ਪੰਜਾਬ ਸਰਕਾਰ ’ਤੇ ਵਾਅਦਿਆਂ ਤੋਂ ਪਿੱਛੇ ਹਟਣ ਦਾ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲਿਆਂ ਨੂੰ ਅਗਲੇ ਦੋ ਦਿਨ ਯਾਨੀ 12 ਅਤੇ 13 ਮਾਰਚ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਪਨਬਸ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਕਰਮਚਾਰੀ ਹੜਤਾਲ ’ਤੇ ਜਾ ਰਹੇ ਹਨ। ਲੁਧਿਆਣਾ ਵਿਚ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਨੇ ਅੱਜ ਗੇਟ ਰੈਲੀ ਕਰਦਿਆਂ ਇਹ ਫੈਸਲਾ ਲਿਆ ਹੈ। ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਪੱਕਾ ਕਰਨ ਵਿਚ ਕੋਈ ਸਾਰਥਿਕ ਕਦਮ ਨਹੀਂ ਉਠਾ ਰਹੀ। ਸਰਕਾਰੀ ਬੱਸਾਂ ਨਾਲ ਸਬੰਧਤ ਯੂਨੀਅਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਭਲਕੇ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਪੰਜਾਬ ਵਿਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਅਤੇ ਪੂਰਾ ਦਿਨ ਬੱਸ ਅੱਡਿਆਂ ਦੇ ਬਾਹਰ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 13 ਮਾਰਚ ਦਿਨ ਬੁੱਧਵਾਰ ਨੂੰ ਬਜਟ ਸੈਸ਼ਨ ਦੇ ਦੌਰਾਨ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।