ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਅੱਗੇ ਹੋਏ ਪੇਸ਼
ਕਿਹਾ : ਅਨੁਸ਼ਾਸਨ ਸਭ ਲਈ ਹੋਵੇ, ਕਿਸੇ ਇਕ ਵਿਅਕਤੀ ਲਈ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਅੱਗੇ ਪੇਸ਼ ਹੋਏ। ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਨੇ ਦੱਸਿਆ ਕਿ ਮੈਂ ਪੰਜਾਬ ਕਾਂਗਰਸ ਦੇ ਇੰਚਾਰਜ ਨੂੰ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ ਪ੍ਰੰਤੂ ਇਹ ਕਿਸੇ ਇਕ ਵਿਅਕਤੀ ਲਈ ਨਹੀਂ ਬਲਕਿ ਇਹ ਸਭ ਦੇੇ ਲਈ ਹੋਣਾ ਚਾਹੀਦਾ ਹੈ। ਸਿੱਧੂ ਨੇ ਦਵੇਂਦਰ ਯਾਦਵ ਨੂੰ ਦੱਸਿਆ ਕਿ ਹੁਸ਼ਿਆਰਪੁਰ ਰੈਲੀ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ ਪ੍ਰੰਤੂ ਅਚਾਨਕ ਹੀ ਇਸ ਦੌਰਾਨ ਪੰਜਾਬ ਕਾਂਗਰਸ ਮੀਟਿੰਗ ਆ ਗਈ। ਜੇਕਰ ਉਨ੍ਹਾਂ ਨੂੰ ਮੀਟਿੰਗ ਬਾਰੇ ਪਹਿਲਾਂ ਪਤਾ ਹੁੰਦਾ ਤਾਂ ਉਹ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਰੈਲੀ ਹੁਸ਼ਿਆਰਪੁਰ ’ਚ ਨਾ ਰੱਖਦੇ। ਸਿੱਧੂ ਨੇ ਦਵੇਂਦਰ ਯਾਦਵ ਕੋਲ ਸ਼ਿਕਾਇਤ ਵੀ ਕੀਤੀ ਕਿ ਪਹਿਲੇ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਨਾਲ ਕਦੇ ਗੱਲ ਹੀ ਨਹੀਂ ਸੀ ਕੀਤੀ। ਸਿੱਧੂ ਨੇ ਕਾਂਗਰਸ ਪਾਰਟੀ ’ਚ ਆਪਣੇ ਵਿਰੋਧੀਆਂ ਨੂੰ ਇਸ਼ਾਰਿਆਂ ’ਚ ਕਿਹਾ ਕਿ ਇਹ ਮੇਰੀ ਨਿੱਜੀ ਲੜਾਈ ਨਹੀਂ ਬਲਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤਾਂ ਮੈਂ ਤੁਹਾਡੇ ਪਿੱਛੇ ਚੱਲਣ ਲਈ ਤਿਆਰ ਹਾਂ। ਜਦਕਿ ਪੰਜਾਬ ਕਾਂਗਰਸ ਦੇ ਕੁੱਝ ਆਗੂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕਰ ਰਹੇ ਹਨ।