ਚੰਨੀ ਅਤੇ ਸਿੱਧੂ ਨੇ ਮਾਲਵਿਕਾ ਨੂੰ ਮੋਗਾ ਤੋਂ ਪਾਰਟੀ ਦੀ ਉਮੀਦਵਾਰ ਐਲਾਨਿਆ
ਮੋਗਾ/ਬਿੳੂੁਰੋ ਨਿੳੂਜ਼
ਫਿਲਮ ਅਦਾਕਾਰ ਅਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਧਿਆਨ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਗਾ ਸਥਿਤ ਮਾਲਵਿਕਾ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੋਨੂੰ ਸੂਦ ਨੇ ਮੋਗਾ ਸ਼ਹਿਰ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਇਸੇ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਮਾਲਵਿਕਾ ਨੇ ਪਾਰਟੀਆਂ ਤੋਂ ੳਪਰ ਉਠ ਕੇ ਐਨ.ਜੀ.ਓ. ਚਲਾਇਆ। ਚੰਨੀ ਅਤੇ ਸਿੱਧੂ ਨੇ ਮਾਲਵਿਕਾ ਨੂੰ ਮੋਗਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਵੀ ਐਲਾਨ ਦਿੱਤਾ। ਇਸ ਤੋਂ ਪਹਿਲਾਂ ਮਾਲਵਿਕਾ ਸੂਦ ਨੇ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਦੀਆਂ ਤਾਰੀਫਾਂ ਕੀਤੀਆਂ। ਮਾਲਵਿਕਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਥੋੜ੍ਹੇ ਸਮੇਂ ਦੇ ਕਾਰਜਕਾਲ ਵਿਚ ਹੀ ਕਈ ਅਜਿਹੇ ਕੰਮ ਕੀਤੇ ਹਨ, ਜਿਸ ਕਰਕੇ ਉਨ੍ਹਾਂ ਦਾ ਨਾਮ ਹਰ ਇਨਸਾਨ ਦੀ ਜੁਬਾਨ ’ਤੇ ਹੈ।
ਜ਼ਿਕਰਯੋਗ ਹੈ ਕਿ ਸੋਨੂੰ ਸੂਦ ਦੇ ਰਾਜਨੀਤੀ ਵਿਚ ਸਰਗਰਮ ਹੋਣ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਉਹ ਮੋਗਾ ਵਿਚ ਕਈ ਸਮਾਜ ਸੇਵੀ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਵੀ ਨਜ਼ਰ ਆ ਚੁੱਕੇ ਹਨ। ਹਾਲਾਂਕਿ ਸੋਨੂੰ ਸੂਦ ਨੇ ਖੁਦ ਰਾਜਨੀਤੀ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਆਪਣੀ ਭੈਣ ਮਾਲਵਿਕਾ ਨੂੰ ਅੱਗੇ ਵਧਾਇਆ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਸੋਨੂੰ ਸੂਦ ਦੀ ਪੰਜਾਬ ਦੇ ‘ਸਟੇਟ ਆਈਕਨ’ ਵਜੋਂ ਨਿਯੁਕਤੀ ਰੱਦ ਕਰ ਦਿੱਤੀ ਸੀ। ਸੋਨੂੰ ਸੂਦ ਨੂੰ ਇਕ ਸਾਲ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦਾ ਆਈਕਨ ਬਣਾਇਆ ਸੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …