-7.9 C
Toronto
Monday, February 2, 2026
spot_img
Homeਪੰਜਾਬਬਿਕਰਮ ਮਜੀਠੀਆ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਨੇ ਪੂਰਾ ਜ਼ੋਰ ਲਾਇਆ :...

ਬਿਕਰਮ ਮਜੀਠੀਆ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਨੇ ਪੂਰਾ ਜ਼ੋਰ ਲਾਇਆ : ਚੰਨੀ

ਕੇਜਰੀਵਾਲ ਅਤੇ ਸੁਖਬੀਰ ਬਾਦਲ ਨੂੰ ਵੀ ਲਿਆ ਸਿਆਸੀ ਨਿਸ਼ਾਨੇ ‘ਤੇ
ਧਰਮਕੋਟ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਬਚਾਉਣ ਦੇ ਪੂਰੇ ਯਤਨ ਕੀਤੇ ਸਨ। ਉਨ੍ਹਾਂ ਕਿਹਾ ਕਿ ਸੂਬੇ ‘ਚ ਨਸ਼ਿਆਂ ਅਤੇ ਨਸ਼ਾ ਤਸਕਰਾਂ ਖਿਲਾਫ਼ ਜੰਗ ਆਖਰੀ ਦਮ ਤੱਕ ਜਾਰੀ ਰੱਖੀ ਜਾਵੇਗੀ। ਧਰਮਕੋਟ ਦੀ ਅਨਾਜ ਮੰਡੀ ‘ਚ ਰਾਜ ਪੱਧਰੀ ਸਮਾਗਮ ਦੌਰਾਨ ਚੰਨੀ ਦੇ ਨਿਸ਼ਾਨੇ ‘ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਮੁਖੀ ਸੁਖਬੀਰ ਸਿੰਘ ਬਾਦਲ ਵੀ ਰਹੇ।
ਚੰਨੀ ਨੇ ਕਿਹਾ ਕਿ ਨਸ਼ਿਆਂ ਦਾ ਸਕੈਂਡਲ ਜੱਗ ਜ਼ਾਹਿਰ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨੂੰ ਬਚਾਉਣ ਲਈ ਸਕੈਂਡਲ ਉਪਰ ਪਰਦਾ ਪਾਉਣ ਦਾ ਪੂਰਾ ਟਿੱਲ ਲਾਇਆ ਸੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਕਾਰਨ ਨਿਰਾਸ਼ ਹੋ ਚੁੱਕੀ ਜਵਾਨੀ ਨੂੰ ਨਸ਼ਿਆਂ ਦੇ ਧੰਦੇ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਨੂੰ ਗੈਂਗਸਟਰ ਬਣਨ ਲਈ ਮਜਬੂਰ ਕੀਤਾ ਗਿਆ ਤਾਂ ਜੋ ਆਪਣੇ ਸੌੜੇ ਸਿਆਸੀ ਮਨੋਰਥਾਂ ਦੀ ਪੂਰਤੀ ਕੀਤੀ ਜਾ ਸਕੇ। ਬਾਦਲਾਂ ਉੱਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਪੰਜਾਬੀਆਂ ਨਾਲ ਜਿਹੜੇ ਧ੍ਰੋਹ ਕਮਾਏ ਗਏ ਹਨ, ਉਨ੍ਹਾਂ ਦਾ ਹਿਸਾਬ ਲਿਆ ਜਾਵੇਗਾ। ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਣਾ, ਬੇਅਦਬੀ ਦੀਆਂ ਘਟਨਾਵਾਂ ਸਮੇਤ ਸੂਬੇ ਨੂੰ ਆਰਥਿਕ ਪੱਖੋਂ ਕੰਗਾਲ ਕਰਨ ਵਰਗੇ ਮੁੱਦਿਆਂ ਦਾ ਸੂਬੇ ਦੇ ਲੋਕ ਅਕਾਲੀਆਂ ਕੋਲੋਂ ਜਵਾਬ ਮੰਗਦੇ ਹਨ ਜਿਸ ਦੀ ਸ਼ੁਰੂਆਤ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਨਾਲ ਹੋ ਗਈ ਹੈ।
ਚੰਨੀ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਦੇ ਮਜੀਠੀਆ ਤੋਂ ਲਿਖਤੀ ਮੁਆਫ਼ੀ ਮੰਗਣ ਮਗਰੋਂ ਪੰਜਾਬ ਦੇ ਮਾਫੀਏ ਨਾਲ ਮੱਥਾ ਲਗਾਉਣ ਵਾਲੇ ਅਣਖੀ ਨੌਜਵਾਨਾਂ ਦੇ ਮਨਾਂ ਨੂੰ ਡੂੰਘੀ ਠੇਸ ਪੁੱਜੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਅਕਾਲੀਆਂ ਮੂਹਰੇ ਗੋਡੇ ਨਾ ਟੇਕਦਾ ਤਾਂ ਅਕਾਲੀ ਆਗੂ ਹੁਣ ਤੱਕ ਸਲਾਖ਼ਾਂ ਪਿੱਛੇ ਹੋਣਾ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਪੰਜਾਬ ਅਤੇ ਪੰਜਾਬੀਅਤ ਨਾਲ ਧ੍ਰੋਹ ਕਮਾਇਆ ਹੈ।
ਉਨ੍ਹਾਂ ਪੰਜਾਬੀਆਂ ਨੂੰ ‘ਆਪ’ ਦੀਆਂ ਝੂਠੀਆਂ ਗਾਰੰਟੀਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦੇ ਵਿਕਾਸ ਪੱਖੀ ਸੋਚ ਰੱਖਣ ਵਾਲੀ ਕਾਂਗਰਸ ਪਾਰਟੀ ਨੂੰ ਆਗਾਮੀ ਚੋਣਾਂ ਵਿੱਚ ਜਿਤਾਉਣ ਲਈ ਆਖਿਆ। ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਰਲੇ ਹੋਏ ਸਨ। ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਛੱਡਣ ਲਈ ਲੋਕਾਂ ਖਾਸ ਕਰਕੇ ਪੰਜਾਬੀ ਕਿਸਾਨਾਂ ਦੇ ਰੋਹ ਨੇ ਮਜਬੂਰ ਕੀਤਾ।

 

RELATED ARTICLES
POPULAR POSTS