ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸੀ ਅਤੇ ਈਰਾਨੀ ਤੇਲ ਖਰੀਦਣਾ ਬੰਦ ਕਰਨ ਦੀ ਚਿਤਾਵਨੀ ਹੁਣ ਬੇਅਸਰ ਜਾਪਦੀ ਹੈ। ਭਾਰਤ ਤੋਂ ਬਾਅਦ ਹੁਣ ਚੀਨ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀਆਂ ਊਰਜਾ ਜ਼ਰੂਰਤਾਂ ਦੇ ਮਾਮਲੇ ਵਿਚ ਕਿਸੇ ਵੀ ਬਾਹਰੀ ਦਬਾਅ ਨੂੰ ਸਵੀਕਾਰ ਨਹੀਂ ਕਰੇਗਾ। ਸਟਾਕਹੋਮ ਵਿਚ ਵਪਾਰਕ ਗੱਲਬਾਤ ਤੋਂ ਬਾਅਦ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਾਸ਼ਟਰੀ ਹਿੱਤ ਸਭ ਤੋਂ ਉਪਰ ਹਨ ਅਤੇ ਰੂਸ-ਈਰਾਨ ਤੋਂ ਤੇਲ ਦੀ ਦਰਾਮਦ ਜਾਰੀ ਰਹੇਗੀ। ਟਰੰਪ ਦੀ 100 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦੇ ਬਾਵਜੂਦ ਚੀਨ ਨੇ ਸਪੱਸ਼ਟ ਜਵਾਬ ਦਿੱਤਾ ਹੈ ਕਿ ਦਬਾਅ ਅਤੇ ਧਮਕੀਆਂ ਕਾਰਨ ਉਸਦੀ ਨੀਤੀ ਨਹੀਂ ਬਦਲੇਗੀ। ਅਮਰੀਕੀ ਦਬਾਅ ਦੇ ਬਾਵਜੂਦ, ਚੀਨ ਨੇ ਰੂਸ ਅਤੇ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।