ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ
ਲੰਬੀ/ਬਿਊਰੋ ਨਿਊਜ਼ : ਲੰਬੀ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਤੋਂ ਆਪਣੀ ਉਮਰ ਦੀ ਦੁਹਾਈ ਦੇ ਕੇ ਚੋਣਾਂ ਲਈ ਸਮਰਥਨ ਮੰਗਦਿਆਂ ਕਿਹਾ, ‘ਜੇਕਰ ਤੁਸੀਂ ਐਤਕੀਂ ਵੀ ਭਰਵਾਂ ਸਹਿਯੋਗ ਦੇ ਦਿਓਂ ਤਾਂ ਮੇਰੀ ਉਮਰ 10 ਸਾਲ ਹੋਰ ਵਧ ਜਾਣੀ ਐ।’
ਮੁੱਖ ਮੰਤਰੀ ਦੇ ਸੱਜਰੇ ਕਥਨਾਂ ਬਾਰੇ ਚਰਚਾ ਹੈ ਕਿ ਪੰਜ ਸਾਲ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਅਖ਼ੀਰਲੀ ਚੋਣ ਦੱਸ ਕੇ ਵੋਟਰਾਂ ਦਾ ਸਹਿਯੋਗ ਹਾਸਲ ਕੀਤਾ ਸੀ। ਇਸ ਵਾਰ ਉਹ ਆਪਣੀ ਉਮਰ 10 ਸਾਲ ਹੋਰ ਵਧਾਉਣ ਦਾ ਕਹਿ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੇ ਹਨ।
ਉਹ ਅੱਜ ਕੱਲ੍ਹ ਸੰਗਤ ਦਰਸ਼ਨ ਲੋਕਾਂ ਨੂੰ ਖਾਸ ਤੌਰ ‘ਤੇ ਸਭ ਤੋਂ ਵੱਧ ਲੋੜੀਂਦੀ ਮੰਗ ਬਾਰੇ ਪੁੱਛਦੇ ਹਨ ਅਤੇ ਫਿਰ ਗੱਫ਼ਾ ਦਿੰਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਥੇ ઠਕਿਹਾ ਹੈ ਕਿ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਨਿੱਜੀ ਲਾਲਚ ਤਹਿਤ ਪਾਰਟੀ ਛੱਡੀ ਹੈ। ਉਨ੍ਹਾਂ ਨੇ ਕਦੇ ਵੀ ਬੀਬੀ ਸਿੱਧੂ ਦੇ ਕੰਮਾਂ ਵਿੱਚ ਅੜਿੱਕਾ ਨਹੀਂ ਡਾਹਿਆ ਸਗੋਂ ਉਨ੍ਹਾਂ ਦੇ ਹਲਕੇ ਦੇ ਵਿਕਾਸ ਲਈ ਹਮੇਸ਼ਾ ਵਧ-ਚੜ੍ਹ ਕੇ ਸਹਿਯੋਗ ਦਿੱਤਾ ਹੈ। ਮਾਂ ਪਾਰਟੀ ਨਾਲ ਵਿਸ਼ਵਾਸਘਾਤ ਕਰਨ ਵਾਲਾ ਆਗੂ ਕਿਧਰੇ ਵੀ ਕਾਮਯਾਬ ਨਹੀਂ ਹੁੰਦਾ। ਬਾਦਲ ਲੰਬੀ ਹਲਕੇ ਵਿੱਚ ਸੰਗਤ ਦਰਸ਼ਨ ਦੇ ਦੂਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਪਿੰਡ ਕਰਮਗੜ੍ਹ, ਕਬਰਵਾਲਾ, ਪੱਕੀ ਟਿੱਬੀ, ਗੁਰੂਸਰ ਜੋਧਾਂ, ਸ਼ਾਮਖੇੜਾ ਅਤੇ ਡੱਬਵਾਲੀ ਢਾਬ ਵਿੱਚ ਸੰਗਤ ਦਰਸ਼ਨ ਕੀਤੇ। ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੁਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੇਸ ਖ਼ਾਰਜ ਕਰਨ ਦੀ ਰਿਪੋਰਟ ਬਾਅਦ ਕਾਂਗਰਸ ਨਾਲ ਅੰਦਰੂਨੀ ਸਮਝੌਤੇ ਦੇ ਲੱਗੇ ਦੋਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਸਿੱਖਾਂ ਨਾਲ ਵਧੀਕੀਆਂ ਕਰਨ ਵਾਲੀ ਕਾਂਗਰਸ ਨਾਲ ਅਕਾਲੀ ਦਲ ਦੀ ਸਾਂਝ ਬਾਰੇ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤੀ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …