4.5 C
Toronto
Friday, November 14, 2025
spot_img
HomeUncategorizedਭਾਰਤ ਤੇ ਜਪਾਨ ਨੇ ਛੇ ਸਮਝੌਤਿਆਂ 'ਤੇ ਕੀਤੇ ਦਸਤਖਤ

ਭਾਰਤ ਤੇ ਜਪਾਨ ਨੇ ਛੇ ਸਮਝੌਤਿਆਂ ‘ਤੇ ਕੀਤੇ ਦਸਤਖਤ

ਮੋਦੀ ਤੇ ਸ਼ਿੰਜੋ ਐਬੇ ਨੇ ਦਹਿਸ਼ਤਗਰਦੀ ਦੇ ਆਲਮੀ ਪੱਧਰ ‘ਤੇ ਪਸਾਰੇ ਦੀ ਕੀਤੀ ਨਿੰਦਾ
ਟੋਕੀਓ/ਬਿਊਰੋ ਨਿਊਜ਼ : ਭਾਰਤ ਤੇ ਜਪਾਨ ਨੇ ਇਥੇ ਹਾਈ ਸਪੀਡ ਰੇਲ ਪ੍ਰਾਜੈਕਟ ਤੇ ਜਲ ਸੈਨਾ ਸਹਿਯੋਗ ਸਬੰਧੀ ਛੇ ਸਮਝੌਤਿਆਂ ‘ਤੇ ਸਹੀ ਪਾਈ। ਇਹੀ ਨਹੀਂ ਦੋਵਾਂ ਮੁਲਕਾਂ ਨੇ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰ ਦੀ 2+2 ਸੰਵਾਦ ਦੀ ਸਹਿਮਤੀ ਵੀ ਦਿੱਤੀ। ਦੋਵਾਂ ਮੁਲਕਾਂ ਨੇ ਵਿਦੇਸ਼ੀ ਕਰੰਸੀ ਦੇ ਤਬਾਦਲੇ ਅਤੇ ਕੈਪੀਟਲ ਬਾਜ਼ਾਰਾਂ ਨੂੰ ਵਧੇਰੇ ਸਥਿਰ ਕਰਨ ਦੇ ਇਰਾਦੇ ਨਾਲ 75 ਅਰਬ ਅਮਰੀਕੀ ਡਾਲਰ ਦੀ ਕਰੰਸੀ ਦੇ ਤਬਾਦਲੇ ਸਬੰਧੀ ਦੁਵੱਲਾ ਸਵੈਪ ਸਮਝੌਤਾ (ਬੀਐਸਏ) ਵੀ ਸਹੀਬੰਦ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿੰਜੋ ਐਬੇ ਨੇ ਦਹਿਸ਼ਤਗਰਦੀ ਦੇ ਆਲਮੀ ਪੱਧਰ ‘ਤੇ ਪਸਾਰੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਮੁੰਬਈ ਤੇ ਪਠਾਨਕੋਟ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ਵਿਚ ਖੜ੍ਹਾ ਕਰੇ। ਦੋਵਾਂ ਆਗੂਆਂ ਨੇ ਸਾਰੇ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਦਹਿਸ਼ਤਗਰਦਾਂ ਦੀਆਂ ਛੁਪਣਗਾਹਾਂ ਤੇ ਬੁਨਿਆਦੀ ਢਾਂਚੇ ਅਤੇ ਦਹਿਸ਼ਤੀ ਨੈੱਟਵਰਕ ਤੇ ਵਿੱਤੀ ਚੈਨਲਾਂ ਨੂੰ ਖ਼ਤਮ ਕਰਨ ਲਈ ਮਿਲ ਕੇ ਕੰਮ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਪਾਨੀ ਹਮਰੁਤਬਾ ਸ਼ਿਜ਼ੋ ਐਬੇ ਨੇ ਕਰਾਰ ਸਹੀਬੰਦ ਕਰਨ ਤੋਂ ਪਹਿਲਾਂ ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ਸਮੇਤ ਭਾਰਤ-ਪ੍ਰਸ਼ਾਂਤ ਖਿੱਤੇ ਦੇ ਹਾਲਾਤ ‘ਤੇ ਵੀ ਚਰਚਾ ਕੀਤੀ। ਇਸ 13ਵੇਂ ਸਾਲਾਨਾ ਸਿਖਰ ਸੰਮੇਲਨ ਦੌਰਾਨ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਰਿਸ਼ਤਿਆਂ ਨੂੰ ਵਿਕਸਤ ਕਰਨ ਤੇ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਖੋਜਣ ਤੇ ਭਾਰਤ-ਪ੍ਰਸ਼ਾਂਤ ਖਿੱਤੇ, ਜਿੱਥੇ ਚੀਨ ਆਪਣਾ ਅਧਾਰ ਵਧਾਉਣ ਲਈ ਯਤਨਸ਼ੀਨ ਹੈ, ਜਿਹੇ ਮੁੱਦਿਆਂ ‘ਤੇ ਨਜ਼ਰਸਾਨੀ ਕੀਤੀ। ਦੋਵਾਂ ਆਗੂਆਂ ਨੇ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਤੇ ਰੱਖਿਆ ਮੰਤਰੀਆਂ ਦਰਮਿਆਨ 2+2 ਸੰਵਾਦ ਦੀ ਵੀ ਸਹਿਮਤੀ ਦਿੱਤੀ।
ਵੱਡੀ ਤਬਦੀਲੀ ਦੇ ਦੌਰ ‘ਚੋਂ ਲੰਘ ਰਿਹੈ ਭਾਰਤ: ਨਰਿੰਦਰ ਮੋਦੀ
ਨਰਿੰਦਰ ਮੋਦੀ ਨੇ ਜਪਾਨ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ‘ਨਵੇਂ ਭਾਰਤ’ ਦੀ ਉਸਾਰੀ ਵਿਚ ਯੋਗਦਾਨ ਲਈ ਸਰਗਰਮ ਭੂਮਿਕਾ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਵੱਡੀ ਤਬਦੀਲੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਤੇ ਕੌਮਾਂਤਰੀ ਏਜੰਸੀਆਂ ਇਹ ਮੰਨਦੀਆਂ ਹਨ ਕਿ ਆਉਂਦੇ ਦਸ ਸਾਲਾਂ ਨੂੰ ਭਾਰਤ ਆਲਮੀ ਅਰਥਚਾਰੇ ਦੀ ਮੋਹਰੇ ਹੋ ਕੇ ਅਗਵਾਈ ਕਰੇਗਾ। ਉਨ੍ਹਾਂ ਇਥੇ ਰਹਿੰਦੇ ਭਾਰਤੀ ਭਾਈਚਾਰੇ ਨੂੰ ਜਪਾਨ ਵਿੱਚ ਮੁਲਕ ਦਾ ਅੰਬੈਸਡਰ ਦੱਸਦਿਆਂ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਨਿਵੇਸ਼ ਕਰਨ ਅਤੇ ਆਪਣੀ ਧਰਤੀ ਮਾਂ ਨਾਲ ਸਭਿਆਚਾਰਕ ਰਿਸ਼ਤਿਆਂ ਨੂੰ ਬਰਕਰਾਰ ਰੱਖਣ।

RELATED ARTICLES
POPULAR POSTS