Breaking News
Home / Special Story / ਪਾਣੀ ਦੀ ਮਾਰ : ਸਤਲੁਜ ਨੇ ਖੇਤੀ ਜੋਗੇ ਵੀ ਨਾ ਛੱਡੇ ਸਰਹੱਦੀ ਕਿਸਾਨ

ਪਾਣੀ ਦੀ ਮਾਰ : ਸਤਲੁਜ ਨੇ ਖੇਤੀ ਜੋਗੇ ਵੀ ਨਾ ਛੱਡੇ ਸਰਹੱਦੀ ਕਿਸਾਨ

ਲੋਕਾਂ ਦੇ ਘਰਾਂ ਵਿੱਚ ਵੀ ਆਉਣ ਲੱਗੀਆਂ ਤਰੇੜਾਂ
ਫ਼ਿਰੋਜ਼ਪੁਰ/ਬਿਊਰੋ ਨਿਊਜ਼ : ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ‘ਚ ਹੜ੍ਹ ਦਾ ਪਾਣੀ ਪਹਿਲਾਂ ਨਾਲੋਂ ਕਾਫੀ ਘਟਿਆ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਬਰਕਰਾਰ ਹਨ। ਹੁਸੈਨੀਵਾਲਾ ਨੇੜੇ ਕਰੀਬ ਵੀਹ ਏਕੜ ਜ਼ਮੀਨ ਹੜ੍ਹ ਦਾ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਅਲੀ ਕੇ ਪਿੰਡ ਦੇ ਇੱਕ ਗਰੀਬ ਕਿਸਾਨ ਦੀ ਕੁੱਲ ਚਾਰ ਏਕੜ ਜ਼ਮੀਨ ਦਰਿਆ ਵਿੱਚ ਰੁੜ੍ਹ ਗਈ ਹੈ। ਉਸ ਦੇ ਕੋਲ ਹੁਣ ਇੱਕ ਮਰਲਾ ਵੀ ਜ਼ਮੀਨ ਬਾਕੀ ਨਹੀਂ ਬਚੀ। ਪਿੰਡ ਚਾਂਦੀ ਵਾਲਾ ਦੇ ਵਸਨੀਕ ਅਨੂਪ ਸਿੰਘ ਤੇ ਲੱਡੂ ਸਿੰਘ ਦੀ ਸਾਢੇ ਤਿੰਨ ਏਕੜ ਜ਼ਮੀਨ ‘ਚੋਂ ਡੇਢ ਏਕੜ ਸਤਲੁਜ ਵਿਚ ਰੁੜ੍ਹ ਗਈ ਹੈ। ਕਈ ਥਾਵਾਂ ਤੋਂ ਸਤਲੁਜ ਦੇ ਕਿਨਾਰੇ ਖੁਰਨ ਕਾਰਨ ਪਾਣੀ ਨੇ ਆਪਣਾ ਰੁਖ਼ ਬਦਲ ਲਿਆ ਹੈ। ਇਹੀ ਸਥਿਤੀ ਬਸਤੀ ਰਾਮ ਲਾਲ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ ਤੇ ਨਾਲ ਲਗਦੇ ਪਿੰਡਾਂ ਵਿੱਚ ਹੈ।
ਮਿਲੀ ਜਾਣਕਾਰੀ ਅਨੁਸਾਰ ਹੁਸੈਨੀਵਾਲਾ ਤੋਂ ਅੱਗੇ ਗੱਟੀ ਰਾਜੋ ਕੀ ਤੇ ਨਾਲ ਲੱਗਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਕਈ ਘਰਾਂ ਵਿੱਚ ਹੜ੍ਹਾਂ ਦਾ ਪਾਣੀ ਅਜੇ ਤੱਕ ਖੜ੍ਹਾ ਹੈ। ਕਈ ਘਰਾਂ ਵਿਚ ਤਰੇੜਾਂ ਆ ਗਈਆਂ ਹਨ ਤੇ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਘਰਾਂ ਅੰਦਰ ਪਿਆ ਸਾਮਾਨ ਖ਼ਰਾਬ ਹੋ ਗਿਆ ਹੈ। ਲੋਕਾਂ ਨੂੰ ਆਉਣ ਵਾਲੇ ਦਿਨਾਂ ਦੀ ਸਥਿਤੀ ਵੀ ਸਪੱਸ਼ਟ ਨਹੀਂ ਹੋ ਰਹੀ।
ਦੂਜੇ ਪਾਸੇ ਜਿਨ੍ਹਾਂ ਖੇਤਾਂ ਵਿੱਚੋਂ ਹੜ੍ਹਾਂ ਦਾ ਪਾਣੀ ਨਿਕਲ ਚੁੱਕਾ ਹੈ, ਉਥੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੁਬਾਰਾ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਨੀਵੇਂ ਇਲਾਕਿਆਂ ਵਿੱਚ ਅਜੇ ਵੀ ਪਾਣੀ ਰਿਹਾ ਹੈ। ਹੜ੍ਹ ਦੇ ਪਾਣੀ ਨਾਲ ਖੇਤਾਂ ਵਿੱਚ ਲੱਗੀਆਂ ਮੋਟਰਾਂ ਖ਼ਰਾਬ ਹੋ ਗਈਆਂ ਹਨ। ਹੁਸੈਨੀਵਾਲਾ ਪਿੰਡ ਦੇ ਸਾਬਕਾ ਸਰਪੰਚ ਗੁਰਭਜਨ ਸਿੰਘ ਅਤੇ ਇੱਕ ਹੋਰ ਨੌਜਵਾਨ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਨਿਕਲਣ ਮਗਰੋਂ ਕੁਝ ਜ਼ਮੀਨਾਂ ਅਜਿਹੀਆਂ ਵੀ ਹਨ ਜਿੱਥੇ ਪਹਿਲਾਂ ਤੋਂ ਖੜ੍ਹਾ ਝੋਨਾ ਅਜੇ ਤੱਕ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਸੈਂਕੜੇ ਏਕੜ ਰਕਬੇ ਵਿਚ ਖੜ੍ਹੀ ਅਰਬੀ ਦੀ ਫ਼ਸਲ ਤਬਾਹ ਹੋ ਗਈ ਹੈ। ਪੀੜਤ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਸਰਹੱਦ ਨਾਲ ਲੱਗਦੇ ਇਨ੍ਹਾਂ ਪਿੰਡਾਂ ਵਿਚ ਨਿਮਨ ਕਿਸਾਨੀ ਦੀ ਗਿਣਤੀ ਵੱਧ ਹੈ। ਜਿਹੜੇ ਕਿਸਾਨਾਂ ਨੇ ਮਹਿੰਗੇ ਭਾਅ ‘ਤੇ ਜ਼ਮੀਨਾਂ ਠੇਕੇ ‘ਤੇ ਲਈਆਂ ਸਨ, ਉਹ ਹੁਣ ਚਿੰਤਾ ਵਿੱਚ ਹਨ। ਚਾਰਾ ਨਾ ਮਿਲਣ ਕਰਕੇ ਪਸ਼ੂ ਬਿਮਾਰ ਹੋ ਰਹੇ ਹਨ। ਬਸਤੀ ਰਾਮ ਲਾਲ ਇਲਾਕੇ ਵਿਚ ਕਈ ਪਸ਼ੂਆਂ ਦੀ ਮੌਤ ਵੀ ਹੋਈ ਹੈ, ਜਿਸ ਨਾਲ ਇਲਾਕੇ ਵਿਚ ਬਦਬੂ ਫ਼ੈਲ ਗਈ ਹੈ।
ਇੱਥੋਂ ਦੇ ਕਿਸਾਨ ਇਕਬਾਲ ਸਿੰਘ ਮੱਲ੍ਹਾ ਨੇ ਦੱਸਿਆ ਕਿ ਲੋਕ ਪਸ਼ੂਆਂ ਵਾਸਤੇ ਚਾਰੇ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਚਾਰਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਕਈ ਪਸ਼ੂ ਬਿਮਾਰ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ। ਹੁਸੈਨੀਵਾਲਾ ਦੇ ਨਾਲ ਲੱਗਦੇ ਇਲਾਕਿਆਂ ਵਿਚ ਵੀ ਪਸ਼ੂਆਂ ਲਈ ਚਾਰੇ ਮੰਗ ਸਭ ਤੋਂ ਵੱਧ ਹੈ। ਟੇਂਡੀਵਾਲਾ ਦੇ ਰਹਿਣ ਵਾਲੇ ਕਿਸਾਨ ਪ੍ਰਕਾਸ਼ ਨੇ ਆਰੋਪ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਆਗੂ ਪਸ਼ੂਆਂ ਦਾ ਚਾਰਾ ਵੰਡਣ ਵਿਚ ਕਾਣੀ ਵੰਡ ਕਰ ਰਹੇ ਹਨ।
ਕੋਈ ਪੀੜਤ ਛੱਤ ਤੋਂ ਵਾਂਝਾ ਨਹੀਂ ਰਹੇਗਾ : ਭਗਵੰਤ ਮਾਨ
ਮੁੱਖ ਮੰਤਰੀ ਨੇ ਧੁੱਸੀ ਬੰਨ੍ਹ ਦੀ ਮੁਰੰਮਤ ਦੇ ਕੰਮ ਦਾ ਕੀਤਾ ਨਿਰੀਖਣ; ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫਤ ਦੇਣ ਦਾ ਐਲਾਨ
ਜਲੰਧਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਧੁੱਸੀ ਬੰਨ੍ਹ ‘ਚ ਪਿਆ ਪਾੜ ਪੂਰਨ ਸਬੰਧੀ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਇਸ ਦੌਰਾਨ ਮੁੱਖ ਮੰਤਰੀ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਵਿਚਕਾਰ ਗਏ। ਉਨ੍ਹਾਂ ਕਿਹਾ ਕਿ ਕਿਸੇ ਵੀ ਹੜ੍ਹ ਪੀੜਤ ਨੂੰ ਛੱਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਹੜ੍ਹ ਦੀ ਮਾਰ ਹੇਠ ਆਏ ਹਰ ਘਰ ਦੀ ਦੁਬਾਰਾ ਛੱਤ ਪਾਈ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਥਾਵਾਂ ‘ਤੇ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਜਲਦੀ ਹੀ ਕਿਸਾਨਾਂ ਨੂੰ ਵੱਧ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਪਨੀਰੀ ਮੁਫ਼ਤ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਜਦੋਂ ਉਹ ਹੜ੍ਹਾਂ ਨਾਲ ਪ੍ਰਭਾਵਿਤ ਪੰਜਾਬੀਆਂ ਦੀ ਸੇਵਾ ਕਰਨ ਵਿੱਚ ਰੁੱਝੇ ਹੋਏ ਹਨ ਤਾਂ ਵਿਰੋਧੀ ਧਿਰ ਇਸ ਮੌਕੇ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤ ਰਹੀ ਹੈ।
ਕੇਂਦਰ ਵੱਲੋਂ ਜਾਰੀ ਕੀਤੇ ਗਏ 218 ਕਰੋੜ ਰੁਪਏ ਬਾਰੇ ਵਿਰੋਧੀ ਧਿਰਾਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਫੰਡ 10 ਜੁਲਾਈ ਨੂੰ ਜਾਰੀ ਕੀਤੇ ਗਏ ਸਨ। ਸੂਬਾ ਸਰਕਾਰ ਇਹ ਰਾਸ਼ੀ ਚਾਰ ਦਿਨਾਂ ਵਿੱਚ ਖਰਚ ਨਹੀਂ ਕਰ ਸਕਦੀ। ਉਨ੍ਹਾਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੇਂਡੂ ਵਿਕਾਸ ਫੰਡਾਂ ਦੀ ਦੁਰਵਰਤੋਂ ਕੀਤੀ ਸੀ ਤਾਂ ਉਦੋਂ ਉਹ ਚੁੱਪ ਕਿਉਂ ਸਨ। ਇਸ ਦੌਰਾਨ ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪਾੜ ਪੂਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਅਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਵੀ ਹਾਜ਼ਰ ਸਨ।
ਬੰਨ੍ਹ ਤੋੜਨ ਦੇ ਮਾਮਲੇ ‘ਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਖਿਲਾਫ ਪਰਚਾ ਦਰਜ
ਡੀਸੀ ਦੇ ਹੁਕਮਾਂ ਮਗਰੋਂ ਡਰੇਨੇਜ ਵਿਭਾਗ ਨੇ ਪੁਲਿਸ ਨੂੰ ਸੌਂਪੀ ਰਿਪੋਰਟ; ਵਿਰੋਧੀ ਧਿਰਾਂ ਵੱਲੋਂ ਬੰਨ੍ਹ ਤੋੜਨ ਦੀ ਨਿਖੇਧੀ
ਕਪੂਰਥਲਾ/ਬਿਊਰੋ ਨਿਊਜ਼ : ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਭਰੋਆਣਾ ਨੇੜਿਓਂ ਸਤਲੁਜ ਦਾ ਧੁੱਸੀ ਬੰਨ੍ਹ ਤੋੜ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਵਿਧਾਇਕ ਅਤੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਵਿਰੋਧੀ ਧਿਰਾਂ ਦੇ ਆਗੂਆਂ ਨੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਬੰਨ੍ਹ ਤੋੜਨ ਦੀ ਨਿਖੇਧੀ ਕੀਤੀ ਅਤੇ ਵਿਧਾਇਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਦੂਜੇ ਪਾਸੇ ਬੰਨ੍ਹ ਤੋੜਨ ਮਗਰੋਂ ਕੁੱਝ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟਣ ਦਾ ਦਾਅਵਾ ਵੀ ਕੀਤਾ ਗਿਆ।
ਵਿਧਾਇਕ ਰਾਣਾ ਅਨੁਸਾਰ ਉਨ੍ਹਾਂ ਦੇ ਖੇਤਰ ਦੇ ਲੋਕ ਹੜ੍ਹ ਦੇ ਪਾਣੀ ਕਾਰਨ ਖ਼ਤਰੇ ਵਿੱਚ ਹਨ ਪਰ ਪ੍ਰਸ਼ਾਸਨ ਇਸ ਤੋਂ ਬੇਖ਼ਬਰ ਹੈ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਤੋਂ ਦੇਸ਼ ਪਰਤੇ ਹਨ। ਆਉਂਦਿਆਂ ਹੀ ਉਨ੍ਹਾਂ ਆਪਣੇ ਖੇਤਰ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਦਾ ਜਾਇਜ਼ਾ ਲਿਆ। ਇਸ ਦੌਰਾਨ ਅੱਠ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਹੜ੍ਹ ਕਾਰਨ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਿਆ। ਇਸ ਤੋਂ ਬਾਅਦ ਵਿਧਾਇਕ ਨੇ ਡਰੇਨੇਜ ਵਿਭਾਗ ਨੂੰ ਸੂਚਿਤ ਕੀਤਾ ਕਿ ਜੇ ਧੁੱਸੀ ਬੰਨ੍ਹ ਤੋੜ ਦਿੱਤਾ ਜਾਵੇ ਤਾਂ ਹੜ੍ਹ ਦਾ ਪਾਣੀ ਵਾਪਸ ਸਤਲੁਜ ਦਰਿਆ ਵਿੱਚ ਹੁੰਦੇ ਹੋਏ ਹਰੀਕੇ ਹੈੱਡ ਵਰਕਸ ਵੱਲ ਚਲਾ ਜਾਵੇਗਾ।
ਇਸ ਦੇ ਜਵਾਬ ਵਿੱਚ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬੰਨ੍ਹ ਤੋੜਨ ਲਈ ਪ੍ਰਸ਼ਾਸਨ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਇਸ ਮਗਰੋਂ ਵਿਧਾਇਕ ਨੇ ਪਿੰਡ ਵਾਸੀਆਂ ਅਤੇ ਆਪਣੇ ਵਰਕਰਾਂ ਨੂੰ ਬੰਨ੍ਹ ਤੋੜਨ ਲਈ ਕਹਿ ਦਿੱਤਾ। ਇਸ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਪਰ ਲੋਕਾਂ ਅੱਗੇ ਪੁਲਿਸ ਦੀ ਇੱਕ ਨਾ ਚੱਲੀ। ਉਧਰ ਭਾਜਪਾ ਆਗੂ ਕਰਨਜੀਤ ਸਿੰਘ ਆਹਲੀ ਨੇ ਕਿਹਾ ਕਿ ਬੰਨ੍ਹ ਸਰਕਾਰੀ ਹੈ ਅਤੇ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਇਸ ਨੂੰ ਤੋੜਨਾ ਗੈਰਕਾਨੂੰਨੀ ਹੈ। ਉਨ੍ਹਾਂ ਬੰਨ੍ਹ ਤੋੜਨ ਵਾਲੇ ਵਿਧਾਇਕ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੁਲਤਾਨਪੁਰ ਲੋਧੀ ਦੇ ਐੱਸਡੀਐੱਮ ਚੰਦਰਾ ਜੋਤੀ ਨੇ ਕਿਹਾ ਕਿ ਉਹ ਜਾਂਚ ਮਗਰੋਂ ਹੀ ਕੁਝ ਦੱਸ ਸਕਦੇ ਹਨ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਡਰੇਨੇਜ ਵਿਭਾਗ ਨੇ ਐਕਸੀਅਨ ਨੂੰ ਵਿਸਥਾਰਤ ਰਿਪੋਰਟ ਪੁਲਿਸ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਐੱਸਐੱਸਪੀ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਐਕਸੀਅਨ ਦੀ ਰਿਪੋਰਟ ਮਿਲ ਗਈ ਹੈ। ਜਾਂਚ ਮਗਰੋਂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਝੋਨੇ ਦੀ ਪਨੀਰੀ ਬੀਜੀ
ਅੰਮ੍ਰਿਤਸਰ : ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਨੇ ਆਪਣੇ ਗੁਰਦੁਆਰਿਆਂ ਦੀ ਲਗਪਗ 53 ਕਿੱਲੇ ਜ਼ਮੀਨ ਵਿਚ ਝੋਨੇ ਦੀ ਪਨੀਰੀ ਬੀਜੀ ਹੈ ਜੋ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫਤ ਵੰਡੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਚ 10 ਕਿੱਲੇ, ਲੁਧਿਆਣਾ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਹੇਰਾਂ ਵਿਚ 12 ਕਿੱਲੇ, ਸੰਗਰੂਰ ਵਿੱਚ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ 15 ਕਿੱਲੇ, ਸ੍ਰੀ ਦਰਬਾਰ ਸਾਹਿਬ ਦੇ ਜਲਾਲਾਬਾਦ ਫਾਰਮ ਵਿੱਚ ਅੱਠ ਕਿੱਲੇ, ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਚ ਪੰਜ ਕਿੱਲੇ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੱਤੋਕੇ ਵਿਚ 3 ਕਿੱਲੇ ਜ਼ਮੀਨ ਵਿੱਚ ਝੋਨੇ ਦੀ ਪਿਛੇਤੀ ਕਿਸਮ ਦੀ ਪਨੀਰੀ ਬੀਜੀ ਗਈ ਹੈ। ਇਹ ਪਨੀਰੀ ਝੋਨੇ ਦੀ 1121 ਤੇ 1509 ਕਿਸਮ ਦੀ ਹੈ, ਜੋ ਘੱਟ ਸਮੇਂ ਵਿੱਚ ਪੱਕ ਕੇ ਜਲਦੀ ਤਿਆਰ ਹੋ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿਚ ਪਾਣੀ ਆਉਣ ਕਾਰਨ ਪਨੀਰੀ ਰੁੜ੍ਹ ਗਈ ਹੈ।
ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ‘ਤੇ ਸ਼੍ਰੋਮਣੀ ਕਮੇਟੀ ਦੇ ਕੁਝ ਗੁਰਦੁਆਰਿਆਂ ਵਿੱਚ 53 ਕਿੱਲੇ ਜ਼ਮੀਨ ਵਿੱਚ ਪਨੀਰੀ ਬੀਜੀ ਗਈ ਹੈ ਜੋ ਪੀੜਤ ਕਿਸਾਨਾਂ ਨੂੰ ਮੁਫ਼ਤ ਵੰਡੀ ਜਾਵੇਗੀ।
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਹੜ੍ਹ ਪੀੜਤਾਂ ਲਈ ਇੱਕ ਦਿਨ ਦੀ ਤਨਖਾਹ ਦੇਣ ਦਾ ਐਲਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਇੱਕ ਦਿਨ ਦੀ ਤਨਖਾਹ ਦੇਣ ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਸਿੱਖ ਸੰਸਥਾ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ 51 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਹੈ ਅਤੇ ਸਿੱਖ ਕਥਾਵਾਚਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ 1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਇਕ ਖਾਤਾ ਨੰਬਰ ਜਨਤਕ ਕਰ ਕੇ ਸੰਗਤ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਆਪਣੀ ਇਕ ਦਿਨ ਦੀ ਤਨਖਾਹ ਦੇਣ ਦੀ ਪਹਿਲਕਦਮੀ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮੂਹ ਮੁਲਾਜ਼ਮਾਂ ਵੱਲੋਂ ਲਏ ਫ਼ੈਸਲੇ ਨੂੰ ਮਾਨਵ ਹਿੱਤਕਾਰੀ ਕਰਾਰ ਦਿੱਤਾ। ਇਸੇ ਦੌਰਾਨ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪ੍ਰਧਾਨ ਧਾਮੀ ਨੇ ਸਮੂਹ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ।

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …