Breaking News
Home / ਸੰਪਾਦਕੀ / ਦਿੱਲੀ ‘ਚ ਪਹਿਲਵਾਨਾਂ ਦਾ ਧਰਨਾ ਭਾਰਤ ਵਿਚ ਖੜ੍ਹਾ ਕਰ ਸਕਦੈ ਵੱਡਾ ਸਿਆਸੀ ਸੰਕਟ

ਦਿੱਲੀ ‘ਚ ਪਹਿਲਵਾਨਾਂ ਦਾ ਧਰਨਾ ਭਾਰਤ ਵਿਚ ਖੜ੍ਹਾ ਕਰ ਸਕਦੈ ਵੱਡਾ ਸਿਆਸੀ ਸੰਕਟ

ਭਾਰਤ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ‘ਤੇ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦਾ ਸੰਘਰਸ਼ ਹੁਣ ਸਿਆਸੀ ਦਖ਼ਲਅੰਦਾਜ਼ੀ ਕਾਰਨ ਇਕ ਨਵੇਂ ਪੜਾਅ ਵੱਲ ਵਧਦਾ ਦਿਖਾਈ ਦੇ ਰਿਹਾ ਹੈ, ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਸਿਆਸਤ ਨੂੰ ਅੰਦੋਲਨ ਸਥਾਨ ਦੇ ਕੋਲ ਤੱਕ ਨਹੀਂ ਆਉਣ ਦਿੱਤਾ ਸੀ। ਹੋਇਆ ਇਹ ਹੈ ਕਿ ਇਕ ਪਾਸੇ ਤਾਂ ਬੀਤੇ ਚਾਰ ਮਹੀਨਿਆਂ ਤੋਂ ਅਣਗੌਲੇ ਜਾ ਰਹੇ ਇਸ ਅੰਦੋਲਨ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਸ਼ਟਰੀ ਭਾਰਤੀ ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਰਗੇ ਨੇਤਾਵਾਂ ਨੇ ਅਚਾਨਕ ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਆਪਣੇ ਸਮਰਥਨ ਦਾ ਐਲਾਨ ਕੀਤਾ, ਉੱਥੇ ਦੂਜੇ ਪਾਸੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਅੰਦੋਲਨ ਨੂੰ ਸਰਕਾਰ ਅਤੇ ਖ਼ੁਦ ਪ੍ਰਧਾਨ ਮੰਤਰੀ ਦੇ ਖਿਲਾਫ ਹੋਣ ਦੀ ਆੜ ਲੈ ਕੇ ਅੰਦੋਲਨਕਾਰੀਆਂ ਦੇ ਸਾਹਮਣੇ ਝੁਕਣ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਬ੍ਰਿਜ ਭੂਸ਼ਨ ਸ਼ਰਨ ਸਿੰਘ ਭਾਜਪਾ ਦੇ ਇਕ ਕੱਦਾਵਰ, ਦਬੰਗ ਕਿਸਮ ਦੇ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਕੈਸਰਗੰਜ ਖੇਤਰ ਤੋਂ ਪਾਰਟੀ ਦੀ ਟਿਕਟ ‘ਤੇ ਸੰਸਦ ਮੈਂਬਰ ਹਨ। ਉਨ੍ਹਾਂ ਖਿਲਾਫ ਪਹਿਲਾਂ ਤੋਂ ਹੀ 85 ਮੁਕੱਦਮੇ ਅਦਾਲਤਾਂ ‘ਚ ਚੱਲ ਰਹੇ ਹਨ, ਜਿਨ੍ਹਾਂ ‘ਚੋਂ ਕੁਝ ਗੰਭੀਰ ਅਪਰਾਧਕ ਕਿਸਮ ਦੇ ਹਨ। ਸੰਭਵ ਤੌਰ ‘ਤੇ ਇਸੇ ਕਾਰਨ ਦਿੱਲੀ ਪੁਲਿਸ ਅਤੇ ਖੇਡ ਮੰਤਰਾਲੇ ਦਾ ਪ੍ਰਸ਼ਾਸਨ ਹੁਣ ਤੱਕ ਅੱਖਾਂ ਬੰਦ ਕਰ ਕੇ ਬੈਠੇ ਰਹੇ ਹਨ। ਇਹ ਦੋਸ਼ ਬਿਨਾਂ ਸ਼ੱਕ ਬਹੁਤ ਗੰਭੀਰ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਨੂੰ ਲੈ ਕੇ ਖ਼ੁਦ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ।
ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਖਿਲਾਫ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾ ਕੇ, ਦੂਜੀ ਵਾਰ ਧਰਨਾ-ਪ੍ਰਦਰਸ਼ਨ ਲਈ ਮਜਬੂਰ ਹੋਏ ਇਨ੍ਹਾਂ ਪਹਿਲਵਾਨਾਂ ‘ਚ ਜ਼ਿਆਦਾਤਰ ਔਰਤਾਂ ਸ਼ਾਮਿਲ ਹਨ। ਇਹ ਉਹੀ ਮਹਿਲਾ ਪਹਿਲਵਾਨ ਹਨ, ਜਿਨ੍ਹਾਂ ਨੇ ਆਪਣੇ ਪਿਛੋਕੜ ‘ਚ ਉਲੰਪਿਕ ਅਤੇ ਹੋਰ ਵਿਸ਼ਵ ਪੱਧਰੀ ਖੇਡ ਟੂਰਨਾਮੈਂਟਾਂ ‘ਚ ਦੇਸ਼ ਦੇ ਲਈ ਕਈ ਤਗ਼ਮੇ ਜਿੱਤੇ ਅਤੇ ਜਿਨ੍ਹਾਂ ਨੂੰ ‘ਸਾਡੀਆਂ ਧੀਆਂ, ਦੇਸ਼ ਦਾ ਮਾਣ’ ਕਹਿ ਕੇ ਦੇਸ਼ ਵਾਸੀਆਂ ਨੇ ਪਲਕਾਂ ‘ਤੇ ਬਿਠਾਇਆ ਸੀ। ਪ੍ਰਦਰਸ਼ਨਕਾਰੀ ਪਹਿਲਵਾਨਾਂ ਅਨੁਸਾਰ ਅੰਦੋਲਨ ਦੇ ਰਾਹ ‘ਤੇ ਚੱਲਣ ਤੋਂ ਪਹਿਲਾਂ ਉਨ੍ਹਾਂ ਨੇ ਗੱਲਬਾਤ ਅਤੇ ਮੈਮੋਰੰਡਮ ਆਦਿ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ, ਪਰ ਸਰਕਾਰ, ਦਿੱਲੀ ਪੁਲਿਸ ਅਤੇ ਖ਼ਾਸਕਰ ਭਾਰਤੀ ਖੇਡ ਮੰਤਰਾਲੇ ਦੇ ਅੜੀਅਲ ਰਵੱਈਏ ਕਾਰਨ ਇਹ ਮਾਮਲਾ ਬੀਤੇ ਚਾਰ ਮਹੀਨਿਆਂ ਤੋਂ ਲਟਕ ਰਿਹਾ ਸੀ। ਹੁਣ ਦੇਰ ਨਾਲ ਸਹੀ, ਪਰ ਦੋ ਹੀ ਦਿਨ ਪਹਿਲਾਂ ਦੇਸ਼ ਦੀ ਸਰਬਉੱਚ ਅਦਾਲਤ ਅਤੇ ਸਮਾਜ ਦੇ ਕੁਝ ਉੱਚ ਸਮਝੇ ਜਾਂਦੇ ਵਰਗਾਂ ਅਤੇ ਖੇਤਰਾਂ ਦੇ ਕੁਝ ਲੋਕਾਂ ਵਲੋਂ ਪਹਿਲਵਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੇ ਜਾਣ ‘ਤੇ ਇਸ ਵਿਵਾਦ ਦੇ ਹੱਲ ਹੋਣ ਤੇ ਖਿਡਾਰੀਆਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ।
ਇਨ੍ਹਾਂ ਅੰਦੋਲਨਕਾਰੀ ਪਹਿਲਵਾਨਾਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਨ ਵਾਲੀਆਂ ਸ਼ਖ਼ਸੀਅਤਾਂ ‘ਚ ਉਲੰਪਿਕ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ, ਕ੍ਰਿਕਟ ਵਿਸ਼ਵ ਕੱਪ ਜੇਤੂ ਕਪਿਲ ਦੇਵ, ਦਿੱਗਜ ਕ੍ਰਿਕਟਰ ਵਰਿੰਦਰ ਸਹਿਵਾਗ, ਬੈਡਮਿੰਟਨ ਖਿਡਾਰਨ ਸਾਨੀਆ ਮਿਰਜ਼ਾ ਅਤੇ ਮੁੱਕੇਬਾਜ਼ ਨਿਕਹਤ ਜ਼ਰੀਨ ਆਦਿ ਦੇ ਨਾਂਅ ਸ਼ਾਮਿਲ ਹਨ। ਭਾਰਤ ‘ਚ ਖੇਡ ਸੰਘਾਂ ਦੀ ਇਸ ਤਰ੍ਹਾਂ ਦੀ ਅੰਦਰੂਨੀ ਦਬੰਗਤਾ ਅਤੇ ਉਨ੍ਹਾਂ ਦੇ ਸਿਖਰਲੇ ਅਧਿਕਾਰੀਆਂ ਨੂੰ ਹਾਸਲ ਸਿਆਸੀ ਸੁਰੱਖਿਆ ਛਤਰੀ ਦੇ ਕਾਰਨ ਲੱਗਣ ਵਾਲੇ ਦੋਸ਼ਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਬਹੁਤ ਵਾਰ ਸਾਹਮਣੇ ਆਉਂਦੇ ਰਹੇ ਹਨ, ਪਰ ਇਸ ਇਕ ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਸਰਬਉੱਚ ਅਦਾਲਤ ਵਲੋਂ ਟਿੱਪਣੀ ਕੀਤੇ ਜਾਣ ਦੇ ਬਾਵਜੂਦ ਦੇਸ਼ ਦੇ ਖੇਡ ਮੰਤਰਾਲੇ ਅਤੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਦੇ ਪ੍ਰਸ਼ਾਸਨ ਦਾ ਕਿਸੇ ਵੀ ਸੂਰਤ ਵਿਚ ਹਰਕਤ ‘ਚ ਨਾ ਆਉਣਾ ਬਿਨਾਂ ਸ਼ੱਕ ਹੈਰਾਨ ਕਰਨ ਵਾਲਾ ਹੈ। ਹਾਲਾਂਕਿ ਰਾਜਨੀਤਕ ਜਿੰਨ ਦਾ ਪਰਛਾਵਾਂ ਇਸ ਮਾਮਲੇ ‘ਤੇ ਪੈਣ ਦੀ ਸੰਭਾਵਨਾ ਦੇ ਬਾਵਜੂਦ ਸਰਬਉੱਚ ਅਦਾਲਤ ਦੀ ਫ਼ਤਵੇ ਜਿਹੀ ਟਿੱਪਣੀ ਅਤੇ ਸਮਾਜ ਦੇ ਕਈ ਵਰਗਾਂ ਅਤੇ ਧਿਰਾਂ ਦੇ ਖੁੱਲ੍ਹ ਕੇ ਇਨ੍ਹਾਂ ਮਹਿਲਾ ਪਹਿਲਵਾਨਾਂ ਦੇ ਹੱਕ ‘ਚ ਆਉਣ ਨਾਲ ਦਿੱਲੀ ਪੁਲਿਸ ਪ੍ਰਸ਼ਾਸਨ ਨੇ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਖਿਲਾਫ ਗ਼ੈਰ-ਜ਼ਮਾਨਤੀ ਪੋਕਸੋ ਐਕਟ ਸਮੇਤ ਦੋ ਮਾਮਲਿਆਂ ‘ਚ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ‘ਚ ਇਕ ਮਾਮਲਾ ਇਕ ਨਾਬਾਲਗ ਖਿਡਾਰਨ ਵਲੋਂ ਸਰੀਰਕ ਸ਼ੋਸ਼ਣ ਦੇ ਦੋਸ਼ ਤਹਿਤ ਦਰਜ ਹੋਇਆ ਹੈ।
ਬਿਨਾਂ ਸ਼ੱਕ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖਿਲਾਫ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਗਏ ਦੋਸ਼ਾਂ ਦੀ ਜ਼ਮੀਨ ਕਾਫ਼ੀ ਪੁਖ਼ਤਾ ਹੁੰਦੀ ਜਾ ਰਹੀ ਹੈ। ਇਸ ਅੰਦੋਲਨ ਨੂੰ ਉਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ ਵੀ ਲਗਾਤਾਰ ਸਮਰਥਨ ਮੁਹੱਈਆ ਕਰ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨਿਕ ਤੰਤਰ ਦੇ ਅੜੀਅਲ ਵਤੀਰੇ ਦਾ ਪਤਾ ਇਸ ਮਾਮਲੇ ਨਾਲ ਸੰਬੰਧਤ ਇਕ ਪੁਲਿਸ ਅਧਿਕਾਰੀ ਦੇ ਇਸ ਤਰਕ ਤੋਂ ਵੀ ਲੱਗ ਜਾਂਦਾ ਹੈ ਕਿ ਦੋਸ਼ਾਂ ਦੀ ਬਕਾਇਦਾ ਜਾਂਚ ਕਰਨ ਤੋਂ ਬਾਅਦ ਹੀ ਦੋਸ਼ੀ ਦੀ ਗ੍ਰਿਫ਼ਤਾਰੀ ਬਾਰੇ ਫ਼ੈਸਲਾ ਕੀਤਾ ਜਾ ਸਕਦਾ ਹੈ। ਦਿੱਲੀ ਪੁਲਿਸ ਸ਼ੁਰੂ ਤੋਂ ਹੀ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਨ ‘ਚ ਟਾਲ-ਮਟੋਲ ਕਰਦੀ ਰਹੀ ਹੈ। ਇਸ ਦੇ ਉਲਟ ਅੰਦੋਲਨਕਾਰੀਆਂ ਨੇ ਇਕ ਵਾਰ ਫਿਰ ਸਾਫ਼ ਕੀਤਾ ਹੈ ਕਿ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਿਨਾਂ ਉਨ੍ਹਾਂ ਦਾ ਧਰਨਾ ਖ਼ਤਮ ਨਹੀਂ ਹੋਵੇਗਾ।
ਅਸੀਂ ਸਮਝਦੇ ਹਾਂ ਕਿ ਇਹ ਖਿਡਾਰਨਾਂ ਜੇਕਰ ਏਨੇ ਗੰਭੀਰ ਦੋਸ਼ਾਂ ਦੇ ਬੈਨਰ ਚੁੱਕ ਕੇ ਸੜਕਾਂ ‘ਤੇ ਉੱਤਰੀਆਂ ਹਨ ਤਾਂ ਹਾਲਾਤ ਦੀ ਗੰਭੀਰਤਾ ਨੂੰ ਸਮਝਿਆ ਜਾਣਾ ਚਾਹੀਦਾ ਹੈ ਅਤੇ ਕਾਨੂੰਨ ਦੇ ਅਨੁਸਾਰ ਇਸ ਵਿਵਾਦ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ। ਬਿਨਾਂ ਸ਼ੱਕ ਇਸ ਨਾਲ ਦੇਸ਼, ਭਾਰਤੀ ਖੇਡਾਂ ਦੀ ਬਦਨਾਮੀ ਹੋ ਰਹੀ ਹੈ। ਇਹ ਵਿਵਾਦ ਜਿੰਨੀ ਛੇਤੀ ਹੱਲ ਹੋਵੇਗਾ, ਓਨਾ ਹੀ ਦੇਸ਼ ਦੇ ਹਿੱਤ ‘ਚ ਵੀ ਹੋਵੇਗਾ। ਬਹੁਤ ਪਹਿਲਾਂ ਹਰਿਆਣਾ ਦੇ ਇਕ ਉੱਚ ਪੁਲਿਸ ਅਧਿਕਾਰੀ ਦੇ ਸ਼ੋਸ਼ਣ ਕਾਰਨ ਇਕ ਹੋਣਹਾਰ ਨੌਜਵਾਨ ਖਿਡਾਰਨ ਦੀ ਜਾਨ ਚਲੀ ਗਈ ਸੀ। ਹੁਣ ਵੀ ਅੰਦੋਲਨਕਾਰੀ ਖਿਡਾਰਨਾਂ ‘ਚੋਂ ਇਕ ਨੇ ਸੀਲਬੰਦ ਲਿਫ਼ਾਫ਼ੇ ‘ਚ ਆਪਣੀ ਜਾਨ ਨੂੰ ਖ਼ਤਰਾ ਹੋਣ ਸੰਬੰਧੀ ਮਿਲ ਰਹੀਆਂ ਧਮਕੀਆਂ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਇਸ ਦੇਸ਼ ਦੀਆਂ ਅਦਾਲਤਾਂ ਅੱਜ ਵੀ ਆਮ ਲੋਕਾਂ ਦੀ ਆਸਥਾ ਅਤੇ ਵਿਸ਼ਵਾਸ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਮਾਮਲੇ ਦੀ ਜਾਣਕਾਰੀ ਖ਼ੁਦ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਵੀ ਹੈ। ਇਸ ਲਈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਦੇਸ਼ ਦੀਆਂ ਇਨ੍ਹਾਂ ਧੀਆਂ (ਖਿਡਾਰਨਾਂ) ਨੂੰ ਇਨਸਾਫ਼ ਜ਼ਰੂਰ ਮਿਲੇਗਾ, ਜਿਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਹੈ, ਉਨ੍ਹਾਂ ਤੋਂ ਕੁਸ਼ਤੀ ਸੰਘ ਦੇ ਪ੍ਰਧਾਨ ਦਾ ਛੁਟਕਾਰਾ ਹੋਣਾ ਆਸਾਨ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਸਰਬਉੱਚ ਅਦਾਲਤ ਦੇ ਦਖ਼ਲ ਨਾਲ ਦੇਰ ਨਾਲ ਹੀ ਸਹੀ, ਕੁਸ਼ਤੀ ਸੰਘ ਦੇ ਪ੍ਰਧਾਨ ਦੇ ਖਿਲਾਫ ਕੇਸ ਦਰਜ ਤਾਂ ਹੋਇਆ ਹੈ। ਦੇਰ-ਸਵੇਰ ਫ਼ੈਸਲੇ ਦਾ ਦਿਨ ਵੀ ਜ਼ਰੂਰ ਆਵੇਗਾ। ਸੋ, ਦੇਰ ਆਇਦ, ਦਰੁਸਤ ਆਇਦ, ਇਨਸਾਫ਼ ਤਾਂ ਹੋਵੇਗਾ ਹੀ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …