ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਵੀ ਹਿੱਲੀ ਧਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ਵਿਚ ਅੱਜ ਵੀਰਵਾਰ ਨੂੰ ਦੁਪਹਿਰੇ 2 ਵੱਜ ਕੇ 50 ਮਿੰਟ ’ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸੇ ਦੌਰਾਨ ਜੰਮੂ ਕਸ਼ਮੀਰ, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਅਤੇ ਪਾਕਿਸਤਾਨ ਦੇ ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਭੂਚਾਲ ਦੀ ਗਤੀ 6.1 ਮਾਪੀ ਗਈ ਹੈ ਅਤੇ ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂਕਸ਼ ਵਿਚ ਜ਼ਮੀਨ ਤੋਂ ਕਰੀਬ 220 ਕਿਲੋਮੀਟਰ ਹੇਠਾਂ ਸੀ। ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਨੁਕਸਾਨ ਦੀ ਖਬਰ ਨਹੀਂ ਹੈ। ਕੁਝ ਸੈਕੰਡ ਲਈ ਮਹਿਸੂਸ ਕੀਤੇ ਗਏ ਇਨ੍ਹਾਂ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਇਸਦੇ ਚੱਲਦਿਆਂ ਸਾਰੇ ਲੋਕ ਦਫਤਰਾਂ ਅਤੇ ਘਰਾਂ ਵਿਚੋਂ ਬਾਹਰ ਆ ਗਏ ਸਨ।