Breaking News
Home / ਦੁਨੀਆ / ਅਟਾਰੀ ਜੇਸੀਪੀ ‘ਚ ਲਹਿਰਾਏਗਾ ਸਭ ਤੋਂ ਉੱਚਾ ਤਿਰੰਗਾ

ਅਟਾਰੀ ਜੇਸੀਪੀ ‘ਚ ਲਹਿਰਾਏਗਾ ਸਭ ਤੋਂ ਉੱਚਾ ਤਿਰੰਗਾ

ਪਾਕਿਸਤਾਨ ਵਾਲੇ ਪਾਸੇ ਲੱਗੇ ਝੰਡੇ ਤੋਂ ਕਰੀਬ 18 ਫੁੱਟ ਉੱਚਾ ਹੋਵੇਗਾ ਭਾਰਤ ਦਾ ਕੌਮੀ ਝੰਡਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਨੇੜੇ ਸਥਿਤ ਅਟਾਰੀ ਜੇਸੀਪੀ ਵਿੱਚ ਜਲਦੀ ਹੀ ਦੇਸ਼ ਦਾ ਸਭ ਤੋਂ ਉੱਚਾ ਕੌਮੀ ਝੰਡਾ ਲਹਿਰਾਉਂਦਾ ਦਿਖਾਈ ਦੇਵੇਗਾ। ਇਸ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਸਥਾਪਤ ਕੀਤਾ ਜਾ ਰਿਹਾ ਹੈ। ਇੱਥੇ ਸਥਾਪਤ ਭਾਰਤ ਦਾ ਕੌਮੀ ਝੰਡਾ ਕਰੀਬ 418 ਫੁੱਟ ਉੱਚਾ ਹੋਵੇਗਾ। ਦੂਜੇ ਪਾਸੇ ਪਾਕਿਸਤਾਨ ਵੱਲੋਂ ਵਾਹਗਾ ਸਰਹੱਦ ‘ਤੇ ਲਗਪਗ 400 ਫੁੱਟ ਉੱਚਾ ਪਾਕਿਸਤਾਨੀ ਕੌਮੀ ਝੰਡਾ ਸਥਾਪਤ ਕੀਤਾ ਗਿਆ ਹੈ। ਇਸ ਵੇਲੇ ਭਾਰਤੀ ਸਰਹੱਦ ਵਾਲੇ ਪਾਸੇ ਲਗਪਗ 360 ਫੁੱਟ ਉੱਚਾ ਤਿਰੰਗਾ ਸਥਾਪਤ ਹੈ, ਜਿਸ ਨੂੰ ਮਾਰਚ 2017 ਵਿੱਚ ਲਗਾਇਆ ਗਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਇਹ ‘ਝੰਡਾ ਯੁੱਧ’ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਪਾਕਿਸਤਾਨ ਨੇ ਆਪਣੇ ਪਾਸੇ ਲਗਪਗ 400 ਫੁੱਟ ਉੱਚਾ ਝੰਡਾ ਸਥਾਪਤ ਕਰ ਦਿੱਤਾ ਸੀ।
ਹੁਣ ਭਾਰਤ ਵੱਲੋਂ ਲਗਪਗ 3.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਨਵਾਂ ਤਿਰੰਗਾ ਪ੍ਰਾਜੈਕਟ ਸਿਰੇ ਚਾੜ੍ਹਿਆ ਜਾ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਕੋਲ ਪ੍ਰਮੁੱਖਤਾ ਨਾਲ ਇਹ ਮੁੱਦਾ ਉਠਾਉਣ ਵਾਲੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਮੁਕੰਮਲ ਹੋਣ ਵਾਲਾ ਹੈ। ਇਸੇ ਮਹੀਨੇ ਇਸ ਦਾ ਉਦਘਾਟਨ ਕੀਤੇ ਜਾਣ ਦੀ ਉਮੀਦ ਹੈ। ਇਸ ਦਾ ਉਦਘਾਟਨ ਦੇਸ਼ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਬਾਰੇ ਮੰਤਰੀ ਵੱਲੋਂ ਕੀਤਾ ਜਾਵੇਗਾ। ਕੌਮੀ ਝੰਡੇ ਦੀ ਸਥਾਪਨਾ ਲਈ ਵਿਸ਼ੇਸ਼ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਹ ਖ਼ਰਾਬ ਮੌਸਮ ਦੀ ਮਾਰ ਵੀ ਸਹਾਰ ਸਕੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਥਾਪਤ ਝੰਡੇ ਦਾ ਕੱਪੜਾ ਹਵਾ ਦੇ ਦਬਾਅ ਕਾਰਨ ਫਟ ਗਿਆ ਸੀ ।
ਨੈਸ਼ਨਲ ਹਾਈਵੇਅ ਅਥਾਰਟੀ ਦੇ ਇੰਜਨੀਅਰ ਯੋਗੇਸ਼ ਯਾਦਵ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਦੇਸ਼ ਦਾ ਸਭ ਤੋਂ ਉੱਚਾ ਕੌਮੀ ਝੰਡਾ ਹੋਵੇਗਾ। ਇਹ ਪ੍ਰਾਜੈਕਟ ਡਾਇਰੈਕਟਰ ਸੁਨੀਲ ਯਾਦਵ ਦੀ ਨਿਗਰਾਨੀ ਹੇਠ ਮੁਕੰਮਲ ਕੀਤਾ ਜਾ ਰਿਹਾ ਹੈ।

Check Also

ਪਾਕਿਸਤਾਨ ਵਿਚ ਕਰਾਚੀ ਦੀ ਜੇਲ੍ਹ ’ਚੋਂ 216 ਕੈਦੀ ਭੱਜੇ

ਭੂਚਾਲ ਤੋਂ ਬਾਅਦ ਹਫੜਾ-ਦਫੜੀ ਦੌਰਾਨ ਮੇਨ ਗੇਟ ਰਾਹੀਂ ਕੈਦੀ ਫਰਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਕਰਾਚੀ …