ਭਾਰਤੀ ਜਨਤਾ ਪਾਰਟੀ ਨੇ ਆਪਣੇ ਕੇਂਦਰੀ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ
ਜੇਪੀ ਨੱਢਾ ਦੀ ਟੀਮ ’ਚ ਪੰਜਾਬ ਦੇ ਦੋ ਆਗੂ ਤਰੁਣ ਚੁੱਘ ਅਤੇ ਡਾ. ਨਰਿੰਦਰ ਸਿੰਘ ਰੈਨਾ ਵੀ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : 2024 ਦੀਆਂ ਲੋਕ ਸਭ ਚੋਣਾਂ ਅਤੇ ਪੰਜ ਰਾਜਾਂ ’ਚ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ 38 ਮੈਂਬਰੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਕੇਂਦਰੀ ਅਹੁਦੇਦਾਰਾਂ ਦੀ ਇਸ ਲਿਸਟ ’ਚ ਕੁੱਲ 38 ਨਾਮ ਹਨ ਜਿਸ ਅਨੁਸਾਰ ਬੀ ਐਲ ਸੰਤੋਸ਼ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਬਣੇ ਰਹਿਣਗੇ ਜਦਕਿ ਸ਼ਿਵਪ੍ਰਕਾਸ਼ ਨੂੰ ਰਾਸ਼ਟਰੀ ਸਹਿ ਸੰਗਠਨ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ। ਰਾਜੇਸ਼ ਅਗਰਵਾਲ ਨੂੰ ਖਜ਼ਾਨਚੀ ਅਤੇ ਨਰੇਸ਼ ਬਾਂਸ ਨੂੰ ਉਪ ਖਜ਼ਾਨਚੀ ਬਣਾਇਆ ਗਿਆ ਹੈ। ਨਵੀਂ ਟੀਮ ਵਿਚ 13 ਰਾਸ਼ਟਰੀ ਸਕੱਤਰ ਬਣਾਏ ਗਏ ਹਨ ਜਦਕਿ 13 ਰਾਸ਼ਟਰੀ ਉਪ ਪ੍ਰਧਾਨ ਅਤੇ ਅੱਠ ਰਾਸ਼ਟਰੀ ਜਨਰਲ ਸਕੱਤਰ ਵੀ ਬਣਾਏ ਗਏ ਹਨ। ਤਿੰਨ ਸਾਬਕਾ ਮੰਤਰੀਆਂ ਡਾ. ਰਮਨ ਸਿੰਘ, ਵਸੰੁਧਰਾ ਰਾਜੇ, ਰਘੁਬਰ ਦਾਸ ਨੂੰ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਤੋਂ ਸੋਦਾਨ ਸਿੰਘ ਰਾਸ਼ਟਰੀ ਉਪ ਪ੍ਰਧਾਨ ਅਤੇ ਕੈਲਾਸ਼ ਵਿਜੇਵਰਗੀਆ ਨੂੰ ਰਾਸ਼ਟਰੀ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਅਨਿਲ ਐਂਟਨੀ ਨੂੰ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ। ਭਾਜਪਾ ਪ੍ਰਧਾਨ ਜੇ ਪੀ ਨੱਢਾ ਦੀ 38 ਮੈਂਬਰੀ ਟੀਮ ਵਿਚ ਪੰਜਾਬ ਦੇ ਦੋ ਆਗੂਆਂ ਤਰੁਣ ਚੁੱਘ ਅਤੇ ਡਾ. ਨਰਿੰਦਰ ਸਿੰਘ ਰੈਨਾ ਨੂੰ ਸ਼ਾਮਲ ਕੀਤਾ ਗਿਆ ਹੈ।