ਅਮਿਤ ਸ਼ਾਹ ਖਿਲਾਫ ਕੀਤੀ ਗਈ ਸੀ ਇਤਰਾਜ਼ਯੋਗ ਟਿੱਪਣੀ
ਲਖਨਊ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ’ਚ ਉਤਰ ਪ੍ਰਦੇਸ਼ ਦੀ ਸੁਲਤਾਨਪੁਰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਤੋਂ ਬਾਅਦ ਰਾਹੁਲ ਨੇ 25-25 ਹਜ਼ਾਰ ਰੁਪਏ ਦੇ ਦੋ ਬਾਂਡ ਭਰੇ ਹਨ। ਇਹ ਮਾਮਲਾ 5 ਸਾਲ ਪਹਿਲਾਂ ਭਾਜਪਾ ਆਗੂ ਅਮਿਤ ਸ਼ਾਹ ਦੇ ਖਿਲਾਫ ਰਾਹੁਲ ਗਾਂਧੀ ਵਲੋਂ ਕੀਤੀ ਗਈ ਇਤਰਾਜਯੋਗ ਟਿੱਪਣੀ ਨਾਲ ਜੁੜਿਆ ਹੋਇਆ ਹੈ। ਰਾਹੁਲ ਨੇ 2018 ਵਿਚ ਕਰਨਾਟਕ ਦੀਆਂ ਚੋਣਾਂ ਦੌਰਾਨ ਭਾਜਪਾ ’ਤੇ ਆਰੋਪ ਲਗਾਉਂਦਿਆਂ ਕਿਹਾ ਸੀ ਕਿ ਜੋ ਪਾਰਟੀ ਇਮਾਨਦਾਰੀ ਦੀ ਗੱਲ ਕਰਦੀ ਹੈ, ਉਸਦਾ ਪ੍ਰਧਾਨ ਹੱਤਿਆ ਦਾ ਆਰੋਪੀ ਹੈ। ਧਿਆਨ ਰਹੇ ਕਿ ਅਮਿਤ ਸ਼ਾਹ ਉਸ ਸਮੇਂ ਭਾਜਪਾ ਦੇ ਪ੍ਰਧਾਨ ਸਨ। ਇਸ ਤੋਂ ਬਾਅਦ ਸੁਲਤਾਨਪੁਰ ਦੇ ਭਾਜਪਾ ਆਗੂ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਰਾਹੁਲ ਗਾਂਧੀ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ‘ਭਾਰਤ ਜੋੜੋ ਨਿਆਂ ਯਾਤਰਾ’ ਵਿਚਾਲੇ ਛੱਡ ਕੇ ਪੇਸ਼ੀ ਲਈ ਸੁਲਤਾਨਪੁਰ ਦੀ ਅਦਾਲਤ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਉਹ ਫਿਰ ਯਾਤਰਾ ਲਈ ਰਵਾਨਾ ਹੋ ਗਏ ਸਨ।