Breaking News
Home / Special Story / ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ ਵਿੱਚੋਂ ਅੱਵਲ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਨੇ ਸੀਬੀਐੱਸਈ ਅਤੇ ਹੋਰਨਾਂ ਬੋਰਡਾਂ ਦੇ ਮੁਕਾਬਲੇ ਅਪਰੈਲ ਵਿੱਚ ਸਾਰੀਆਂ ਜਮਾਤਾਂ ਦਾ ਨਤੀਜਾ ਐਲਾਨ ਕੇ ਇਤਿਹਾਸ ਰਚਿਆ ਹੈ।
ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਨੇ ਬਾਰ੍ਹਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ। ਬਾਰ੍ਹਵੀਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ‘ਤੇ ਮੁੰਡਿਆਂ ਨੇ ਕਬਜ਼ਾ ਕੀਤਾ ਜਦੋਂਕਿ ਅੱਠਵੀਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ।
ਬਾਰ੍ਹਵੀਂ ਜਮਾਤ ਦੇ 320 ਵਿਦਿਆਰਥੀਆਂ ਦੀ ਮੈਰਿਟ ਸੂਚੀ ਮੁਤਾਬਕ ਬੀਸੀਐੱਮ ਸੀਨੀਅਰ ਸੈਕੰਡਰੀ ਸਕੂਲ, ਜਮਾਲਪੁਰ ਕਲੋਨੀ, ਫੋਕਲ ਪੁਆਇੰਟ, ਲੁਧਿਆਣਾ (ਕਾਮਰਸ ਗਰੁੱਪ) ਦੇ ਏਕਮਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਨੇ ਸੌ ਫ਼ੀਸਦੀ ਅੰਕ ਲੈ ਕੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ। ਏਕਮਪ੍ਰੀਤ ਖੇਡ ਕੋਟੇ ਦੇ 17 ਅੰਕ ਲੈ ਕੇ ਇਸ ਮੁਕਾਮ ‘ਤੇ ਪੁੱਜਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਲਾਬੇਵਾਲਾ (ਸ੍ਰੀ ਮੁਕਤਸਰ ਸਾਹਿਬ) ਦੇ ਨਾਨ ਮੈਡੀਕਲ ਗਰੁੱਪ ਦੇ ਰਵੀਉਦੈ ਸਿੰਘ ਪੁੱਤਰ ਹਰਿੰਦਰ ਸਿੰਘ ਨੇ ਵੀ ਸੌ ਫੀਸਦੀ ਅੰਕ ਲੈ ਕੇ ਦੂਜਾ ਅਤੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੇ ਮੈਡੀਕਲ ਗਰੁੱਪ ਦੇ ਅਸ਼ਵਨੀ ਪੁੱਤਰ ਸੁਰਿੰਦਰ ਕੁਮਾਰ ਨੇ 500 ‘ਚੋਂ 499 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਅਸ਼ਵਨੀ ਨੂੰ ਖੇਡ ਕੋਟੇ ‘ਚੋਂ ਮਿਲੇ 12 ਅੰਕਾਂ ਨਾਲ ਇਹ ਮੁਕਾਮ ਹਾਸਲ ਹੋਇਆ ਹੈ। ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 2,84,452 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ‘ਚੋਂ 2,64,662 ਪਾਸ ਹੋਏ ਹਨ। ਇਸ ਵਾਰ ਪਾਸ ਫ਼ੀਸਦ 93.04 ਰਹੀ। ਸ਼ਹਿਰੀ ਖੇਤਰ ਦੀ ਪਾਸ ਫ਼ੀਸਦ 93.46 ਹੈ ਜਦੋਂਕਿ ਪੇਂਡੂ ਦੀ 92.73 ਫ਼ੀਸਦ ਬਣਦੀ ਹੈ।
ਅੱਠਵੀਂ ਜਮਾਤ ਦੇ ਸਾਲਾਨਾ ਨਤੀਜੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਪੁੱਤਰੀ ਜੁਗਰਾਜ ਸਿੰਘ ਨੇ 100 ਫ਼ੀਸਦੀ ਅੰਕ ਲੈ ਕੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਿਊ ਅੰਤਰਯਾਮੀ ਕਲੋਨੀ (ਅੰਮ੍ਰਿਤਸਰ) ਦੀ ਗੁਰਲੀਨ ਕੌਰ ਪੁੱਤਰੀ ਅਮਰਦੀਪ ਸਿੰਘ ਨੇ 600 ਅੰਕਾਂ ਵਿੱਚੋਂ 598 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਮੱਲਿਆ। ਇੰਜ ਹੀ ਸਰਕਾਰੀ ਐਲੀਮੈਂਟਰੀ ਕੂਲ ਰਤੋਕੇ (ਸੰਗਰੂਰ) ਦੇ ਅਰਮਾਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ 597 ਅੰਕ ਲੈ ਕੇ ਪੰਜਾਬ ‘ਚੋਂ ਤੀਜਾ ਸਥਾਨ ਹਾਸਲ ਕੀਤਾ ਹੈ।
ਅੱਠਵੀਂ ਦੀ ਪ੍ਰੀਖਿਆ ਵਿੱਚ 2,91,917 ਵਿਦਿਆਰਥੀ ਅਪੀਅਰ ਹੋਏ, ਜਿਨ੍ਹਾਂ ‘ਚੋਂ 2,36,987 ਪਾਸ ਹੋਏ। ਇਸ ਵਾਰ ਪਾਸ ਫ਼ੀਸਦ 98.31 ਰਹੀ ਜੋ ਪਿਛਲੇ ਸਾਲ ਨਾਲੋਂ 6 ਫ਼ੀਸਦੀ ਵੱਧ ਹੈ।
ਮੁੱਖ ਮੰਤਰੀ ਵੱਲੋਂ ਪਾੜ੍ਹਿਆਂ ਤੇ ਮਾਪਿਆਂ ਨੂੰ ਵਧਾਈਆਂ
ਬਾਰ੍ਹਵੀਂ ਅਤੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਨੇ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …