Breaking News
Home / Special Story / ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ

ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ

ਚਮਕੌਰ ਸਿੰਘ
ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਅਧਿਐਨ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੁੰਦਰੀ ਜਹਾਜ਼ ‘ਸੈਂਟਾਮੈਰੀਆ’ ਵਿਚ ਦੂਰ ਤੱਕ ਸਮੁੰਦਰੀ ਯਾਤਰਾ ਕਰਕੇ ਆਖ਼ਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਜਿਸ ਬਾਟੇ ਵਿਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛਕ ਕੇ ਖ਼ਾਲਸੇ ਦੀ ਸਿਰਜਣਾ ਕੀਤੀ, ਜਿਸ ਤਲਵਾਰ ਦੀ ਸ਼ਕਤੀ ਨਾਲ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੇ ਜ਼ਬਰ ਵਿਰੁੱਧ ਜੰਗ ਲੜੇ, ਮਰਹੱਟਾ ਸਰਦਾਰ ਸ਼ਿਵਾ ਜੀ ਨੇ ਜਿਸ ਤਲਵਾਰ ਤੇ ਢਾਲ ਦੀ ਵਰਤੋਂ ਨਾਲ ਮੁਗ਼ਲਾਂ ਨਾਲ ਦੋ ਹੱਥ ਕਰਕੇ ਮਰਾਠਾ ਰਾਜ ਦੀ ਸਥਾਪਨਾ ਕੀਤੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਤਲਵਾਰਾਂ ਅਤੇ ਤੋਪਾਂ ਦੀ ਵਰਤੋਂ ਨਾਲ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖੀ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਜਿਸ ਡੰਗੋਰੀ ਨੂੰ ਲੈ ਕੇ ‘ਡਾਂਡੀ ਮਾਰਚ’ ਕੀਤਾ ਅਤੇ ਅੰਗਰੇਜ਼ਾਂ ਦੇ ਅਨਿਆਂਪੂਰਨ ਨਮਕ ਕਾਨੂੰਨ ਨੂੰ ਤੋੜਿਆ, ਜਿਸ ਰਾਕੇਟ-ਲਾਂਚਰ ਰਾਹੀਂ ਮਨੁੱਖ ਨੇ ਚੰਦਰਮਾ ਤੇ ਮੰਗਲ ਗ੍ਰਹਿ ਤੱਕ ਪਹੁੰਚ ਕੇ ਉਥੋਂ ਦੀ ਧਰਤੀ ਨੂੰ ਛੂਹਿਆ ਆਦਿ ਸਭ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਜਿਸ ਮਹਾਨ ਦੇਵਤੇ ਦੀ ਦੇਣ ਹੈ, ਉਹ ਹਨ ਬਾਬਾ ਵਿਸ਼ਵਕਰਮਾ ਜੀ, ਜਿਨ੍ਹਾਂ ਨੂੰ ‘ਕਿਰਤ ਦਾ ਦੇਵਤਾ’ ਆਖਿਆ ਜਾਂਦਾ ਹੈ।
ਵੱਡੇ-ਵੱਡੇ ਡੈਮ, ਵੱਡੀਆਂ-ਵੱਡੀਆਂ ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ। ਸੰਸਾਰ ਦੇ ਸੱਤ ਅਜੂਬਿਆਂ ਦੇ ਨਿਰਮਾਣ ਵਿਚ ਵੀ ਬਾਬਾ ਵਿਸ਼ਵਕਰਮਾ ਦੁਆਰਾ ਦਰਸਾਈ ਭਵਨ ਨਿਰਮਾਣ ਕਲਾ ਝਲਕਦੀ ਹੈ। ਇਕ ਕਵੀ ਨੇ ਠੀਕ ਹੀ ਕਿਹਾ ਹੈ :
”ਯੁੱਧ ਕੇ ਲੀਏ ਬਨਾ ਦੀਏ ਸ਼ਸਤਰ,
ਪਹਿਰਨ ਕੋ ਹੈਂ ਦੀਨੇ ਬਸਤਰ,
ਚਲੇਂ ਮਸ਼ੀਨੇਂ ਬਨੇ ਬਮਾਣ,
ਦੂਰ ਆਕਾਸ਼ ਉਡੇ ਇਨਸਾਨ।
ਕਾਰਖਾਨੇ ਔਰ ਮਿਲ ਚਲਾਏ,
ਰੋਜ਼ੀ ਕੇ ਸਾਧਨ ਹੈਂ ਬਨਾਏ,
ਵਿਸ਼ਵਕਰਮਾ ਜੀ ਕੀ ਕਲਾ ਮਹਾਨ,
ਤਾ ਕੀ ਉਸਤਤ ਕਰੇ ਜਹਾਨ।”
ਪ੍ਰਾਚੀਨ ਧਾਰਮਿਕ ਗ੍ਰੰਥ, ਰਿਗਵੇਦ ਦੇ ਮੰਤਰਾਂ ਵਿਚ ਬਾਬਾ ਵਿਸ਼ਵਕਰਮਾ ਜੀ ਨੂੰ ਕਈ ਬਾਹਵਾਂ ਵਾਲੇ ਦਰਸਾਇਆ ਗਿਆ ਹੈ। ਬਾਬਾ ਵਿਸ਼ਵਕਰਮਾ ਜੀ ਦੀ ਅੱਜਕਲ੍ਹ ਪ੍ਰਾਪਤ ਤਸਵੀਰ ਵੀ ਇਸੇ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਬਾਬਾ ਵਿਸ਼ਵਕਰਮਾ ਨੂੰ ‘ਇੰਜੀਨੀਅਰਿੰਗ ਦਾ ਦੇਵਤਾ’ ਵੀ ਕਿਹਾ ਜਾਂਦਾ ਹੈ। ਮਹਾਂਭਾਰਤ ਅਤੇ ਪੁਰਾਣਾਂ ਵਿਚ ਉਨ੍ਹਾਂ ਨੂੰ ਦੇਵਤਿਆਂ ਦਾ ਮੁੱਖ ਇੰਜੀਨੀਅਰ ਵਰਨਣ ਕੀਤਾ ਗਿਆ ਹੈ। ਪੁਰਾਤਨ ਗ੍ਰੰਥਾਂ ਦੇ ਮਿਥਿਹਾਸ ਅਨੁਸਾਰ ਬਾਬਾ ਜੀ ਨੇ ਵਿਸ਼ਨੂੰ ਜੀ ਦਾ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕ ਦਾ ਭਾਲਾ ਅਤੇ ਹੋਰ ਦੇਵਤਿਆਂ ਦੇ ਹਥਿਆਰ ਬਣਾਏ। ਇਕ ਉਪ-ਵੇਦ ਜਿਸ ਵਿਚ ਦਸਤਕਾਰੀ ਦੀ ਕਲਾ ਦੇ ਹੁਨਰਾਂ ਦਾ ਵਰਨਣ ਮਿਲਦਾ ਹੈ, ਉਹ ਵੀ ਵਿਸ਼ਵਕਰਮਾ ਜੀ ਦੀ ਮਹਾਨ ਰਚਨਾ ਹੈ।
ਅੱਜ ਸੰਸਾਰ ਦੇ ਕਈ ਹਿੱਸੇ ਆਰਥਿਕ ਸੰਕਟ ਵਿਚ ਫਸੇ ਹੋਏ ਹਨ। ਇਸ ਡਾਵਾਂਡੋਲ ਆਰਥਿਕਤਾ ਅਤੇ ਬੇਰੁਜ਼ਗਾਰੀ ਦੇ ਕਈ ਕਾਰਨ ਹਨ। ਇਨ੍ਹਾਂ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਹੈ ਕਿ ਵਰਤਮਾਨ ਮਸ਼ੀਨਰੀ ਦੀ ਈਜਾਦ ਕਾਰਨ ਚੀਜ਼ਾਂ ਦੀ ਪੈਦਾਵਾਰ ਵੱਧ ਗਈ ਹੈ, ਕਿਉਂਕਿ ਦਸ ਕਾਰੀਗਰਾਂ ਦਾ ਕੰਮ ਹੁਣ ਕੇਵਲ ਇਕ ਹੀ ਮਸ਼ੀਨ ਕਰਨ ਲੱਗੀ ਹੈ। ਮਸ਼ੀਨਰੀ ਨੇ ਹੱਥੀਂ ਕੰਮ ਕਰਨ ਦੀ ਕਦਰ ਵੀ ਘਟਾ ਦਿੱਤੀ ਹੈ ਅਤੇ ਅੱਜ ਦੇ ਨੌਜਵਾਨ ਹੱਥੀਂ ਕੰਮ ਕਰਨ ਨੂੰ ਨਫ਼ਰਤ ਕਰਨ ਲੱਗੇ ਹਨ। ਪਰ ਦੂਜੇ ਪਾਸੇ ਕਈ ਪੱਛਮੀ ਦੇਸ਼ਾਂ ਵਿਚ ਹੱਥਾਂ ਨਾਲ ਬਣਾਈਆਂ ਕਿਰਤਾਂ ਦੀ ਕਦਰ ਵੱਧ ਰਹੀ ਹੈ। ਜੇ ਅੱਜ ਦੇ ਨੌਜਵਾਨ ਬਾਬਾ ਵਿਸ਼ਵਕਰਮਾ ਜੀ ਦੀ ਦਰਸਾਈ ਦਸਤਕਾਰੀ ਦੀ ਕਲਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਧਾਰਨ ਕਰ ਲੈਣ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਕਿਸੇ ਹੱਦ ਤੱਕ ਦੂਰ ਹੋ ਸਕਦੀ ਹੈ।
ਵਿਸ਼ਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੈ, ਦੇ ਸ਼ੁੱਭ ਅਵਸਰ ‘ਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿਚ ਪੂਜਾ ਕਰਦੇ ਹਨ। ਆਓ! ਇਸ ਸ਼ੁੱਭ ਦਿਹਾੜੇ ‘ਤੇ ਬਾਬਾ ਜੀ ਦੀ ਦੱਸੀ ਦਸਤਕਾਰੀ ਦੀ ਕਲਾ ਅਤੇ ਉੱਚ-ਦਾਰਸ਼ਨਿਕਤਾ ਨੂੰ ਧਾਰਨ ਕਰਨ ਦੀ ਪ੍ਰਤਿੱਗਿਆ ਕਰੀਏ। ੲੲੲ
ੲੲੲ
ਵਿਆਹਾਂ ਵੇਲੇ ਰੱਖੀਆਂ ਜਾਂਦੀਆਂ ਸ਼ਰਤਾਂ ਨੇ ਕਮਜ਼ੋਰ ਕੀਤਾ ਪਤੀ-ਪਤਨੀ ਦਾ ਰਿਸ਼ਤਾ
ਰਿਸ਼ਤਿਆਂ ਨੂੰ ਤਿੜਕਣ ਤੋਂ ਬਚਾਉਣ ਲਈ ਸੂਬੇ ਵਿਚ ਪੇਸ਼ੇਵਾਰਾਨਾ ਕੌਂਸਲਰਾਂ ਦਾ ਹੋਣਾ ਜ਼ਰੂਰੀ
ਚੰਡੀਗੜ੍ਹ : ਪੰਜਾਬ ਵਿਚ ਵਿਆਹਾਂ ਲਈ ਬੁੱਕ ਕੀਤੇ ਜਾਂਦੇ ਵੱਡੇ ਪੈਲੇਸਾਂ, ਦਿਖਾਵੇਬਾਜ਼ੀ ਤੇ ਬਰਾਤ ਦੇ ਰੂਪ ਵਿਚ ਆਉਂਦੇ ਲਾਮ-ਲਸ਼ਕਰ ਕਾਰਨ ਹੁੰਦੇ ਮੋਟੇ ਖ਼ਰਚਿਆਂ ਤੋਂ ਇਲਾਵਾ ਵਿਆਹਾਂ ਵੇਲੇ ਰੱਖੀਆਂ ਜਾਂਦੀਆਂ ਵੱਖ-ਵੱਖ ਸ਼ਰਤਾਂ ਨੇ ਪਤੀ-ਪਤਨੀ ਦਾ ਰਿਸ਼ਤਾ ਕਮਜ਼ੋਰ ਕਰ ਦਿੱਤਾ ਹੈ। ਵਿਆਹਾਂ ਦੇ ਛੇਤੀ ਤਿੜਕ ਜਾਣ ਦੇ ਹੋਰ ਵੀ ਕਈ ਕਾਰਨ ਹਨ। ਇਨ੍ਹਾਂ ਰਿਸ਼ਤਿਆਂ ਨੂੰ ਤਿੜਕਣ ਤੋਂ ਬਚਾਉਣ ਲਈ ਸੂਬੇ ਵਿਚ ਪੇਸ਼ੇਵਾਰਾਨਾ ਕੌਂਸਲਰਾਂ ਦਾ ਵੀ ਪ੍ਰਬੰਧ ਨਹੀਂ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਆਏ ਇਕ ਕੇਸ ਅਨੁਸਾਰ ਪਤੀ-ਪਤਨੀ ਦੋਵੇਂ ਸਰਕਾਰੀ ਨੌਕਰ ਹਨ, ਦੋਵੇਂ ਆਧੁਨਿਕ ਵਿਚਾਰਾਂ ਦੇ ਧਾਰਨੀ ਹਨ, ਆਧੁਨਿਕਤਾ ਇੱਥੋਂ ਤੱਕ ਕਿ ਦੋਵੇਂ ਇਕੱਠੇ ਸ਼ਰਾਬ ਪੀਂਦੇ ਰਹੇ। ਉਸੇ ਸ਼ਰਾਬ ਨੇ ਕੁਝ ਸਮੇਂ ਬਾਅਦ ਦੋਹਾਂ ਵਿਚਾਲੇ ਟਕਰਾਅ ਪੈਦਾ ਕਰ ਦਿੱਤਾ। ਇਹ ਕੇਸ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਹੈ। ਇਸ ਜੋੜੇ ਦੇ ਵਿਆਹ ਨੂੰ ਡੇਢ ਸਾਲ ਹੋਏ ਹਨ ਤੇ ਕੇਸ ਪੰਜਾਬ ਰਾਜ ਮਹਿਲਾ ਕਮਿਸ਼ਨ ਤੱਕ ਪੁੱਜ ਚੁੱਕਾ ਹੈ। ਅਜਿਹਾ ਮਾਮਲਾ ਵੀ ਹੈ, ਜਿਸ ਵਿਚ ਫਿੱਕੀ ਕੌਫੀ ਨੇ ਵਿਆਹ ਦੀਆਂ ਖੁਸ਼ੀਆਂ ਫਿੱਕੀਆਂ ਕਰ ਦਿੱਤੀਆਂ। ਲੁਧਿਆਣਾ ਵਿਚ ਵਿਆਹੀ ਲੜਕੀ ਨੇ ਸਹੁਰੇ ਘਰ ਜਾ ਕੇ ਫਿੱਕੀ ਕੌਫੀ ਦੀ ਮੰਗ ਰੱਖੀ ਤਾਂ ਪਰਿਵਾਰ ਨੂੰ ਸ਼ੱਕ ਹੋ ਗਿਆ। ਪਤੀ ਅਤੇ ਸੱਸ ਨੇ ਜ਼ੋਰ ਦੇ ਕੇ ਸ਼ੂਗਰ ਟੈਸਟ ਕਰਾਇਆ ਤਾਂ ਲੜਕੀ ਨੂੰ ਸ਼ੂਗਰ ਦੀ ਸ਼ਿਕਾਇਤ ਨਿਕਲੀ। ਇਸੇ ਗੱਲ ਤੋਂ ਔਖੇ ਲੜਕੇ ਨੇ ਰਿਸ਼ਤਾ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ। ਇਹ ਕੇਸ ਵੀ ਮਹਿਲਾ ਕਮਿਸ਼ਨ ਕੋਲ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਮਹਿਲਾ ਕਮਿਸ਼ਨ ਕੋਲ ਕਈ ਅਜਿਹੇ ਕੇਸ ਵੀ ਆ ਰਹੇ ਹਨ, ਜਿਨ੍ਹਾਂ ਵਿੱਚ ਵਿਵਾਦ ਦਾ ਆਧਾਰ ਸੋਸ਼ਲ ਮੀਡੀਆ ਬਣ ਰਿਹਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਨ੍ਹਾਂ ਕੇਸਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਅਜਿਹੇ ਮਾਮਲਿਆਂ ਵਿੱਚ ਕਮਿਸ਼ਨ ਕੋਲ ਕੋਈ ਪੇਸ਼ੇਵਰ ਕੌਂਸਲਰ ਵੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਰਵਾਸੀ ਭਾਰਤੀ ਲੜਕਿਆਂ ਵੱਲੋਂ ਵਿਆਹ ਕਰਵਾ ਕੇ ਲੜਕੀਆਂ ਨੂੰ ਛੱਡਣ ਦੇ ਚਾਰ ਮਾਮਲੇ ਆਏ ਹਨ।
ਮਹਿਮਾਨਾਂ ਦੀ ਗਿਣਤੀ ਸੀਮਿਤ ਕਰਨਾ ਲਾਜ਼ਮੀ
ਪੰਜਾਬ ਵਿੱਚ ਦੇਖਾਦੇਖੀ, ਦਾਜ, ਬਾਰਾਤ ਦੀ ਚੰਗੀ ਸੇਵਾ, ਪੈਲੇਸ ਸੱਭਿਆਚਾਰ ਆਦਿ ਨੇ ਵਿਆਹਾਂ ਦੇ ਖ਼ਰਚੇ ਕਈ ਗੁਣਾ ਵਧਾ ਦਿੱਤੇ ਹਨ। ਪੰਜਾਬ ਵਿਧਾਨ ਸਭਾ ਨੇ 2016 ਦੇ ਬਜਟ ਸੈਸ਼ਨ ਦੌਰਾਨ ਸਮਾਜਿਕ ਸਮਾਗਮਾਂ ‘ਤੇ ਖ਼ਰਚਾ ਘੱਟ ਕਰਨ ਬਾਰੇ ਮਤਾ ਪਾਸ ਕੀਤਾ ਸੀ, ਪਰ ਇਸ ਮਤੇ ‘ਤੇ ਖ਼ੁਦ ਵਿਧਾਇਕਾਂ ਨੇ ਹੀ ਅਮਲ ਨਹੀਂ ਕੀਤਾ। ਜੇਕਰ ਪੰਜਾਬ ਸਰਕਾਰ ‘ਗੈਸਟ ਕੰਟਰੋਲ ਆਰਡਰ’ ਲਾਗੂ ਕਰ ਦੇਵੇ ਤਾਂ ਇਸ ਦਾ ਵੱਡੇ ਪੱਧਰ ‘ਤੇ ਸਵਾਗਤ ਹੋਣ ਦੇ ਆਸਾਰ ਹਨ, ਕਿਉੰਂਕਿ ਬਹੁ-ਗਿਣਤੀ ਲੋਕਾਂ ਨੂੰ ਸਮਾਜਿਕ ਦਬਾਅ ਕਾਰਨ ਵਿਆਹਾਂ ‘ਤੇ ਜ਼ਿਆਦਾ ਖ਼ਰਚਾ ਕਰਨਾ ਪੈ ਰਿਹਾ ਹੈ।
ਪੰਜਾਬ ਦੇ ਮੁਕਾਬਲੇ ਹਰਿਆਣਾ ‘ਚ ਜਾਤ-ਪਾਤ ਅਧਾਰਤ ਵਿਤਕਰੇ ਜ਼ਿਆਦਾ
ਚੰਡੀਗੜ੍ਹ : ਪੰਜਾਬ ਅਤੇ ਦੇਸ਼ ਦੇ ਕੁਝ ਹੋਰ ਸੂਬਿਆਂ ਦੇ ਮੁਕਾਬਲੇ ਹਰਿਆਣਾ ਵਿਚ ਜਾਤ-ਪਾਤ ਆਧਾਰਿਤ ਵਿਤਕਰੇ ਦੇ ਮਾਮਲੇ ਜ਼ਿਆਦਾ ਸਾਹਮਣੇ ਆਉਂਦੇ ਹਨ। ਦਲਿਤ ਲਾੜਿਆਂ ਨੂੰ ਵਿਆਹਾਂ ਸਮੇਂ ਘੋੜੀ ਚੜ੍ਹਨ ਤੋਂ ਰੋਕਣਾ, ਅਖੌਤੀ ਅਣਖ ਬਦਲੇ ਕਤਲ ਤੋਂ ਇਲਾਵਾ ਅੰਤਰ ਜਾਤੀ ਵਿਆਹਾਂ ਦੇ ਵਿਰੋਧ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ, ਪਰ ਇਸ ਦੇ ਬਾਵਜੂਦ ਅੰਤਰਜਾਤੀ ਵਿਆਹਾਂ ਦਾ ਰੁਝਾਨ ਵਧ ਰਿਹਾ ਹੈ। ਹਰਿਆਣਾ ਦੇ ‘ਜਾਟਲੈਂਡ’ ਵਿਚ ਅਜੇ ਵੀ ਖਾਪਾਂ ਦਾ ਕਾਫ਼ੀ ਅਸਰ ਹੈ ਤੇ ਉਹ ਅੰਤਰਜਾਤੀ ਵਿਆਹ ਦੇ ਹੱਕ ਵਿਚ ਨਹੀਂ ਹਨ ਤੇ ਉਲੰਘਣਾ ਕਰਨ ਵਾਲਿਆਂ ਨੂੰ ਸਮਾਜਿਕ ਬਾਈਕਾਟ ਤੇ ਹੋਰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਵਿਰੁੱਧ ਵੀ ਜ਼ੋਰਦਾਰ ਅਵਾਜ਼ ਉਠ ਰਹੀ ਹੈ। ਅੰਤਰ-ਗੋਤ ਵਿਆਹ ਦੇ ਮਾਮਲਿਆਂ ਤੇ ਅਣਖ ਬਦਲੇ ਕਤਲਾਂ ਦੇ ਮਾਮਲਿਆਂ ਵਿਚ ਅਦਾਲਤਾਂ ਵੱਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਨਾਲ ਇਸ ਵਰਤਾਰੇ ਨੂੰ ਕੁਝ ਠੱਲ੍ਹ ਪਈ ਹੈ। ਕਈ ਨੌਜਵਾਨ ਜੋੜਿਆਂ ਨੇ ਖਾਪਾਂ ਦੇ ਫਰਮਾਨ ਮੰਨਣ ਤੋਂ ਇਨਕਾਰ ਕੀਤੇ ਹਨ, ਇਸ ਕਰਕੇ ਉਨ੍ਹਾਂ ਨੂੰ ਸੂਬੇ ਤੋਂ ਬਾਹਰ ਜਾਣਾ ਪਿਆ ਹੈ। ਇਸ ਦੇ ਬਾਵਜੂਦ ਸੂਬੇ ਵਿਚ ਅੰਤਰਜਾਤੀ ਵਿਆਹਾਂ ਦਾ ਰੁਝਾਨ ਵਧ ਰਿਹਾ ਹੈ ਤੇ ਇਹ ਰੁਝਾਨ ਵਧਣ ਦੇ ਕਈ ਪਹਿਲੂ ਹਨ ਜਿਵੇਂ ਸੂਬੇ ਵਿਚ ਮੁੰਡੇ-ਕੁੜੀ ਦੇ ਅਨੁਪਾਤ ਵਿਚ ਕਾਫ਼ੀ ਫਰਕ ਹੈ ਤੇ ਪਿਛਲੇ ਕੁਝ ਸਾਲਾਂ ਦੇ ਸਰਕਾਰੀ ਯਤਨਾਂ ਸਦਕਾ ਇਸ ਅਨੁਪਾਤ ਵਿਚ ਸੁਧਾਰ ਆਇਆ ਹੈ, ਪਰ ਅਜੇ ਵੀ ਇਹ ਅਨੁਪਾਤ ਬਰਾਬਰ ਨਹੀਂ ਹੈ ਤੇ ਹਜ਼ਾਰ ਲੜਕਿਆਂ ਪਿੱਛੇ ਸੌ ਲੜਕੀਆਂ ਦਾ ਫ਼ਰਕ ਹੈ। ਇਸ ਸਥਿਤੀ ਵਿਚ ਦੂਜੇ ਸੂਬਿਆਂ, ਖ਼ਾਸ ਕਰਕੇ ਉਤਰ-ਪੂਰਬੀ ਸੂਬਿਆਂ ਤੇ ਰਾਜਸਥਾਨ ਤੋਂ ਲੜਕੀਆਂ ਖ਼ਰੀਦ ਕੇ ਵਿਆਹ ਰਚਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹੇ ਮਾਮਲਿਆਂ ਵਿਚ ਠੱਗੀਆਂ ਵੱਜਣ ਤੇ ਲੜਕੀਆਂ ਦੇ ਗਹਿਣਾ-ਗੱਟਾ ਲੈ ਕੇ ਫ਼ਰਾਰ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿਚ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਮੱਦੇਨਜ਼ਰ ਹਰਿਆਣਾ ਦੀਆਂ ਕੁਝ ਖਾਪਾਂ ਨੇ ਲੜਕਿਆਂ ਨੂੰ ਆਪਣੇ ਤੋਂ ਨੀਵੀਆਂ ਜਾਤਾਂ ਵਿਚ ਵਿਆਹ ਕਰਵਾਉਣ ਦੀ ਖੁੱਲ੍ਹ ਦੇ ਦਿੱਤੀ ਹੈ, ਪਰ ਅਜੇ ਵੀ ਕੁਝ ਖਾਪਾਂ ਇਸ ਰੁਝਾਨ ਨੂੰ ਮੰਨਣ ਤੋਂ ਇਨਕਾਰੀ ਹਨ। ਕਈ ਥਾਵੀਂ ਅਜੇ ਵੀ ਬਹਿਸਾਂ ਚੱਲ ਰਹੀਆਂ ਹਨ ਕਿ ਲੜਕੀਆਂ ਦੀ ਗਿਣਤੀ ਘੱਟ ਹੋਣ ਕਰਕੇ ਨੌਜਵਾਨਾਂ ਦੇ ਵਿਆਹ ਨਾ ਹੋਣ ਦੇ ਮਸਲੇ ਦਾ ਕੀ ਹੱਲ ਕੱਢਿਆ ਜਾਵੇ। ਇਸ ਦੇ ਨਾਲ ਹਰਿਆਣਾ ਸਰਕਾਰ ਨੇ ਵੀ ਅੰਤਰਜਾਤੀ ਵਿਆਹਾਂ ਦੇ ਰੁਝਾਨ ਨੂੰ ਹੁਲਾਰਾ ਦੇਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਸੂਬਾ ਸਰਕਾਰ ਕੋਲੋਂ ਪੰਜਾਹ ਹਜ਼ਾਰ ਰੁਪਏ ਮਿਲਦੇ ਸਨ, ਜਿਸ ਨੂੰ ਮੌਜੂਦਾ ਸਰਕਾਰ ਨੇ ਵਧਾ ਕੇ ਢਾਈ ਲੱਖ ਕਰ ਦਿੱਤਾ ਹੈ। ਸੂਬੇ ਵਿਚ ਖੱਟਰ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ 2068 ਅੰਤਰਜਾਤੀ ਵਿਆਹ ਹੋਏ ਹਨ, ਜਿਨ੍ਹਾਂ ਨੂੰ 11.44 ਕਰੋੜ ਰੁਪਏ ਦਿੱਤੇ ਗਏ ਹਨ ਤੇ ਇਸ ਸਾਲ ਅੰਤਰਜਾਤੀ ਵਿਆਹਾਂ ਲਈ ਪੰਜ ਕਰੋੜ ਰੁਪਏ ਰੱਖੇ ਗਏ ਹਨ। ਇਸ ਸਾਲ ਪਿਛਲੇ ਮਹੀਨੇ ਤੱਕ 535 ਅੰਤਰਜਾਤੀ ਵਿਆਹ ਹੋ ਚੁੱਕੇ ਹਨ ਤੇ ਬਕਾਇਆ ਤਿੰਨ ਮਹੀਨਿਆਂ ਵਿਚ ਹੋਰ ਵਿਆਹ ਵੀ ਹੋਣਗੇ। ਇਸ ਨਾਲ ਇਸ ਸਾਲ ਵਿਚ ਗਿਣਤੀ ਅੱਠ ਸੌ ਦੇ ਕਰੀਬ ਪੁੱਜਣ ਦੀ ਆਸ ਹੈ ਤੇ ਢਾਈ ਲੱਖ ਰੁਪਏ ਦੀ ਮਦਦ ਨੇ ਅੰਤਰਜਾਤੀ ਵਿਆਹ ਕਰਵਾਉਣ ਦੇ ਰੁਝਾਨ ਨੂੰ ਗਤੀ ਦੇਣ ਵਿਚ ਮਦਦ ਕੀਤੀ ਹੈ।
ਇਸ ਸਬੰਧੀ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਦਾ ਕਹਿਣਾ ਹੈ ਕਿ ਹਰਿਆਣਵੀ ਸਮਾਜ ਵਿਚ ਪੱਛੜੇਪਣ ਤੋਂ ਛੁਟਕਾਰਾ ਦਿਵਾਉਣ ਲਈ ਸਮਾਜ ਸ਼ਾਸਤਰੀਆਂ ਤੇ ਸਮਾਜ ਸੁਧਾਰਕਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਵੱਖਰੇਵੇਂ ਕਾਰਨ ਹੀ ਅਣਖ ਬਦਲੇ ਕਤਲ ਤੇ ਹੋਰ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਵਿਚ ਅੰਤਰਰਾਜੀ ਵਿਆਹਾਂ ਦਾ ਰੁਝਾਨ ਵਧਿਆ ਹੈ, ਪਰ ਅਜੇ ਵੀ ਸੋਚ ਬਦਲਣ ਦੀ ਲੋੜ ਹੈ।
ਅੰਤਰਜਾਤੀ ਵਿਆਹ ਕਰਾਉਣ ਵਾਲਿਆਂ ਤੋਂ ਪਿੱਛੇ ਹਟਣ ਲੱਗੀ ਸਰਕਾਰ
ਚੰਡੀਗੜ੍ਹ : ਪੰਜਾਬ ਵਿੱਚ ਜਾਤ-ਪਾਤ ਤੇ ਛੂਤ-ਛਾਤ ਖ਼ਤਮ ਕਰਨ ਲਈ ਸਰਕਾਰੀ ਯੋਜਨਾਵਾਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਸਾਹਮਣੇ ਆ ਰਹੀ ਹੈ। ਇਸ ਮਾਮਲੇ ਵਿੱਚ ਸਭ ਤੋਂ ਵੱਡੀ ਯੋਜਨਾ ਅੰਤਰਜਾਤੀ ਵਿਆਹ ਕਰਾਉਣ ਵਾਲੇ ਜੋੜਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨ ਦੇਣਾ ਹੈ, ਤਾਂ ਜੋ ਸਰਕਾਰ ਦੀਆਂ ਨਜ਼ਰਾਂ ਵਿੱਚ ਆਉਣ ਤੋਂ ਬਾਅਦ ਅਜਿਹੇ ਪਤੀ-ਪਤਨੀ ਸਮਾਜ ਵਿੱਚ ਮਾਣ ਸਨਮਾਨ ਮਹਿਸੂਸ ਕਰ ਸਕਣ। ਸਿੱਖ ਗੁਰੂਆਂ ਦੀ ਧਰਤੀ ‘ਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਫੈਲਾਉਣ ਅਤੇ ਅਮਲੀ ਜਾਮਾ ਪਹਿਨਾਉਣ ਦੇ ਮਾਮਲੇ ਵਿੱਚ ਸਰਕਾਰ ਇੱਕ ਤਰ੍ਹਾਂ ਨਾਲ ਫੇਲ੍ਹ ਸਾਬਤ ਹੋ ਰਹੀ ਹੈ, ਕਿਉਂਕਿ ਦੇਸ਼ ਦੇ ਹੋਰ ਸੂਬੇ ਖਾਸ ਕਰ ਕੇ ਹਰਿਆਣਾ, ਪੰਜਾਬ ਨੂੰ ਇਸ ਮਾਮਲੇ ਵਿੱਚ ਪਛਾੜ ਗਿਆ ਹੈ। ਮਹਾਰਾਸ਼ਟਰ ਸਾਰੇ ਸੂਬਿਆਂ ਨੂੰ ਪਛਾੜ ਗਿਆ ਹੈ ਤੇ ਤਾਮਿਲਨਾਡੂ ਅਜਿਹਾ ਰਾਜ ਹੈ, ਜਿੱਥੇ ਜਾਤ ਪਾਤ ਤੋਂ ਉਪਰ ਉਠ ਕੇ ਵਿਆਹ ਕਰਾਉਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਦੇ ਉਲਟ ਪੰਜਾਬ ਵਿਚ ਸਰਕਾਰਾਂ, ਸਮਾਜਿਕ ਸੰਗਠਨਾਂ ਅਤੇ ਧਾਰਮਿਕ ਅਦਾਰਿਆਂ ਦੀ ਸਰਗਰਮ ਭੂਮਿਕਾ ਨਾ ਹੋਣ ਕਾਰਨ ਜਾਤੀਵਾਦ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਦੇ ਸਮਾਜਿਕ ਨਿਆਂ ਵਿਭਾਗ ਵੱਲੋਂ ਜਾਤੀਵਾਦ ਦੀਆਂ ਕੰਧਾਂ ਤੋੜ ਕੇ ਸਾਂਝੀਵਾਲਤਾ ਦਾ ਸੰਦੇਸ਼ ਪੱਕਾ ਕਰਨ ਅਤੇ ਜਾਤ ਪਾਤ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਵਿਆਹ ਰਚਾਉਣ ਵਾਲੇ ਜੋੜਿਆਂ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਯੋਜਨਾ ਉਲੀਕੀ ਸੀ।
ਪੰਜਾਬ ਸਰਕਾਰ ਵੱਲੋਂ ਇਹ ਯੋਜਨਾ ‘ਸਿਵਲ ਅਧਿਕਾਰਾਂ ਦੀ ਸੁਰੱਖਿਆ ਕਾਨੂੰਨ 1955’ ਤਹਿਤ ਅੰਤਰਜਾਤੀ ਵਿਆਹ ਕਰਾਉਣ ਵਾਲੇ ਜੋੜਿਆਂ ਨੂੰ ਸਨਮਾਨਤ ਕਰਨ ਦੀ ਯੋਜਨਾ ਤਿਆਰ ਕੀਤੀ ਸੀ ਪਰ ਤਰਾਸਦੀ ਇਹ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਦੀ ਲਪੇਟ ਵਿੱਚ ਆਈਆਂ ਹੋਰਨਾਂ ਸਕੀਮਾਂ ਵਾਂਗ ਹੀ ਇਸ ਯੋਜਨਾ ਨੂੰ ਵੀ ਮਾਲੀ ਸੰਕਟ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਸਰਕਾਰ ਵੱਲੋਂ ਸੂਬਿਆਂ ਦੀ ਐਲਾਨੀ ਰਾਸ਼ੀ ਵੀ ਸਾਲਾਂ ਬੱਧੀ ਦਿੱਤੀ ਹੀ ਨਹੀਂ ਜਾਂਦੀ। ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਮਾਲੀ ਸਾਲ 2011-2012, 2012-2013, 2013-2014 ਭਾਵ ਲਗਾਤਾਰ 4 ਸਾਲਾਂ ਦੌਰਾਨ ਇਹ ਰਾਸ਼ੀ ਖ਼ਜ਼ਾਨੇ ਵਿੱਚੋਂ ਨਿਕਲ ਹੀ ਨਹੀਂ ਸਕੀ। ਇਸੇ ਤਰ੍ਹਾਂ 2014-2015 ਦੌਰਾਨ 461 ਕਰੋੜ ਰੁਪਏ ਖ਼ਜ਼ਾਨੇ ਵਿੱਚੋਂ ਤਾਂ ਜਾਰੀ ਕੀਤੇ ਗਏ ਪਰ ਵਿਭਾਗ ਵੱਲੋਂ ਮਹਿਜ਼ 113.78 ਕਰੋੜ ਰੁਪਏ ਹੀ ਵੰਡੇ ਗਏ। ਵਿਭਾਗੀ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਜ ਸਾਲ ਪਹਿਲਾਂ ਆਈਆਂ ਅਰਜ਼ੀਆਂ ਵਿੱਚੋਂ ਹੀ ਕੁਝ ਦਾ ਨਿਪਟਾਰਾ ਕੀਤਾ ਜਾ ਸਕਿਆ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਰਾਜ ਸਰਕਾਰ ਵੱਲੋਂ ਕੇਂਦਰ ਵੱਲੋਂ ਭੇਜੀ ਜਾਂਦੀ ਰਾਸ਼ੀ ਵੀ ਲਾਭਪਾਤਰੀਆਂ ਨੂੰ ਅਦਾ ਨਹੀਂ ਕੀਤੀ ਜਾਂਦੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਅਜਿਹੇ ਜੋੜਿਆਂ ਨੂੰ ਡੇਢ ਲੱਖ ਰੁਪਏ ਦੀ ਰਾਸ਼ੀ ਐਲਾਨੀ ਹੋਈ ਹੈ। ਚਲੰਤ ਮਾਲੀ ਸਾਲ ਦੌਰਾਨ ਵਿਭਾਗ ਵੱਲੋਂ ਬਜਟ ਹੀ ਨਹੀਂ ਰੱਖਿਆ ਗਿਆ।
2729 ਜੋੜਿਆਂ ਨੂੰ ਸਰਕਾਰੀ ਸਨਮਾਨ ਦਾ ਇੰਤਜ਼ਾਰ
ਪੰਜਾਬ ‘ਚ ਅੰਤਰ-ਜਾਤੀ ਵਿਆਹ ਕਰਾਉਣ ਵਾਲੇ ਜਿਨ੍ਹਾਂ ਜੋੜਿਆਂ ਨੂੰ ਪਿਛਲੇ 5 ਸਾਲਾਂ ਤੋਂ ਸਨਮਾਨਿਤ ਰਾਸ਼ੀ ਨਹੀਂ ਦਿੱਤੀ ਗਈ ਉਨ੍ਹਾਂ ਦੀ ਗਿਣਤੀ 2729 ਹੈ। ਜ਼ਿਲ੍ਹਾ ਵਾਰ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਅਰਜ਼ੀਆਂ ਜਲੰਧਰ ਅਤੇ ਗੁਰਦਾਸਪੁਰ ਵਿੱਚੋਂ ਹਾਸਲ ਹੋਈਆਂ। ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਕ੍ਰਮਵਾਰ 368 ਤੇ 313 ਜੋੜਿਆਂ ਨੂੰ ਸਨਮਾਨ ਰਾਸ਼ੀ ਦੀ ਉਡੀਕ ਹੈ। ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਲੁਧਿਆਣਾ, ਮੁਕਤਸਰ, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਅਜਿਹੇ ਜ਼ਿਲ੍ਹੇ ਹਨ ਜਿੱਥੇ ਗਿਣਤੀ 100 ਤੋਂ ਜ਼ਿਆਦਾ ਹੈ। ਤਰਨਤਾਰਨ ਸਭ ਤੋਂ ਘੱਟ ਗਿਣਤੀ ਦੇਖੀ ਗਈ ਹੈ। ਇਸ ਜ਼ਿਲ੍ਹੇ ‘ਚ 33 ਜੋੜਿਆਂ ਦਾ ਨਾਮ ਸਰਕਾਰੀ ਸੂਚੀ ‘ਚ ਦਰਜ ਹੈ।
ਵਿਦੇਸ਼ਾਂ ‘ਚ ਵਸਣ ਦੀ ਇੱਛਾ ਨੇ ਵਿਆਹਾਂ ਦੇ ਬਦਲੇ ਅਰਥ
ਆਈਲੈਟਸ ਵਾਲੀਆਂ ਨੂੰਹਾਂ ਬਣਨ ਲੱਗੀਆਂ ਪਹਿਲੀ ਪਸੰਦ
ਚੰਡੀਗੜ੍ਹ : ਪੰਜਾਬੀਆਂ ਵਿਚ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਖ਼ਾਸ ਕਰਕੇ ਵੱਡੀ ਗਿਣਤੀ ਮੁੰਡੇ-ਕੁੜੀਆਂ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। ਬਾਹਰਲੇ ਦੇਸ਼ਾਂ ਵਿਚ ਵਸਣ ਦੀ ਇੱਛਾ ਨੇ ਵਿਆਹਾਂ ਦਾ ਅਰਥ ਹੀ ਬਦਲ ਦਿੱਤਾ ਹੈ। ਇਸ ਵਿਚ ਆਈਲੈਟਸ ਦਾ ਵੱਡਾ ਹੱਥ ਹੈ। ਪੁੱਤਾਂ ਨੂੰ ਬਾਹਰਲੇ ਦੇਸ਼ਾਂ ਵਿਚ ਭੇਜਣ ਲਈ ਉਤਾਵਲੇ ਮਾਪੇ ‘ਆਈਲੈਟਸ’ ਵਾਲੀ ਨੂੰਹ ਲੱਭਦੇ ਹਨ। ਹੁਣ ਤਾਂ ਰਿਸ਼ਤਾ ਲੱਭਣ ਵੇਲੇ ਪਹਿਲੀ ਸ਼ਰਤ ਹੀ ਆਈਲੈਸਟ ਦੀ ਰੱਖੀ ਜਾਂਦੀ ਹੈ।
ਅੰਕੜਿਆਂ ਅਨੁਸਾਰ ਪੰਜਾਬੀ ਨੌਜਵਾਨ ਤੇ ਮੁਟਿਆਰਾਂ ਮੌਜੂਦਾ ਸਮੇਂ ਵਿਚ ਸਭ ਤੋਂ ਵੱਧ ਕੈਨੇਡਾ ਨੂੰ ਤਰਜੀਹ ਦੇ ਰਹੇ ਹਨ, ਜਿਸ ਪਿੱਛੇ ਉਥੋਂ ਜਾਣ ਲਈ ਨਰਮ ਸ਼ਰਤਾਂ ਤੇ ਸਾਜ਼ਗਾਰ ਮਾਹੌਲ ਅਹਿਮ ਹਨ।
ਸਾਲ 2017 ਵਿਚ ਪੰਜਾਬ ਦੇ ਕਰੀਬ ਡੇਢ ਲੱਖ ਨੌਜਵਾਨ ਸਟੱਡੀ ਵੀਜ਼ਾ ‘ਤੇ ਬਾਹਰਲੇ ਦੇਸ਼ਾਂ ਵਿਚ ਗਏ ਹਨ। ਇਨ੍ਹਾਂ ਵਿਚੋਂ ਸਵਾ ਲੱਖ ਨੌਜਵਾਨ ਕੈਨੇਡਾ ਗਏ ਹਨ ਤੇ 25 ਹਜ਼ਾਰ ਆਸਟਰੇਲੀਆ, ਅਮਰੀਕਾ, ਇੰਗਲੈਂਡ ਤੇ ਨਿਊਜ਼ੀਲੈਂਡ ਵਿਚ ਹਨ। ‘ਵਰਕ ਪਰਮਿਟ’ ਜਾਂ ਕੰਮ ਦੇ ਤਜਰਬੇ ਦੇ ਆਧਾਰ ‘ਤੇ ਪੀਆਰ (ਪੱਕੀ ਰਿਹਾਇਸ਼) ਜਾਂ ਬਾਹਰਲੇ ਪੱਕੇ ਮੁੰਡੇ-ਕੁੜੀ ਨਾਲ ਵਿਆਹ ਕਰਵਾ ਕੇ ਜਾਣ ਵਾਲਿਆਂ ਦੀ ਗਿਣਤੀ ਵੱਖਰੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਪੀਆਰ ਆਦਿ ਲਈ ਉਂਜ ਤਾਂ ਅੰਗਰੇਜ਼ੀ ਭਾਸ਼ਾ ਦੇ ਹੋਰ ਵੀ ਟੈਸਟ ਹਨ, ਪਰ ਸਭ ਤੋਂ ਵੱਧ ਦਿੱਤਾ ਜਾਣ ਵਾਲਾ ਟੈਸਟ ਆਈਲੈਟਸ ਹੈ।
ਜੇਕਰ ਪੰਜ-ਛੇ ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੁੱਤ-ਧੀ ਨੂੰ ਬਾਹਰ ਭੇਜਣ ਲਈ ਬਾਹਰਲਾ ਰਿਸ਼ਤਾ ਲੱਭਿਆ ਜਾਂਦਾ ਸੀ ਤੇ ਐੱਨਆਰਆਈ ਮੁੰਡੇ-ਕੁੜੀਆਂ (ਜ਼ਿਆਦਾ ਮੁੰਡੇ) ਬਾਹਰੋਂ ਆਉਂਦੇ ਸਨ ਤੇ ਵਿਆਹ ਕਰਵਾ ਕੇ ਚਲੇ ਜਾਂਦੇ ਸਨ। ਹਾਲਾਂਕਿ ਹੁਣ ਵੀ ਅਜਿਹਾ ਹੁੰਦਾ ਹੈ, ਪਰ ਬਹੁਤੇ ਮੁੰਡੇ ਵਾਲੇ ਆਈਲੈਟਸ ਵਾਲੀਆਂ ਕੁੜੀਆਂ ਲੱਭਦੇ ਹਨ। ਜੇਕਰ ਵੱਖ-ਵੱਖ ਅਖ਼ਬਾਰਾਂ ਵਿਚ ਵਿਆਹਾਂ ਲਈ ਦਿੱਤੇ ਜਾਂਦੇ ਇਸ਼ਤਿਹਾਰਾਂ ‘ਤੇ ਨਜ਼ਰ ਮਾਰੀਏ ਤਾਂ ਬਹੁਤੇ ਕੇਸ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਇਹ ਸ਼ਰਤ ਹੁੰਦੀ ਹੈ ਕਿ ਕੁੜੀ ਨੇ ਆਈਲੈਟਸ ਵਿਚੋਂ ਲੋੜੀਂਦੇ ਬੈਂਡ ਪ੍ਰਾਪਤ ਕੀਤੇ ਹੋਣ ਤੇ ਖ਼ਰਚਾ ਮੁੰਡੇ ਵਾਲੇ ਕਰਨਗੇ। ਮਹਿਜ਼ ਇੱਕਾ-ਦੁੱਕਾ ਇਸ਼ਤਿਹਾਰ ਦਿਸਦੇ ਹਨ, ਜਿਨ੍ਹਾਂ ਵਿਚ ਕੁੜੀ ਵਾਲੇ ਆਈਲੈਟਸ ਵਾਲਾ ਮੁੰਡਾ ਭਾਲਦੇ ਹੋਣ। ਮੁੰਡੇ ਦੇ ਆਈਲੈਟਸ ‘ਚੋਂ ਲੋੜੀਂਦੇ ਬੈਂਡ ਪ੍ਰਾਪਤ ਕਰਨ ਦੇ ਅਸਮਰੱਥ ਹੋਣ ਕਾਰਨ ਆਈਲੈਟਸ ਦੀ ਸ਼ਰਤ ਰੱਖ ਕੇ ਕੁੜੀ ਲੱਭੀ ਜਾਂਦੀ ਹੈ। ਕੁਝ ਅਜਿਹੇ ਕੇਸ ਵੀ ਹਨ, ਜਿਨ੍ਹਾਂ ਵਿਚ ਆਈਲੈਟਸ ਦੀ ਕੋਚਿੰਗ ਲੈਣ ਵਾਲੀ ਜਾਂ ਪੜ੍ਹੀ-ਲਿਖੀ ਨੂੰਹ ਲਿਆਂਦੀ ਜਾਂਦੀ ਹੈ ਤੇ ਵਿਆਹ ਤੋਂ ਬਾਅਦ ਉਹ ਟੈਸਟ ਵਿਚੋਂ ਪੂਰੇ ਬੈਂਡ ਨਹੀਂ ਲੈ ਪਾਉਂਦੀ ਜਾਂ ਕੁਝ ਤਕਨੀਕੀ ਕਾਰਨਾਂ ਕਰਕੇ ਵੀਜ਼ਾ ਨਹੀਂ ਲੱਗਦਾ ਤਾਂ ਘਰਾਂ ਵਿਚ ਝਗੜੇ ਸ਼ੁਰੂ ਹੋ ਜਾਂਦੇ ਹਨ ਤੇ ਅਜਿਹੇ ਮਾਮਲਿਆਂ ਵਿਚ ਘਰੇਲੂ ਹਿੰਸਾ ਦੇ ਕੇਸ ਵੀ ਦਰਜ ਹੋਏ ਹਨ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਦਾ ਕਹਿਣਾ ਹੈ ਕਿ ਆਈਲੈਟਸ ਕਰਕੇ ਵਿਆਹਾਂ ਦੇ ਰੁਝਾਨ ਵਿਚ ਆਈ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵੇਲੇ ਵੀ ਕੁਝ ਅਜਿਹੇ ਕੇਸ ਆਏ ਸਨ। ਉਨ੍ਹਾਂ ਇਕ ਕੇਸ ਦਾ ਹਵਾਲਾ ਦਿੱਤਾ, ਜਿਸ ਵਿਚ ਆਈਲੈਟਸ ਦੀ ਸ਼ਰਤ ‘ਤੇ ਵਿਆਹ ਹੋਇਆ ਸੀ। ਲੜਕੀ ਦੇ ਆਈਲੈਟਸ ਵਿਚੋਂ 5.5 ਬੈਂਡ ਸਨ, ਪਰ ਉਸ ਦਾ ਸਟੂਡੈਂਟ ਵੀਜ਼ਾ ਨਹੀਂ ਲੱਗ ਸਕਿਆ, ਜਿਸ ਕਾਰਨ ਉਸ ਨੂੰ ਸਹੁਰਾ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਿਆ।
ਉਸ ਨੇ ਮਹਿਲਾ ਕਮਿਸ਼ਨ ਕੋਲ ਪਹੁੰਚ ਕੀਤੀ ਤੇ ਸਹੁਰਾ ਪਰਿਵਾਰ ‘ਤੇ ਘਰੇਲੂ ਹਿੰਸਾ ਦੇ ਦੋਸ਼ ਲਾਉਂਦਿਆਂ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਲੜਕੇ ਵਾਲਿਆਂ ਵੱਲੋਂ ਵਿਆਹ ‘ਤੇ ਲਾਏ ਪੈਸੇ ਵਾਪਸ ਕਰਵਾਉਣ ਦਾ ਵੀ ਦਬਾਅ ਪਾਇਆ ਗਿਆ ਸੀ। ਉਨ੍ਹਾਂ ਆਖਿਆ ਕਿ ਭਾਵੇਂ ਲੋਕ ਵੱਖ-ਵੱਖ ਕਾਰਨਾਂ ਕਰਕੇ ਪੰਜਾਬੀ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ, ਪਰ ਇਸ ਵਾਸਤੇ ਆਈਲੈਟਸ ਦੀ ਸ਼ਰਤ ‘ਤੇ ਆਪਣੇ ਪੁੱਤਾਂ-ਧੀਆਂ ਦਾ ਵਿਆਹ ਕਰਨਾ ਵਾਜਬ ਨਹੀਂ ਹੈ। ਲੜਕੇ ਵਾਲੇ ਪਹਿਲਾਂ ਦਾਜ ਦਾ ਲਾਲਚ ਕਰਦੇ ਸਨ ਤੇ ਹੁਣ ਆਈਲੈਟਸ ਦਾ ਲਾਲਚ ਕਰਦੇ ਹਨ। ਉਨ੍ਹਾਂ ਲੜਕੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪੜ੍ਹੀਆਂ-ਲਿਖੀਆਂ ਧੀਆਂ ਨੂੰ ਬਿਨਾਂ ਸੋਚੇ-ਸਮਝੇ ਅਜਿਹੇ ਲੜਕਿਆਂ ਨਾਲ ਨਾ ਵਿਆਹੁਣ, ਜੋ ਭਾਸ਼ਾ ਦਾ ਟੈਸਟ ਪਾਸ ਕਰਨ ਦੇ ਵੀ ਕਾਬਲ ਨਾ ਹੋਣ, ਕਿਉਂਕਿ ਅਜਿਹੀਆਂ ਰਿਸ਼ਤਿਆਂ ਵਿਚ ਮੁੰਡੇ-ਕੁੜੀ ਦੀ ਸੋਚ ਨਾ ਮਿਲਣ ਕਾਰਨ ਅਣਬਣ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਵਿਆਹ ਸਫ਼ਲ ਨਹੀਂ ਹੁੰਦੇ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …