-11.8 C
Toronto
Wednesday, January 21, 2026
spot_img
Homeਕੈਨੇਡਾਭਾਅ ਜੀ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਸਮਰਪਿਤ ਬਰੈਂਪਟਨ ਵਿਚ ਆਯੋਜਿਤ...

ਭਾਅ ਜੀ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਸਮਰਪਿਤ ਬਰੈਂਪਟਨ ਵਿਚ ਆਯੋਜਿਤ ਕੀਤੇ ਗਏ ਕਈ ਪ੍ਰੋਗਰਾਮ

ਬਰੈਂਪਟਨ/ਡਾ. ਝੰਡ : ਭਾਅਜੀ ਗੁਰਸ਼ਰਨ ਸਿੰਘ ਵੱਡੇ-ਛੋਟੇ ਸਾਰਿਆਂ ਦੇ ‘ਭਾਅ ਜੀ’ ਸਨ। ਸ਼ਬਦ ‘ਭਾਅ ਜੀ’ ਏਨਾ ਹਰਮਨ-ਪਿਆਰਾ ਹੋ ਗਿਆ ਕਿ ਇਹ ਉਨ੍ਹਾਂ ਦੇ ਨਾਂ ਨਾਲ ਲਕਬ ਵਾਂਗ ਜੁੜ ਗਿਆ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਪੰਜਾਬੀ ਰੰਗਮੰਚ ਅਤੇ ਸਮਾਜਿਕ ਸੰਘਰਸ਼ ਨੂੰ ਸਮੱਰਪਿਤ ਕਰ ਦਿੱਤਾ। ਉਨ੍ਹਾਂ ਨੇ ਆਪਣੇ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਹੋਕਾ ਦਿੱਤਾ। ਆਪਣੇ ਨਾਟਕਾਂ ਰਾਹੀਂ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਸਮਾਜਵਾਦੀ ਸੋਚ ਨੂੰ ਦੂਰ-ਨੇੜੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਪਹੁੰਚਾਇਆ। ਉਨ੍ਹਾਂ ਦੀ ਜੀਵਨ ਘਾਲਣਾ ਨੂੰ ਯਾਦ ਕਰਦਿਆਂ ਬਰੈਂਪਟਨ ਵਿਚ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਉਨ੍ਹਾਂ ਦੇ 16 ਸਤੰਬਰ ਨੂੰ ਜਨਮ-ਦਿਨ ਅਤੇ ਏਸੇ ਹੀ ਮਹੀਨੇ 28 ਸਤੰਬਰ ਨੂੰ ਹੋਏ ਅਕਾਲ-ਚਲਾਣੇ ਨੂੰ ਮੁੱਖ ਰੱਖਦਿਆਂ ਕਈ ਸਮਾਗ਼ਮ ਕਰਵਾਏ ਗਏ। ਇਨ੍ਹਾਂ ਸਮਾਗ਼ਮਾਂ ਵਿਚ ਭਾਅ ਜੀ ਵੱਲੋਂ ਭਾਖੜਾ ਮੈਨੇਜਮੈਂਟ ਬੋਰਡ ਵਿਚ ਇੰਜੀਨੀਅਰ ਦੀ ਉੱਚ-ਪਦਵੀ ਨੂੰ ਲੱਤ ਮਾਰ ਕੇ ਪੰਜਾਬੀ ਰੰਗਮੰਚ ਰਾਹੀਂ ਲੋਕਾਂ ਵਿਚ ਸਮਾਜਿਕ ਬਰਾਬਰੀ ਲਈ ਲੋਕਾਂ ਨੂੰ ਜਾਗਰੂਕਤਾ ਦਾ ਹੋਕਾ ਦੇਣ ਦਾ ਵਿਸ਼ੇਸ਼ ਜ਼ਿਕਰ ਹੋਇਆ।
‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਆਪਣੇ ਮਹੀਨਾਵਾਰ ਸਮਾਗ਼ਮ ਵਿਚ 15 ਸਤੰਬਰ ਐਤਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੋਲਿਟੀਕਲ ਸਾਇੰਸ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਡਾ. ਜਗਰੂਪ ਸਿੰਘ ਸੇਖੋਂ ਦਾ ਭਾਅ ਜੀ ਗੁਰਸ਼ਰਨ ਸਿੰਘ ਜੀ ਦੀ ਪੰਜਾਬੀ ਰੰਗਮੰਚ ਤੇ ਸਮਾਜ ਨੂੰ ਦੇਣ ਸਬੰਧੀ ਵਿਸ਼ੇਸ਼ ਲੈੱਕਚਰ ਕਰਵਾਇਆ ਗਿਆ। ਉਨ੍ਹਾਂ ਨੇ ਭਾਅ ਜੀ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਧਾਰਨੀ ਦੱਸਿਆ ਅਤੇ ਆਪਣੇ ਨਾਟਕਾਂ ਰਾਹੀਂ ਇਸ ਸੋਚ ਨੂੰ ਦੂਰ-ਨੇੜੇ ਪਿੰਡਾਂ ਅਤੇ ਸ਼ਹਿਰਾਂ ਤੀਕ ਪਹੁੰਚਾਉਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਵੱਲੋਂ ਆਪਣੇ ਨਾਟਕਾਂ ਦੇ ਸੰਵਾਦਾਂ ਨੂੰ ਪਿੰਡਾਂ ਵਿਚ ਬੈਲ-ਗੱਡੀਆਂ ਦੀਆਂ ਪਿੱਠਾਂ ਜੋੜ ਕੇ ਬਣਾਈਆਂ ਗਈਆਂ ਬਿਲਕੁਲ ਸਧਾਰਨ ਸਟੇਜਾਂ ਉੱਪਰ ਬੁਲੰਦ ਆਵਾਜ਼ ਵਿਚ ਬਾਖ਼ੂਬੀ ਪੇਸ਼ ਕੀਤਾ ਗਿਆ। ਸਮਾਗ਼ਮ ਵਿਚ ਕਈ ਹੋਰ ਬੁਲਾਰਿਆਂ ਵੱਲੋਂ ਭਾਅ ਜੀ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਦਾ ਬਾਖ਼ੂਬੀ ਜ਼ਿਕਰ ਕੀਤਾ ਗਿਆ।
28 ਸਤੰਬਰ ਸ਼ਨੀਵਾਰ ਨੂੰ ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਵੱਲੋਂ ਆਪਣਾ ਮਹੀਨਾਵਾਰ ਸਮਾਗ਼ਮ ਭਾਅ ਜੀ ਨੂੰ ਸਮੱਰਪਿਤ ਕੀਤਾ ਗਿਆ। ‘ਕਾਫ਼ਲੇ’ ਦੇ ਕਨਵੀਨਰ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਨੇ ਪੰਜਾਬੀ ਨਾਟਕਾਂ ਦੀ ਨੀਂਹ ਰੱਖੀ ਹੈ।
ਭਾਅ ਜੀ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਸਿਆਂ ਉੱਘੇ ਕਵੀ ਓਂਕਾਰਪ੍ਰੀਤ ਨੇ ਕਿਹਾ ਕਿ ਭਾਅ ਜੀ ਦੀ ਸਾਰੀ ਜ਼ਿੰਦਗੀ ਲੋਕ-ਪੱਖੀ ਕਲਾ ਨੂੰ ਸਮਰਪਿਤ ਸੀ। ਪਿੰਡ-ਪਿੰਡ ਜਾ ਕੇ ਉਨ੍ਹਾਂ ਨਾਟਕ ਖੇਡੇ ਅਤੇ ਨੁੱਕੜ ਨਾਟਕਾਂ ਦੀ ਸ਼ੁਰੂਆਤ ਕੀਤੀ। ਜਰਨੈਲ ਸਿੰਘ ਕਹਾਣੀਕਾਰ ਨੇ 1969 ਵਿਚ ਭਾਅ ਜੀ ਵੱਲੋਂ ਖੇਡੇ ਗਏ ਨਾਟਕ ‘ਜਿਨ ਸੱਚ ਪੱਲੇ ਹੋਏ’ ਦੀ ਯਾਦ ਤਾਜ਼ਾ ਕੀਤੀ। ਉਨ੍ਹਾਂ ਕਿਹਾ ਕਿ ਭਾਅ ਜੀ ਸਰਕਾਰਾਂ ਤੋਂ ਡਰਨ ਵਾਲੇ ਨਹੀਂ ਸਨ ਅਤੇ ਉਨ੍ਹਾਂ ਨੂੰ ਇਕ ਵਾਰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਵੀ ਹੋਈ। ਦਹਿਸ਼ਤਵਾਦ ਦੇ ਦਿਨਾਂ ਵਿਚ ‘ਭਾਈ ਮੰਨਾ ਸਿੰਘ’ ਦੇ ਨਾਂ ਹੇਠ ਉਨ੍ਹਾਂ ਦੇ ਨਾਟਕ ਲੰਮਾਂ ਸਮਾਂ ਚੱਲੇ ਜਿਨ੍ਹਾਂ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਸਮਾਗ਼ਮ ਵਿਚ ਡਾ. ਵਰਿਆਮ ਸਿੰਘ ਸੰਧੂ ਅਤੇ ਹੋਰ ਕਈ ਬੁਲਾਰਿਆਂ ਵੱਲੋਂ ਭਾਅ ਜੀ ਦੇ ਸੰਘਰਸ਼ਮਈ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਅਗਲੇ ਦਿਨ 29 ਸਤੰਬਰ ਐਤਵਾਰ ਨੂੰ ਤਰਕਸ਼ੀਲ ਸੋਸਾਇਟੀ ਕਨੇਡਾ ਦੀ ਓਨਟਾਰੀਓ ਇਕਾਈ ਵਲੋਂ ਸ਼ਹੀਦ ਭਗਤ ਸਿੰਘ ਅਤੇ ਲੋਕ-ਨਾਇਕ ਭਾਅ ਜੀ ਗੁਰਸ਼ਰਨ ਸਿੰਘ ਜੀ ਦੀ ਯਾਦ ਵਿੱਚ ਯਾਦਗਾਰੀ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਲਕੀਤ ਮਾਣਕ ਜੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਾਰ ਨਾਲ ਕੀਤੀ ਗਈ।
ਅਜਮੇਰ ਪਰਦੇਸੀ ਨੇ ਆਪਣੇ ਵਿਚਾਰ ਸ਼ਹੀਦ ਭਗਤ ਸਿੰਘ ਬਾਰੇ ਲਿਖੀ ਕਵਿਤਾ ਰਾਹੀਂ ਰੱਖੇ। ਮਲੂਕ ਸਿੰਘ ਕਾਹਲੋਂ ਨੇ ਭਾਅ ਜੀ ਗੁਰਸ਼ਰਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਅ ਜੀ ਕੇਵਲ ਇੱਕ ਵਿਅੱਕਤੀ ਹੀ ਨਹੀਂ ਸਨ, ਸਗੋਂ ਇੱਕ ਸੰਸਥਾ ਸਨ ਜਿਨ੍ਹਾਂ ਨੇ ਆਪਣੇ ਨਾਟਕਾਂ ਰਾਹੀਂ ਲੋਕ-ਸੰਘਰਸ਼ ਦਾ ਹੋਕਾ ਦਿੱਤਾ।
ਘਰ ਵਿੱਚ ਸਿੱਖੀ ਸੰਸਕਾਰ ਹੋਣ ਕਾਰਨ ਉਹ ਸਿੱਖ ਫ਼ਲਸਫ਼ੇ ਨੂੰ ਬਾਖ਼ੂਬੀ ਸਮਝਦੇ ਸਨ ਅਤੇ ਇਸ ਦੇ ਨਾਲ ਹੀ ਉਹ ਕਮਿਊਨਿਸਟ ਪਾਰਟੀ ਦੇ ‘ਕਾਰਡ-ਹੋਲਡਰ’ ਵੀ ਬਣੇ। ਉਹ ‘ਗਲਾਸੀ ਕਲਚਰ’ ਤੋਂ ਦੂਰ ਰਹੇ ਅਤੇ ਉਨ੍ਹਾਂ ਔਰਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।
ਤਰਕਸ਼ੀਲ ਸੁਸਾਇਟੀ ਦੇ ਕੋਮਾਂਤਰੀ ਇੰਚਾਰਜ ਤੇ ਕੌਮੀ ਮੀਤ-ਪ੍ਰਧਾਨ ਬਲਵਿੰਦਰ ਬਰਨਾਲਾ ਨੇ ਕਿਹਾ ਕਿ ਭਾਅ ਜੀ ਗੁਰਸ਼ਰਨ ਵਲੋਂ ਸਮਾਜਵਾਦੀ ਤੇ ਤਰਕਵਾਦੀ ਪਹੁੰਚ ਆਪਣੇ ਨਾਟਕ ‘ਦੇਵ ਪੁਰਸ਼ ਹਾਰ ਗਏ’ ਰਾਹੀਂ ਲੋਕਾਂ ਵਿੱਚ ਭਰਵੇਂ ਰੂਪ ਵਿੱਚ ਪ੍ਰਚਾਰੀ ਗਈ। ਸਮਾਗਮ ਦੇ ਮੁੱਖ-ਮਹਿਮਾਨ ਹਰਚੰਦ ਭਿੰਡਰ ਨੇ ਲੋਕ-ਨਾਇਕ ਗੁਰਸ਼ਰਨ ਸਿੰਘ ਬਾਰੇ ਵਧੀਆ ਗੱਲਬਾਤ ਕੀਤੀ। ਸ਼ਹੀਦ ਭਗਤ ਸਿੰਘ ਦੀ ਭਤੀਜੀ ਇੰਦਰਜੀਤ ਕੌਰ ਅਤੇ ਉਨ੍ਹਾ ਦੇ ਪਤੀ ਅੰਮ੍ਰਿਤ ਢਿਲੋਂ ਨੇ ਭਗਤ ਸਿੰਘ ਨਾਲ ਸਬੰਧਿਤ ਯਾਦਾਂ ਤਾਜ਼ਾ ਕੀਤੀਆਂ ਗਈਆਂ ।
29 ਸਤੰਬਰ ਨੂੰ ਹੀ ਨਾਹਰ ਔਜਲਾ ਦੀ ਅਗਵਾਈ ਵਿਚ ਸਰਗਰਮ ‘ਚੇਤਨਾ ਕਲਚਰਲ ਸੈਂਟਰ ਟੋਰਾਂਟੋਂ’ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਤੇ ਸ਼ਹੀਦ ਭਗਤ ਸਿੰਘ ਜੀ ਦੀ ਯਾਦ ‘ਚ ਇੱਕ ਸਮਾਗਮ ‘ਕਿੰਗ ਗਰੁਪ ਆਫ਼ ਕੰਪਨੀਜ਼’ ਦੇ ਆਫ਼ਿਸ ‘ਚ ਆਯੋਜਿਤ ਕੀਤਾ। ਨਾਹਰ ਸਿੰਘ ਔਜਲਾ ਨੇ ਭਾਅ ਜੀ ਗੁਰਸ਼ਰਨ ਹੋਰਾਂ ਨਾਲ ਆਪਣੀਆਂ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਇੰਦਰਜੀਤ ਸਿੰਘ ਬੱਲ, ਕਰਮਜੀਤ ਸਿੰਘ ਗਿੱਲ, ‘ਚੈਨਲ ਵਾਏ’ ਤੋਂ ਸੰਦੀਪ ਸੰਘਾ, ਨਰਿੰਦਰ ਸੈਣੀ, ਹਰਿੰਦਰ ਮਾਂਗਟ, ਹਾਰਵੀ ਦਿਉਲ, ਕੁਲਦੀਪ ਕੌਰ ਗੋਸਲ, ਉੱਘੇ ਫ਼ਿਲਮ ਮੇਕਰ ਨਵਦੀਪ ਝੱਜ, ਪ੍ਰਿਤਪਾਲ ਚੱਗਰ, ਧਰਮਪਾਲ ਸ਼ੇਰਗਿੱਲ, ਅਮਰਜੀਤ ਬੱਧਨ, ਸੁੰਦਰਪਾਲ ਰਾਜਾਸਾਂਸੀ, ਬਲਵਿੰਦਰ ਸਿੰਘ ਮੁੰਡੀ, ਮੀਡੀਆਕਾਰ ਹਰਜੀਤ ਗਿੱਲ, ਹਿੰਦੀ ਨਾਟਕਾਂ ਦੀ ਉੱਘੀ ਅਦਾਕਾਰਾ ਅਨੁਰਾਧਾ ਨੇ ਭਾਅ ਜੀ ਗੁਸ਼ਰਨ ਸਿੰਘ ਬਾਰੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ‘ਚੇਤਨਾ ਕਲਚਰਲ ਸੈਂਟਰ’ ਦੀ ਟੀਮ ਵੱਲੋਂ ਨਾਟਕ ‘ਵੱਖਰੇ ਰੰਗ ਕੈਨੇਡਾ ਦੇ’ ਦੇ ਇੱਕ ਸੀਨ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ।

RELATED ARTICLES
POPULAR POSTS