
ਸੰਸਦ ਦੀਆਂ ਸਾਰੀਆਂ 150 ਸੀਟਾਂ ਤੇ 40 ਸੈਨੇਟ ਸੰਸਦੀ ਸੀਟਾਂ ਲਈ ਪੈਣਗੀਆਂ ਵੋਟਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਵਰਨਰ-ਜਨਰਲ ਸੈਮ ਮੋਸਟਿਨ ਨੂੰ ਸੰਸਦ ਭੰਗ ਕਰਨ ਲਈ ਕਿਹਾ ਹੈ ਅਤੇ 3 ਮਈ ਨੂੰ ਪਾਰਲੀਮੈਂਟ ਚੋਣਾਂ ਦਾ ਐਲਾਨ ਕੀਤਾ ਹੈ। ਪੰਜ ਹਫਤਿਆਂ ਦੀ ਚੋਣ ਮੁਹਿੰਮ ਵਿੱਚ ਸੰਸਦ ਦੀਆਂ ਸਾਰੀਆਂ 150 ਸੀਟਾਂ ਅਤੇ 40 ਸੈਨੇਟ ਸੰਸਦੀ ਸੀਟਾਂ ਲਈ ਵੋਟਾਂ ਰਾਹੀਂ ਸਿੱਧੀ ਚੋਣ ਹੋਵੇਗੀ। ਇਸ ਦੌਰਾਨ ਸੱਤਾਧਾਰੀ ਆਸਟਰੇਲੀਅਨ ਲੇਬਰ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਲਿਬਰਲ-ਨੈਸ਼ਨਲ ਗੱਠਜੋੜ ਵਿੱਚ ਸਿੱਧਾ ਚੋਣ ਮੁਕਾਬਲਾ ਹੋਵੇਗਾ। ਆਸਟਰੇਲੀਆ ’ਚ ਲੇਬਰ ਸਰਕਾਰ ਕੋਲ ਇਸ ਵੇਲੇ ਪਾਰਲੀਮੈਂਟ ਵਿੱਚ 78 ਸੀਟਾਂ ਹਨ, ਜਦੋਂ ਕਿ ਗੱਠਜੋੜ ਕੋਲ 55 ਅਤੇ 16 ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਹੱਥਾਂ ਵਿੱਚ ਹਨ। ਪਿਛਲੀਆਂ ਚੋਣਾਂ ਦੌਰਾਨ 150 ਚੋਣ ਖੇਤਰਾਂ ਵਿੱਚੋਂ 51 ਉਮੀਦਵਾਰ ਸਿਰਫ 6 ਪ੍ਰਤੀਸ਼ਤ ਤੋਂ ਘੱਟ ਵੋਟਾਂ ਦੇ ਫਰਕ ’ਤੇ ਜਿੱਤੇ ਸਨ। ਜਦੋਂ ਕਿ 10 ਸੀਟਾਂ ਜੋ ਕਿ ਸਰਕਾਰ ਬਣਾਉਣ ਦਾ ਤਵਾਜ਼ਨ ਰੱਖਦੀਆਂ ਹਨ, ਉਸਦਾ ਇਸ ਵਾਰ ਵੀ ਮਾਮੂਲੀ ਫਰਕ ਰਹਿਣ ਦੀ ਸੰਭਾਵਨਾ ਹੈ।