Breaking News
Home / Special Story / ਹਰ ਬਨੇਰਾ ਹਰ ਦਿਲ ਹੋਵੇ ਰੋਸ਼ਨ

ਹਰ ਬਨੇਰਾ ਹਰ ਦਿਲ ਹੋਵੇ ਰੋਸ਼ਨ

ਪਰਮਜੀਤ ਕੌਰ ਸਰਹਿੰਦ
ਦੀਵਾਲੀ ਹਰ ਸਾਲ ਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ ਨੂੰ ਹਰ ਸਾਲ ਆਉਂਦੀ ਤੇ ਲੰਘ ਜਾਂਦੀ ਹੈ । ਮੱਸਿਆ ਦੀ ਰਾਤ ਨੂੰ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਰੰਗ-ਬਰੰਗੇ ਬੱਲਬ ਟਿਊਬਾਂ ਹਰ ਘਰ, ਹਰ ਬਾਜ਼ਾਰ ਤੇ ਹਰ ਧਰਮ ਸਥਾਨ ‘ਤੇ ਜਗਦੇ ਨੇ। ਪਰ ਕੀ ਇਹ ਮਨੁੱਖੀ ਮਨ ਦੇ ਹਨ੍ਹੇਰੇ ਕੋਨਿਆਂ ਨੂੰ ਵੀ ਰੁਸ਼ਨਾਉਂਦੇ ਨੇ? ਕੀ ਇਹ ਕਿਸੇ ਗਰੀਬ ਮਿਹਨਤਕਸ਼ ਦੀ ਕੁੱਲੀ ਲਈ ਵੀ ਚਾਨਣ ਦੀ ਰਿਸ਼ਮ ਪ੍ਰਦਾਨ ਕਰਦੇ ਨੇ? ਸਰਕਾਰੀ ਸਟਰੀਟ ਲਾਇਟਾਂ ਦਿਨ ਰਾਤ ਜਗਦੀਆਂ ਨੇ ਪਰ ਕਿਸੇ ਗਰੀਬ ਦੀ ਕੁੱਲੀ ਵਿੱਚ ਜਾਂ ਝੁੱਗੀਆਂ ਝੌਂਪੜੀਆਂ ਵਿੱਚ ਤਾਂ ਦੀਵਾਲੀ ਨੂੰ ਵੀ ਕੋਈ ਨਿੱਕਾ ਜਿਹਾ ਬੱਲਬ ਨਹੀਂ ਟਿਮਟਿਮਾਉਂਦਾ। ਇਹ ਅਸਾਵਾਂਪਣ ਦੇਖ ਕੇ, ਸਮਝ ਕੇ ਵੀ ਅਸੀਂ ਕੁਝ ਦੇਰ ਉਦਾਸ ਤੇ ਮਾਯੂਸ ਤਾਂ ਹੋ ਜਾਂਦੇ ਹਾਂ ਪਰ ਕਰਨ ਲਈ ਜਿਵੇਂ ਸਾਨੂੰ ਕੁਝ ਨਹੀਂ ਸੁੱਝਦਾ ਜਾਂ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਤੇ ਦੀਵਾਲੀ ਆਉਂਦੀ ਤੇ ਲੰਘ ਜਾਂਦੀ ਹੈ। ਰੋਸ਼ਨੀਆਂ ਦੇ ਇਸ ਤਿਉਹਾਰ ਦੇ ਮੂਲ ਮਨੋਰਥ ਤੋਂ ਤਾਂ ਅਸੀਂ ਜਿਵੇਂ ਕੋਹਾਂ ਦੂਰ ਹੀ ਰਹਿੰਦੇ ਹਾਂ।
ਇਤਿਹਾਸ ਮਿਥਿਹਾਸ ਕਹਿੰਦੇ ਹੈ ਸ੍ਰੀ ਰਾਮ ਚੰਦਰ, ਸੀਤਾ ਤੇ ਲਛਮਣ ਜੀ ਨਾਲ ਚੌਦਾਂ ਸਾਲਾਂ ਦਾ ਬਣਵਾਸ ਕੱਟ ਕੇ ਜਦੋਂ ਅਯੁੱਧਿਆ ‘ਚ ਵਾਪਸ ਪਰਤੇ ਤਾਂ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਜਨਤਾ ਵਲੋਂ ਦੀਪਮਾਲਾ ਕੀਤੀ ਗਈ ਤੇ ਇਹ ਤਿਉਹਾਰ ਹੋਂਦ ‘ਚ ਆਇਆ। ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਉਣ ਦੀ ਖ਼ੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ। ਜੋ ਅੱਜ ਵੀ ਵਿਲੱਖਣ ਰੌਸ਼ਨੀਆਂ ਤੇ ਆਤਿਸ਼ਬਾਜ਼ੀ ਚਲਾ ਕੇ ਪਰੰਪਰਾ ਅਨੁਸਾਰ ਨਿਭਾਈ ਜਾਂਦੀ ਹੈ ਕਿਹਾ ਜਾਂਦੈ ਕਿ ‘ਰੋਟੀ ਆਪਣੇ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ।’
ਬਚਪਨ ਵਿੱਚ ਜਦੋਂ ਦਿਵਾਲੀ ਦਾ ਬੜਾ ਚਾਅ ਹੁੰਦਾ ਸੀ ਤੇ ਦੀਵਾਲੀ ਦਾ ਮੰਤਵ ਸਿਰਫ਼ ਇਹੋ ਲੱਗਦਾ ਸੀ ਕਿ ਘਰਾਂ ਦੀ ਸਫ਼ਾਈ ਕੀਤੀ ਜਾਵੇ ਤੇ ਬੇਲੋੜਾ ਪੁਰਾਣਾ ਸਮਾਨ ਬਾਹਰ ਸੁੱਟ ਦਿੱਤਾ ਜਾਵੇ। ਟੁੱਟੇ ਫੁੱਟੇ ਬਰਤਨ ਜੋ ਪਿੱਤਲ, ਕੈਂਹ ਜਾਂ ਭਾਰਤ ਦੇ ਹੁੰਦੇ , ਜਿਹਨਾਂ ਨੂੰ ‘ਫੁੱਟ’ ਕਿਹਾ ਜਾਂਦਾ, ਭਾਂਡਿਆਂ ਵਾਲੇ ਨੂੰ ਘੱਟ ਮੁੱਲ ‘ਤੇ ਦੇ ਕੇ ਨਵੇਂ ਬਰਤਨ ਖਰੀਦੇ ਜਾਂਦੇ ਜਾਂ ਉਂਜ ਵੀ ਇਕ ਨਵਾਂ ਬਰਤਨ ਛੋਟਾ ਜਾਂ ਵੱਡਾ ਜ਼ਰੂਰ ਖਰੀਦਿਆ ਜਾਣਾ ਜ਼ਰੂਰੀ ਸਮਝਿਆ ਜਾਂਦਾ। ਅੱਜ ਵਾਂਗ ਤਰ੍ਹਾਂ ਤਰ੍ਹਾਂ ਦੀ ਕਰਾਕਰੀ ਉਦੋਂ ਨਹੀਂ ਸੀ ਹੁੰਦੀ। ਪਿੱਤਲ ਦੇ ਸਾਰੇ ਬਰਤਨ ਦੀਵਾਲੀ ਤੋਂ ਪਹਿਲਾਂ ਕਲੀ ਕਰਾਏ ਜਾਂਦੇ। ਨਾਲ਼ ਦੇ ਸ਼ਹਿਰੋਂ ਹਰ ਸਾਲ ਇਹਨਾਂ ਦਿਨਾਂ ਵਿੱਚ ਕਲੀ ਕਰਨ ਵਾਲਾ ਆਉਂਦਾ। ਕਲੀ ਕਰਵਾਏ ਬਰਤਨ ਨਵੇਂ ਨਕੋਰ ਹੋ ਜਾਂਦੇ, ਅੱਗ ‘ਤੇ ਤਪ ਕੇ ਕੀਟਾਣੂ ਰਹਿਤ ਵੀ ਹੋ ਜਾਂਦੇ। ਦੀਵਾਲੀ ‘ਤੇ ਪਰਿਵਾਰ ਦੇ ਸਾਰੇ ਮੈਂਬਰ ਨਵੇਂ ਕੱਪੜੇ ਖ਼ਰੀਦੇ , ਸਿਲਾਉਂਦੇ ਜਾਂ ਕਿਸੇ ਵਿਆਹ ਸ਼ਾਦੀ ਵੇਲੇ ਹੀ ਨਵੇਂ ਕੱਪੜੇ ਬਣਵਾਏ ਜਾਂਦੇ। ਅੱਜ ਵਾਂਗ ਢੇਰਾਂ ਦੇ ਢੇਰ ਸੂਟ, ਸਾੜੀਆਂ, ਕੋਟ ਪੈਂਟ ਜਾਂ ਪੈਂਟ ਕਮੀਜ਼ਾਂ ਲੋਕਾਂ ਕੋਲ ਨਹੀਂ ਸਨ ਹੁੰਦੇ, ਪਰ ਲੋਕ ਖ਼ੁਸ਼ ਸਨ ਸੰਤੁਸ਼ਟ ਸਨ ‘ਜ਼ਿਆਦਾ ਕੀ ਚਾਹਤ ਨਹੀਂ ਹਮਕੋ, ਵਲੀ ਸਬਰ ਸਬੂਰੀ ਸੇ ਤੇ ‘ਥੋੜੇ ਮੇਂ ਗੁਜ਼ਾਰਾ ਹੋਤਾ ਹੈ’ ਵਾਲਾ ਰਿਵਾਜ਼ ਸੀ। ਹੁਣ ਤਾਂ ਜਿਹੜਾ ਕੱਪੜਾ, ਗਹਿਣਾ ਕਿਸੇ ਇਕ ਸਮਾਗਮ ਜਾਂ ਦਿਨ ਤਿਉਹਾਰ ‘ਤੇ ਕਿਸੇ ਪਾ ਲਿਆ ਉਹ ਦੁਬਾਰਾ ਪਹਿਨਣ ਦਾ ਰਿਵਾਜ ਹੀ ਨਹੀਂ ਰਿਹਾ। ਖ਼ਾਸ ਕਰ ਔਰਤਾਂ ਲਈ ਤਾਂ ਨਵਾਂ ਸੂਟ ਸਾੜੀ ਪਾਉਣੀ ਇਸ ਤਰ੍ਹਾਂ ਜ਼ਰੂਰੀ ਹੋ ਗਈ ਜਿਵੇਂ ਮੇਜ਼ਬਾਨ ਨੇ ਉਹਨਾਂ ਦੇ ਆਉਣ ਲਈ ਇਹ ਸ਼ਰਤ ਰੱਖੀ ਹੋਵੇ। ਉਦੋਂ ਤਾਂ ਨਵੇਂ ਕੱਪੜੇ, ਨਵੇਂ ਬਰਤਨ (ਭਾਵੇਂ ਉਹ ਕਲੀ ਕਰਵਾ ਕੇ ਨਵੇਂ ਹੋ ਜਾਂਦੇ ਸਨ) ਤੇ ਸਾਫ਼ ਸਫ਼ਾਈ ਕਰਕੇ ਨਵਾਂ ਨਵਾਂ ਹੋਇਆ ਘਰ ਮਨ ਵਿੱਚ ਚਾਅ ਭਰ ਦਿੰਦਾ ਸੀ ਤੇ ਦੀਵਾਲੀ ਦਾ ਮਤਲਬ ਜਾਂ ਮੰਤਵ ਜਿਵੇਂ ਚਾਅ ਹੀ ਹੋ ਨਿੱਬੜਦਾ ਸੀ। ਅੱਜ ਦੀ ਦੀਵਾਲੀ ‘ਤੇ ਲੋਕ ਸਫ਼ਾਈਆਂ ਕਰਵਾਉਂਦੇ ਨੇ, ਮਹਿੰਗੇ ਰੰਗ ਰੋਗਨ ਪੇਂਟ ਕਾਰੀਗਰਾਂ ਪੇਂਟਰਾਂ ਨੂੰ ਲਗਾ ਕੇ ਕਰਵਾਉਂਦੇ ਨੇ ਪਰ ਇਹ ਹਰ ਸਾਲ ਤਾਂ ਕੋਈ ਹੀ ਕਰਵਾਉਂਦਾ ਹੈ ਕਿਉਂਕਿ ਇਹ ਰੰਗ ਰੋਗਨ ਤੇ ਪੇਂਟ ਬਹੁਤ ਹੀ ਮਹਿੰਗੇ ਨੇ, ਦੂਜਾ ਇਹ ਜਲਦੀ ਖਰਾਬ ਵੀ ਨਹੀਂ ਹੁੰਦੇ ਪਰ ਇਹ ਕਿਸੇ ਤਰ੍ਹਾਂ ਵੀ ਉਦੋਂ ਦੀ ਹੁੰਦੀ ਸਲਾਨਾ ਸਫ਼ਾਈ ਨੂੰ ਮਾਤ ਨਹੀਂ ਪਾ ਸਕਦੇ। ਉਦੋਂ ਘਰਾਂ ਦੀ ਸਫ਼ਾਈ ਇੰਨੀ ਮਹਿੰਗੀ ਨਹੀਂ ਸੀ ਹੁੰਦੀ ਤੇ ਲੋਕ ਪੇਂਟਰਾਂ, ਕਾਰੀਗਰਾਂ, ਦਿਹਾੜੀਦਾਰਾਂ ਨੂੰ ਲਾਉਂਦੇ ਸਨ। ਘਰ ਦੇ ਸਾਰੇ ਜੀਅ ਰਲ ਕੇ ਸਫਾਈ ਕਰਦੇ ਸਨ। ਬਹੁਤਾ ਕੀਤਾ ਖੇਤ ਵਾਲੇ ਸਾਂਝੀ ਸੀਰੀ ਨੂੰ ਨਾਲ ਲਾ ਲੈਂਦੇ ਸਨ। ਸਫੈਦੀ ਭਾਵੇਂ ਚੂਨੇ ਵਿੱਚ ਨੀਲ ਪਾ ਕੇ ਦੋ ਦਿੰਨ ਦਿਨ ਭਿਓ ਕੇ ਰੱਖ ਛੱਡਣਾ, ਪਾਣੀ ਨੂੰ ਡੰਡੇ ਨਾਲ਼ ਹਿਲਾਉਂਦੇ ਰਹਿਣਾ। ਪੀਲੀ ਮਿੱਟੀ ਵੀ ਏਦਾਂ ਹੀ ਪਾਣੀ ਵਿੱਚ ਪਾ ਰੱਖਣੀ। ਨਾਲ਼ ਦੇ ਕਸਬੇ ਤੋਂ ਹੀ ਮੁੰਜ ਦੀਆਂ ਕੂਚੀਆਂ ਲੈ ਆਉਣੀਆਂ ਤੇ ਬੜੇ ਚਾਅ ਤੇ ਹਿੰਮਤ ਨਾਲ਼ ਆਪਣਾ ਆਪਣਾ ਘਰ ਚਮਕਾ ਲੈਣਾ। ਜੇ ਕਿਸੇ ਦਾ ਕੰਮ ਦੀਵਾਲੀ ਤੱਕ ਨੇਪਰੇ ਨਾ ਚੜ੍ਹਦਾ ਦਿਸਣ ਤਾਂ ਕੰਮ ਮੁਕਾ ਚੁੱਕਣ ਵਾਲਿਆਂ ਉਹਨਾਂ ਨਾਲ਼ ਜਾ ਲੱਗਣਾ। ਇਹ ਸਾਂਝ ਜਿੱਥੇ ਆਪਸੀ ਮੋਹ ਪਿਆਰ ਵਧਾਉਂਦੀ, ਉੱਥੇ ਬੇਲੋੜੇ ਖ਼ਰਚੇ ਤੋਂ ਬੱਚਤਾਂ ਕਰਵਾਉਂਦੀ। ਬੇਲੋੜੇ ਦਿਖਾਵੇ ਨਹੀਂ ਸੀ, ਈਰਖਾ ਨਹੀਂ ਸੀੇ। ਇਹ ਵੀ ਧਾਰਨਾ ਹੁੰਦੀ ਸੀ ਕਿ ਸਾਫ਼ ਸੁਥਰੇ ਸੋਹਣੇ ਘਰ ਵਿੱਚ ਲੱਛਮੀ ਆਵੇਗੀ। ਸਾਰੇ ਲੋਕ ਲੱਛਮੀ ਦੀ ਪੂਜਾ ਕਰਦੇ ਸਨ, ਪਰ ਸਾਡੇ ਘਰ ਇਹ ਵੀ ਨਹੀਂ ਸੀ ਕੀਤੀ ਜਾਂਦੀ।
ਕੱਚੇ ਘਰਾਂ ਵਾਲੇ ਪਾਂਡੂ ਨਾਲ਼ ਘਰ ਨੂੰ ਲਿੱਪ ਪੋਚ ਲੈਂਦੇ, ਗੋਹੇ ਤੇ ਮਿੱਟੀ ਨੂੰ ਰਲਾ ਕੇ ਵਿਹੜੇ ਤੇ ਅੰਦਰ ਲਿੱਪ ਲੈਂਦੇ। ਕਲਾਤਮਕ ਰੁਚੀਆਂ ਵਾਲੀਆਂ ਪੇਂਡੂ ਸੁਆਣੀਆਂ ਪਾਂਡੂ ‘ਚ ਫਿਰੋਜ਼ੀ ਜਾਂ ਕਿਰਮਚੀ ਰੰਗ ਪਾ ਕੇ ਤੋਈਆਂ ਕੱਢ ਲੈਂਦੀਆਂ। ਪਿੱਤਲ ਦੇ ਭਾਂਡੇ ਰੇਤ ਜਾਂ ਸੁਆਹ ਨਾਲ਼ ਮਾਂਜ-ਮਾਂਜ ਕੇ ਸੋਨੇ ਵਾਂਗ ਲਿਸ਼ਕਾ ਲੈਂਦੀਆਂ। ਜਿਹੋ ਜਿਹੇ ਸਾਫ਼ ਜਿਹੇ ਦਿਲਾਂ ਵਾਲੇ ਲੋਕ ਸਨ ਉਹੋ ਜਿਹੇ ਘਰ ਹੁੰਦੇ। ਦੀਵਾਲੀ ਤੋਂ ਪਹਿਲਾਂ ਦਿਨ ਨਾਲ਼ ਦੋ ਪਿੰਡੋਂ ਸੈਂਪਲੇ ਤੋਂ ਉਮਰਾ ਘੁਮਾਰ ਦੀਵੇ ਠੂਠੀਆਂ ਤੇ ਕੁੱਜੀਆਂ ਲੈ ਕੇ ਆਉਂਦਾ, ਨਾ ਕੋਈ ਪੈਸੇ ਦਾ ਦੇਣ ਲੈਣ ਨਾ ਸੌਦੇਬਾਜ਼ੀ। ਘਰਦੀਆਂ ਸੁਆਣੀਆਂ ਨੇ ਲੋੜ ਮੁਤਾਬਕ ਦੀਵੇ ਠੂਠੀਆਂ ਲੈ ਲੈਣੇ ਤੇ ਉਹਨੂੰ ਕਣਕ, ਮੱਕੀ, ਗੁੜ ਦੇ ਦੇਣਾ। ਜਿੱਥੇ ਉਸ ਦਾ ਹੱਥਲਾ ਥੈਲਾ ਬੋਰੀ ਭਰ ਜਾਣਾ ਉੱਥੇ ਹੀ ਰੱਖ ਅਗਲੇ ਘਰ ਵਿੱਚ ਸ਼ੁਰੂ ਹੋ ਜਾਣਾ। ਸ਼ਾਮੀਂ ਆ ਕੇ ਉਸ ਨੇ ਦਾਣਾ ਫੱਕਾ ਆਪਣੇ ਖੋਤੇ ‘ਤੇ ਜਾਂ ਰੇਹੜੇ ‘ਤੇ ਲੱਦ ਕੇ ਲੈ ਜਾਣਾ। ਮੇਰੇ ਚੇਤਿਆਂ ਵਿੱਚੋਂ ਉਹ ਮਿਹਨਤੀ ਸਾਦੇ ਜਿਹੇ ਲੋਕ ਕਦੇ ਨਹੀਂ ਵਿਸਰਦੇ। ਮੈਨੂੰ ਮਹਿੰਗੀਆਂ ਮੋਮਬੱਤੀਆਂ ਸੋਹਣੇ ਡਿਜ਼ਾਇਨਾਂ ਵਾਲੇ ਦੀਵੇ, ਰੰਗ ਬਿਰੰਗੇ ਟਿਊਬਾਂ, ਬਲਬ ਉਹਨਾਂ ਦੀਵਿਆਂ ਨਾਲੋਂ ਅੱਜ ਵੀ ਘੱਟ ਰੌਸ਼ਨ ਲੱਗਦੇ ਨੇ ਕਿਉਂਕਿ ਇਹਨਾਂ ਦੀ ਰੌਸ਼ਨੀ ਸਾਡੀ ਆਤਮਾ ਨੂੰ, ਮਨ ਨੂੰ ਨਹੀਂ ਰੁਸ਼ਨਾਉਂਦੀ।
ਦੀਵਾਲੀ ਵਾਲੇ ਦਿਨਾਂ ਵਿੱਚ ਖੂਹਾਂ ‘ਤੇ ਬੜੀਆਂ ਰੌਣਕਾਂ ਹੋਣੀਆਂ, ਕਿਉਂਕਿ ਉਹਨਾਂ ਦਿਨਾਂ ਵਿੱਚ ਅੱਜ ਵਾਂਗ ਘਰ ਪਾਣੀ ਦੀਆਂ ਟੂਟੀਆਂ ਟੈਂਕੀਆਂ ਨਹੀਂ ਸਨ ਹੁੰਦੀਆਂ। ਕਿਸੇ ਕਿਸੇ ਘਰ ਨਲਕਾ ਹੁੰਦਾ ਸੀ। ਪਿੰਡ ਦਾ ਝਿਊਰ ਤੇ ਝਿਊਰੀ ਘਰ ਘਰ ਖੂਹ ਤੋਂ ਲਿਆ ਕੇ ਪਾਣੀ ਭਰਦੇ ਸਨ। ਸੋ ਉਹਨਾਂ ਦੀ ਖੇਚਲ ਬਚਾਉਣ ਲਈ ਤੇ ਰਲ ਮਿਲ ਆਪਣਾ ਮਨ ਪ੍ਰਚਾਉਣ ਲਈ ਵੀ ਕੁੜੀਆਂ ਕੱਤਰੀਆਂ ਵੱਡੇ ਭਾਰੇ ਕੱਪੜੇ ਖੂਹ ‘ਤੇ ਧੋ ਲਿਆਉਂਦੀਆਂ। ਦੀਵਾਲੀ ਤੋਂ ਪਹਿਲੇ ਦਿਨ ਸਾਰੇ ਦੀਵੇ ਠੂਠੀਆਂ ਵੱਡੀ ਸਾਰੀ ਬਾਲਟੀ ਜਾਂ ਟੱਬ ਵਿੱਚ ਪਾਣੀ ਪਾ ਕੇ ਰੱਖ ਦੇਣੇ ਤੇ ਸਵੇਰੇ ਪਾਣੀ ‘ਚੋਂ ਕੱਢ ਕੇ ਮੂਧੇ ਮਾਰ ਦੇਣੇ। ਐਦਾਂ ਕੀਤਿਆਂ ਉਹਨਾਂ ਵਿੱਚ ਪਾਇਆ ਤੇਲ ਦੇਰ ਤੱਕ ਰਹਿੰਦਾ। ਪਿੰਜੀ ਹੋਈ ਚਿੱਟੀ-ਚਿੱਟੀ ਰੂੰ ਬੇਬੇ ਨੂੰ (ਤਾਈ ਜੀ ਨੂੰ) ਬੀ ਜੀ ਨੇ ਫੜਾ ਦੇਣੀ। ਉਹਨਾਂ ਦੋਵਾਂ ਘਰਾਂ ਲਈ ਬੱਤੀਆਂ ਵੱਟ ਦੇਣੀਆਂ। ਅਸੀਂ ਸਾਰੇ ਭੈਣ ਭਰਾਵਾਂ ਵੀ ਉਸ ਕੰਮ ਵਿੱਚ ਆਪਣਾ ਯੋਗਦਾਨ ਪਾਉਣੋਂ ਨਾ ਖੁੰਝਣਾ। ਕੋਈ ਛੋਟੀ, ਕੋਈ ਮੋਟੀ ਬੱਤੀ, ਜਿਹੋ ਜਿਹੀ ਬੱਤੀ ਬਣਨੀ ਬੇਬੇ ਨੇ ਹਟਾਉਂਦਿਆਂ ਵੀ ਵੱਟ ਵੱਟ ਸੁੱਟੀ ਜਾਣੀ। ਸਾਰੀਆਂ ਬੱਤੀਆਂ ਵੱਡੇ ਸਾਰੇ ਕਿਸੇ ਭਾਂਡੇ ਕੋਲ ਜਾਂ ਕਟੋਰੇ ਵਿੱਚ ਤੇਲ ਪਾ ਕੇ ਤੇਲ ਰਚਨ ਲਈ ਰੱਖ ਦੇਣੀਆਂ। ਸਰ੍ਹੋਂ ਦੇ ਤੇਲ ਵਿੱਚ ਡੁੱਬੀਆਂ ਤੇਲ ਰਚੀਆਂ ਬੱਤੀਆਂ ਸਾਰੀ ਰਾਤ ਜਗਦੀਆਂ ਰਹਿਣੀਆਂ।
ਦੀਵਾਲੀ ਵਾਲੇ ਦਿਨ ਸਵੇਰ ਤੋ ਹੀ ਘਰਾਂ ਵਿੱਚ ਮੀਟ ਮੁਰਗੇ, ਬੱਕਰੇ, ਸੂਰ ਆਦਿ ਰਿੱਝਣੇ ਸ਼ੁਰੂ ਹੋ ਜਾਂਦੇ। ਕੁੱਕਰ ਦਾ ਤਾਂ ਕਿਸੇ ਨਾਂ ਹੀ ਨਹੀਂ ਸੀ ਸੁਣਿਆ। ਸਾਰੇ ਘਰਾਂ ਵਿੱਚ ਖੀਰ ਕੜਾਹ ਜ਼ਰੂਰ ਬਣਦਾ।
ਕਈ ਘਰਾਂ ਵਿੱਚ ਹਲਵਾਈ ਲਾ ਕੇ ਮੋਟੀ ਬੂੰਦੀ ਦੇ ਲੱਡੂ ਵੀ ਬਣਾਏ ਜਾਂਦੇ। ਸਾਡੇ ਘਰ ਬੀ-ਜੀ ਸ਼ੱਕਰਪਾਰੇ ਤੇ ਮੱਠੀਆਂ ਆਪ ਹੱਥੀਂ ਬਣਾਉਂਦੇ। ਅੱਜ ਵਾਂਗ ਅੱਖਾਂ ਚੁੰਧਿਆਉਂਦੀ ਮਠਿਆਈ ਜਾਂ ਡਰਾਈ ਫਰੂਟ ਦੀ ਪੈਕਿੰਗ ਦੀਵਾਲੀ ‘ਤੇ ਜ਼ਰੂਰ ਸ਼ਹਿਰੋਂ ਲਿਆਂਦੇ ਜਾਂਦੇ। ਸਾਦੀ ਖੁਰਾਕ ਹੀ ਉਹਨਾਂ ਚੰਗੀਆਂ ਸਿਹਤਾਂ ਦਾ ਰਾਜ਼ ਸੀ। ਕਿਸੇ ਕਿਸੇ ਘਰ ਸ਼ਹਿਰੋਂ ਅੰਮ੍ਰਿਤੀਆਂ ਤੇ ਜਲੇਬੀਆਂ ਵੀ ਲਿਆਂਦੀਆਂ ਜਾਂਦੀਆਂ। ਆਤਿਸ਼ਬਾਜ਼ੀ ਦੇ ਨਾਂ ‘ਤੇ ਛੋਟੇ ਵੱਡੇ ਪਟਾਕੇ, ਫੁੱਲਝੜੀਆਂ, ਸ਼ੁਰਕਣੀਆਂ ਜਾਂ ਚੱਕਰੀਆਂ ਆਉਂਦੀਆਂ , ਉਹ ਵੀ ਕਿਸੇ ਕਿਸੇ ਹੋਈ ਵਾਲੇ ਦੇ ਘਰ। ਆਮ ਘਰਾਂ ਵਿੱਚ ਪਟਾਕੇ ਹੀ ਆਉਂਦੇ, ਜਿਨ੍ਹਾਂ ਨੂੰ ਬੰਬ ਕਿਹਾ ਜਾਂਦਾ। ਵੱਡਾ ਵੀਰ ਸਰਹਿੰਦੋਂ ਅਨਾਰ ਜ਼ਰੂਰ ਲੈ ਕੇ ਜਾਂਦਾ ਤੇ ਉਹ ਰੰਗ ਬਿਰੰਗੀਆਂ ਰੋਸ਼ਨੀਆਂ ਬਿਖੇਰਦੇ ਅਨਾਰ ਬਹੁਤ ਖ਼ਾਸ ਆਈਟਮ ਹੁੰਦੇ ਤੇ ਸਾਰੇ ਗਲੀ ਵਿਹੜੇ ਵਾਲਿਆਂ ਦੀ ਖਿੱਚ ਦਾ ਕੇਂਦਰ ਵੀ। ਇਹਨਾਂ ਅਨਾਰਾਂ ਦੇ ਨਾਲ਼ ਸਾਡੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਬੜੀ ਰੌਣਕ ਲਾ ਦੇਣੀ। ਕਈ ਕਈ ਘਰ ਇਕੱਠੇ ਹੋ ਕੇ ਇਕੋ ਥਾਂ ਆਪਣੇ ਆਪਣੇ ਘਰੋਂ ਲਿਆਂਦੇ ਪਟਾਕੇ ਚਲਾ ਕੇ ਦੀਵਾਲੀ ਮਨਾਉਂਦੇ।
ਸ਼ਾਮੀਂ ਥੋੜ੍ਹੇ ਜਿਹੇ ਪਟਾਕੇ ਚਲਾ ਕੇ ਘਰ ਦੀ ਰਸੋਈ ਵਿਚ ਬਣਿਆ ਖਾਣ ਪੀਣ ਦਾ ਸਾਰਾ ਸਮਾਨ ਵੱਡੇ ਸਾਰੇ ਥਾਲ ਵਿਚ ਕੌਲੀਆਂ ਸਜਾ ਕੇ ਢੱਕ ਸੁਆਰ ਕੇ ਪਿੰਡ ਦੇ ਗੁਰਦੁਆਰੇ ਭੇਜਿਆ ਜਾਂਦਾ। ਸਿਰਫ਼ ਮੀਟ ਮੁਰਗੇ ਵਾਲਾ ਪਤੀਲਾ ਇੱਕ ਪਾਸੇ ਰੱਖ ਦਿੱਤਾ ਜਾਂਦਾ। ਸਾਡੇ ਘਰ ਵਿੱਚ ਕੋਈ ਲਕਸ਼ਮੀ ਪੂਜਾ ਜਾਂ ਹੋਰ ਰਸਮ ਰੀਤ ਨਹੀਂ ਸੀ ਕੀਤੀ ਜਾਂਦੀ। ਸਿਰਫ਼ ਗੁਰਦੁਆਰੇ ਮੱਥਾ ਟੇਕਿਆ ਜਾਂਦਾ ਤੇ ਮਠਿਆਈ ਸਮੇਤ ਖਾਣ ਪੀਣ ਦਾ ਸਮਾਨ ਦੇ ਕੇ ਸਾਨੂੰ ਹੀ ਭੈਣ ਭਰਾਵਾਂ ਨੂੰ ਭੇਜਿਆ ਜਾਂਦਾ। ਸਾਨੂੰ ਆਪ ਨੂੰ ਵੀ ਇਹ ਕੰਮ ਨਿਬੇੜਨ ਦੀ ਬੜੀ ਕਾਹਲ ਹੁੰਦੀ ਕਿਉਂਕਿ ਆ ਕੇ ਸਾਰੇ ਘਰ ‘ਤੇ ਦੀਵੇ ਜਗਾਉਣੇ ਹੁੰਦੇ ਸਨ ਤੇ ਪਟਾਕੇ ਵੀ ਚਲਾਉਣੇ ਹੁੰਦੇ ਸਨ। ਵੱਡੇ ਵੀਰ ਨੇ ਚੁਬਾਰੇ ਦੇ ਜੰਗਲਿਆਂ ‘ਤੇ ਬੜੇ ਸਜ਼ਾ ਸਜ਼ਾ ਕੇ ਦੀਵੇ ਰੱਖਣੇ। ਅਸੀਂ ਛੋਟਿਆਂ ਨੇ ਥਾਲਾਂ ਵਿਚ ਦੀਵੇ ਰੱਖੀਂ ਉਹਦੇ ਨਾਲ਼ ਫਿਰਨਾ। ਵਾੜੇ ਗੁਹਾਰੇ ਵੀ ਦੀਵਾ ਬਾਲਿਆ ਜਾਂਦਾ ਤੇ ਰੂੜੀ ‘ਤੇ ਵੀ। ਦੀਵਾਲੀ ਜਿੱਥੇ ਰੌਸ਼ਨੀ ਤੇ ਰੌਣਕ ਵੰਡਦੀ ਸੀ, ਮਨਾਂ ਦੀ ਸਾਂਝ ਵੀ ਪੱਕੀ ਕਰਦੀ ਸੀ। ਦੀਵੇ ਜਗਾ ਕੇ ਸਾਡੇ ਕਈ ਘਰਾਂ ਦੇ ਜੀਆਂ ਨੇ ਇੱਕੋ ਥਾਂ ਪਟਾਕੇ ਚਲਾਉਣੇ।
ਸਾਰੇ ਪਿੰਡ ਦੇ ਕੰਮੀਆਂ ਨੇ ਰਾਤ ਨੂੰ ਰੋਟੀ ਲੈਣ ਆਉਣਾ। ਬੀ-ਜੀ ਨੇ ਸਾਰਿਆਂ ਨੂੰ ਘਰ ਬਣਿਆ, ਸਾਰਾ ਕੁਝ ਦੇਣਾ ਤੇ ਬਜ਼ਾਰੋਂ ਲਿਆਂਦੇ ਵਿੱਚੋਂ ਵੀ ਜ਼ਰੂਰ ਹਿੱਸਾ ਦੇਣਾ। ਕਈਆਂ ਨੇ ਉੱਥੇ ਹੀ ਬੈਠ ਕੇ ਖਾ ਪੀ ਜਾਣਾ ਤੇ ਅਨਾਰ ਚਲਦੇ ਦੇਖਣੇ ਜੋ ਸਾਰੇ ਪਿੰਡ ਵਿਚ ਪੰਜ ਚਾਰ ਘਰੀਂ ਹੀ ਚੱਲਦੇ ਸਨ। ਉਮਰਾ ਦੀਵਿਆਂ ਵਾਲਾ ਦੂਜੇ ਪਿੰਡੋਂ ਦੂਜੇ ਦਿਨ ਰੋਟੀ ਲੈਣ ਆਉਂਦਾ, ਬੀ-ਜੀ ਉਹਦਾ ਸਾਰਾ ਹਿੱਸਾ ਜ਼ਰੂਰ ਰੱਖਦੇ। ਕਿੱਥੇ ਉਹ ਰੌਸ਼ਨ ਮਨਾਂ ਦੀ ਰੌਸ਼ਨ ਦੀਵਾਲੀ ਕਿੱਥੇ ਇਹ ਚਾਰਦੀਵਾਰੀ ਦੇ ਅੰਦਰ ਦੀਆਂ ਦੀਵਾਲੀਆਂ! ਅੱਜ ਵੀ ਲੋਕ ਰੰਗ ਰੋਗਨ ਕਰਾਉਂਦੇ ਨੇ, ਮਹਿੰਗੇ ਭਾਅ ਔਖੇ ਹੋ ਕੇ ਵੀ ਦਿਖਾਵੇ ਕਰਦੇ ਨੇ, ਭਾਵੇਂ ਕਰਜ਼ਾ ਚੁੱਕੇ ਕੇ ਕਰਨ। ਸਰ੍ਹੋਂ ਦੇ ਤੇਲ ਦੇ ਦੀਵੇ ਤਾਂ ਕੋਈ ਪੰਜ ਸੱਤ ਭਾਵੇਂ ਲਾਉਂਦਾ ਹੋਵੇ, ਬਿਜਲੀ ਦੇ ਰੰਗ ਬਿਰੰਗੇ ਬਲਬ ਟਿਊਬਾਂ ਦੀਆਂ ਲੜੀਆਂ ਹਰ ਘਰ ਦੇ ਬਨੇਰਿਆਂ, ਜੰਗਲਿਆਂ ਦਾ ਸ਼ਿਕਾਰ ਬਣਦੀਆਂ ਨੇ। ਅੰਤਾਂ ਦਾ ਸ਼ਿੰਗਾਰ ਸਜਾਵਟ ਕੀਤੀ ਜਾਂਦੀ ਹੈ। ਬਾਹਰ ਰੌਸ਼ਨੀ ਬਹੁਤ ਹੈ, ਪਰ ਮਨਾਂ ਅੰਦਰ ਜਿਵੇਂ ਹਨੇਰਾ ਹੈ, ਨਾ ਸਾਂਝਾ ਨਾ ਮੋਹ ਮੁਹੱਬਤਾਂ। ਕੋਈ ਨਾ ਰਲ ਮਿਲ ਕੇ ਪਟਾਕੇ ਚਲਾਉਂਦਾ ਹੈ ਨਾ ਬੱਤੀਆਂ ਵੱਟਦਾ ਹੈ। ਹਰ ਕੋਈ ਅਪਣੇ ਘਰ ਆਪਣੀ ਚਾਰਦੀਵਾਰੀ ਵਿੱਚ ਸਿਮਟ ਕੇ ਰਹਿ ਗਿਆ ਹੈ।
ਘਰਾਂ ਅੰਦਰ ਤੇ ਘਰਾਂ ਬਾਹਰ ਬਨੇਰਿਆਂ ਤੇ ਜੰਗਲਿਆਂ ‘ਤੇ ਬੜੀ ਰੌਸ਼ਨੀ ਹੈ। ਪਰ ਇਨਸਾਨ ਜਿਵੇਂ ਹਨੇਰੇ ਜੰਗਲ ਵਿੱਚ ਗੁੰਮ ਗਿਆ ਹੈ। ਮੈਂ ਵਾਰ ਵਾਰ ਇਹੋ ਸੋਚਦੀ ਹਾਂ ਕਿ ਕਿੰਨਾ ਚੰਗਾ ਹੋਵੇ ਜੇ ਦਿਲਾਂ ਵਿੱਚ ਦੀਵੇ ਬਾਲੇ ਦੀਵਾਲੀ ਤੇ ਮੋਹ ਮੁਹੱਬਤ ਸਾਂਝਾਂ ਦੀ ਉਹ ਪੁਰਾਣੀ ਰੌਸ਼ਨੀ ਸਾਨੂੰ ਫਿਰ ਨਸੀਬ ਹੋਵੇ।

Check Also

ਭਾਰਤ ‘ਚ ਲੋਕ ਸਭਾ ਚੋਣਾਂ ਸੱਤ ਗੇੜਾਂ ‘ਚ 19 ਅਪ੍ਰੈਲ ਤੋਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ

ਪੰਜਾਬ ‘ਚ 1 ਜੂਨ ਨੂੰ ਪੈਣਗੀਆਂ ਵੋਟਾਂ, ਚੋਣ ਜ਼ਾਬਤਾ ਲਾਗੂ ਨਵੀਂ ਦਿੱਲੀ : ਭਾਰਤ ਵਿਚ …