Breaking News
Home / Special Story / ਨਸ਼ਿਆਂ ਨੇ ਪੱਟ ਦਿੱਤੇ ਪੰਜਾਬੀ ਗੱਭਰੂ

ਨਸ਼ਿਆਂ ਨੇ ਪੱਟ ਦਿੱਤੇ ਪੰਜਾਬੀ ਗੱਭਰੂ

ਪੰਜਾਬ ਦੀ ਦਰਦਮਈ ਕਹਾਣੀ : ਨਸ਼ੇ ਦੀ ਇੱਕ ਡੋਜ਼ ਲਈ ਵੀ ਹੋਣ ਲੱਗੀ ਹੋਮ ਡਿਲਿਵਰੀ
ਫਤਹਿਗੜ੍ਹ ਸਾਹਿਬ : ‘ਨਸ਼ਿਆਂ ਨੇ ਪੱਟ ‘ਤੇ ਪੰਜਾਬੀ ਗੱਭਰੂ, ਖੜਕਣ ਹੱਡੀਆਂ ਵਜਾਉਣ ਡਮਰੂ’ ਕਿਸੇ ਸਮੇਂ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਗਾਇਆ ਲੋਕ ਗੀਤ ਅੱਜ ਵੀ ਓਨਾ ਹੀ ਸੱਜਰਾ ਹੈ ਜਿੰਨਾ ਉਨ੍ਹਾਂ ਦਿਨਾਂ ਵਿਚ ਸੀ। ਗੀਤ ਦੇ ਬੋਲ ਅਜੋਕੀ ਪੰਜਾਬ ਦੀ ਜਵਾਨੀ ਉੱਪਰ ਸਹੀ ਢੁੱਕ ਰਹੇ ਹਨ। ਨਸ਼ਿਆਂ ਦਾ ਕਹਿਰ ਅਜਿਹਾ ਵਾਪਰਿਆ ਕਿ ਸੂਬੇ ਦੇ ਹਰ ਪਿੰਡ ਵਿਚ ਔਸਤ ਤੀਸਰਾ ਨੌਜਵਾਨ ਨਸ਼ਿਆਂ ਵਿਚ ਗ਼ਲਤਾਨ ਹੈ। ਸੂਬਾ ਸਰਕਾਰ ਲੱਖ ਯਤਨ ਕਰਨ ‘ਤੇ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ਵਿਚ ਅਸਫ਼ਲ ਸਾਬਤ ਹੋ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਪੁਲਿਸ ਚਾਹੇ ਤਾਂ ਨਸ਼ਾ ਇੱਕ ਦਿਨ ਵਿਚ ਹੀ ਖ਼ਤਮ ਹੋ ਜਾਵੇਗਾ ਪਰ ਪੰਜਾਬ ਪੁਲਿਸ ਉੱਪਰ ਸਿਆਸਤ ਦਾ ਦਬਾਅ ਹੈ। ਕੁੱਲ ਮਿਲਾ ਕੇ ਜੇਕਰ ਕਹਿ ਲਿਆ ਜਾਵੇ ਕਿ ਕੁੱਝ ਪੁਲਿਸ ਮੁਲਾਜ਼ਮ ਅਤੇ ਸਿਆਸੀ ਲੋਕਾਂ ਦੀ ਆਪਸੀ ਗੰਢ-ਤੁੱਪ ਕਾਰਨ ਪੰਜਾਬ ਵਿਚ ਨਸ਼ਾ ਹਰ ਦਿਨ ਪੈਰ ਪਸਾਰ ਰਿਹਾ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਪਹਿਲਾਂ ਨਸ਼ਾ ਯੂਨੀਵਰਸਿਟੀਆਂ ਅਤੇ ਕਾਲਜਾਂ ਤੱਕ ਸੀਮਤ ਸੀ, ਹੁਣ ਸਕੂਲਾਂ ਤੱਕ ਵੀ ਪਹੁੰਚ ਗਿਆ ਹੈ। ਸਕੂਲ ਦੇ ਨਾਬਾਲਗ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਨਸ਼ੇ ਦੇ ਸੇਵਨ ਨੇ ਹਰ ਆਮ ਆਦਮੀ ਦੀ ਰੂਹ ਅੰਦਰ ਤੱਕ ਝੰਜੋੜ ਦਿੱਤੀ ਹੈ। ਜ਼ਿਲ੍ਹੇ ਦੇ ਪਿੰਡ ਬਰਾਸ (ਨਕਲੀ ਨਾਮ) ਵਿਚ 3-4 ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਕੀਮਤੀ ਜਾਨ ਤੋਂ ਹੱਥ ਧੋ ਬੈਠੇ ਹਨ। ਪਰਿਵਾਰ ਦਾ ਹਾਲ ਅਜਿਹਾ ਹੈ ਕਿ ਉਹ ਨੌਜਵਾਨਾਂ ਦੀ ਮੌਤ ਦਾ ਕਾਰਨ ਵੀ ਕਿਸੇ ਨੂੰ ਦੱਸ ਨਹੀਂ ਸਕਦੇ। ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬੇਰੁਜ਼ਗਾਰੀ ਤੋਂ ਤੰਗ ਸੀ, ਜਿਸ ਕਾਰਨ ਉਹ ਨਸ਼ਿਆਂ ਵਾਲੇ ਪਾਸੇ ਨੂੰ ਹੋ ਤੁਰਿਆ। ਉਨ੍ਹਾਂ ਦੱਸਿਆ ਕਿ ਜੇਕਰ ਨਸ਼ਾ ਤਸਕਰ ਕੋਲੋਂ ਦੋ-ਚਾਰ ਡੋਜ਼ਾਂ ਫੜੀਆਂ ਜਾਂਦੀਆਂ ਹਨ ਤਾਂ ਉਸ ਦੀ ਕੋਈ ਸਜ਼ਾ ਵਗ਼ੈਰਾ ਨਹੀਂ ਹੈ, ਤਸਕਰ ਅੱਠਵੇਂ ਦਿਨ ਜ਼ਮਾਨਤ ਉੱਪਰ ਛੁੱਟ ਜਾਂਦਾ ਹੈ ਅਤੇ ਫਿਰ ਸ਼ਿਕਾਇਤ ਕਰਨ ਵਾਲੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਕੋਈ ਸ਼ਿਕਾਇਤ ਨਹੀਂ ਕਰਦਾ।
ਪਿੰਡ ਛੋਟੀ ਚੁੰਨੀ (ਬਦਲਿਆ ਨਾਮ) ਵਿਚ ਇੱਕ ਪਰਿਵਾਰ ਦੇ ਦੋਵੇਂ ਲੜਕੇ ਨਸ਼ਿਆਂ ਦੇ ਦਰਿਆ ਵਿਚ ਡੁੱਬ ਗਏ ਹਨ। ਨਸ਼ਿਆਂ ਦੀ ਪੂਰਤੀ ਲਈ ਚੋਰੀਆਂ ਤੱਕ ਕਰ ਰਹੇ ਹਨ। ਨਸ਼ੇੜੀ ਪੁੱਤ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਪੁੱਤ ਦੇ ਨਾਲ ਸੌਣ ਤੋਂ ਡਰਦੇ ਹਨ ਕਿ ਕਿਧਰੇ ਰਾਤ ਨੂੰ ਸੁੱਤਿਆਂ ਨੂੰ ਹੀ ਨਾ ਮਾਰ ਦੇਵੇ। ਕਿਉਂਕਿ ਨਸ਼ੇ ਦੀ ਪੂਰਤੀ ਲਈ ਉਨ੍ਹਾਂ ਦਾ ਪੁੱਤ ਕੁੱਝ ਵੀ ਕਰ ਸਕਦਾ ਹੈ। ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵਗ਼ੈਰਾ ਵੇਚ ਦਿੱਤਾ ਹੈ। ਇੱਕ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਨਸ਼ਾ ਕੌਣ ਵੇਚ ਕੇ ਜਾ ਰਿਹਾ ਹੈ ਪਰ ਉਹ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਡਰਦੇ ਹਨ ਕਿਉਂਕਿ ਨਸ਼ੇ ਦੇ ਤਸਕਰ ਜ਼ਮਾਨਤ ਉੱਪਰ ਆਉਣ ਤੋਂ ਬਾਅਦ ਆਨੇ ਬਹਾਨੇ ਉਨ੍ਹਾਂ ਨੂੰ ਕੁੱਟਦੇ ਹਨ, ਸ਼ਿਕਾਇਤ ਕਰਨ ‘ਤੇ ਪੁਲਿਸ ਵੀ ਕੁੱਝ ਨਹੀਂ ਕਰਦੀ ਇਸ ਲਈ ਉਨ੍ਹਾਂ ਨੇ ਸ਼ਿਕਾਇਤ ਕਰਨ ਤੋਂ ਹੀ ਤੌਬਾ ਕਰ ਲਈ ਹੈ। ਉਨ੍ਹਾਂ ਜਵਾਨੀ ਨੂੰ ਬਚਾਉਣ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੀ ਮੰਗ ਕੀਤੀ ਹੈ।
ਇਕ ਨਸ਼ੇੜੀ ਨੌਜਵਾਨ ਨੇ ਦੱਸਿਆ ਕਿ ਬੇਰੁਜ਼ਗਾਰੀ ਕਾਰਨ ਉਹ ਇਸ ਕੰਮ ਵਿਚ ਲੱਗਿਆ ਹੈ। ਪਹਿਲਾਂ ਪਹਿਲ ਉਸ ਨੂੰ ਉਸ ਦੇ ਇੱਕ ਜਾਣਕਾਰ ਨੇ ਮੁਫ਼ਤ ਵਿਚ ਚਿੱਟਾ ਪੀਣ ਲਈ ਦਿੱਤਾ, ਫਿਰ ਆਦਤ ਪੈ ਜਾਣ ‘ਤੇ ਪੈਸਿਆਂ ਨਾਲ ਖ਼ਰੀਦਿਆ। ਹੁਣ ਪੰਜ ਡੋਜ਼ਾਂ ਵੇਚਣ ‘ਤੇ ਆਪਣੀ ਡੋਜ਼ ਮੁਫਤ ਵਿਚ ਨਿਕਲ ਜਾਂਦੀ ਹੈ। ਪਿੰਡ ਮਹਿਮੂਦਪੁਰ ਦੇ ਵਾਸੀਆਂ ਨੇ 6 ਜੁਲਾਈ 2019 ਨੂੰ ਪੁਲਿਸ ਨੂੰ ਇੱਕ ਮੰਗ ਪੱਤਰ ਰਾਹੀਂ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੇ ਨਾਮ ਲਿਖ ਕੇ ਦਿੱਤੇ ਸਨ ਪਰ 4-5 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਹੁਣ ਸ਼ਿਕਾਇਤ ਕਰਨ ਵਾਲੇ ਘਬਰਾਏ ਹੋਏ ਹਨ। ਮਹਿਮੂਦਪੁਰ ਵਾਸੀਆਂ ਦਾ ਕਹਿਣਾ ਹੈ ਕਿ ਤਸਕਰ ਐਕਟਿਵਾ ‘ਤੇ ਆਉਂਦੇ ਹਨ, ਨਸ਼ਾ ਵੇਚ ਕੇ ਚਲੇ ਜਾਂਦੇ ਹਨ। ਲਾਗਲੇ ਤਿੰਨ ਚਾਰ ਪਿੰਡਾਂ ਦੇ 15-20 ਨੌਜਵਾਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਹੈ। ਉਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਇਸ ਕੰਮ ਉੱਪਰ ਲਗਾ ਦਿੱਤਾ ਹੈ। ਬੱਚਿਆਂ ਨੂੰ 50 ਰੁਪਏ ਦੇ ਕੇ ਸਬੰਧਤ ਨਸ਼ੇੜੀ ਨੂੰ ਪੁੜੀ ਫੜਾਉਣ ਲਈ ਭੇਜ ਦਿੰਦੇ ਹਨ। ਉਨ੍ਹਾਂ ਚਿੱਟੇ ਦਾ ਕੋਡ ਵਰਡ ਕਬੂਤਰ ਰੱਖਿਆ ਹੋਇਆ ਹੈ। ਉਨ੍ਹਾਂ ਨੇ ਇੱਕ ਨਸ਼ੇੜੀ ਨੂੰ ਨਸ਼ਾ ਅਤੇ ਪੈਸਿਆਂ ਸਮੇਤ ਪੁਲਿਸ ਕੋਲ ਫੜਾਇਆ ਸੀ ਪਰ ਸ਼ਾਮ ਨੂੰ ਪਤਾ ਲੱਗਿਆ ਕਿ ਉਹ ਤਾਂ ਪੁਲਿਸ ਨੇ ਛੱਡ ਦਿੱਤੇ।
ਪੁੱਛਣ ‘ਤੇ ਪੁਲਿਸ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਅਮਰਨਾਥ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਪੁਲਿਸ ਅਤੇ ਸਿਆਸੀ ਲੋਕਾਂ ਦਾ ਆਪਸੀ ਰੈਕੇਟ ਬਣਿਆ ਹੋਇਆ ਹੈ, ਜਦੋਂ ਤੱਕ ਇਹ ਰੈਕੇਟ ਨਹੀਂ ਟੁੱਟਦਾ ਉਦੋਂ ਤੱਕ ਨਸ਼ਾ ਬੰਦ ਹੋਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇੱਕ-ਇੱਕ, ਅੱਧਾ-ਅੱਧਾ ਗ੍ਰਾਮ ਚਿੱਟਾ ਫੜ ਕੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਹੈ ਜਦੋਂ ਕਿ ਇਨ੍ਹਾਂ ਨੌਜਵਾਨਾਂ ਨੂੰ ਹਸਪਤਾਲਾਂ ਅਤੇ ਇਲਾਜ ਦੀ ਲੋੜ ਹੈ। ਪੁਲਿਸ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਤੋਂ ਡਰਦੀ ਹੈ। ਹੁਣ ਤਾਂ ਲੜਕੀਆਂ ਵੀ ਨਸ਼ੇ ਦੀ ਸਪਲਾਈ ਕਰਨ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਵਿਚ ਨਸ਼ੇ ਦੀ ਸਪਲਾਈ ਬੰਦ ਨਹੀਂ ਕਰ ਸਕੀ, ਸੂਬੇ ਵਿਚ ਕੀ ਕਰੇਗੀ। ਨਸ਼ਿਆਂ ਦਾ ਇੱਕ ਮਾਤਰ ਇਲਾਜ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ।
ਤਸਕਰਾਂ ਦੀਆਂ ਕੜੀਆਂ ਉਚ ਅਧਿਕਾਰੀਆਂ ਤੇ ਰਾਜਸੀ ਵਿਅਕਤੀਆਂ ਨਾਲ ਜੁੜੀਆਂ
ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਕੜੀਆਂ ਕਿਧਰੇ ਨਾ ਕਿਧਰੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਰਾਜਸੀ ਵਿਅਕਤੀਆਂ ਨਾਲ ਜੁੜੀਆਂ ਹੋਈਆਂ ਹਨ।ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਐੱਨਕੇ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇੱਕ ਨਸ਼ਾ ਛੁਡਾਊ ਕੇਂਦਰ ਅਤੇ ਇੱਕ ਮੁੜ ਵਸੇਬਾ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ‘ਚ ਬਹੁਤ ਸਾਰੇ ਨੌਜਵਾਨ ਨਸ਼ਾ ਛੱਡ ਕੇ ਸਮਾਜ ਸੇਵਾ ਦੇ ਕਾਰਜਾਂ ਵਿਚ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਖੁੱਲ੍ਹੇ ਨਸ਼ਾ ਛੁਡਾਊ ਕੇਂਦਰ ਵਿਚ ਮਰੀਜ਼ ਦੀ ਕੌਂਸਲਿੰਗ ਕਰਨ ਤੋਂ ਬਾਅਦ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਜਿਹੜੇ ਮਰੀਜ਼ ਨਾਜ਼ੁਕ ਸਥਿਤੀ ‘ਚ ਹੁੰਦੇ ਹਨ ਉਨ੍ਹਾਂ ਨੂੰ ਮੁੜ ਵਸੇਬਾ ਕੇਂਦਰ ‘ਚ ਭੇਜ ਦਿੱਤਾ ਜਾਂਦਾ ਹੈ।
ਨਸ਼ਿਆਂ ਨੇ ਹੱਸਦੇ-ਵਸਦੇ ਘਰਾਂ ‘ਚੋਂ ਉਡਾਈਆਂ ਖੁਸ਼ੀਆਂ
ਸੰਗਰੂਰ : ਨਸ਼ਿਆਂ ਕਾਰਨ ਹੱਸਦੇ ਵਸਦੇ ਘਰਾਂ ਵਿਚੋ ਖੁਸ਼ੀਆਂ ਖੰਭ ਲਾ ਕੇ ਉੱਡ ਗਈਆਂ, ਘਰਾਂ ਦੇ ਵਿਹੜੇ ਸੁੰਨਸਾਨ ਹਨ, ਨਸ਼ਿਆਂ ਦੇ ਦੈਂਤ ਨੇ ਅਨੇਕਾਂ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ ਅਤੇ ਚੂੜੇ ਵਾਲੀਆਂ ਦੇ ਸੁਹਾਗ ਨਿਗਲ ਲਏ। ਰੰਗਲੇ ਪੰਜਾਬ ਦੇ ਵਿਹੜੇ ਵਿਚੋਂ ਜਵਾਨੀ ਦਾ ਰੰਗ ਫਿੱਕਾ ਪੈ ਰਿਹੈ, ਨਸ਼ੇ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਪੰਜ ਦਰਿਆਵਾਂ ਦੀ ਧਰਤੀ ਨੂੰ ਅਲਵਿਦਾ ਆਖ ਜਹਾਜ਼ ਚੜ੍ਹ ਰਹੀ ਹੈ। ਅਜਿਹੇ ਹਾਲਾਤ ਤੋਂ ਫ਼ਿਕਰਮੰਦ ਪੰਜਾਬ ਲਈ ਹਾਕਮ ਬੇਫ਼ਿਕਰ ਨਜ਼ਰ ਆ ਰਹੇ ਹਨ। ਜਦੋਂ ਧਾਰਮਿਕ ਗੁਟਕਾ ਸਾਹਿਬ ਦੀਆਂ ਖਾਧੀਆਂ ਕਸਮਾਂ ਵੀ ਝੂਠੀਆਂ ਪੈ ਜਾਣ ਤਾਂ ਫਿਰ ਪੰਜਾਬ ਦੇ ਲੋਕ ਕੀਹਦੇ ‘ਤੇ ਇਤਬਾਰ ਕਰਨ ਅਤੇ ਕੀਹਦੇ ਤੋਂ ਪੰਜਾਬ ਦੇ ਭਲੇ ਦੀ ਉਮੀਦ ਰੱਖਣ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਬਾਰੇ ਸਿਆਸੀ ਦੂਸ਼ਣਬਾਜ਼ੀ ਛੱਡ ਕੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਸਭ ਨੂੰ ਸਿਰ ਜੋੜ ਕੇ ਚਿੰਤਨ ਕਰਨ ਦੀ ਲੋੜ ਹੈ।
ਸੰਗਰੂਰ ਨੇੜਲੇ ਇੱਕ ਪਿੰਡ ਦੇ ਸਾਧਾਰਨ ਕਿਸਾਨ ਦੇ ਦੋ ਪੁੱਤਰਾਂ ਵਿਚੋ ਇੱਕ ਨੇ ਬੀਏ, ਬੀਐੱਡ ਦੀ ਪੜ੍ਹਾਈ ਮੁਕੰਮਲ ਕਰ ਲਈ, ਜਿਸ ਕਾਰਨ ਮਾਪਿਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਕਿ ਪੁੱਤ ਹੁਣ ਮਾਸਟਰ ਲੱਗ ਜਾਵੇਗਾ ਪਰੰਤੂ ਨਸ਼ਿਆਂ ਨੇ ਘਰ ਨੂੰ ਅਜਿਹਾ ਘੇਰਾ ਪਾਇਆ ਕਿ ਦੋਵੇਂ ਪੁੱਤ ਨਸ਼ਿਆਂ ਨੇ ਗੁਲਾਮ ਬਣਾ ਲਏ। ਢਾਈ ਏਕੜ ਜ਼ਮੀਨ ਵਿਚੋਂ ਡੇਢ ਏਕੜ ਜ਼ਮੀਨ ਵਿਕ ਗਈ। ਨਸ਼ਿਆਂ ਦੀ ਪੂਰਤੀ ਲਈ ਘਰ ਦੇ ਭਾਂਡੇ, ਮੰਜੇ, ਪੱਖਾ, ਮੋਟਰ ਆਦਿ ਹੋਰ ਸਾਮਾਨ ਨਸ਼ਿਆਂ ਦੀ ਭੇਟ ਚੜ੍ਹ ਗਿਆ। ਇਥੋਂ ਤੱਕ ਕਿ ਮਕਾਨ ਦੇ ਕੋਠੇ ਦੀ ਛੱਤ ਉਪਰ ਲਗਾਇਆ ਲੋਹੇ ਦਾ ਜੰਗਲਾ ਵੀ ਨਸ਼ੇ ਖਾ ਗਏ। ਘਰ ਦੇ ਆਰਥਿਕ ਹਾਲਾਤ ਸੁਖਾਵੇਂ ਨਾ ਰਹੇ। ਪੁੱਤ ਨਸ਼ੇ ਲਈ ਮਾਂ ਤੋਂ ਪੈਸੇ ਮੰਗਦਾ ਅਤੇ ਲੜਾਈ ਝਗੜਾ ਕਰਦਾ। ਦੁਖੀ ਹੋ ਕੇ ਮਾਂ ਆਪਣੇ ਪੇਕੇ ਚਲੀ ਗਈ। ਪਿਤਾ ਬਜ਼ੁਰਗ ਅਵਸਥਾ ਵਿਚ ਜਿਥੇ ਮਜ਼ਦੂਰੀ ਕਰਨ ਲਈ ਮਜਬੂਰ ਹੈ ਉਥੇ ਪਤਨੀ ਦੀ ਗ਼ੈਰਮੌਜੂਦਗੀ ਵਿਚ ਚੁੱਲ੍ਹੇ ਚੌਂਕੇ ਦਾ ਕੰਮ ਵੀ ਗਲ਼ ਪੈ ਗਿਆ। ਪੀੜਤ ਦੀ ਸਰਕਾਰ ਤੋਂ ਮੰਗ ਹੈ ਕਿ ਉਸਦੇ ਪੁੱਤਰਾਂ ਦਾ ਇਲਾਜ ਕਰਵਾਇਆ ਜਾਵੇ। ਇਸ ਤੋਂ ਇਲਾਵਾ ਨੇੜਲੇ ਹੀ ਪਿੰਡ ਦੇ ਇੱਕ ਘਰ ਵਿਚ ਦੁਖੀ ਮਾਂ ਗੱਲਬਾਤ ਦੌਰਾਨ ਆਪਣੇ ਹੰਝੂ ਨਾ ਰੋਕ ਸਕੀ। ਕਿਸਾਨ ਔਰਤ ਨੇ ਦੁੱਖਾਂ ਦੀ ਪੰਡ ਖੋਲ੍ਹਦਿਆਂ ਦੱਸਿਆ ਕਿ ਜਦੋਂ ਪਤੀ ਦੀ ਮੌਤ ਹੋਈ ਤਾਂ ਪੁੱਤ ਦੀ ਉਮਰ ਸਾਢੇ ਤਿੰਨ ਸਾਲ ਅਤੇ ਧੀ ਦੀ ਉਮਰ ਸਿਰਫ਼ ਸਾਢੇ ਤਿੰਨ ਮਹੀਨੇ ਸੀ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਪੜ੍ਹ ਲਿਖ ਕੇ ਮੈਡੀਕਲ ਦੀ ਦੁਕਾਨ ਕੀਤੀ ਸੀ ਪਰੰਤੂ ਕੀ ਪਤਾ ਸੀ ਖੁਦ ਹੀ ਮੈਡੀਕਲ ਨਸ਼ੇ ਦਾ ਆਦੀ ਬਣ ਜਾਵੇਗਾ। ਸਾਲ ਮਗਰੋਂ ਹੀ ਦੁਕਾਨ ਬੰਦ ਹੋ ਗਈ। ਤਿੰਨ ਸਾਲ ਤੋਂ ਨਸ਼ਿਆਂ ਦਾ ਸੰਤਾਪ ਹੰਢਾ ਰਹੀ ਹਾਂ।
ਮੈਡੀਕਲ ਨਸ਼ੇ ਤੋਂ ਇਲਾਵਾ ਚਿੱਟੇ ਦਾ ਆਦੀ ਵੀ ਹੋ ਗਿਆ। ਘਰ ਵਿਚ ਕਣਕ, ਸੈਲੰਡਰ ਤੇ ਹੋਰ ਸਾਮਾਨ ਨਸ਼ੇ ਦੀ ਭੇਟ ਚੜ੍ਹ ਚੁੱਕਿਆ ਹੈ। ਨਸ਼ੇ ਲਈ ਪੈਸੇ ਮੰਗਦਾ ਹੈ, ਜੇ ਜਵਾਬ ਦਿੰਦੀ ਹਾਂ ਤਾਂ ਕਮਰੇ ਦੀ ਅੰਦਰੋਂ ਕੁੰਡੀ ਲਗਾ ਕੇ ਮਰਨ ਦੀਆਂ ਧਮਕੀਆਂ ਦਿੰਦਾ ਹੈ। ਮਾਂ ਨੇ ਡਰਦਿਆਂ ਕਮਰਿਆਂ ਦੀ ਅੰਦਰਲੀਆਂ ਕੁੰਡੀਆਂ ਵੀ ਲਹਾ ਦਿੱਤੀਆਂ ਹਨ। ਉਸਨੇ ਦੱਸਿਆ ਕਿ ਦੋ ਸਾਲ ਪਹਿਲਾਂ ਸਪਰੇਅ ਪੀ ਗਿਆ ਸੀ, ਦਸ ਦਿਨ ਇਲਾਜ ਅਧੀਨ ਰਹਿਣ ਕਾਰਨ ਕਾਫ਼ੀ ਖਰਚਾ ਹੋ ਗਿਆ। ਪੁੱਤ ਨੂੰ ਬਚਾਉਣ ਲਈ ਕਰਜ਼ਾ ਤੱਕ ਲੈਣਾ ਪਿਆ। ਸਿਰਫ਼ ਇੱਕ ਏਕੜ ਜ਼ਮੀਨ ਹੈ ਅਤੇ ਕਰਜ਼ਾ 10 ਲੱਖ ਤੋਂ ਟੱਪ ਗਿਆ। ਨਸ਼ਿਆਂ ਕਾਰਨ ਦੁਖੀ ਹੋ ਕੇ ਉਸਦੀ ਨੂੰਹ, ਬੇਟੀ ਨੂੰ ਲੈ ਕੇ ਪੇਕੇ ਚਲੀ ਗਈ। ਜਦੋਂ ਕਿ ਹੁਣ ਪੁੱਤ ਨਸ਼ਾ ਛੁਡਾਊ ਹਸਪਤਾਲ ਵਿਚ ਇਲਾਜ ਅਧੀਨ ਹੈ।
ਪੰਥਕ ਹਲਕੇ ਵਿਚ ਵੀ ਨਸ਼ੇ ਨੇ ਪੈਰ ਪਸਾਰੇ
ਬਟਾਲਾ : ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਨਸ਼ੇ ਨੇ ਹੁਣ ਵੱਡੇ ਪੱਧਰ ‘ਤੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਹੁਣ ਤੱਕ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਤਿੰਨ ਨੌਜਵਾਨ ਤਾਂ ਲੰਘੇ ਮਹੀਨੇ ਹੀ ਨਸ਼ਿਆਂ ਦੀ ਓਵਰਡੋਜ਼ ਨਾਲ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ। ਇਸ ਹਲਕੇ ਅਧੀਨ ਆਉਂਦੇ ਪਿੰਡਾਂ, ਕਸਬਿਆਂ ਦੇ ਲੋਕ ਆਪਣੇ ਜਾਇਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਕਈ ਪਿੰਡਾਂ ਵਿਚ ਤਾਂ ਲੋਕ ਨਸ਼ਾ ਸਮਗਲਰਾਂ ਖ਼ਿਲਾਫ਼ ਨਿੱਤਰੇ ਵੀ ਹਨ। ਉਂਜ ਨਸ਼ਿਆਂ ਦੇ ਵੱਧਦੇ ਪ੍ਰਭਾਵ ਤੋਂ ਦੁੱਖੀ ਹੋਏ ਆਮ ਲੋਕਾਂ ਦੇ ਨਾਲ ਕਾਂਗਰਸ ਪੱਖੀ ਵੀ ਹੁਣ ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹਨ। ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੇ ਜਾਣ ‘ਤੇ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ। ਪਿੰਡ ਦਕੋਹਾ ਦੇ ਲੋਕਾਂ ਨੇ ਨਸ਼ੇ ਵੇਚਣ ਵਾਲੇ ਲੋਕਾਂ ਨੂੰ ਕਾਬੂ ਕਰਨ ਲਈ ਪਹਿਲਾਂ ਪਿੰਡ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਫਿਰ ਪੁਲਿਸ ਥਾਣਾ ਘੁਮਾਣ ਅੱਗੇ ਵੀ ਰੋਸ ਮੁਜ਼ਾਹਰਾ ਕੀਤਾ।
ਇਸੇ ਤਰ੍ਹਾਂ ਵਾਲਮੀਕੀ ਮਜ਼ਬੀ ਸਿੱਖ ਮੋਰਚਾ ਦੀ ਮਹਿਲਾ ਆਗੂ ਬੀਬੀ ਹਰਜੀਤ ਕੌਰ ਨੇ ਆਪਣੇ ਪਿੰਡ ਭੋਮਾ ਵਿਚ ਕੁਝ ਦਿਨ ਪਹਿਲਾਂ ਨਸ਼ਿਆਂ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਜਦੋਂ ਅਵਾਜ਼ ਬੁਲੰਦ ਕੀਤੀ ਤਾਂ ਉਸ ਦੇ ਘਰ ‘ਤੇ ਦਸ ਦੇ ਕਰੀਬ ਨੌਜਵਾਨਾਂ ਨੇ ਰਾਤ ਸਮੇਂ ਹਮਲਾ ਕਰ ਦਿੱਤਾ।
ਇਸ ਘਟਨਾ ਵਿਚ ਹਮਲਾਵਰਾਂ ਨੇ ਹਵਾਈ ਫਾਇਰ ਕੀਤੇ ਪਰ ਲੋਕਾਂ ਦੇ ਵਿਰੋਧ ਕਾਰਨ ਉਹ ਆਪਣੀ ਕਾਰ ਉਥੇ ਛੱਡ ਕੇ ਫਰਾਰ ਹੋ ਗਏ। ਥਾਣਾ ਘੁਮਾਣ ਪੁਲਿਸ ਨੇ ਕਾਰ ਆਪਣੇ ਕਬਜ਼ੇ ਵਿਚ ਲੈ ਲਈ ਪਰ ਮੁਲਜ਼ਮ ਪੁਲਿਸ ਗ੍ਰਿਫ਼ਤ ਤੋਂ ਬਾਹਰ ਹਨ।
ਹਲਕਾ ਸ੍ਰੀ ਹਰਗੋਬਿੰਦਪੁਰ ਦੇ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਉਨ੍ਹਾਂ ਆਸ ਜਤਾਈ ਕਿ ਆਉਂਦੇ ਦੋ ਕੁ ਮਹੀਨਿਆਂ ਤੱਕ ਹਾਲਾਤ ਬਿਹਤਰ ਹੋਣਗੇ।
ਪੁਲਿਸ, ਪ੍ਰਸ਼ਾਸਨ ਅਤੇ ਵਿਧਾਇਕ ਖਿਲਾਫ ਵੀ ਉਠੀ ਉਂਗਲ : ਸਮਾਜਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਾਜਨਬੀਰ ਸਿੰਘ ਘੁਮਾਣ ਨੇ ਦੱਸਿਆ ਕਿ ਪੰਥਕ ਹਲਕੇ ਵਿਚ ਦੇਸੀ ਸ਼ਰਾਬ ਤੋਂ ਲੈ ਕੇ ਅਫੀਮ, ਭੁੱਕੀ, ਨਸ਼ੇ ਦੀਆਂ ਗੋਲੀਆਂ, ਟੀਕੇ ਅਤੇ ਚਿੱਟੇ ਸਮੇਤ ਹੋਰ ਨਸ਼ਿਆਂ ਦਾ ਇਸਤੇਮਾਲ ਹੋ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੱਸਿਆਂ ਕਿ ਦੋ ਸਾਲ ਪਹਿਲਾਂ ਪਿੰਡ ਕੋਟਲਾ ਸੂਬਾ ਸਿੰਘ ਵਿਚ ਇੱਕ ਨੌਜਵਾਨ ਨਸ਼ੇ ਦੇ ਟੀਕੇ ਲਗਾਉਣ ਸਮੇਂ ਮੌਤ ਦੇ ਮੂੰਹ ਵਿਚ ਚਲਾ ਗਿਆ। ਇਸੇ ਤਰ੍ਹਾਂ ਪਿੰਡ ਦਕੋਹਾ, ਚੌਲਚੱਕ, ਭੋਮਾ,ਗੰਡਕੇ, ਭਰਥ, ਸੰਧਵਾਂ ਸਮੇਤ ਹੋਰਾਂ ਪਿੰਡਾਂ ਵਿਚ ਨੌਜਵਾਨਾਂ ਦੀ ਨਸ਼ਿਆਂ ਨਾਲ ਮੌਤ ਹੋਈ ਹੈ। ਇਨ੍ਹਾਂ ਨੌਜਵਾਨਾਂ ਨੂੰ ਨਸ਼ੇ ਕੌਣ ਸਪਲਾਈ ਕਰ ਰਿਹਾ? ਉਨ੍ਹਾਂ ਤਸਕਰਾਂ ਨੂੰ ਪੁਲਿਸ ਲੱਭਣ ਵਿਚ ਨਾਕਾਮ ਰਹੀ। ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਹਲਕੇ ਦੇ ਹਰੇਕ ਪਿੰਡ ਵਿੱਚ ਨਸ਼ਿਆਂ ਦੇ ਪਹੁੰਚਣ ‘ਤੇ ਹੈਰਾਨੀ ਜਤਾਈ ਅਤੇ ਪੁਲਿਸ, ਪ੍ਰਸ਼ਾਸਨ ਦੇ ਨਾਲ ਹਲਕਾ ਵਿਧਾਇਕ ਵਿਰੁੱਧ ਵੀ ਉਂਗਲ ਉਠਾਈ। ਉਨ੍ਹਾਂ ਬੇਬਾਕ ਹੋ ਕੇ ਦੱਸਿਆ ਕਿ ਵਿਧਾਇਕ ਦੀ ਮਰਜ਼ੀ ਤੋਂ ਬਿਨਾ ਹਲਕੇ ਅੰਦਰ ਪੱਤਾ ਨਹੀਂ ਹਿੱਲ ਸਕਦਾ। ਫਿਰ ਨਸ਼ਿਆਂ ਨਾਲ ਅੱਧੀ ਦਰਜਨ ਤੋਂ ਵੱਧ ਨੌਜਵਾਨ ਕਿਵੇਂ ਮਰ ਗਏ? ਕੈਪਟਨ ਬਾਠ ਨੇ ਇੱਕ ਹੋਰ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਨਸ਼ੇ ਵੇਚਣ ਵਾਲੇ ਜਾਂ ਖਾਣ ਵਾਲੇ ਤੋਂ ਜੋ ਨਸ਼ਾ ਫੜ੍ਹਿਆ ਜਾਂਦਾ, ਉਹ ਜਨਤਕ ਨਹੀਂ ਕੀਤਾ ਜਾਂਦਾ, ਸਗੋਂ ਸਧਾਰਨ ਨਸ਼ਾ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਮੈਡੀਕਲ ਸਟੋਰਾਂ ‘ਤੇ ਪਾਬੰਦੀਸ਼ੁਦਾ ਦਵਾਈਆਂ ਤੇ ਗੋਲੀਆਂ ਦੇ ਸੌਖਿਆ ਮਿਲ ਜਾਣ ਕਰ ਕੇ ਨੌਜਵਾਨ ਵਰਗ ਨਸ਼ਿਆਂ ਦੇ ਰਾਹ ਤੁਰਿਆ ਹੈ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …