Breaking News
Home / Special Story / ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰਾਂ ਦਾ

ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰਾਂ ਦਾ

ਮੁੱਦਾ

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ 26 ਨਵੰਬਰ 2018 ਨੂੰ ਰੱਖਿਆ ਸੀ ਨੀਂਹ ਪੱਥਰ

ਭਾਰਤ ਸਰਕਾਰ ਵਲੋਂ ਕੇਂਦਰੀ ਮੰਤਰੀ ਮੰਡਲ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਇਸ ਸਾਲ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਆਲਮੀ ਪੱਧਰ ਉਤੇ ਡੇਰਾ ਬਾਬਾ ਨਾਨਕ ਵਿਚ ਪੰਜਾਬ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਤਹਿਤ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਰਾਵੀ ਪਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਿਨਾ ਵੀਜ਼ਾ ਖੁੱਲ੍ਹੇ ਦਰਸ਼ਨ ਦੀਵਾਰ ਕਰਨ ਲਈ ਲਾਂਘਾ ਖੋਲ੍ਹਣ ਦੇ ਲਏ ਫੈਸਲੇ ਤਹਿਤ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ 26 ਨਵੰਬਰ 2018 ਨੂੰ ਡੇਰਾ ਬਾਬਾ ਨਾਨਕ ਕਾਹਲਾਂਵਾਲੀ ਨੇੜੇ ਪਿੰਡ ਮਾਨ ਵਿਖੇ ਕਰਤਾਰਪੁਰ ਸਾਹਿਬ ਤੱਕ ਲਾਂਘੇ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ।

1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਜਿੱਥੇ ਦੋਵੇਂ ਪਾਸੇ ਲੱਖਾਂ ਲੋਕਾਂ ਦਾ ਖੂਨ ਡੁੱਲਿਆ ਉਥੇ ਪਹਿਲੀ ਪਾਤਸ਼ਾਹੀ ਬਾਬਾ ਨਾਨਕ ਦੀ ਯਾਦ ਵਿਚ ਉਸਾਰੇ ਗਏ ਇਤਿਹਾਸਕ ਗੁਰਦੁਆਰੇ ਵੀ ਵੰਡੇ ਗਏ। ਭਾਰਤ ਵਾਲੇ ਪਾਸੇ ਚੋਲਾ ਸਾਹਿਬ ਗੁਰਦੁਆਰਾ ਤੇ ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਦੋਹਾਂ ਪੰਜਾਬਾਂ ਵਿਚਕਾਰ ਦੋ ਮੁਲਕਾਂ ਦੀ ਵੰਡ ਨੂੰ ਦਰਸਾਉਂਦੀ ਸਰਹੱਦ ਲਕੀਰ ਖਿੱਚ ਦਿੱਤੀ ਗਈ। ਦੁਨੀਆ ਭਰ ਵਿਚ ਬੈਠੀ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਵਲੂੰਧਰੇ ਗਏ। ਸੰਵੇਦਨਸ਼ੀਲ ਮਨਾਂ ਨੂੰ ਡੂੰਘੀ ਸੱਟ ਵੱਜੀ।  72 ਸਾਲਾਂ ਤੋਂ ਸਿੱਖ ਸੰਗਤ ਉਨ੍ਹਾਂ ਤੋਂ ਵਿਛੋੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਤੜਫ ਰਹੀ ਸੀ। ਅਖੀਰ ਦੁਵੱਲੇ ਯਤਨਾਂ ਤੋਂ ਇਲਾਵਾ ਅਰਦਾਸਾਂ ਤੇ ਅਰਜ਼ੋਈਆਂ ਰੰਗ ਲਿਆਈਆਂ ਤੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਤੱਕ ਲਾਂਘਾ ਉਸਾਰਨ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਸਹਿਮਤ ਹੋਈਆਂ। ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ ਤੇ ਸਰਬੱਤ ਦੇ ਦੋਵੇਂ ਪਾਸੇ ਨਿਰਮਾਣ ਕੰਮ ਵੱਡੀ ਪੱਧਰ ‘ਤੇ ਜਾਰੀ ਹਨ। ਨਵੰਬਰ ਮਹੀਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਤੇ ਯਾਦਗਾਰ ਸਮਾਗਮ ਬਣਾਉਣ ਲਈ ਉਸਾਰੇ ਜਾ ਰਹੇ ਇਸ ਲਾਂਘੇ ਨੇ ਦੁਨੀਆ ਭਰ ਵਿਚ ਰਹਿੰਦੇ ਸ਼ਰਧਾਲੂਆਂ ਦੇ ਕਾਲਜੇ ਠਾਰ ਦਿੱਤੇ ਹਨ। ਨਿਸ਼ਚਿਤ ਰੂਪ ਵਿਚ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਵਾਂਗ ਸੰਗਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸਕੇਗੀ।

ਦੂਰ ਨਹੀਂ ਕਰਤਾਰਪੁਰ

ਬਾਬਾ ਨਾਨਕ ਦੀ ਧਰਤ ਵੇਖਣ ਲਈ ਚਿਰਾਂ ਤੋਂ ਰਹੀ ਹੈ ਤਾਂਘ

ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ 45 ਕਿਲੋਮੀਟਰ ਦੂਰੀ ‘ਤੇ ਸੁਸ਼ੋਭਿਤ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)  ਦਾ ਗੁਰੂ ਨਾਨਕ ਸਾਹਿਬ ਨਾਲ ਗੂੜ੍ਹਾ ਸਬੰਧ ਹੈ। ਇਤਿਹਾਸਕਾਰਾਂ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਚਾਰ ਉਦਾਸੀਆਂ ਤੋਂ ਬਾਅਦ ਰਵੀ ਦਰਿਆ ਕੰਢੇ ਵਸੇ ਪਿੰਡ ਦੋਧਾ ਦੇ ਬਾਹਰ ਪੁੱਜੇ ਤਾਂ ਦੋ ਭਰਾ ਆਪਣੇ ਖੇਤਾਂ ਵਿਚ ਦਾਣਿਆਂ ਦਾ ਬੋਹਲ ਇਕੱਠਾ ਕਰ ਰਹੇ ਸੀ। ਵੱਡਾ ਭਰਾ ਘਰ ਖਾਣਾ ਖਾਣ ਗਿਆ ਤਾਂ ਛੋਟੇ ਨੇ ਸੋਚਿਆ ਕਿ ਵੱਡੇ ਭਰਾ ਦਾ ਪਰਿਵਾਰ ਵੱਡਾ ਹੈ, ਉਹ ਕਿਸ ਤਰ੍ਹਾਂ ਗੁਜ਼ਾਰਾ ਕਰੇਗਾ? ਛੋਟੇ ਨੇ ਆਪਣੇ ਬੋਹਲ ਤੋਂ ਦਾਣੇ ਚੁੱਕੇ ਤੇ ਵੱਡੇ ਦੇ ਬੋਹਲ ਵਿਚ ਪਾ ਦਿੱਤੇ। ਇਸ ਤੋਂ ਬਾਅਦ ਜਦੋਂ ਵੱਡਾ ਭਰਾ ਖਾਣਾ ਖਾ ਕੇ ਆਇਆ ਤਾਂ ਛੋਟਾ ਘਰ ਰੋਟੀ ਖਾਣ ਚਲਾ ਗਿਆ। ਇਸ ਪਿੱਛੋਂ ਵੱਡੇ ਦੇ ਮਨ ਵਿਚ ਆਇਆ ਕਿ ਛੋਟੇ ਭਰਾ ਦੇ ਛੋਟੇ ਬੱਚੇ ਨੇ, ਉਹ ਕਿਵੇਂ ਗੁਜ਼ਾਰਾ ਕਰੇਗਾ? ਇਹ ਸੋਚ ਕੇ ਉਸ ਨੇ ਆਪਣੇ ਬੋਹਲ ਤੋਂ ਦਾਣੇ ਚੁੱਕੇ ਤੇ ਛੋਟੇ ਦੇ ਬੋਹਲ ਵਿਚ ਪਾ ਦਿੱਤੇ। ਇਸ ਘਟਨਾ ਨੂੰ ਬਾਬਾ ਨਾਨਕ ਵੇਖ ਰਹੇ ਸਨ ਤਾਂ ਉਨ੍ਹਾਂ ਨੇ ਆਪਣੇ ਸਾਥੀ ਮਰਦਾਨਾ ਜੀ ਨੂੂੰ ਕਿਹਾ ਕਿ ਮਰਦਾਨਿਆ ਇੱਥੇ ਵਸਦਾ ਹੈ ਕਰਤਾਰ। ਇਹ ਕਹਿ ਕੇ ਗੁਰੂ ਨਾਨਕ ਸਾਹਿਬ ਨੇ ਆਪਣਾ ਡੇਰਾ ਕਰਤਾਰਪੁਰ ਸਾਹਿਬ ‘ਚ ਲਾ ਲਿਆ। ਇਸ ਸਮੇਂ ਵੀ ਦੋਦਾ ਪਿੰਡ ਕਰਤਾਰਪੁਰ ਨੇੜੇ ਸਥਿਤ ਹੈ।  ਗੁਰੂ ਨਾਨਕ ਸਾਹਿਬ ਨੇ ਆਪਣੀਆਂ 4 ਉਦਾਸੀਆਂ ਮਗਰੋਂ 1952 ਈਸਵੀ ਵਿਚ ਕਰਤਾਰਪੁਰ ਸਾਹਿਬ ਆ ਕੇ ਪੱਕਾ ਵਾਸਾ ਕਰ ਲਿਆ ਅਤੇ ਇੱਥੇ ਰਹਿ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਰਤਾਰਪੁਰ ਸਾਹਿਬ ਸ਼ਹਿਰ ਵਸਾਇਆ।

ਗੁਰੂ ਨਾਨਕ ਸਾਹਿਬ ਨੇ ਇੱਥੇ ਚਾਰੇ ਵਰਣਾਂ ਦੇ ਲੋਕਾਂ ਲਈ ਧਰਮਸ਼ਾਲਾ ਬਣਾਈਆਂ। ਕਰਤਾਰਪੁਰ ਸਾਹਿਬ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਨਾਰੋਵਾਲ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਪੈਂਦਾ ਹੈ, ਜਿਸ ਨੂੰ ਕਰਤਾਰਪੁਰ ਰਾਵੀ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਨੂੰ ਬਾਬਾ ਨਾਨਕ ਤੇ ਨਾਨਕ ਸ਼ਾਹ ਆਦਿ ਕਈ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ 1469 ਨੂੰ ਨਨਕਾਣਾ ਸਾਹਿਬ ਵਿਚ ਰਾਏ ਭੋਇ ਦੀ ਤਲਵੰਡੀ ਵਿਖੇ ਪਿਤਾ ਮਹਿਤਾ ਕਲਿਆਣ ਦਾਸ (ਕਾਲੂ) ਤੇ ਮਾਂ ਤ੍ਰਿਪਤਾ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਜੀਵਨ ਦੇ ਆਖਰੀ 17 ਸਾਲ 5 ਮਹੀਨੇ 9 ਦਿਨ ਬਿਤਾਏ ਤੇ ਇਸ ਕਰਤਾਰਪੁਰ ਦੀ ਧਰਤੀ ‘ਤੇ 22 ਸਤੰਬਰ 1539 ਨੂੰ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਸਿੱਖਾਂ ਦੇ ਦੂਜੇ ਗੁਰੂ ਵਜੋਂ ਗੁਰਗੱਦੀ ਸੌਂਪ ਗਏ ਸਨ। ਗੁਰੂ ਨਾਨਕ ਸਾਹਿਬ ਨੂੰ ਲਾਹੌਰ ਦੇ ਸੇਠ ਕਰੋੜੀ ਮੱਲ ਦੇ ਪੁੱਤਰ ਦੁਨੀ ਚੰਦ ਨੇ ਜ਼ਮੀਨ ਤੇ ਖੂਹ ਭੇਂਟ ਕੀਤੇ ਸੀ ਜਿੱਥੇ ਗੁਰੂ ਸਾਹਿਬ ਨੇ ਕਰਤਾਰਪੁਰ ਦੀ ਧਰਤੀ ‘ਤੇ ਖੇਤੀ ਕਰਕੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ। ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨੀਂਹ ਪੱਥਰ 1521 ਨੂੰ ਰੱਖਿਆ ਗਿਆ। ਇਹ ਤਿੰਨ ਮੰਜ਼ਿਲਾ ਹੈ ਅਤੇ ਗੁਰੂ ਨਾਨਕ ਸਾਹਿਬ ਵਲੋਂ ਉਸਾਰੇ ਗਏ ਗੁਰਦੁਆਰਾ ਸਾਹਿਬ ਰਾਵੀ ਦਰਿਆ ਦੀ ਭੇਟ ਚੜ੍ਹ ਗਏ। ਇਸ ਤੋਂ ਬਾਅਦ ਇਸ ਗੁਰਦੁਆਰੇ ਦਾ ਨਿਰਮਾਣ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਕਰਵਾਇਆ ਤੇ ਨਵੀਂ ਦਿੱਖ ਦਿੱਤੀ ਸੀ।

ਗੁਰੂ ਜੀ ਵਲੋਂ ਜ਼ਿੰਦਗੀ ਦਾ ਆਖਰੀ ਸਮਾਂ ਬਿਤਾਉਣ ਕਾਰਨ ਇਹ ਅਸਥਾਨ ਸਿੱਖ ਮਨਾਂ ਲਈ ਸ਼ਰਧਾ ਦਾ ਕੇਂਦਰ ਹੈ। ਇਸ ਕਰਤਾਰਪੁਰ ਦੀ ਧਰਤੀ ‘ਤੇ ਦੂਜੇ ਗੁਰੂ ਅੰਗਦ ਦੇਵ ਸਾਹਿਬ ਨੂੰ ਸਿੱਖ ਧਾਰਨ ਕਰਵਾਉਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਅਪਣਾ ਲਿਆ ਸੀ। ਫੇਰ ਉਨ੍ਹਾਂ ਨੂੰ ਹੀ ਗੁਰਗੱਦੀ ਦੇ ਦਿੱਤੀ ਸੀ। ਗੁਰੂ ਨਾਨਕ ਸਾਹਿਬ ਸੰਨ 1539 ਈਸਵੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾਅ ਗਏ ਸਨ।

10 ਕਰੋੜ ਦੀ ਲਾਗਤ ਨਾਲ ਬਣੇਗੀ ਇਤਿਹਾਸਕ ਹਵੇਲੀ : ਰੰਧਾਵਾ

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਗੁਰੂ ਨਾਨਕ ਦੀ ਨਗਰੀ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਹਲਕੇ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਨਿਵੇਕਲੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਵੇਗਾ।

ਇਸ ਸਬੰਧ ਵਿਚ ਮੰਤਰੀ ਰੰਧਾਵਾ ਨੇ ਦੱਸਿਆ ਕਿ ਕਸਬਾ ਡੇਰਾ ਬਾਬਾ ਨਾਨਕ ਦੇ ਨਵੀਨੀਕਰਨ ‘ਤੇ 159 ਕਰੋੜ ਰੁਪਏ ਖਰਚ ਕੀਤੇ ਜਾਣਗੇ। ਡੇਰਾ ਬਾਬਾ ਨਾਨਕ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ 10 ਕਰੋੜ ਰੁਪਏ ਦੀ ਲਾਗਤ ਨਾਲ ਹਵੇਲੀ ਦਾ ਨਿਰਮਾਣ ਕੀਤਾ ਜਾਵੇਗਾ। ਹੈਰੀਟੇਜ ਸਟਰੀਟ ਦੇ ਨਿਰਮਾਣ ਲਈ 9 ਕਰੋੜ, 34 ਏਕੜ ਜ਼ਮੀਨ ਵਿਚ 54 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ, ਪਾਰਿਕੰਗ, ਫੂਡ ਕੰਪਲੈਕਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੇ ਪਰਮ ਸੇਵਕ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਤੋਂ ਇਲਾਵਾ ਬਾਬਾ ਬੁੱਢਾ ਜੀ ਦੇ ਨਾਂ ‘ਤੇ ਯਾਦਗਾਰੀ ਗੇਟਾਂ ਦੀ ਉਸਾਰੀ ਕਰਵਾਈ ਜਾਵੇਗੀ। ਉਨ੍ਹਾਂ ਵਿਸਥਾਰ ਵਿਚ ਜਾਣਕਾਰੀ ਦੇਣ ਸਮੇਂ ਕਿਹਾ ਕਿ ਡੇਰਾ ਬਾਬਾ ਨਾਨਕ ਨਾਲ ਲੱਗਦੇ 13 ਪਿੰਡਾਂ ਨੂੰ ਨਮੂਨੇ ਦਾ ਬਣਾਉਣ ਲਈ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਇਸ ਸਬੰਧ ਵਿਚ ਮੰਤਰੀ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਸਾਹਿਬ ਵਿਚੋਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਦੇ ਮਨ ਨੂੰ ਠੇਸ ਨਾ ਪੁੱਜੇ।

ਲੰਬਾ ਸਮਾਂ ਦੂਰਬੀਨ ਜ਼ਰੀਏ ਕੀਤੇ ਦਰਸ਼ਨ

ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸੰਗਤ ਪਿਛਲੇ ਕਈ ਦਹਾਕਿਆਂ ਤੋਂ ਤਾਂਘਵਾਨ ਰਹੀ ਹੈ। ਇਸ ਦੌਰਾਨ ਪਿਛਲੇ 11 ਸਾਲ ਤੋਂ ਦੂਰਬੀਨ ਉਨ੍ਹਾਂ ਲਈ ਵੱਡਾ ਸਹਾਰਾ ਬਣ ਕੇ ਆਈ, ਜਿਸ ਨਾਲ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਤ੍ਰਿਪਤ ਕਰ ਲੈਂਦੇ ਸਨ। ਕੌਮਾਂਤਰੀ ਸਰਹੱਦ ‘ਤੇ ਦੂਰਬੀਨ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਬੀਐਸਐਫ ਦੀ 153 ਬਟਾਲੀਅਨ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਦੇ 17ਵੀਂ ਬੰਸ ਦੇ ਬਾਬਾ ਸੁਖਦੀਪ ਸਿੰਘ ਬੇਦੀ ਵਲੋਂ 6 ਮਈ 2008 ਨੂੰ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਦਰਸ਼ਨ ਸਥਾਨ ਤਿਆਰ ਕਰਵਾਇਆ ਗਿਆ ਸੀ। ਇਸ ਮੌਕੇ ‘ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਗੋਬਿੰਦ ਸਿੰਘ ਵੀ ਹਾਜ਼ਰ ਸਨ ਤੇ ਉਸ ਸਮੇਂ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਗ੍ਰੰਥੀ ਗੋਬਿੰਦ ਸਿੰਘ ਅਤੇ ਰੇਂਜਰਾਂ ਨੇ ਸਿਰੋਪਾਓ ਅਤੇ ਕੜ੍ਹਾਹ ਪ੍ਰਸ਼ਾਦਿ ਦੀ ਦੇਗ ਤਿਆਰ ਕਰਵਾ ਕੇ ਦਰਸ਼ਨ ਸਥਾਨ ‘ਤੇ ਲਿਆਂਦੀ ਗਈ ਸੀ। ਇਸ ਦਰਸ਼ਨ ਸਥਾਨ ‘ਤੇ ਲਗਾਈ ਗਈ ਦੂਰਬੀਨ ਰਾਹੀਂ ਪਿਛਲੇ 11 ਸਾਲ ਤੋਂ ਰੋਜ਼ਾਨਾ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰੇ ਦੇ ਦਰਸ਼ਨ ਕਰਨ ਆਉਂਦੀਆਂ ਸਨ। ਹੁਣ ਕਰਤਾਰਪੁਰ ਸਾਹਿਬ ਦੇ ਖੁੱਲ੍ਹਣ ਜਾ ਰਹੇ ਲਾਂਘੇ ਦੇ ਮੱਦੇਨਜ਼ਰ ਦੋਵੇਂ ਦੇਸ਼ਾਂ ਨੂੰ ਮਿਲਾਉਣ ਲਈ ਬਣਾਏ ਜਾ ਰਹੇ ਬ੍ਰਿਜ ਕਾਰਨ ਇਸ ਦਰਸ਼ਨ ਸਥਾਨ ਨੂੰ ਕੁਝ ਹਫਤੇ ਪਹਿਲਾਂ ਢਹਿ ਢੇਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਰਸ਼ਨ ਸਥਾਨ ‘ਤੇ ਬਣੇ ਵੀਆਈਪੀ ਰੂਮ, ਕੰਟੀਨ, ਵਿਸ਼ਰਾਮ ਘਰ, ਪਖਾਨੇ, ਬਾਥਰੂਮ ਦੀ ਭੰਨ ਤੋੜ ਕਰ ਦਿੱਤੀ ਗਈ ਹੈ ਤੇ ਇਸ ਵਕਤ ਸਰਹੱਦ ‘ਤੇ ਕੇਵਲ ਆਰਜ਼ੀ ਸੈਡ ਹੇਠਾਂ ਦੂਰਬੀਨ ਨਾਲ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਵਾਏ ਜਾ ਰਹੇ ਹਨ।

ਬੀਐਸਐਫ ਮੁਸਤੈਦ

ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਕਿਹਾ ਹੈ ਕਿ ਕੌਮਾਂਤਰੀ ਸਰਹੱਦ ‘ਤੇ ਬਣ ਰਹੇ ਲਾਂਘੇ ਦੇ ਮੱਦੇਨਜ਼ਰ ਸਰਹੱਦ ‘ਤੇ ਬੀਐਸਐਫ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਦੀ ਨਿਗਰਾਨੀ ਹੇਠ ਸਰਹੱਦ ‘ਤੇ ਲਗਾਈ ਗਈ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਸੰਗਤ ਕਰ ਰਹੀ ਸੀ। ਇਸ ਥਾਂ ‘ਤੇ ਬੀਐਸਐਫ ਦੀ 10 ਬਟਾਲੀਅਨ ਦੇ ਇਸਤਰੀ ਦੇ ਮਰਦ ਜਵਾਨ ਚੌਕਸ ਹਨ।

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …