ਭਲਕੇ 21 ਫਰਵਰੀ ਨੂੰ ਦਿੱਲੀ ਕੂਚ ਦੀ ਤਿਆਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਮੰਗਲਵਾਰ ਨੂੰ 8ਵਾਂ ਦਿਨ ਹੈ ਅਤੇ ਹੁਣ ਭਲਕੇ 21 ਫਰਵਰੀ ਨੂੰ ਕਿਸਾਨ ਦਿੱਲੀ ਕੂਚ ਕਰਨ ਦੀ ਤਿਆਰੀ ਵਿਚ ਹਨ। ਧਿਆਨ ਰਹੇ ਕਿ ਲੰਘੀ 13 ਫਰਵਰੀ ਨੂੰ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨਾ ਸੀ ਅਤੇ ਸ਼ੰਭੂ ਤੇ ਖਨੌਰੀ ਦੇ ਬਾਰਡਰ ’ਤੇ ਹਰਿਆਣਾ ਦੀ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਇਨ੍ਹਾਂ ਦੋਵੇਂ ਬਾਰਡਰਾਂ ’ਤੇ ਧਰਨਾ ਲਗਾਇਆ ਹੋਇਆ ਹੈ। ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀਆਂ ਹੁਣ ਤੱਕ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ, ਜੋ ਕਿ ਬੇਸਿੱਟਾ ਰਹੀਆਂ ਹਨ। ਇਨ੍ਹਾਂ ਵਿਚ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹੇ ਹਨ। ਲੰਘੇ ਐਤਵਾਰ ਦੇਰ ਰਾਤ ਨੂੰ ਚੰਡੀਗੜ੍ਹ ਵਿਚ ਜਿਹੜੀ ਚੌਥੀ ਮੀਟਿੰਗ ਹੋਈ ਹੈ, ਉਸ ਵਿਚ ਕੇਂਦਰ ਸਰਕਾਰ ਨੇ ਕਪਾਹ ਤੇ ਮੱਕੀ ਸਣੇ ਪੰਜ ਫਸਲਾਂ ’ਤੇ ਐਮਐਸਪੀ ਦੇਣ ਦੀ ਗੱਲ ਕੀਤੀ ਹੈ। ਇਨ੍ਹਾਂ ਫਸਲਾਂ ਵਿਚ ਤਿੰਨ ਦਾਲਾਂ (ਮਸਰ, ਅਰਹਰ, ਉੜਦ) ਵੀ ਸ਼ਾਮਲ ਹਨ। ਕਿਸਾਨ ਆਗੂਆਂ ਨੇ ਸਰਕਾਰ ਦੀ ਇਸ ਪੇਸ਼ਕਸ਼ ਨੂੰ ਵੀ ਰੱਦ ਕਰ ਦਿੱਤਾ ਹੈ ਅਤੇ ਕਿਸਾਨ ਹੁਣ ਭਲਕੇ 21 ਫਰਵਰੀ ਨੂੰ ਦਿੱਲੀ ਕੂਚ ਕਰਨਗੇ।