ਚੋਣਾਂ ’ਚ ਕਾਰਗੁਜ਼ਾਰੀ ਤੇ ਨਤੀਜਿਆਂ ਤੋਂ ਪਹਿਲਾਂ ਰਣਨੀਤੀ ਬਣਾਉਣ ’ਤੇ ਹੋਵੇਗੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਨਤੀਜਿਆਂ ਤੋਂ ਪਹਿਲਾਂ ਆਪਣੀ ਰਣਨੀਤੀ ਬਣਾਉਣ ਲਈ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੇ ਸਿਖਰਲੇ ਆਗੂਆਂ ਦੀ 1 ਜੂਨ ਨੂੰ ਮੀਟਿੰਗ ਹੋਣ ਜਾ ਰਹੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੀਟਿੰਗ 1 ਜੂਨ ਨੂੰ ਬਾਅਦ ਦੁਪਹਿਰ ਦਿੱਲੀ ਵਿਚ ਬੁਲਾਈ ਗਈ ਹੈ। ਉਧਰ ਦੂਜੇ ਪਾਸੇ ਇਸੇ ਦਿਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 7ਵੇਂ ਗੇੜ ਦੌਰਾਨ ਵੋਟਾਂ ਪੈ ਰਹੀਆਂ ਹੋਣਗੀਆਂ। ਦੱਸਿਆ ਜਾ ਰਿਹਾ ਹੈ ਵਿਰੋਧੀ ਨੇਤਾ 4 ਜੂਨ ਦੇ ਨਤੀਜਿਆਂ ਤੋਂ ਪਹਿਲਾਂ ਆਪਣੀ ਰਣਨੀਤੀ ’ਤੇ ਚਰਚਾ ਕਰਨਗੇ ਅਤੇ ਸੱਤ ਗੇੜਾਂ ਵਾਲੀਆਂ ਚੋਣਾਂ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਗੇ। ‘ਇੰਡੀਆ’ ਗੱਠਜੋੜ ਦਾਅਵਾ ਕਰਦਾ ਰਿਹਾ ਹੈ ਕਿ ਉਹ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਨੂੰ ਕੇਂਦਰ ’ਚ ਸੱਤਾ ਵਿਚ ਵਾਪਸੀ ਤੋਂ ਰੋਕਣ ਅਤੇ ਆਪਣੀ ਸਰਕਾਰ ਬਣਾਉਣ ਵਿਚ ਸਮਰੱਥ ਹੋਵੇਗਾ। ਇਹ ਬੈਠਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਬੁਲਾਈ ਗਈ ਹੈ।