ਇੰਦੌਰ ਅਤੇ ਸੂਰਤ ਭਾਰਤ ਦੇ ਸਭ ਤੋਂ ਸਾਫ ਸੁਥਰੇ ਸ਼ਹਿਰ
ਚੰਡੀਗੜ੍ਹ ਨੂੰ ਮਿਲਿਆ ਸਫਾਈ ਮਿੱਤਰ ਅਤੇ ਸੁਰੱਖਿਅਤ ਸ਼ਹਿਰ ਦਾ ਦਰਜਾ
ਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਅੱਜ ਵੀਰਵਾਰ ਨੂੰ ਸਵੱਛ ਸਰਵੇਖਣ 2023 ਦਾ ਨਤੀਜਾ ਜਾਰੀ ਕੀਤਾ ਹੈ। ਇਕ ਲੱਖ ਤੋਂ ਜ਼ਿਆਦਾ ਅਬਾਦੀ ਵਾਲਾ ਸ਼ਹਿਰ ਇੰਦੌਰ ਸਫਾਈ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਰਿਹਾ ਜਦਕਿ ਸੂਰਤ ਨੂੰ ਵੀ ਇੰਦੌਰ ਦੇ ਨਾਲ ਹੀ ਸਾਂਝੇ ਰੂਪ ਵਿਚ ਪਹਿਲਾ ਸਥਾਨ ਮਿਲਿਆ। ਤੀਜੇ ਨੰਬਰ ’ਤੇ ਮਹਾਰਾਸ਼ਟਰ ਦਾ ਨਵੀਂ ਮੁੰਬਈ ਰਿਹਾ ਜਦਕਿ ਭੋਪਾਲ ਛੇਵੇਂ ਸਥਾਨ ਤੋਂ ਪੰਜਵੇਂ ਸਥਾਨ ’ਤੇ ਆ ਗਿਆ ਹੈ। ਉਥੇ ਹੀ ਇਕ ਲੱਖ ਤੋਂ ਘੱਟ ਅਬਾਦੀ ਵਾਲੇ ਸ਼ਹਿਰਾਂ ’ਚੋਂ ਮਹਾਰਾਸ਼ਟਰ ਦਾ ਸਾਸਵਡ ਪਹਿਲੇ ਨੰਬਰ ’ਤੇ, ਛੱਤੀਸਗੜ੍ਹ ਦਾ ਪਾਟਨ ਦੂਜੇ ਸਥਾਨ ਅਤੇ ਮਹਾਰਾਸ਼ਟਰ ਦਾ ਲੋਨਾਵਾਲਾ ਤੀਜੇ ਸਥਾਨ ’ਤੇ ਰਿਹਾ। ਉਥੇ ਹੀ ਦੇਸ਼ ਦੇ ਸਭ ਤੋ ਵੱਧ ਸਾਫ ਸੁਥਰੇ ਰਾਜਾਂ ਦੀ ਕੈਟਾਗਰੀ ਵਿਚੋਂ ਮਹਾਰਾਸ਼ਟਰ ਨੇ ਪਹਿਲਾ, ਮੱਧ ਪ੍ਰਦੇਸ਼ ਨੇ ਦੂਜਾ ਅਤੇ ਛੱਤੀਸਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਜਦਕਿ ਪਿਛਲੀ ਵਾਰ ਮੱਧ ਪ੍ਰਦੇਸ਼ ਪਹਿਲੇ ਸਥਾਨ ’ਤੇ ਸੀ। ਉਧਰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਸਫਾਈ ਮਿੱਤਰ ਅਤੇ ਸੁਰੱਖਿਅਤ ਸ਼ਹਿਰ ਦਾ ਦਰਜਾ ਮਿਲਿਆ ਹੈ। ਦਿੱਲੀ ਦੇ ਭਾਰਤ ਮੰਡਪ ਕਨਵੈਨਸ਼ਨ ਸੈਂਟਰ ’ਚ ਆਯੋਜਿਤ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਫਾਈ ਰੱਖਣ ਦੇ ਮਾਮਲੇ ’ਚ ਅੱਵਲ ਆਉਣ ਵਾਲੇ ਰਾਜਾਂ ਅਤੇ ਸ਼ਹਿਰਾਂ ਦੇ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ।