ਰਾਸ਼ਟਰਪਤੀ ਗੋਟਾਬਾਇਆ ਮਾਲਦੀਵ ਛੱਡ ਕੇ ਸਿੰਗਾਪੁਰ ਭੱਜੇ
ਸ੍ਰੀਲੰਕਾ ’ਚ ਸੰਸਦ ਦੀ ਸੁਰੱਖਿਆ ਲਈ ਟੈਂਕਾਂ ਦੀ ਤਾਇਨਾਤੀ
ਕੋਲੰਬੋ/ਬਿਊਰੋ ਨਿਊਜ਼
ਸ੍ਰੀਲੰਕਾ ਤੋਂ ਭੱਜੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਹੁਣ ਮਾਲਦੀਵ ਛੱਡ ਕੇ ਸਿੰਗਾਪੁਰ ਭੱਜ ਗਏ ਹਨ ਅਤੇ ਉਥੋਂ ਵੀ ਉਨ੍ਹਾਂ ਦੇ ਸਾਊਦੀ ਅਰਬ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਸਿੰਗਾਪੁਰ ਲਿਜਾਣ ਲਈ ਨਿੱਜੀ ਜਹਾਜ਼ ਮਾਲਦੀਵ ਪਹੁੰਚਿਆ ਸੀ। ਉਧਰ ਦੂਜੇ ਪਾਸੇ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹਨ। ਇਸ ਦੌਰਾਨ ਸੰਸਦ ਭਵਨ ਦੀ ਸੁਰੱਖਿਆ ਲਈ ਟੈਂਕਾਂ ਦੀ ਤਾਇਨਾਤੀ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਲਦੀਵ ਵਿਚ ਰਹਿਣ ਵਾਲੇ ਸ੍ਰੀਲੰਕਾਈ ਨਾਗਰਿਕਾਂ ਨੇ ਰਾਜਪਕਸ਼ੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਸ੍ਰੀਲੰਕਾ ਭੇਜਣ ਦੀ ਮੰਗ ਕੀਤੀ ਸੀ। ਇਸੇ ਦੌਰਾਨ ਰਾਸ਼ਟਰਪਤੀ ਦੇ ਭਰਾ ਅਤੇ ਸਾਬਕਾ ਮੰਤਰੀ ਬਾਸਿਲ ਰਾਜਪਕਸ਼ੇ ਵੀ ਅਮਰੀਕਾ ਭੱਜ ਗਏ ਹਨ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਬੁੱਧਵਾਰ ਨੂੰ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਅਤੇ ਦੇਸ਼ ਛੱਡਣ ਤੋਂ ਕੁਝ ਹੀ ਘੰਟਿਆਂ ਬਾਅਦ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਸੀ। ਇਸ ਕਾਰਨ ਸ੍ਰੀਲੰਕਾ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਰ ਤੇਜ਼ ਹੋ ਗਏ ਹਨ।