ਨਾ ਟਲਿਆ ਪਾਕਿਸਤਾਨ ਤਾਂ ਭਾਰਤ ਕੋਲ ਹੋਰ ਬਦਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਸ਼ਮੀਰ ਵਿਚ ਪਥਰਾਅ ਨਾਲ ਇਕ ਜਵਾਨ ਦੇ ਸ਼ਹੀਦ ਹੋਣ ਤੋਂ ਬਾਅਦ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਪੱਥਰਬਾਜ਼ ਅੱਤਵਾਦੀ ਸੰਗਠਨਾਂ ਦੇ ਸਰਗਰਮ ਮੈਂਬਰ ਹਨ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਵੀ ਸਖ਼ਤ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਹ ਸਰਹੱਦ ਪਾਰ ਅੱਤਵਾਦ ਨੂੰ ਹਮਾਇਤ ਦੇਣਾ ਜਾਰੀ ਰੱਖਦਾ ਹੈ ਤਾਂ ਫ਼ੌਜ ‘ਦੂਜੇ ਬਦਲ’ ਦਾ ਵੀ ਇਸਤੇਮਾਲ ਕਰ ਸਕਦੀ ਹੈ। ਸ਼ਨਿਚਰਵਾਰ ਨੂੰ ਇਨਫੈਂਟਰੀ ਦਿਵਸ ‘ਤੇ ਹੋਏ ਇਕ ਪ੍ਰੋਗਰਾਮ ਤੋਂ ਹੱਟ ਕੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਫ਼ੌਜ ਮੁਖੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਜਿਸ ਸੰਭਾਵਿਤ ਕਾਰਵਾਈ ਦੀ ਗੱਲ ਕਰ ਰਹੇ ਹਨ, ਉਹ ਕੀ ਹੋ ਸਕਦੀ ਹੈ?
ਜਨਰਲ ਰਾਵਤ ਨੇ ਕਿਹਾ ਕਿ ਅਸੀਂ ਕਿਸੇ ਵੀ ਘੁਸਪੈਠੀਏ ਨੂੰ ਖ਼ਤਮ ਕਰਨ ਵਿਚ ਸਮਰੱਥ ਹਾਂ ਪਰ ਜੇਕਰ ਪਾਕਿਸਤਾਨ ਘੁਸਪੈਠ ਦੀ ਹਮਾਇਤ ਜਾਰੀ ਰੱਖਦਾ ਹੈ ਤਾਂ ਅਸੀਂ ਵੀ ਦੂਜੀ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਹਾਂ। ਜਨਰਲ ਰਾਵਤ ਨੇ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਵਿਚ ਅੱਤਵਾਦ ਦੀ ਮਦਦ ਅਤੇ ਉਸ ਨੂੰ ਬੜ੍ਹਾਵਾ ਦੇਣ ਤੋਂ ਬਚਣ ਲਈ ਵੀ ਕਿਹਾ। ਜੰਮੂ-ਕਸ਼ਮੀਰ ਵਿਚ ਪੱਥਰਬਾਜ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਲੋਕਾਂ ਨੂੰ ਮਾਰ ਸਕਦੇ ਹਨ ਤਾਂ ਉਹ ਅੱਤਵਾਦੀਆਂ ਵਾਂਗ ਬਣ ਰਹੇ ਹਨ। ਫ਼ੌਜ ਮੁਖੀ ਨੇ ਕਿਹਾ ਕਿ ਮੈਂ ਪੱਥਰਬਾਜ਼ਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਥਰਾਅ ਨਾਲ ਕਿਸੇ ਦਾ ਵੀ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੱਥਰਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਪਥਰਾਅ ਦੌਰਾਨ 22 ਸਾਲਾ ਜਵਾਨ ਰਾਜਿੰਦਰ ਸਿੰਘ ਜ਼ਖ਼ਮੀ ਹੋਏ ਸਨ। ਇਸ ਤੋਂ ਬਾਅਦ ਸ੍ਰੀਨਗਰ ਦੇ ਇਕ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …