਕ ਹੋ ਸਕੇਗਾ?ਵੇਖਦੇ ਹਾਂ ਏਕਾ ਕਬੱਡੀ ਵਾਲਿਆਂ ‘ਚ ਵੱਧ ਹੈ ਜਾਂ ਨਗਰ ਕੀਰਤਨ ਕਰਾਉਣ ਵਾਲਿਆਂ ਵਿਚ?
ਪੰਜਾਬੀਆਂ ਦੀ ਦੇਸੀ ਖੇਡ ਕਬੱਡੀ ਐਡਮਿੰਟਨ ਦੀਆਂ ਵਰਲਡ ਮਾਸਟਰਜ਼ ਖੇਡਾਂ ਵਿਚ ਵੀ ਖੇਡੀ ਗਈ। ਕਬੱਡੀ ਮੈਚ 23 ਜੁਲਾਈ 2005 ਨੂੰ ਹੋਏ। ਫਾਈਨਲ ਮੈਚ ਕੈਨੇਡਾ ਈਸਟ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਭਾਰਤ ਦੀ ਟੀਮ ਨੇ ਜਿੱਤਿਆ। ਇਹ ਮੈਚ ਕੈਨੇਡਾ ਦੇ ਤੱਤਕਾਲੀ ਡਿਪਟੀ ਪ੍ਰਧਾਨ ਮੰਤਰੀ ਐੱਨ ਮਕਲੀਗਨ, ਕੈਨੇਡਾ ਦੇ ਸਿਹਤ ਮੰਤਰੀ ਉੱਜਲ ਦੁਸਾਂਝ, ਅਲਬਰਟਾ ਦੇ ਸਿੱਖਿਆ ਮੰਤਰੀ ਜੀਨ ਜ਼ਵੋਜ਼ਡਿਸਕੀ, ਐਡਮਿੰਟਨ ਦੇ ਮੇਅਰ ਸਟੀਫਨ ਮੈਂਡਲ ਅਤੇ ਕਈ ਪਾਰਲੀਮੈਂਟ ਤੇ ਅਸੰਬਲੀ ਮੈਂਬਰਾਂ ਨੇ ਨੀਝ ਨਾਲ ਵੇਖਿਆ। ਪੰਜ ਮੈਚ ਸਨ ਜੋ ਯੂਨੀਵਰਸਿਟੀ ਆਫ਼ ਅਲਬਰਟਾ ਦੇ ਫੁੱਟ ਫੀਲਡ ਸਟੇਡੀਅਮ ਵਿਚ ਆਸਟਰੋ ਟਰਫ ਉਤੇ ਹੋਏ।
ਕੈਨੇਡਾ ਕਬੱਡੀ ਕੱਪ ਵਿਚ ਜ਼ਰੂਰੀ ਨਹੀਂ ਕਿ ਕੋਈ ਖਿਡਾਰੀ ਆਪਣੇ ਹੀ ਮੁਲਕ ਦੀ ਟੀਮ ਵੱਲੋਂ ਖੇਡੇ। ਕਲੱਬ ਤੇ ਕਬੱਡੀ ਦੇ ਪ੍ਰਮੋਟਰ ਖਿਡਾਰੀ ਖਰੀਦਦੇ ਹਨ ਤੇ ਵੱਖ-ਵੱਖ ਮੁਲਕਾਂ ਦੇ ਨਾਵਾਂ ਉਤੇ ਖਿਡਾਉਂਦੇ ਹਨ। ਕੋਸ਼ਿਸ਼ ਹੁੰਦੀ ਹੈ ਕਿ ਟੀਮਾਂ ਮਿਆਰੀ ਬਣਨ ਤੇ ਮੈਚ ਕਾਂਟੇਦਾਰ ਹੋਣ। ਮੁੱਖ ਮਨੋਰਥ ਕੱਪ ਜਿੱਤ ਕੇ ਆਪਣੀ ਬੱਲੇ-ਬੱਲੇ ਕਰਵਾਉਣੀ ਹੁੰਦਾ ਤੇ ਝੂੰਗੇ ਵਿਚ ਕਬੱਡੀ ਪ੍ਰੇਮੀਆਂ ਨੂੰ ਕਬੱਡੀ ਦੇ ਦਰਸ਼ਨੀ ਮੈਚ ਵਿਖਾ ਕੇ ਉਨ੍ਹਾਂ ਦਾ ਮਨੋਰੰਜਨ ਕਰਨਾ ਹੁੰਦੈ। ਮਨੋਰੰਜਨ ਦੇ ਪੱਖੋਂ ਕੈਨੇਡਾ ਕੱਪ ਦਾ ਆਨੰਦ ਸਟੇਡੀਅਮ ‘ਚ ਬੈਠਿਆਂ ਨੇ ਤਾਂ ਮਾਣਿਆ ਹੀ, ਟੀ. ਵੀ. ਤੋਂ ਘਰ ਬੈਠਿਆਂ ਨੇ ਵੀ ਮਾਣਿਆ। ਕੱਪ ਕਰਾਉਣ ਵਾਲਿਆਂ ਨੂੰ ਮੁਬਾਰਕਾਂ।

 

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …