
ਸਿਆਸੀ ਆਗੂਆਂ ਵਲੋਂ ਪ੍ਰਭਾਵਿਤ ਖੇਤਰਾਂ ਦੇ ਲਏ ਜਾ ਰਹੇ ਹਨ ਜਾਇਜ਼ੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਏ ਸਭ ਤੋਂ ਭਿਆਨਕ ਹੜ੍ਹਾਂ ਨੇ ਸੂਬੇ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਹੜ੍ਹਾਂ ਨੇ ਸੂਬੇ ਦਾ ਜਿੰਨਾ ਨੁਕਸਾਨ ਕੀਤਾ ਹੈ, ਉਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਆਏ ਹੜ੍ਹਾਂ ਨਾਲ ਸੂਬੇ ਦੀ ਲੱਖਾਂ ਏਕੜ ਫਸਲ ਖਰਾਬ ਹੋ ਗਈ ਅਤੇ ਕਈ ਖੇਤਰਾਂ ਵਿਚ ਲੋਕਾਂ ਦੇ ਘਰ ਵੀ ਹੜ੍ਹਾਂ ਦੇ ਪਾਣੀ ਵਿਚ ਰੁੜ ਗਏ। ਇਸਦੇ ਚੱਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈਟੀਓ ਅਤੇ ਹੋਰ ਬਹੁਤ ਸਾਰੇ ਆਗੂ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪੀੜਤ ਖੇਤਰਾਂ ਵਿਚ ਪਹੁੰਚੇ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਹੈ। ਲੰਘੇ ਕੱਲ੍ਹ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਪੰਜਾਬ ਦੇ ਕੁਝ ਇਲਾਕਿਆਂ ਦਾ ਜਾਇਜ਼ਾ ਲਿਆ ਸੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਹੜ੍ਹ ਪੀੜਤਾਂ ਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਵੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀਆਂ ਤਕਲੀਫਾਂ ਸੁਣ ਰਹੇ ਹਨ ਅਤੇ ਸੰਭਵ ਸਹਾਇਤਾ ਕਰ ਰਹੇ ਹਨ। ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਵਲੋਂ ਹੜ੍ਹ ਪੀੜਤਾਂ ਦੀ ਦਿਨ-ਰਾਤ ਸਹਾਇਤਾ ਕੀਤੀ ਜਾ ਰਹੀ ਹੈ। ਇਸਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਕੋਲੋਂ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ।

